ਚੇਨੱਈ: ਆਈਪੀਐੱਲ ਦੇ ਮੌਜੂਦਾ ਸੀਜ਼ਨ ਵਿੱਚ ਇਥੋਂ ਦੇ ਚੇਪੌਕ ਸਟੇਡੀਅਮ ਵਿੱਚ ਖੇਡੇ ਜਾ ਰਹੇ ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਦਾ ਦਬਦਬਾ ਰਿਹਾ ਹੈ ਪਰ ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਹਿਲਾ ਜੈਵਰਧਨੇ ਦਾ ਕਹਿਣਾ ਹੈ ਕਿ ਇੱਥੋਂ ਦੀ ਪਿੱਚ ਧੀਮੀ ਹੈ ਪਰ ਖੇਡਣਾ ਅਸੰਭਵ ਨਹੀਂ। ਹੁਣ ਤਕ ਇੱਥੇ ਖੇਡੇ ਗਏ ਛੇ ਮੈਚਾਂ ’ਚ ਸਿਰਫ ਤਿੰਨ ਵਾਰ ਟੀਮਾਂ ਨੇ 150 ਤੋਂ ਵਧ ਦੌੜਾਂ ਬਣਾਈਆਂ ਜਦਕਿ ਪੰਜ ਮੈਚਾਂ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤ ਹਾਸਲ ਕੀਤੀ। ਇਸ ਬਾਰੇ ਜੈਵਰਧਨੇ ਨੇ ਕਿਹਾ, ‘‘ਇਹ ਬੱਲੇਬਾਜ਼ੀ ਲਈ ਅਸੰਭਵ ਵਿਕਟ ਨਹੀਂ ਹੈ। ਇਹ ਚੰਗੀ ਪਿੱਚ ਹੈ। ਕਿਸੇ ਵੀ ਟੀਮ ਜਾਂ ਬੱਲੇਬਾਜ਼ ਲਈ ਹਾਲਾਤ ਅਨੁਸਾਰ ਢਲਣਾ ਅਹਿਮ ਹੁੰਦਾ ਹੈ।’’ ਉਸ ਨੇ ਦੱਸਿਆ ਕਿ ਇੰਗਲੈਂਡ ਖ਼ਿਲਾਫ਼ ਲੜੀ ’ਚ ਸੱਟ ਲੱਗਣ ਕਾਰਨ ਹਾਰਦਿਕ ਪਾਂਡਿਆ ਨੇ ਆਈਪੀਐੱਲ ਵਿੱਚ ਹਾਲੇ ਤਕ ਗੇਂਦਬਾਜ਼ੀ ਨਹੀਂ ਕੀਤੀ। -ਪੀਟੀਆਈ