ਸੰਜੀਵ ਬੱਬੀ
ਚਮਕੌਰ ਸਾਹਿਬ, 21 ਅਗਸਤ
ਯੂਥ ਵੈੱਲਫੇਅਰ ਕਲੱਬ ਪਿੰਡ ਓਇੰਦ ਵੱਲੋਂ ਨਹਿਰੂ ਯੁਵਾ ਕੇਂਦਰ ਰੂਪਨਗਰ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਦੀ ਯਾਦ ਵਿੱਚ ਸਾਲਾਨਾ ਕਬੱਡੀ ਕੱਪ ਕਰਵਾਇਆ ਗਿਆ। ਇਸ ਕਬੱਡੀ ਕੱਪ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਸਾਬਕਾ ਚੇਅਰਮੈਨ ਵਿਜੈ ਸ਼ਰਮਾ ਟਿੰਕੂ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਧਾਰਨੀ ਖਰੜ ਨੇ ਸਾਂਝੇ ਤੌਰ ’ਤੇ ਕੀਤਾ। ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਓਇੰਦ ਨੇ ਦੱਸਿਆ ਕਿ ਓਪਨ ਕਲੱਬ ਵਿੱਚ ਚਮਕੌਰ ਸਾਹਿਬ ਦੀ ਟੀਮ ਨੇ ਬਾਬਾ ਗਾਜੀ ਦਾਸ ਕਲੱਬ ਧਨੌਰੀ ਦੀ ਟੀਮ ਨੂੰ ਹਰਾ ਕੇ ਕੱਪ ’ਤੇ ਕਬਜ਼ਾ ਕਰਦਿਆਂ 35 ਹਜ਼ਾਰ ਰੁਪਏ ਦਾ ਪਹਿਲਾਂ ਇਨਾਮ ਹਾਸਲ ਕੀਤਾ। ਇਸ ਮੌਕੇ ਬੈਸਟ ਰੇਡਰ ਬਿੰਦਾ ਚਮਕੌਰ ਸਾਹਿਬ ਅਤੇ ਬੈਸਟ ਜਾਫੀ ਸੇਰੂ ਧਨੌਰੀ ਨੂੰ ਐਲਾਨਿਆ ਗਿਆ। ਕਬੱਡੀ ਕੱਪ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਓਇੰਦ ਦੇ ਵਿਕਾਸ ਕਾਰਜਾਂ ਲਈ 3 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਪਹਿਲਵਾਨ ਸਿਕੰਦਰ ਨੇ ਸਾਹਿਲ ਨੂੰ ਹਰਾਇਆ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਗਰਾਮ ਪੰਚਾਇਤ ਪਿੰਡ ਤੀੜਾ ਵੱਲੋਂ ਕੁਸ਼ਤੀ ਦੰਗਲ ਗੁੱਗਾ ਜ਼ਾਹਰ ਪੀਰ ਦੇ ਮੇਲੇ ਮੌਕੇ ਕਰਵਾਇਆ ਗਿਆ, ਜਿਸ ਵਿੱਚ ਵੱਡੀ ਝੰਡੀ ਦੀ ਕੁਸ਼ਤੀ ਦੇ ਮਕਾਬਲੇ ਵਿੱਚ ਪਹਿਲਵਾਨ ਸਿਕੰਦਰ ਸ਼ੇਖ ਮੁੱਲਾਂਪੁਰ ਗਰੀਬਦਾਸ ਨੇ ਸਾਹਿਲ ਕੁਹਾਲੀ ਨੂੰ ਕਰੀਬ 2 ਮਿੰਟ ਵਿੱਚ ਢਾਹ ਲਿਆ। ਸਰਪੰਚ ਜਗਜੀਵਨ ਲਾਲ, ਨੰਬਰਦਾਰ ਤੇ ਐਡਵੋਕੇਟ ਜਗਤਾਰ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਬੱਬੀ ਸਮੇਤ ਪਤਵੰਤਿਆਂ ਨੇ ਕੁਸ਼ਤੀ ਦੰਗਲ ਦਾ ਉਦਘਾਟਨ ਕੀਤਾ। ਛੋਟੀ ਝੰਡੀ ਦਾ ਮੁਕਾਬਲਾ ਮੱਖਣ ਕੈਂਬਾਲਾ ਤੇ ਸੋਨੀ ਕੁਹਾਲੀ ਦਰਮਿਆਨ ਬਰਾਬਰ ਰਿਹਾ।