ਬਰਮਿੰਘਮ, 3 ਅਗਸਤ
ਭਾਰਤੀ ਮੁੱਕੇਬਾਜ਼ ਨੀਤੂ ਗੰਘਾਸ ਨੇ ਇੱਥੇ ਮਹਿਲਾਵਾਂ ਦੇ 48 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿਚ ਪਹੁੰਚ ਕੇ ਰਾਸ਼ਟਰਮੰਡਲ ਖੇਡਾਂ ਵਿਚ ਇਕ ਹੋਰ ਤਗਮਾ ਪੱਕਾ ਕਰ ਦਿੱਤਾ ਹੈ। ਇਸੇ ਦੌਰਾਨ ਹੁਸਾਮੂਦੀਨ ਮੁਹੰਮਦ ਨੇ ਵੀ ਪੁਰਸ਼ਾਂ ਦੇ 57 ਕਿਲੋ ਵਰਗ ਵਿਚ ਭਾਰਤ ਦਾ ਤਗਮਾ ਪੱਕਾ ਕਰ ਦਿੱਤਾ ਹੈ। ਉਹ ਸੈਮੀਫਾਈਨਲ ਵਿਚ ਪਹੁੰਚ ਗਏ ਹਨ। ਨੌਜਵਾਨ ਵਰਗ ਵਿਚ ਦੋ ਵਾਰ ਦੀ ਸੋਨ ਤਗਮਾ ਜੇਤੂ ਭਿਵਾਨੀ ਨਾਲ ਸਬੰਧਤ ਨੀਤੂ (21) ਨੂੰ ਕੁਆਰਟਰ ਫਾਈਨਲ ਵਿਚ ਤੀਸਰੇ ਤੇ ਆਖਰੀ ਰਾਊਂਡ ਵਿਚ ਉੱਤਰੀ ਆਇਰਲੈਂਡ ਦੀ ਨਿਕੋਲ ਕਲਾਈਡ ਵੱਲੋਂ ਸਵੈ-ਇੱਛਾ ਨਾਲ ਰਿਟਾਇਰ ਹੋਣ ਤੋਂ ਬਾਅਦ ਜੇਤੂ ਐਲਾਨ ਦਿੱਤਾ ਗਿਆ। ਨਿਜ਼ਾਮਾਬਾਦ ਦੇ 28 ਸਾਲਾ ਹੁਸਾਮੂਦੀਨ ਨਾਮੀਬੀਆ ਦੇ ਮੁੱਕੇਬਾਜ਼ ਨੂੰ 4-1 ਨਾਲ ਹਰਾਉਣ ਵਿਚ ਕਾਮਯਾਬ ਰਹੇ ਤੇ ਆਖ਼ਰੀ ਚਾਰਾਂ ਵਿਚ ਪਹੁੰਚ ਗਏ। ਜ਼ਿਕਰਯੋਗ ਹੈ ਕਿ ਨੀਤੂ ਮਹਾਨ ਮੁੱਕੇਬਾਜ਼ ਐਮਸੀ ਮੈਰੀਕਾਮ ਦੇ ਵਜ਼ਨ ਵਰਗ ਵਿਚ ਖੇਡ ਰਹੀ ਹੈ। ਤਿੰਨ ਹੋਰ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਨਿਕਹਤ ਜ਼ਰੀਨ, ਆਸ਼ੀਸ਼ ਕੁਮਾਰ ਵੀ ਅੱਜ ਆਪਣੇ ਕੁਆਰਟਰ ਫਾਈਨਲ ਮੁਕਾਬਲੇ ਖੇਡ ਰਹੇ ਹਨ। -ਪੀਟੀਆਈ