ਏਲਨਾਬਾਦ: ਸ਼ਹਿਰ ਦੇ ਨਿਚੀਕੇਤਨ ਪਬਲਿਕ ਸਕੂਲ ਦੀ ਵਿਦਿਆਰਥਣ ਭਜਨ ਕੌਰ ਨੇ ਬੀਤੇ ਦਿਨ ਹਰਿਆਣਾ ਤੀਰਅੰਦਾਜ਼ੀ ਐਸੋਸੀਏਸ਼ਨ ਅਤੇ ਤੀਰਅੰਦਾਜ਼ੀ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਸੋਨੀਪਤ ਵਿੱਚ ਕਰਵਾਏ ਗਏ ਖੇਡੋ ਇੰਡੀਆ ਤੀਰਅੰਦਾਜ਼ੀ ਟੂਰਨਾਮੈਂਟ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਨਿਰਦੇਸ਼ਕ ਰਣਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਮੁਕਾਬਲਾ 70 ਮੀਟਰ ਦੇ ਦੋ ਰਾਊਂਡ ਵਿੱਚ ਖੇਡਿਆ ਗਿਆ। ਭਜਨ ਕੌਰ ਨੇ ਪਹਿਲੇ ਰਾਊਂਡ ਵਿੱਚ 314 ਅੰਕ ਅਤੇ ਦੂਸਰੇ ਰਾਊਂਡ ਵਿੱਚ 318 ਅੰਕ ਹਾਸਲ ਕੀਤੇ। ਹੁਣ ਉਸ ਦੀ ਚੋਣ ਭਾਰਤੀ ਤੀਰਅੰਦਾਜ਼ੀ ਸੰਘ ਵਲੋਂ ਕਰਵਾਈ ਜਾਣ ਵਾਲੀ ਐੱਨਟੀਪੀਸੀ ਸਬ-ਜੂਨੀਅਰ ਨੈਸ਼ਨਲ ਮੁਕਾਬਲਿਆਂ ਲਈ ਹੋਈ ਹੈ। ਸਕੂਲ ਦੇ ਚੇਅਰਮੈਨ ਰਾਜਿੰਦਰ ਸਿੰਘ ਸਿੱਧੂ, ਸਕੱਤਰ ਛਬੀਲ ਦਾਸ ਸੁਥਾਰ, ਨਿਰਦੇਸ਼ਕ ਰਣਜੀਤ ਸਿੰਘ, ਪ੍ਰਬੰਧਕ ਅਸ਼ੋਕ ਕੁਮਾਰ, ਪ੍ਰਿੰਸੀਪਲ ਸੱਤਿਆ ਨਰਾਇਣ ਨੇ ਉਸ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ