ਬਰਮਿੰਘਮ, 30 ਜੁਲਾਈ
ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਰਾਸ਼ਟਰਮੰਡਲ ਖੇਡਾਂ ਦੇ ਮਿਕਸਡ ਮੁਕਾਬਲਿਆਂ ਵਿਚ ਅੱਜ ਗਰੁੱਪ ਏ ਦੇ ਦੂਜੇ ਮੈਚ ’ਚ ਸ੍ਰੀਲੰਕਾ ਨੂੰ 3-0 ਨਾਲ ਹਰਾਇਆ। ਪਾਕਿਸਤਾਨ ਨੂੰ 5-0 ਨਾਲ ਹਰਾਉਣ ਤੋਂ ਬਾਅਦ ਭਾਰਤ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਕ ਮੈਚ ਬਾਕੀ ਰਹਿੰਦਿਆਂ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ। ਅਸ਼ਿਵਨੀ ਪੋਨੱਪਾ ਤੇ ਸਾਤਵਿਕਸਾਈਰਾਜ ਰੰਕੀਰੈੱਡੀ ਨੇ ਮਿਕਸਡ ਡਬਲਜ਼ ਮੁਕਾਬਲੇ ਵਿਚ ਸਚਿਨ ਡਿਆਜ਼ ਤੇ ਟੀ ਹੇਂਡਾਹੇਵਾ ਨੂੰ 21-14, 21-9 ਨਾਲ ਹਰਾ ਕੇ ਭਾਰਤ ਨੂੰ 1-0 ਨਾਲ ਲੀਡ ਦਿਵਾਈ। ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜੇਤੂ ਲਕਸ਼ਿਆ ਸੇਨ ਨੇ ਮੋਢੇ ਦੀ ਸੱਟ ਤੋਂ ਉੱਭਰਨ ਤੋਂ ਬਾਅਦ ਪਹਿਲਾ ਮੈਚ ਖੇਡਦਿਆਂ ਨਿਲੁਕਾ ਕਰੁਣਾਰਤਨੇ ਨੂੰ 21-18, 21-5 ਨਾਲ ਹਰਾਇਆ। ਆਕ੍ਰਿਸ਼ੀ ਕਸ਼ਿਅਪ ਨੇ ਸੁਹਾਸਿਨੀ ਵਿਦਾਨਾਗੇ ਨੂੰ 21-3, 21-9 ਨਾਲ ਹਰਾਇਆ। -ਪੀਟੀਆਈ