ਚੇਨੱਈ, 15 ਫਰਵਰੀ
ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਚੇਨੱਈ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਰਵੀਚੰਦਰਨ ਅਸ਼ਿਵਨ ਦੇ ਅੱਠਵੇਂ ਨੰਬਰ ’ਤੇ ਉਤਰ ਕੇ ਜੜੇ ਸੈਂਕੜੇ ਦੀ ਬਦੌਲਤ ਦੂਜੀ ਪਾਰੀ ਵਿੱਚ 286 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ 482 ਦੌੜਾਂ ਦਾ ਮੁਸ਼ਕਲ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਨੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਤਿੰਨ ਵਿਕਟਾਂ ਗੁਆ ਕੇ 53 ਦੌੜਾਂ ਬਣਾ ਲਈਆਂ ਹਨ। ਉਸ ਨੂੰ ਜਿੱਤਣ ਲਈ ਹਾਲੇ ਵੀ 429 ਦੌੜਾਂ ਦੀ ਲੋੜ ਹੈ, ਜਦੋਂਕਿ ਦੋ ਦਿਨ ਦਾ ਮੈਚ ਰਹਿੰਦਾ ਹੈ। ਭਾਰਤ ਨੇ ਪਹਿਲੀ ਪਾਰੀ ਵਿੱਚ 329 ਦੌੜਾਂ ਬਣਾਈਆਂ ਸਨ। ਫਿਰ ਇੰਗਲੈਂਡ ਨੂੰ 134 ਦੌੜਾਂ ’ਤੇ ਆਊਟ ਕੀਤਾ ਸੀ। ਦੂਜੀ ਪਾਰੀ ਵਿੱਚ ਮਿਲੇ ਦੋ ਜੀਵਨਦਾਨ ਦਾ ਫ਼ਾਇਦਾ ਉਠਾਉਂਦਿਆਂ ਅਸ਼ਿਵਨ ਨੇ 106 ਦੌੜਾਂ ਦੀ ਦਿਲਚਸਪ ਪਾਰੀ ਖੇਡੀ ਅਤੇ ਆਪਣੇ ਕਰੀਅਰ ਦਾ ਪੰਜਵਾਂ ਸੈਂਕੜਾ ਜੜਿਆ। ਇੰਗਲੈਂਡ ਵੱਲੋਂ ਗੇਂਦਬਾਜ਼ ਮੋਈਨ ਅਲੀ ਅਤੇ ਜੈਕ ਲੀਚ ਨੇ ਚਾਰ-ਚਾਰ ਵਿਕਟਾਂ ਲਈਆਂ। ਓਲੀ ਸਟੋਨ ਨੇ ਅਸ਼ਿਵਨ ਦੀ ਵਿਕਟ ਲੈ ਕੇ ਭਾਰਤੀ ਪਾਰੀ ਸਮਾਪਤ ਕੀਤੀ। ਇੰਗਲੈਂਡ ਦੇ ਬੱਲੇਬਾਜ਼ ਜਾਨ ਲਾਰੇਂਸ ਅਤੇ ਜੋਅ ਰੂਟ ਮੈਦਾਨ ’ਤੇ ਡਟੇ ਹੋਏ ਹਨ। -ਪੀਟੀਆਈ