ਮੈਲਬਰਨ, 15 ਜਨਵਰੀ
ਵਿਸ਼ਵ ਦੇ ਅੱਵਲ ਦਰਜਾ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਆਸ ਹੈ ਕਿ ਐਤਵਾਰ ਸਵੇਰੇ ਤਿੰਨ ਜੱਜਾਂ ਦੇ ਪੈਨਲ ਵੱਲੋਂ ਉਸ ਦੇ ਵੀਜ਼ਾ ਸਬੰਧੀ ਮਾਮਲੇ ਦੀ ਸੁਣਵਾਈ ਕੀਤੇ ਜਾਣ ਦੇ ਨਤੀਜੇ ਵਜੋਂ ਉਹ ਆਪਣਾ ਆਸਟਰੇਲੀਅਨ ਓਪਨ ਦਾ ਖ਼ਿਤਾਬ ਬਚਾਅ ਸਕਦਾ ਹੈ।
ਮਿਲੀਆਂ ਖ਼ਬਰਾਂ ਅਨੁਸਾਰ ਐਤਵਾਰ ਨੂੰ ਸਰਬੀਆ ਦੇ ਇਸ ਖਿਡਾਰੀ ਦੇ ਮਾਮਲੇ ਦੀ ਸੁਣਵਾਈ ਇਕ ਜੱਜ ਦੀ ਬਜਾਏ ਤਿੰਨ ਜੱਜਾਂ ਵੱਲੋਂ ਕੀਤੀ ਜਾਵੇਗੀ ਜੋ ਕਿ ਉਸ ਦੀ ਕਾਨੂੰਨੀ ਟੀਮ ਲਈ ਇਕ ਵੱਡੀ ਜਿੱਤ ਹੈ ਪਰ ਇਸ ਦੇ ਬਾਵਜੂਦ 20 ਗਰੈਂਡ ਸਲੈਮ ਜੇਤੂ ਖਿਡਾਰੀ ਨੋਵਾਕ ਨੂੰ ਪੰਜਵੀਂ ਰਾਤ ਵੀ ਸ਼ਹਿਰ ਦੇ ਇਕ ਹੋਟਲ ਵਿਚ ਨਜ਼ਰਬੰਦ ਰਹਿਣਾ ਪਵੇਗਾ। ਜੇਕਰ ਆਸਟਰੇਲੀਅਨ ਓਪਨ ਦੇ ਮੌਜੂਦਾ ਚੈਂਪੀਅਨ ਨੂੰ ਐਤਵਾਰ ਨੂੰ ਰਾਹਤ ਮਿਲ ਜਾਂਦੀ ਹੈ ਤਾਂ ਉਸ ਦਾ ਸ਼ੁਰੂਆਤੀ ਗੇੜ ਦਾ ਮੁਕਾਬਲਾ ਸਰਬੀਆ ਦੇ ਹੀ ਮਿਓਮਿਰ ਕੈਕਮਾਨੋਵਿਚ ਨਾਲ ਸੋਮਵਾਰ ਨੂੰ ਹੋਵੇਗਾ। -ਆਈਏਐੱਨਐੱਸ
ਆਸਟਰੇਲੀਆ ਵਿਚ ਜੋਕੋਵਿਚ ਦੇ ਹੱਕ ’ਚ ਮੁਜ਼ਾਹਰੇ
ਸਿਡਨੀ (ਗੁਰਚਰਨ ਸਿੰਘ ਕਾਹਲੋਂ): ਇੱਥੇ ਅੱਜ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੇ ਹੱਕ ਵਿਚ ਅੱਜ ਵੱਡੀ ਗਿਣਤੀ ਆਸਟਰੇਲਿਆਈ ਲੋਕ ਨਿੱਤਰ ਆਏ। ਮਿਲੀ ਜਾਣਕਾਰੀ ਅਨੁਸਾਰ ਸਿਡਨੀ ਵਿਚ ਹਜ਼ਾਰਾਂ ਲੋਕ ਜੋਕੋਵਿਚ ਦੇ ਹੱਕ ਵਿਚ ਇਕੱਠੇ ਹੋਏ। ਉਨ੍ਹਾਂ ਆਪਣੇ ਹੱਥਾਂ ਵਿਚ ਸਰਬੀਆ ਦੇ ਝੰਡੇ ਫੜ ਕੇ ਇੱਕਮੁੱਠਤਾ ਪ੍ਰਗਟਾਉਂਦੇ ਹੋਏ ਰੋਸ ਮਾਰਚ ਤੇ ਰੈਲੀ ਕੀਤੀ। ਉੱਧਰ, ਆਸਟਰੇਲੀਆ ਦੀ ਸਰਕਾਰ ਦਾ ਕਹਿਣਾ ਹੈ ਕਿ ਕੋਵਿਡ-19 ਸਬੰਧੀ ਨਿਯਮਾਂ ਨਾਲ ਕਿਸੇ ਵੀ ਹਾਲ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।