ਡਾ. ਅਮਰਿੰਦਰ ਸਿੰਘ
ਭੁਪਿੰਦਰ ਹਿੰਦੀ ਫਿਲਮ ਸੰਗੀਤ ਦੇ ਅਜਿਹੇ ਗਵੱਈਏ ਹੋਏ ਹਨ ਜਿਨ੍ਹਾਂ ਨੇ ਉਸ ਦੌਰ ਵਿੱਚ ਆਪਣੀ ਸੁਤੰਤਰ ਹੋਂਦ ਬਣਾਈ ਜਦੋਂ ਮੁਹੰਮਦ ਰਫ਼ੀ, ਕਿਸ਼ੋਰ ਕੁਮਾਰ ਅਤੇ ਮੰਨਾ ਡੇ ਆਦਿ ਵਰਗੇ ਧੁਰੰਦਰ ਗਾਇਕਾਂ ਦਾ ਸਿੱਕਾ ਚੱਲਦਾ ਸੀ। ਗ਼ਜ਼ਲਨੁਮਾ ਗੀਤਾਂ ’ਤੇ ਆਧਾਰਿਤ ਆਪਣੀ ਮੌਲਿਕ ਗਾਇਨ ਸ਼ੈਲੀ ਦੀ ਹੋਂਦ ਸਦਕਾ ਉਨ੍ਹਾਂ ਨੇ ਫਿਲਮ ਸੰਗੀਤ ਦੇ ਖੇਤਰ ਵਿੱਚ ਆਪਣੀ ਪਰਿਪੱਕ ਥਾਂ ਬਣਾਈ ਜਿਸ ਨੂੰ ਹੁਣ ਤੱਕ ਯਾਦ ਕੀਤਾ ਜਾਂਦਾ ਹੈ। ਭੁਪਿੰਦਰ ਦਾ ਜਨਮ 6 ਫਰਵਰੀ, 1940 ਨੂੰ ਅੰਮ੍ਰਿਤਸਰ ਵਿਖੇ ਹੋਇਆ। ਸੰਗੀਤ ਦੀ ਗੁੜ੍ਹਤੀ ਇਨ੍ਹਾਂ ਨੂੰ ਆਪਣੇ ਪਿਤਾ ਜੀ ਪਾਸੋਂ ਮਿਲੀ ਜੋ ਆਪ ਵੀ ਸੰਗੀਤਕਾਰ ਸਨ। ਬਚਪਨ ਵਿੱਚ ਹੀ ਸੰਗੀਤ ਦਾ ਮਾਹੌਲ ਮਿਲਣ ਕਾਰਨ ਭੁਪਿੰਦਰ ਦੀ ਸੰਗੀਤ ਪ੍ਰਤੀ ਸੋਝੀ ਪਰਿਪੱਕ ਹੁੰਦੀ ਰਹੀ। ਭੁਪਿੰਦਰ ਆਕਾਸ਼ਵਾਣੀ ਦੇ ਪ੍ਰੋਗਰਾਮਾਂ ਲਈ ਗਿਟਾਰ ਅਤੇ ਵਾਇਲਨ ਵੀ ਵਜਾਉਂਦੇ ਰਹੇ ਅਤੇ ਦਿੱਲੀ ਵਿੱਚ ਹੀ ਸੰਗੀਤਕਾਰ ਐੱਸ. ਭਾਟੀਆ ਨੇ ਭੁਪਿੰਦਰ ਤੋਂ ਭਾਰਤ-ਚੀਨ ਦੀ ਲੜਾਈ ਦੌਰਾਨ ਕਈ ਦੇਸ਼ ਭਗਤੀ ਦੇ ਗੀਤ ਗਵਾਏ।
ਭੁਪਿੰਦਰ ਦੀ ਕਿਸਮਤ ਨੇ ਉਦੋਂ ਮੋੜ ਲਿਆ ਜਦੋਂ ਉਸ ਨੂੰ ਸੰਗੀਤਕਾਰ ਮਦਨ ਮੋਹਨ ਨੇ ਆਪਣੀ ਫਿਲਮ ‘ਹਕੀਕਤ’ ਵਿੱਚ ਗਾਉਣ ਦਾ ਪਹਿਲਾ ਮੌਕਾ ਦਿੱਤਾ। ਮਦਨ ਮੋਹਨ, ਭੁਪਿੰਦਰ ਦੀ ਗਾਇਕੀ ਤੋਂ ਐਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੂੰ ਬੰਬਈ ਆਉਣ ਦਾ ਸੱਦਾ ਦਿੱਤਾ। ਮਦਨ ਮੋਹਨ ਨੇ ਆਪਣੀ ਫਿਲਮ ‘ਹਕੀਕਤ’ (1964) ਵਿੱਚ ਭੁਪਿੰਦਰ ਨੂੰ ਕਵਾਲੀਨੁਮਾ ਗੀਤ ‘ਹੋ ਕੇ ਮਜਬੂਰ ਉਸ ਨੇ ਭੁਲਾਇਆ ਹੋਗਾ’ (ਤਲਤ, ਰਫ਼ੀ, ਮੰਨਾ ਡੇ ਅਤੇ ਭੁਪਿੰਦਰ) ਗੀਤ ਗਵਾ ਕੇ ਪਹਿਲਾ ਬਰੇਕ ਦਿੱਤਾ। ਇਹ ਕਵਾਲੀਨੁਮਾ ਗੀਤ ਉਨ੍ਹਾਂ ਦਾ ਪਹਿਲਾ ਫਿਲਮੀ ਗੀਤ ਸੀ ਜਿਸ ਵਿੱਚ ਉਨ੍ਹਾਂ ਦੀਆਂ ਗਾਈਆਂ ਪੰਕਤੀਆਂ ਨੂੰ ਉਨ੍ਹਾਂ ’ਤੇ ਹੀ ਫਿਲਮਾਇਆ ਗਿਆ ਸੀ।
ਇਸ ਵੱਡੀ ਬਰੇਕ ਤੋਂ ਬਾਅਦ ਉਨ੍ਹਾਂ ਦਾ ਨਾਂ ਤਾਂ ਹਿੰਦੀ ਫਿਲਮ ਸੰਗੀਤ ਵਿੱਚ ਜ਼ਰੂਰ ਹੋਇਆ, ਪਰ ਉਨ੍ਹਾਂ ਨੂੰ ਹੋਰ ਕੋਈ ਮਹੱਤਵਪੂਰਨ ਫਿਲਮ ਨਾ ਮਿਲੀ। ‘ਰੁੱਤ ਜਵਾਂ ਜਵਾਂ ਰਾਤ ਮਿਹਰਬਾਂ’ (ਆਖ਼ਰੀ ਖ਼ਤ-1966) ਉਨ੍ਹਾਂ ਦਾ ਪਹਿਲਾ ਏਕਲ ਗੀਤ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ਵਿੱਚ ਗੀਤ ਗਾਏ, ਪਰ ਕੋਈ ਖਾਸ ਸਫਲਤਾ ਹੱਥ ਨਾ ਲੱਗੀ। ਭੁਪਿੰਦਰ ਦੇ ਫਿਲਮੀ ਕਰੀਅਰ ਵਿੱਚ ਫਿਲਮ ‘ਪਰਿਚਯ’ (1972) ਖਾਸ ਮਹੱਤਵ ਰੱਖਦੀ ਹੈ। ਇਸ ਫਿਲਮ ਨੇ ਉਨ੍ਹਾਂ ਦੇ ਫਿਲਮੀ ਸਫ਼ਰ ਨੂੰ ਇੱਕ ਪਛਾਣ ਦਿੱਤੀ। ਆਰ.ਡੀ.ਬਰਮਨ ਦੇ ਸੰਗੀਤ ਨਿਰਦੇਸ਼ਨ ਵਿੱਚ ‘ਮਿਤਵਾ ਬੋਲੇ ਮੀਠੇ ਬੈਨ’ ਅਤੇ ਤੇ ‘ਬੀਤੀ ਨਾ ਬਿਤਾਈ ਰੈਨਾ’ ਗੀਤ ਗਾ ਕੇ ਭੁਪਿੰਦਰ ਨੇ ਵਾਹ-ਵਾਹ ਖੱਟੀ।
ਫਿਲਮ ‘ਮੌਸਮ’ (1975) ਨੇ ਭੁਪਿੰਦਰ ਨੂੰ ਚੋਟੀ ਦੇ ਗਾਇਕਾਂ ਵਿੱਚ ਸ਼ੁਮਾਰ ਕਰ ਦਿੱਤਾ। ਇਸ ਫਿਲਮ ਦਾ ਸੰਗੀਤ ਮਦਨ ਮੋਹਨ ਅਤੇ ਗੀਤ ਗੁਲਜ਼ਾਰ ਨੇ ਲਿਖੇ ਸਨ। ਭੁਪਿੰਦਰ ਨੇ ਇਸ ਫਿਲਮ ਵਿੱਚ ‘ਦਿਲ ਢੂੰਡਤਾ ਹੈ ਫਿਰ ਵਹੀ ਫ਼ੁਰਸਤ ਕੇ ਰਾਤ ਦਿਨ’ ਗੀਤ ਨੂੰ ਦੋ ਵੱਖ-ਵੱਖ ਅੰਦਾਜ਼ਾਂ ਵਿੱਚ ਗਾ ਕੇ ਧੂੰਮ ਮਚਾਈ। ਇਸੇ ਤਰ੍ਹਾਂ ਹੀ ‘ਏਕ ਅਕੇਲਾ ਇਸ ਸ਼ਹਿਰ ਮੇਂ’ (ਘਰੌਂਦਾ-1977), ‘ਨਾਮ ਗੁੰਮ ਜਾਏਗਾ ਚਿਹਰਾ ਯੇ ਬਦਲ ਜਾਏਗਾ’ (ਲਤਾ, ਭੁਪਿੰਦਰ) (ਕਿਨਾਰਾ-1977), ‘ਆਈ ਰੁੱਤ ਸਾਵਨ ਕੀ ਪੀਆ ਮੋਰਾ ਜਾਏ ਰੇ’ (ਉਸਤਾਦ ਫ਼ਿਆਜ਼ ਖ਼ਾਂ, ਭੁਪਿੰਦਰ) (ਅਲਾਪ-1977) ਅਤੇ ‘ਰੰਗ ਮਹਿਲ ਕੇ ਦਸ ਦਰਵਾਜ਼ੇ’ (ਲਤਾ, ਭੁਪਿੰਦਰ), (ਸਤਿਯਮ ਸ਼ਿਵਮ ਸੰਦਰਮ-1978), ‘ਕਰੋਗੇ ਯਾਦ ਤੋਂ ਹਰ ਬਾਤ ਯਾਦ ਆਏਗੀ’ (ਬਾਜ਼ਾਰ-1981 )ਆਦਿ ਗੀਤਾਂ ਲਈ ਭੁਪਿੰਦਰ ਨੂੰ ਯਾਦ ਕੀਤਾ ਜਾਂਦਾ ਰਹੇਗਾ।
1980 ਵਿੱਚ ਇਨ੍ਹਾਂ ਦਾ ਵਿਆਹ ਬੰਗਲਾ ਦੇਸ਼ ਦੀ ਗਾਇਕਾ ਮਾਲਿਨੀ ਮੁਖਰਜੀ ਨਾਲ ਹੋਇਆ। ਇਹ ਜੋੜੀ ਸੰਗੀਤ ਦੀਆਂ ਮਹਿਫਿਲਾਂ ਵਿੱਚ ਆਪਣੀ ਜੁਗਲਬੰਦੀ ਦਿਖਾਉਂਦੀ ਰਹੀ। ਪ੍ਰਤਿਭਾਸ਼ਾਲੀ ਭੁਪਿੰਦਰ ਦੇ ਹਿੰਦੀ ਫਿਲਮੀ ਗੀਤਾਂ ਦੇ ਨਾਲ-ਨਾਲ ਇਨ੍ਹਾਂ ਦੀਆਂ ਕਈ ਪ੍ਰਾਈਵੇਟ ਐਲਬਮ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ‘ਆਪਕੇ ਨਾਮ’, ‘ਆਪਸ ਕੀ ਬਾਤੇਂ’, ‘ਸ਼ਰਮਾਤੇ ਸ਼ਰਮਾਤੇ’, ‘ਅਰਜ਼ ਕੀਆ ਹੈ’, ‘ਨਸ਼ੇਮਨ’, ‘ਕੁਛ ਇੰਤਜ਼ਾਰ ਹੈ’, ‘ਆਰਜ਼ੂ’ ਅਤੇ ‘ਚਾਂਦ ਪਰੋਸਾ ਹੈ’ ਆਦਿ ਸੰਗੀਤ ਜਗਤ ਲਈ ਨਾਯਾਬ ਤੋਹਫ਼ਾ ਹਨ।
ਗਾਇਕੀ ਦੇ ਨਾਲ-ਨਾਲ ਉਹ ਬਹੁਤ ਅੱਛੇ ਗਿਟਾਰ ਵਾਦਕ ਵੀ ਸਨ। ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਉਹ ਸੰਗੀਤਕਾਰ ਆਰ.ਡੀ.ਬਰਮਨ ਦੇ ਆਰਕੈਸਟਰਾ ਵਿੱਚ ਗਿਟਾਰ ਵੀ ਵਜਾਉਂਦੇ ਰਹੇ। ਭੁਪਿੰਦਰ ਦੀ ਗਾਇਕੀ ਵਿੱਚ ਗ਼ਜ਼ਲ ਸ਼ੈਲੀ ਦੇ ਸਾਰੇ ਗੁਣ ਦ੍ਰਿਸ਼ਟੀਗੋਚਰ ਹੁੰਦੇ ਹਨ। ਉਹ ਆਪਣੀ ਸੁਤੰਤਰ ਗਾਇਨ ਸ਼ੈਲੀ ਦੇ ਆਧਾਰ ’ਤੇ ਹਿੰਦੀ ਫਿਲਮ ਸੰਗੀਤ ਵਿੱਚ ਆਪਣੀ ਮੁਕੰਮਲ ਥਾਂ ਬਣਾਉਣ ਵਿੱਚ ਕਾਮਯਾਬ ਰਹੇ। ਇਨ੍ਹਾਂ ਦੀ ਸ਼ੈਲੀ ਵਿਸ਼ੇਸ਼ ’ਤੇ ਆਧਾਰਿਤ ਗੀਤ ਗਵਾਉਣ ਲਈ ਭੁਪਿੰਦਰ ਨੂੰ ਹੀ ਯਾਦ ਕੀਤਾ ਜਾਂਦਾ ਹੈ ਜਿਵੇਂ ਫਿਲਮ ‘ਟਰੈਫਿਕ ਸਿਗਨਲ’ (2007) ਦਾ ‘ਨਾ ਜਿਸ ਦਿਨ ਤੇਰੀ ਮੇਰੀ ਬਾਤ ਹੋਤੀ ਹੈ’। 18 ਜੁਲਾਈ ਨੂੰ ਦਿਲ ਦਾ ਦੌਰਾ ਪੈ ਜਾਣ ਕਾਰਨ 82 ਵਰ੍ਹੇ ਦੀ ਉਮਰ ਭੋਗਦੇ ਹੋਏ ਇਹ ਮਧੁਰ ਆਵਾਜ਼ ਸੰਗੀਤ ਜਗਤ ਨੂੰ ਸਦੀਵੀ ਵਿਛੋੜਾ ਦੇ ਗਈ।
ਸੰਪਰਕ: 98881-14583