ਸਿਨੇ ਪੰਜਾਬੀ: ਯਾਦਾਂ ਤੇ ਯਾਦਗਾਰਾਂ

ਤੁਮ ਅਪਨਾ ਰੰਜ-ਓ-ਗ਼ਮ ਅਪਨੀ ਪਰੇਸ਼ਾਨੀ ਮੁਝੇ ਦੇ ਦੋ...

ਤੁਮ ਅਪਨਾ ਰੰਜ-ਓ-ਗ਼ਮ ਅਪਨੀ ਪਰੇਸ਼ਾਨੀ ਮੁਝੇ ਦੇ ਦੋ...

ਜਗਜੀਤ ਕੌਰ ਪਤੀ ਖ਼ਯਾਮ ਅਤੇ ਬੇਟੇ ਪ੍ਰਦੀਪ ਨਾਲ

ਮਨਦੀਪ ਸਿੰਘ ਸਿੱਧੂ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੰਗ ਮਈ ਵਿਚ ਪੈਦਾ ਹੋਈ ਜਗਜੀਤ ਕੌਰ ਨੇ ਆਪਣੀ ਬੁਲੰਦ ਆਵਾਜ਼ ਦੇ ਦਮ ’ਤੇ ਹਿੰਦੀ ਸਿਨਮਾ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ। 1950 ਤੇ 60ਵਿਆਂ ਵਿਚ ਜਿੱਥੇ ਉਸ ਦੇ ਗਾਏ ਲੋਕ ਗੀਤ ਪੰਜਾਬ ਦੇ ਘਰ-ਘਰ ਵਿਚ ਗੂੰਜਦੇ ਸਨ, ਉੱਥੇ ਉਸ ਨੇ 1960ਵਿਆਂ ਤੋਂ 80ਵਿਆਂ ਤਕ ਹਿੰਦੀ ਸਿਨਮਾ ਵਿਚ ਪਿੱਠਵਰਤੀ ਗੁਲੂਕਾਰਾ ਵਜੋਂ ਪ੍ਰਸਿੱਧੀ ਹਾਸਲ ਕੀਤੀ। ਉਸ ਦਾ ਵਿਆਹ ਮਸ਼ਹੂਰ ਸੰਗੀਤਕਾਰ ਖ਼ਯਾਮ ਨਾਲ ਹੋਇਆ।

ਜਗਜੀਤ ਕੌਰ ਦੀ ਪੈਦਾਇਸ਼ 1 ਨਵੰਬਰ 1931 ਨੂੰ ਹੁਸ਼ਿਆਰਪੁਰ ਦੇ ਪਿੰਡ ਕੰਗ ਮਈ ਦੇ ਜੱਟ ਸਿੱਖ ਪਰਿਵਾਰ ਵਿਚ ਹੋਈ। ਪਿਤਾ ਸ਼ਿਵਚਰਨ ਸਿੰਘ ਸਿੱਧੂ ਅਤੇ ਮਾਤਾ ਭਾਨ ਕੌਰ ਦੀ ਇਸ ਲਾਡਲੀ ਧੀ ਨੂੰ ਬਾਲ ਵਰੇਸੇ ਹੀ ਸੰਗੀਤ ਨਾਲ ਬੇਹੱਦ ਉਲਫ਼ਤ ਸੀ। ਪਿਤਾ ਵੱਲੋਂ ਮਿਲੀ ਹੌਸਲਾ-ਅਫ਼ਜ਼ਾਈ ਦੇ ਚੱਲਦਿਆਂ ਜਗਜੀਤ ਨੇ ਬਕਾਇਦਾ ਸੰਗੀਤ ਦੀ ਇਬਤਦਾਈ ਤਾਲੀਮ ਮਾਸਟਰ ਨੱਥੂ ਰਾਮ ਕੋਲੋਂ ਹਾਸਲ ਕੀਤੀ। ਦਸਵੀਂ ਤਕ ਪੜ੍ਹਾਈ ਕਰਨ ਤੋਂ ਬਾਅਦ ਉਹ ਪੱਕੇ ਤੌਰ ’ਤੇ ਸੰਗੀਤ ਨੂੰ ਸਮਰਪਿਤ ਹੋ ਗਈ। ਉਸ ਨੇ ਕੁਝ ਸਮਾਂ ਆਲ ਇੰਡੀਆ ਰੇਡੀਓ, ਜਲੰਧਰ ਤੇ ਦਿੱਲੀ ਤੋਂ ਲੋਕ ਗੀਤਾਂ ਦੀ ਪੇਸ਼ਕਾਰੀ ਵੀ ਕੀਤੀ। 1951 ਵਿਚ ਇਕ ਪੰਜਾਬੀ ਫ਼ਿਲਮ ’ਚ ਗੀਤ ਗਾਉਣ ਤੋਂ ਬਾਅਦ ਉਹ ਪੱਕੇ ਤੌਰ ’ਤੇ ਬੰਬਈ ਆ ਗਈ।

ਜਦੋਂ ਐੱਨ. ਐੱਸ. ਕਵਾਤੜਾ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਵਾਤੜਾ ਆਰਟ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਕੇ. ਡੀ. ਮਹਿਰਾ (ਕ੍ਰਿਸ਼ਨ ਦੇਵ ਮਹਿਰਾ) ਦੀ ਹਿਦਾਇਤਕਾਰੀ ਵਿਚ ਮਜ਼ਾਹੀਆ ਪੰਜਾਬੀ ਫ਼ਿਲਮ ‘ਪੋਸਤੀ’ (1951) ਬਣਾਈ, ਤਾਂ ਇਨ੍ਹਾਂ ਦੇ ਛੋਟੇ ਭਰਾ ਸਰਦੂਲ ਕਵਾਤੜਾ (ਸਹਾਇਕ ਭਗਵੰਤ ਸਿੰਘ ਕਵਾਤੜਾ) ਨੇ ਆਪਣੀ ਸੰਗੀਤ ਨਿਰਦੇਸ਼ਨਾ ਵਿਚ ਜਗਜੀਤ ਕੌਰ ਨੂੰ ਨਵੀਂ ਗੁਲੂਕਾਰਾ ਵਜੋਂ ਪੇਸ਼ ਕੀਤਾ। ਜਗਜੀਤ ਕੌਰ ਨੇ ਇਸ ਫ਼ਿਲਮ ਦੇ ਦੋ ਗੀਤ ਗਾਏ। ਪਹਿਲਾ ਅਦਾਕਾਰਾ ਸ਼ਿਆਮਾ ਤੇ ਮਨੋਰਮਾ ’ਤੇ ਫ਼ਿਲਮਾਇਆ ਤੇ ਮਨੋਹਰ ਸਿੰਘ ਸਹਿਰਾਈ ਦਾ ਲਿਖਿਆ ‘ਸੁਣ ਵੇ ਦੁਪੱਟਿਆ ਸੱਤ ਰੰਗਿਆ ਹਾਏ ਵੇ ਦੁਪੱਟਿਆ’ (ਆਸ਼ਾ ਭੌਸਲੇ, ਜਗਜੀਤ ਕੌਰ) ਅਤੇ ਦੂਜਾ ਅਦਾਕਾਰਾ ਰਜਨੀ, ਮੋਤੀ ਸੂਦ (ਮਜਨੂੰ) ਤੇ ਸਾਥੀਆਂ ’ਤੇ ਫ਼ਿਲਮਾਇਆ ਅਤੇ ਵਰਮਾ ਮਲਿਕ ਦਾ ਲਿਖਿਆ ਕੱਵਾਲੀ ਗੀਤ ‘ਅੱਖ ਨਾਲ ਦਿਲ ਨੂੰ...ਦਿਲ ਲੈਣ ਵਾਲਿਆ ਤੇਰਾ ਕੱਖ ਨਾ ਰਹੇ’ (ਆਸ਼ਾ ਭੌਸਲੇ, ਜਗਜੀਤ ਕੌਰ, ਮੁਹੰਮਦ ਰਫ਼ੀ) ਬਹੁਤ ਪਸੰਦ ਕੀਤੇ ਗਏ। ਇਹ ਕਾਮਯਾਬ ਫ਼ਿਲਮ 8 ਜੂਨ 1951 ਨੂੰ ਨਿਊ ਚਿੱਤਰਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਫ਼ਿਲਮਸਾਜ਼ ਟੀ. ਐੱਸ. ਗਣੇਸ਼, ਪੰਡਤ ਬੈਜ ਨਾਥ ਦੇ ਫ਼ਿਲਮਸਾਜ਼ ਅਦਾਰੇ ਜੀਪੀ ਫ਼ਿਲਮਜ਼, ਬੰਬੇ ਦੀ ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਬੰਤੋ’ (1962) ਵਿਚ ਮੌਸੀਕਾਰ ਬਾਬੁਲ ਨੇ ਨਗ਼ਮਾਨਿਗਾਰ ਮਨੋਹਰ ਸਿੰਘ ਸਹਿਰਾਈ ਦੇ ਲਿਖੇ 3 ਗੀਤ ਜਗਜੀਤ ਕੌਰ ਕੋਲੋਂ ਗਵਾਏ। ਨਿਸ਼ੀ, ਦਲਜੀਤ ਤੇ ਸਾਥੀਆਂ ’ਤੇ ਫ਼ਿਲਮਾਏ ਇਨ੍ਹਾਂ ਖ਼ੂਬਸੂਰਤ ਗੀਤਾਂ ਦੇ ਬੋਲ ਹਨ ‘ਓ ਮੇਰੀ ਚੁੰਨੀ ਡਿੱਗ-ਡਿੱਗ ਪੈਂਦੀ ਨੀਂ- ਨੀਂ ਮੈਂ ਕੁਝ ਵੀ ਮੂੰਹੋਂ ਕਹਿੰਦੀ ਨੀਂ’ (ਜਗਜੀਤ ਕੌਰ), ਉਦਾਸ ਗੀਤ ‘ਨੀਂ ਅੱਜ ਛਣਕੇ ਨਾ ਝਾਂਜਰ ਮੇਰੀ’ (ਜਗਜੀਤ ਕੌਰ) ਅਤੇ ਭੰਗੜਾ ਗੀਤ ‘ਨੰਗਾ ਰੱਖ ਕੇ...ਬੰਤੋ ਦੀ ਟੌਰ੍ਹ ਵੱਖਰੀ’ (ਮੀਨੂੰ ਪ੍ਰਸ਼ੋਤਮ, ਜਗਜੀਤ ਕੌਰ, ਮਹਿੰਦਰ ਕਪੂਰ, ਐੱਸ. ਡੀ. ਬਾਤਿਸ਼)। ਇਹ ਫ਼ਿਲਮ 20 ਜੁਲਾਈ 1962 ਨੂੰ ਨਿਊ ਰਿਆਲਟੋ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।

ਬੂਟਾ ਸਿੰਘ ਸ਼ਾਦ ਦੇ ਫ਼ਿਲਮਸਾਜ਼ ਅਦਾਰੇ ਬਰਾੜ ਪ੍ਰੋਡਕਸ਼ਨਜ਼, ਬੰਬੇ ਦੀ ਵੇਦ ਮਹਿਰਾ ਨਿਰਦੇਸ਼ਿਤ ਪਹਿਲੀ ਪੰਜਾਬੀ ਫ਼ਿਲਮ ‘ਕੁੱਲੀ ਯਾਰ ਦੀ’ (1970) ਵਿਚ ਮੌਸੀਕਾਰ ਮਨੋਹਰ ਨੇ ਜਗਜੀਤ ਕੌਰ ਕੋਲੋਂ ਇਕ ਗੀਤ ਗਵਾਇਆ ‘ਬੀਨ ਵਜਾ ਕੇ ਨੈਣ ਮਿਲਾ ਕੇ ਜੋਗੀ ਮੰਤਰ ਪੜ੍ਹ ਗਿਆ ਵੇ’ (ਨਾਲ ਸ਼ਮਸ਼ਾਦ ਬੇਗ਼ਮ)। ਬਾਬੂ ਸਿੰਘ ਮਾਨ ਦਾ ਲਿਖਿਆ ਇਹ ਮਕਬੂਲ ਗੀਤ ਇੰਦਰਾ ਬਿੱਲੀ ਤੇ ਮਧੂਮਤੀ ’ਤੇ ਫ਼ਿਲਮਾਇਆ ਗਿਆ। ਕਾਮੇਡੀ ਕਿੰਗ ਮਿਹਰ ਮਿੱਤਲ ਦੇ ਫ਼ਿਲਮਸਾਜ਼ ਅਦਾਰੇ ਐੱਮ.ਐੱਮ. ਫ਼ਿਲਮਜ਼ (ਪ੍ਰਾ.) ਲਿਮਟਿਡ, ਬੰਬੇ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਮਜ਼ਾਹੀਆ ਫ਼ਿਲਮ ‘ਮਾਂ ਦਾ ਲਾਡਲਾ’ (1973) ’ਚ ਮੌਸੀਕਾਰ ਮਨੋਹਰ ਨੇ ਜਗਜੀਤ ਕੌਰ ਕੋਲੋਂ ਇੰਦਰਜੀਤ ਹਸਨਪੁਰੀ ਦਾ ਲਿਖਿਆ ਇਕ ਗੀਤ ਗਵਾਇਆ ‘ਲੁਧਿਆਣੇ ਮੇਰੀ ਝਾਂਜਰ ਛਣਕੇ’ (ਜਗਜੀਤ ਕੌਰ, ਨੂਰਜਹਾਂ) ਜੋ ਨ੍ਰਿਤ ਅਦਾਕਾਰਾਵਾਂ ਸ਼ੈਫ਼ਾਲੀ ਤੇ ਰਤਨਾ ’ਤੇ ਫ਼ਿਲਮਾਇਆ ਗਿਆ ਸੀ। ਇਹ ਫ਼ਿਲਮ 6 ਅਪਰੈਲ 1973 ਨੂੰ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਬੀ. ਆਰ. ਸਾਹਨੀ ਦੇ ਫ਼ਿਲਮਸਾਜ਼ ਅਦਾਰੇ ਬੀ. ਆਰ. ਇੰਟਰਪ੍ਰਾਈਜ਼, ਬੰਬੇ ਦੀ ਕਾਕਾ ਸ਼ਰਮਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਸਤਿਗੁਰੂ ਤੇਰੀ ਓਟ’ (1974) ’ਚ ਪਹਿਲੀ ਵਾਰ ਜਗਜੀਤ ਕੌਰ ਨੇ ਗੀਤ ਗਾਉਣ ਦੇ ਨਾਲ-ਨਾਲ ਫ਼ਿਲਮ ਦਾ ਸੋਹਣਾ ਸੰਗੀਤ ਵੀ ਤਾਮੀਰ ਕੀਤਾ। ਫ਼ਿਲਮ ’ਚ ਪੰਜਾਬੀ ਨਗ਼ਮਾਨਿਗਾਰ ਨਕਸ਼ ਲਾਇਲਪੁਰੀ ਦੇ ਲਿਖੇ 7 ਗੀਤਾਂ ’ਚੋਂ 6 ਗੀਤ ਜਗਜੀਤ ਕੌਰ ਨੇ ਗਾਏ। ਮੀਨਾ ਰਾਏ, ਮਧੂਮਤੀ, ਵੀਨਾ ਤੇ ਸੋਮ ਦੱਤ ’ਤੇ ਫ਼ਿਲਮਾਏ ਇਨ੍ਹਾਂ ਗੀਤਾਂ ਦੇ ਖ਼ੂਬਸੂਰਤ ਬੋਲ ਹਨ ‘ਭੁੱਲ ਜਾਏਂਗੀ ਤੂੰ ਸਾਨੂੰ ਭੁੱਲ ਜਾਏਂਗੀ’, ‘ਤੇਰਾ ਨਾਮ ਸਦਾ ਸੁਖਦਾਈ...ਸਤਿਗੁਰੂ ਤੇਰੀ ਓਟ’ (ਜਗਜੀਤ ਕੌਰ), ‘ਰਾਂਝਣਾ ਓ ਮੇਰਾ ਨਾਜ਼ੁਕ ਦਿਲ ਨਾ ਤੋੜੀਂ ਵੇ’ (ਜਗਜੀਤ ਕੌਰ) ਅਤੇ 3 ਦੋਗਾਣਾ ਗੀਤ ਮਹਿੰਦਰ ਕਪੂਰ ਨਾਲ ‘ਸਾਡੀ ਹਿੱਕ ’ਤੇ ਨਿਸ਼ਾਨਾ ਲਾਇਆ’, ‘ਮੈਂ ਚਿੱਠੀਆਂ ਨਿੱਤ ਪਾਵਾਂ’ ਤੇ ਤੀਜਾ ਦੇਸ਼ ਭਗਤੀ ਗੀਤ ‘ਸੌ ਬਹਾਰਾਂ...ਕੌਮ ਦੇ ਪਿਆਰੇ ਸ਼ਹੀਦੋ’ (ਭਾਗ ½)। ਇਹ ਫ਼ਿਲਮ 14 ਮਾਰਚ 1975 ਨੂੰ ਐਨਮ ਥੀਏਟਰ, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ। ਜਦੋਂ ਫ਼ਿਲਮਸਾਜ਼ ਹਰੀ ਦੱਤ ਨੇ ਆਪਣੇ ਫ਼ਿਲਮਸਾਜ਼ ਅਦਾਰੇ ਸੰਸਾਰ ਚਿੱਤਰਾ, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਪੰਜਾਬੀ ਫ਼ਿਲਮ ‘ਉਡੀਕਾਂ’ (1978) ਬਣਾਈ ਤਾਂ ਫ਼ਿਲਮ ਵਿਚ ਸੰਗੀਤਕਾਰ ਸਪਨ-ਜਗਮੋਹਨ ਦੀ ਜੋੜੀ ਨੇ ਨਕਸ਼ ਲਾਇਲਪੁਰੀ ਦਾ ਲਿਖਿਆ ਇਕ ਮੁਜਰਾ ਗੀਤ ‘ਹੱਥ ਜੋੜ-ਜੋੜ ਕੇ ਹਉਕੇ ਭਰ-ਭਰ ਕੇ ਅਸਾਂ ਮਾਹੀ ਨੂੰ ਮਨਾਇਆ ਮਸਾਂ ਮਰ-ਮਰ ਕੇ’ ਜਗਜੀਤ ਕੌਰ ਕੋਲੋਂ ਗਵਾਇਆ ਜੋ ਨ੍ਰਿਤ ਅਦਾਕਾਰਾ ਬਿੰਦੂ ’ਤੇ ਫ਼ਿਲਮਾਇਆ ਗਿਆ ਬੜਾ ਹਿੱਟ ਗੀਤ ਸੀ। ਇਹ ਫ਼ਿਲਮ 6 ਜੁਲਾਈ 1979 ਨੂੰ ਸੰਗਮ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਤੇ ਸੁਪਰਹਿੱਟ ਫ਼ਿਲਮ ਕਰਾਰ ਪਾਈ।

ਆਈਨਾ ਪਿਕਚਰਜ਼, ਬੰਬੇ ਦੀ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ਹਿੰਦੀ ਫ਼ਿਲਮ ‘ਗ਼ੁਮਾਸ਼ਤਾ’ (1951) ਵਿਚ ਸੰਗੀਤਕਾਰ ਕੇ. ਦੱਤਾ (ਸਹਾਇਕ ਐੱਮ. ਏ. ਤਾਜ਼ੀ, ਢੋਲੇ ਬੂਆ) ਨੇ ਪਹਿਲੀ ਵਾਰ ਪੰਜਾਬਣ ਗੁਲੂਕਾਰਾ ਜਗਜੀਤ ਕੌਰ ਕੋਲੋਂ ਰਾਜਾ ਮਹਿੰਦੀ ਅਲੀ ਖ਼ਾਨ ਦਾ ਲਿਖਿਆ ਇਕ ਗੀਤ ‘ਦਿਲ ਨਾਚੇ ਔਰ ਗਾਏ ਜਵਾਨੀ’ (ਨਾਲ ਜੀ. ਐੱਮ. ਦੁੱਰਾਨੀ) ਗਵਾਇਆ ਜੋ ਅਦਾਕਾਰਾ ਨਿਗਾਰ ਸੁਲਤਾਨਾ ਤੇ ਵਾਸਤੀ ’ਤੇ ਫ਼ਿਲਮਾਇਆ ਬੜਾ ਮਕਬੂਲ ਰੁਮਾਨੀ ਗੀਤ ਸੀ। ਏ. ਆਰ. ਕਾਰਦਾਰ ਦੇ ਫ਼ਿਲਮਸਾਜ਼ ਅਦਾਰੇ ਕਾਰਦਾਰ ਪੋਡਕਸ਼ਨਜ਼, ਬੰਬੇ ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਦਿਲ-ਏ-ਨਾਦਾਨ’ (1953) ’ਚ ਗ਼ੁਲਾਮ ਮੁਹੰਮਦ ਦੇ ਦਿਲਕਸ਼ ਸੰਗੀਤ ’ਚ ਸ਼ਕੀਲ ਬਦਾਯੂੰਨੀ ਦੇ ਲਿਖੇ ਫ਼ਿਲਮ ਦੇ 9 ਗੀਤਾਂ ’ਚੋਂ 3 ਗੀਤ ਜਗਜੀਤ ਕੌਰ ਨੇ ਗਾਏ ‘ਖ਼ਾਮੋਸ਼ ਜ਼ਿੰਦਗੀ ਕੋ ਏਕ ਅਫ਼ਸਾਨਾ ਮਿਲ ਗਯਾ’, ‘ਚੰਦਾ ਗਾਏ ਰਾਗਨੀ ਛਮ-ਛਮ ਬਰਸੇ ਚਾਂਦਨੀ’ (ਜਗਜੀਤ ਕੌਰ) ਨਵੀਂ ਅਦਾਕਾਰਾ ਪੀਸ ਕੰਵਲ ’ਤੇ ਫ਼ਿਲਮਾਏ ਗਏ ਅਤੇ ਤੀਜਾ ਗੀਤ ‘ਮੁਹੱਬਤ ਕੀ ਧੁੰਨ ਬੇਕਰਾਰੋਂ ਸੇ ਪੂਛੋ’ (ਤਲਤ ਮਹਿਮੂਦ, ਜਗਜੀਤ ਕੌਰ, ਸੁਧਾ ਮਲਹੋਤਰਾ) ਤਲਤ ਮਹਿਮੂਦ, ਪੀਸ ਕੰਵਲ ਤੇ ਸ਼ਿਆਮਾ ’ਤੇ ਫ਼ਿਲਮਾਇਆ ਬਿਹਤਰੀਨ ਗੀਤ ਸੀ। ਡੋਗਰਾ ਫ਼ਿਲਮਜ਼, ਬੰਬੇ ਦੀ ਬਲਵੰਤ ਭੱਟ ਨਿਰਦੇਸ਼ਿਤ ਫ਼ਿਲਮ ‘ਖੋਜ’ (1953) ਵਿਚ ਸੰਗੀਤਕਾਰ ਨਿਸਾਰ ਬਜ਼ਮੀ ਨੇ ਫ਼ਿਲਮ ਦੇ 9 ਗੀਤਾਂ ’ਚੋਂ ਹਸਰਤ ਜੈਪੁਰੀ ਦਾ ਲਿਖਿਆ ਇਕ ਗੀਤ ‘ਮੇਰੇ ਚੰਦਾ ਮੈਂ ਤੇਰੀ ਚਾਂਦਨੀ ਮੇਰਾ ਦਿਲ ਭੀ ਤੂ’ ਜਗਜੀਤ ਕੌਰ ਤੋਂ ਗਵਾਇਆ ਜੋ ਅਦਾਕਾਰਾ ਲਲਿਤਾ ਕੁਮਾਰੀ ’ਤੇ ਫ਼ਿਲਮਾਇਆ ਗਿਆ ਸੀ।

1960ਵਿਆਂ ਦੇ ਦਹਾਕੇ ਤਕ ਆਉਂਦਿਆਂ ਜਗਜੀਤ ਕੌਰ ਫ਼ਿਲਮ ਮੌਸੀਕੀ ਦੇ ਖੇਤਰ ਵਿਚ ਆਪਣੇ ਨਾਮ ਦੀ ਮੁਨਫ਼ਰਿਦ ਸ਼ਨਾਖ਼ਤ ਕਾਇਮ ਕਰ ਚੁੱਕੀ ਸੀ। ਜਦੋਂ ਫ਼ਿਲਮਸਾਜ਼ ਤੇ ਹਿਦਾਇਤਕਾਰ ਰਾਮੇਸ਼ ਸਹਿਗਲ ਨੇ ਆਪਣੇ ਫ਼ਿਲਮਸਾਜ਼ ਅਦਾਰੇ ਪਰੀਜਾਤ ਪਿਕਚਰਜ਼, ਬੰਬੇ ਦੇ ਬੈਨਰ ਹੇਠ ਫ਼ਿਲਮ ‘ਸ਼ੋਲਾ ਔਰ ਸ਼ਬਨਮ’ (1961) ਸ਼ੁਰੂ ਕੀਤੀ ਤਾਂ ਸੰਗੀਤਕਾਰ ਸ਼ਿਆਮ ਨੇ ਆਪਣੀ ਅਦਾਕਾਰਾ ਪਤਨੀ ਜਗਜੀਤ ਕੌਰ ਕੋਲੋਂ ਫ਼ਿਲਮ ਦੇ 10 ਗੀਤਾਂ ’ਚੋਂ 3 ਗੀਤ ਗਵਾਏ ‘ਫਿਰ ਵਹੀ ਸਾਵਨ ਆਇਆ ਸਾਜਨ ਆਏ ਨਾ’, ‘ਲੜੀ ਰੇ ਲੜੀ ਤੁਝਸੇ ਆਂਖ ਜੋ ਲੜੀ’ ਜੋ ਨਵੀਂ ਅਦਾਕਾਰਾ ਤਰਲਾ ਉੱਤੇ ਫ਼ਿਲਮਾਏ ਗਏ ਤੇ ਤੀਜਾ ਗੀਤ ‘ਪਹਿਲੇ ਤੋ ਆਂਖ ਮਿਲਾਨਾ ਫਿਰ ਥੋੜ੍ਹਾ ਸਾ ਸ਼ਰਮਾਨਾ’ (ਮੁਹੰਮਦ ਰਫ਼ੀ, ਜਗਜੀਤ ਕੌਰ) ਧਰਮਿੰਦਰ ਤੇ ਤਰਲਾ ’ਤੇ ਫ਼ਿਲਮਾਇਆ ਗਿਆ ਚੁਲਬੁਲਾ ਗੀਤ ਸੀ। ਸ਼ਾਹੀਨ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਨਜ਼ਰ ਨਿਰਦੇਸ਼ਿਤ ਫ਼ਿਲਮ ‘ਸ਼ਗੁਨ’ (1964) ਵਿਚ ਜਗਜੀਤ ਕੌਰ ਨੇ ਆਪਣੇ ਪਤੀ ਖ਼ਯਾਮ ਦੀ ਸੰਗੀਤ-ਨਿਰਦੇਸ਼ਨਾ ’ਚ ਸਾਹਿਰ ਲੁਧਿਆਣਵੀ ਦੇ ਲਿਖੇ 2 ਗੀਤਾਂ ਨੂੰ ਆਪਣੇ ਸੁਰੀਲੇ ਸੁਰ ਪ੍ਰਦਾਨ ਕੀਤੇ। ਪਹਿਲਾ ‘ਗੋਰੀ ਸਸੂਰਾਲ ਚਲੀ ਡੋਲੀ ਸਜ ਗਈ ਸ਼ਗੁਨੋਂ ਵਾਲੀ’ ਅਤੇ ਦੂਜੀ ਅਦਾਕਾਰਾ ਲਿਬੀ ਰਾਣਾ (ਨਾਲ ਕਮਲਜੀਤ) ’ਤੇ ਫ਼ਿਲਮਾਈ ਉਮਦਾ ਗ਼ਜ਼ਲ ‘ਤੁਮ ਅਪਨਾ ਰੰਜ-ਓ-ਗ਼ਮ ਅਪਨੀ ਪਰੇਸ਼ਾਨੀ ਮੁਝੇ ਦੇ ਦੋ’ ਨੇ ਬੇਪਨਾਹ ਮਕਬੂਲੀਅਤ ਹਾਸਲ ਕੀਤੀ। ਹੁਣ ਜਗਜੀਤ ਕੌਰ ਦਾ ਨਾਮ ਹਰ ਮੌਸੀਕਾਰ ਜ਼ੁਬਾਨ ’ਤੇ ਸੀ।

1970ਵਿਆਂ ਦੇ ਦਹਾਕੇ ਵਿਚ ਆਈ ਹਿਮਾਲਿਆ ਫ਼ਿਲਮਜ਼, ਬੰਬੇ ਦੀ ਚੇਤਨ ਆਨੰਦ ਨਿਰਦੇਸ਼ਿਤ ਰੰਗੀਨ ਰੁਮਾਨੀ ਫ਼ਿਲਮ ‘ਹੀਰ ਰਾਂਝਾ’ (1970) ’ਚ ਜਗਜੀਤ ਕੌਰ ਨੇ ਮਦਨ ਮੋਹਨ ਦੇ ਸੰਗੀਤ ਵਿਚ ਕੈਫ਼ੀ ਆਜ਼ਮੀ ਦਾ ਲਿਖਿਆ ਇਕ ਗੀਤ ‘ਨਾਚੇ ਅੰਗ ਵੇ ਛਲਕੇ ਰੰਗ ਵੇ’ (ਜਗਜੀਤ ਕੌਰ, ਨੂਰਜਹਾਂ, ਸ਼ਮਸ਼ਾਦ ਬੇਗ਼ਮ) ਕਾਮਿਨੀ ਕੌਸ਼ਲ, ਅਚਲਾ ਸਚਦੇਵ, ਦੁਲਾਰੀ ਤੇ ਸਹੇਲੀਆਂ ’ਤੇ ਫ਼ਿਲਮਾਇਆ ਲਾਜਵਾਬ ਗੀਤ ਸੀ। ਨਿਊ ਅਸ਼ੋਕਾ ਇੰਟਰਨੈਸ਼ਨਲ, ਬੰਬੇ ਦੀ ਚਰਨਦਾਸ ਸ਼ੋਖ਼ ਨਿਰਦੇਸ਼ਿਤ ਫ਼ਿਲਮ ‘ਪਯਾਸੇ ਦਿਲ’ (1974) ’ਚ ਖ਼ਯਾਮ ਦੇ ਸੰਗੀਤ ਵਿਚ ਨਗ਼ਮਾਨਿਗਾਰ ਜਾਂ ਨਿਸਾਰ ਅਖ਼ਤਰ ਦੇ ਲਿਖੇ 2 ਗੀਤ ਜਗਜੀਤ ਕੌਰ ਨੇ ਗਾਏ। ਪਹਿਲਾ ਅਦਾਕਾਰ ਯਸ਼ ਟੰਡਨ ਤੇ ਅਲਕਾ ’ਤੇ ਫ਼ਿਲਮਾਇਆ ਰੁਮਾਨੀ ਗੀਤ ‘ਝੁਕਤੀ ਘਟਾ ਹਮਸੇ ਕਹੇ’ (ਨਾਲ ਮਹਿੰਦਰ ਕਪੂਰ) ਤੇ ਦੂਜਾ ਵਿਆਹ ਗੀਤ ‘ਸਖੀ ਰੀ ਸ਼ਰਮਾਏ ਦੁਲਹਨ ਸਜ ਬਨ ਕੇ’ ਵੀ ਖ਼ੂਬ ਹਿੱਟ ਹੋਏ। ਸਤਯਮ ਸ਼ਿਵਮ ਸੁੰਦਰਮ ਮੂਵੀਜ਼, ਬੰਬੇ ਦੀ ਸੁਰਿੰਦਰ ਸ਼ੇਲਜ਼ ਨਿਰਦੇਸ਼ਿਤ ਫ਼ਿਲਮ ‘ਮੁੱਠੀ ਭਰ ਚਾਵਲ’ (1975) ’ਚ ਸੰਗੀਤਕਾਰ ਖ਼ਯਾਮ (ਸਹਾਇਕ ਜਗਜੀਤ ਕੌਰ) ਦੇ ਸੰਗੀਤ ਵਿਚ ਜਗਜੀਤ ਕੌਰ ਨੇ 4 ਗੀਤਾਂ ’ਚੋਂ ਜਾਂ ਨਿਸਾਰ ਅਖ਼ਤਰ ਦਾ ਲਿਖਿਆ ਇਕ ਗੀਤ ‘ਅੱਛਾ ਕਯਾ ਹੈ ਬੁਰਾ ਕਯਾ ਹੈ ਕੋਈ ਨਾ ਜਾਨੇ ਕੋਈ ਨਾ ਸਮਝੇ’ (ਨਾਲ ਮਹਿੰਦਰ ਕਪੂਰ) ਜੋ ਰਾਕੇਸ਼ ਪਾਂਡੇ ਤੇ ਮੱਲਿਕਾ ਸਾਰਾਭਾਈ ’ਤੇ ਫ਼ਿਲਮਾਇਆ ਗਿਆ ਸੀ। ਯਸ਼ ਚੋਪੜਾ ਦੇ ਫ਼ਿਲਮਸਾਜ਼ ਅਦਾਰੇ ਯਸ਼ਰਾਜ ਫ਼ਿਲਮਜ਼, ਬੰਬੇ ਦੀ ਯਸ਼ ਚੋਪੜਾ ਨਿਰਦੇਸ਼ਿਤ ਫ਼ਿਲਮ ‘ਕਭੀ ਕਭੀ’ (1976) ’ਚ ਸਾਹਿਰ ਲੁਧਿਆਣਵੀ ਦੇ ਲਿਖੇ 10 ਗੀਤਾਂ ਦਾ ਸੰਗੀਤ ਖ਼ਯਾਮ ਨੇ ਮੁਰੱਤਿਬ ਕੀਤਾ, ਜਿਸ ਨਾਲ ਸਹਾਇਕ ਸੰਗੀਤਕਾਰਾ ਵਜੋਂ ਜਗਜੀਤ ਕੌਰ ਤੇ ਐਨਾਕ ਡੈਨੀਅਲਸ ਮੌਜੂਦ ਸਨ। ਫ਼ਿਲਮ ਦੀ ਕਾਸਟਿੰਗ ’ਤੇ ਚੱਲਦਾ ਵਿਆਹ ਗੀਤ ‘ਸੁਰਖ ਜੋੜੇ ਦੀ ਜਗਮਗਾਹਟ’ (ਭਾਗ ਪਹਿਲਾ/ਲਤਾ ਮੰਗੇਸ਼ਕਰ) ਤੇ ਇਸ ਗੀਤ ਦੇ ਦੂਜੇ ਪੰਜਾਬੀ ਭਾਗ ਵਾਲੇ ਗੀਤ ‘ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉੱਡ ਜਾਣਾ’ ਨੂੰ ਜਗਜੀਤ ਕੌਰ ਤੇ ਪਾਮੇਲਾ ਚੋਪੜਾ (ਪਤਨੀ ਯਸ਼ ਚੋਪੜਾ) ਨੇ ਆਪਣੀ ਆਵਾਜ਼ ਦਿੱਤੀ ਸੀ। ਇਸ ਫ਼ਿਲਮ ਦੇ ਤਮਾਮ ਗੀਤ ਹੱਦ ਦਰਜਾ ਮਕਬੂਲ ਹੋਏ ਸਨ। ਤ੍ਰਿਮੂਰਤੀ ਫ਼ਿਲਮਜ਼, ਬੰਬੇ ਦੀ ਯਸ਼ ਚੋਪੜਾ ਨਿਰਦੇਸ਼ਿਤ ਫ਼ਿਲਮ ‘ਤ੍ਰਿਸ਼ੂਲ’ (1978) ’ਚ ਇਕ ਵਾਰ ਫਿਰ ਸੰਗੀਤਕਾਰ ਖ਼ਯਾਮ ਨਾਲ ਸਹਾਇਕ ਸੰਗੀਤਕਾਰਾ ਵਜੋਂ ਜਗਜੀਤ ਕੌਰ (ਨਾਲ ਡੈਨੀਅਲ, ਕ੍ਰਿਸ ਪੈਰੀ) ਮੌਜੂਦ ਸੀ। ਫ਼ਿਲਮ ’ਚ ਸਾਹਿਰ ਲੁਧਿਆਣਵੀ ਦੇ ਲਿਖੇ 7 ਗੀਤ ਬੜੇ ਪਸੰਦ ਕੀਤੇ ਗਏ। ਯਸ਼ਰਾਜ ਫ਼ਿਲਮਜ਼, ਬੰਬੇ ਦੀ ਮਨਮੋਹਨ ਕ੍ਰਿਸ਼ਨ ਨਿਰਦੇਸ਼ਿਤ ਫ਼ਿਲਮ ‘ਨੂਰੀ’ (1979) ’ਚ ਖ਼ਯਾਮ ਦੀ ਸੰਗੀਤ ਨਿਰਦੇਸ਼ਨਾ (ਸਹਾਇਕ ਜਗਜੀਤ ਕੌਰ ਤੇ ਅਨਿਲ ਮੋਹਿਲੇ) ’ਚ ਜਗਜੀਤ ਕੌਰ ਨੇ ਫ਼ਿਲਮ ਦੇ 5 ਗੀਤਾਂ ’ਚੋਂ 2 ਗੀਤ ‘ਕਸਮ ਹੈ ਯਾਰ ਤੇਰੀ’ (ਨਾਲ ਮਹਿੰਦਰ ਕਪੂਰ, ਪਾਮੇਲਾ ਚੋਪੜਾ, ਐੱਸ. ਕੇ. ਮਹਾਨ) ਤੇ ਦੂਜਾ ‘ਉਸਕੇ ਖੇਲ ਨਿਰਾਲੇਂ ਹੈਂ’ (ਨਾਲ ਅਨਵਰ, ਪਾਮੇਲਾ ਚੋਪੜਾ) ਗਾਏ ਜੋ ਜਗਦੀਪ, ਮਨਮੋਹਨ ਕ੍ਰਿਸ਼ਨ ਤੇ ਸਾਥੀਆਂ ’ਤੇ ਫ਼ਿਲਮਾਏ ਗਏ ਸਨ। ਐੱਮ. ਪੀ. ਡੀ. ਪ੍ਰੋਡਕਸ਼ਨਜ਼, ਬੰਬੇ ਦੀ ਰਾਮ ਮਾਹੇਸ਼ਵਰੀ ਨਿਰਦੇਸ਼ਿਤ ਫ਼ਿਲਮ ‘ਚੰਬਲ ਕੀ ਕਸਮ’ (1979) ’ਚ ਖ਼ਯਾਮ ਦੇ ਸੰਗੀਤ ’ਚ (ਸਹਾਇਕ ਅਨਿਲ ਦੀਪਕ) ਸਾਹਿਰ ਲੁਧਿਆਣਵੀ ਦੇ ਲਿਖੇ 8 ਗੀਤਾਂ ’ਚੋਂ ਇਕ ਗੀਤ ਜਗਜੀਤ ਕੌਰ ਤੇ ਸਾਥੀਆਂ ਨੇ ਗਾਇਆ ‘ਬਾਜੇ ਸ਼ਹਿਨਾਈ ਰੀ ਬੰਨੋ ਤੋਰੇ ਅੰਗਨਾ’ ਵੀ ਪਸੰਦ ਕੀਤਾ ਗਿਆ।

1980ਵਿਆਂ ਦੇ ਦਹਾਕੇ ’ਚ ਆਈਆਂ ਫ਼ਿਲਮਾਂ ’ਚ ਕੋਣਾਰਕ ਕੰਬਾਈਨ ਇੰਟਰਨੈਸ਼ਨਲ, ਬੰਬੇ ਦੀ ਇਸਮਾਇਲ ਸ਼ਰਾਫ਼ ਨਿਰਦੇਸ਼ਿਤ ਫ਼ਿਲਮ ‘ਥੋੜ੍ਹੀ ਸੀ ਬੇਵਫ਼ਾਈ’ (1980) ’ਚ ਖ਼ਯਾਮ ਦੀ ਤਰਤੀਬ ਮੌਸੀਕੀ ਵਿਚ (ਸਹਾਇਕ ਜਗਜੀਤ ਕੌਰ, ਅਨਿਲ ਮੋਹਿਲੇ) ’ਚ ਗੀਤਕਾਰ ਗੁਲਜ਼ਾਰ ਦੇ ਲਿਖੇ 6 ਗੀਤਾਂ ’ਚੋਂ ਇਕ ਗੀਤ ‘ਸੁਨੋ ਨਾ ਭਾਬੀ ਸੋਹਨੀ ਭਾਬੀ ਸੋਨਾ ਦੂੰਗੀ’ ਜਗਜੀਤ ਕੌਰ ਤੇ ਸੁਲੱਕਸ਼ਣਾ ਪੰਡਤ ਨੇ ਗਾਇਆ। ਇੰਟੀਗ੍ਰੇਟਿਡ ਫ਼ਿਲਮਜ਼, ਬੰਬੇ ਦੀ ਮੁਜ਼ੱਫ਼ਰ ਅਲੀ ਨਿਰਦੇਸ਼ਿਤ ਫ਼ਿਲਮ ‘ਉਮਰਾਓ ਜਾਨ’ (1981) ’ਚ ਖ਼ਯਾਮ ਦੇ ਸੰਗੀਤ ’ਚ ਫ਼ਿਲਮ ਦੇ 10 ਗੀਤਾਂ ’ਚੋਂ ਇਕ ਗੀਤ ਜਗਜੀਤ ਕੌਰ ਨੇ ਗਾਇਆ ‘ਕਾਹੇ ਕੋ ਬਿਆਹੀ ਬਿਦੇਸ਼ ਬਾਬੁਲ’ ਜੋ ਆਸ਼ਾ ਪਾਰੇਖ ਤੇ ਸਾਥਣਾਂ ’ਤੇ ਫ਼ਿਲਮਾਇਆ ਗਿਆ ਸੀ। ਯਸ਼ ਚੋਪੜਾ ਫ਼ਿਲਮਜ਼, ਬੰਬੇ ਦੀ ਰਾਮੇਸ਼ ਤਲਵਾ ਨਿਰਦੇਸ਼ਿਤ ਫ਼ਿਲਮ ‘ਸਵਾਲ’ (1982) ’ਚ ਖ਼ਯਾਮ ਦੇ ਸੰਗੀਤ ’ਚ ਜਗਜੀਤ ਕੌਰ ਨੇ ਇਕੋ ਮੁਜਰਾ ਗੀਤ ‘ਇਧਰ ਆ ਸਿਤਮਗਰ ਨਜ਼ਰ ਆਜ਼ਮਾਏਂ’ ਗਾਇਆ ਜੋ ਪਦਮਾ ਖੰਨਾ ਤੇ ਕਲਪਨਾ ਅਈਅਰ ’ਤੇ ਫ਼ਿਲਮਾਇਆ ਗਿਆ ਸੀ। ਸਾਗਰ ਸਰਹੱਦੀ ਨਿਰਦੇਸ਼ਿਤ ਫ਼ਿਲਮ ‘ਬਾਜ਼ਾਰ’ (1982) ’ਚ ਖ਼ਯਾਮ ਦੇ ਸੰਗੀਤ ’ਚ ਜਗਜੀਤ ਕੌਰ ਨੇ 2 ਗੀਤ ਗਾਏ ‘ਚਲੇ ਆਓ ਸਈਆਂ ਰੰਗੀਲੇ ਮੈਂ ਵਾਰੀ ਰੇ’ (ਨਾਲ ਪਾਮੇਲਾ ਚੋਪੜਾ) ਤੇ ‘ਦੇਖ ਲੋ ਆਜ ਹਮਕੋ ਜੀ ਭਰ ਕੇ’ ਗੀਤ ਵੀ ਖ਼ੂਬ ਚੱਲੇ। ਰਾਜਧਾਨੀ ਫ਼ਿਲਮਜ਼ (ਪ੍ਰਾ.) ਲਿਮਟਿਡ, ਬੰਬੇ ਦੀ ਕਮਾਲ ਅਮਰੋਹੀ ਨਿਰਦੇਸ਼ਿਤ ਤਾਰੀਖ਼ੀ ਫ਼ਿਲਮ ‘ਰਜ਼ੀਆ ਸੁਲਤਾਨ’ (1983) ’ਚ ਖ਼ਯਾਮ ਦੀਆਂ ਦਿਲਕਸ਼ ਤਰਜ਼ਾਂ ’ਚ ਜਗਜੀਤ ਕੌਰ ਦਾ ਗਾਇਆ ‘ਹਰਿਆਲਾ ਬੰਨਾ ਆਇਆ ਰੇ’ (ਨਾਲ ਆਸ਼ਾ ਭੌਸਲੇ, ਮਹਿੰਦਰ ਕਪੂਰ) ਗੀਤ ਵੀ ਖ਼ੂਬ ਚੱਲਿਆ। ਨਿਊ ਵੇਵਜ਼ ਪ੍ਰੋਡਿਊਸਰਜ਼, ਬੰਬੇ ਦੀ ਵਿਜੈ ਤਲਵਾਰ ਨਿਰਦੇਸ਼ਿਤ ਫ਼ਿਲਮ ‘ਲੋਰੀ’ (1984) ’ਚ ਖ਼ਯਾਮ ਦੀਆਂ ਧੁਨਾਂ ਵਿਚ ਜਗਜੀਤ ਕੌਰ ਨੇ ਇਕ ਬਾਲ ਗੀਤ ‘ਗੁੜੀਆ, ਚਿੜੀਆ, ਚਾਂਦ-ਚਕੋਰੀ’ (ਨਾਲ ਆਸ਼ਾ ਭੌਸਲੇ, ਪਾਮੇਲਾ ਚੋਪੜਾ) ਗਾਇਆ। ਹਿਦਾਇਤਕਾਰ ਮੁਜ਼ੱਫ਼ਰ ਅਲੀ ਦੀ ਫ਼ਿਲਮ ‘ਅੰਜੁਮਨ’ (1986) ਵਿਚ ਖ਼ਯਾਮ ਦੀ ਮੌਸੀਕੀ ਵਿਚ ਪਹਿਲੀ ਵਾਰ ਜਗਜੀਤ ਕੌਰ ਤੇ ਖ਼ਯਾਮ ਨੇ ਦੋਗਾਣਾ ਗੀਤ ਗਾਇਆ ‘ਕਬ ਯਾਦ ਮੇਂ ਤੇਰਾ ਸਾਥ ਨਹੀਂ-ਕਬ ਹਾਥ ਮੇਂ ਤੇਰਾ ਹਾਥ ਨਹੀਂ’ ਜੋ ਬੜਾ ਪਸੰਦ ਕੀਤਾ ਗਿਆ। ਸਿਨੇ ਇਮੇਜਜ਼, ਬੰਬੇ ਦੀ ਵਿਨੋਦ ਪਾਂਡੇ ਨਿਰਦੇਸ਼ਿਤ ਫ਼ਿਲਮ ‘ਏਕ ਨਯਾ ਰਿਸ਼ਤਾ’ (1988) ਖ਼ਯਾਮ ਸਾਹਬ ਨਾਲ ਸਹਾਇਕ ਸੰਗੀਤਕਾਰਾ ਵਜੋਂ ਜਗਜੀਤ ਕੌਰ ਦੀ ਆਖ਼ਰੀ ਹਿੰਦੀ ਫ਼ਿਲਮ ਕਰਾਰ ਪਾਈ। ਵੇਖਿਆ ਜਾਵੇ ਤਾਂ ਜਗਜੀਤ ਕੌਰ ਨੇ ਹਿੰਦੀ ਫ਼ਿਲਮਾਂ ਵਿਚ ਬਹੁਤੇ ਗੀਤ ਆਪਣੇ ਪਤੀ ਖ਼ਯਾਮ ਦੀ ਸੰਗੀਤ-ਨਿਰਦੇਸ਼ਨਾ ਵਿਚ ਹੀ ਗਾਏ ਹਨ। ਉਸ ਦੇ ਗਾਏ ਖ਼ੂਬਸੂਰਤ ਗੀਤ ਤੇ ਗ਼ਜ਼ਲਾਂ ਦਾ ਵੀ ਆਪਣਾ ਹੀ ਇਕ ਅਲੱਗ ਰੰਗ ਰਿਹਾ ਹੈ।

ਜਗਜੀਤ ਕੌਰ ਦੀ ਆਵਾਜ਼ ਵਿਚ ਪੰਜਾਬ ਦੀ ਜ਼ਰਖ਼ੇਜ਼ ਮਿੱਟੀ ਦੀ ਝਲਕ ਸੀ। ਉਸ ਦੇ ਗਾਏ ਪੰਜਾਬੀ ਲੋਕ ਗੀਤਾਂ ਦੇ ਕਈ ਪੱਥਰ ਦੇ ਰਿਕਾਰਡ (78ਆਰ.ਪੀ.ਐੱਮ.) ਜਾਰੀ ਹੋਏ। ਇਨ੍ਹਾਂ ਗ੍ਰਾਮੋਫ਼ੋਨ ਰਿਕਾਰਡਾਂ ਦੇ ਮਸ਼ਹੂਰ ਜ਼ਮਾਨਾ ਗੀਤ ਜੋ 50 ਤੇ 60 ਦੇ ਦਹਾਕੇ ਵਿਚ ਸੋਹਣੇ ਪੰਜਾਬ ਦੇ ਪਿੰਡਾਂ ਦੇ ਘਰ-ਘਰ ਸੁਣੇ ਤੇ ਪਸੰਦ ਕੀਤੇ ਜਾਂਦੇ ਸਨ ‘ਵੇ ਪਿੰਡ ਦਿਆ ਨੰਬਰਦਾਰਾ ਹੋ ਹੋ ਹੋ ਪਾਣਾ ਈ ਮੈਂ ਲਾਲ ਘੱਗਰਾ’, ‘ਪਪੀਹਾ ਨੀਂ ਬੋਲੇ ਜੰਗਲ ਦਾ ਲੰਘ ਗਿਆ ਐਤਵਾਰ’, ‘ਬੱਲੇ-ਬੱਲੇ ਬਈ ਨਵੀਂ ਵਹੁਟੀ ਦੁੱਧ ਰਿੜਕੇ’ (ਨਾਲ ਨਰਿੰਦਰ ਕੌਰ/ਜੀਈ 60435/ਗੀਤਕਾਰ-ਗਿਆਨ ਚੰਦ ਧਵਨ), ‘ਹੋ ਹੋ ਮਾਹੀਆ ਘੜਾ ਚੁਕਾ’ ਤੇ ‘ਸ਼ਾਵਾ ਜੀ ਸ਼ਾਵਾ ਕੇ ਅੱਜ ਸਾਡੇ ਮਾਹੀਏ (ਨਾਲ ਕੇ. ਐੱਲ. ਅਗਨੀਹੋਤਰੀ/ਜੀਈ 26445), ‘ਸ਼ਾਵਾ ਜੀ ਚਿੱਠੀ ਆਈ ਢੋਲ ਚੰਨ ਦੀ’ ਤੇ ‘ਤੇਰੀ ਮੇਰੀ ਨਹੀਂ ਨਿਭਣੀ’ (ਜੀਈ 26460), ‘ਹਾਏ ਵਿਛੋੜੇ ਪੈ ਗਏ’ (ਨਾਲ ਸ਼ਾਤੀ ਐਂਡ ਪਾਰਟੀ/ਕੋਲੰਬੀਆ/ਜੀਈ 2645), ਤੇ ‘ਕਦੋਂ ਤਾਈਂ ਸੋਹਣੇ ਨਖਰੇ ਵਿਖਾਉਣਗੇ’ (ਜੀਈ 2645) ਆਦਿ ਗੀਤ ਅੱਜ ਵੀ ਤਰੋਤਾਜ਼ਾ ਲੱਗਦੇ ਹਨ।

ਜਗਜੀਤ ਕੌਰ ਦਾ ਵਿਆਹ ਨਵਾਂ ਸ਼ਹਿਰ ਦੇ ਕਸਬੇ ਰਾਹੋਂ ਦੇ ਮੁਸਲਿਮ ਪੰਜਾਬੀ ਗੱਭਰੂ ਤੇ ਭਾਰਤੀ ਫ਼ਿਲਮਾਂ ਦੇ ਮਾਰੂਫ਼ ਸੰਗੀਤਕਾਰ ਮੁਹੰਮਦ ਜ਼ਹੂਰ ਖ਼ਯਾਮ ਹਾਸ਼ਮੀ ਨਾਲ ਹੋਇਆ ਜੋ ਹਿੰਦੀ ਫ਼ਿਲਮਾਂ ਵਿਚ ਖ਼ਯਾਮ ਦੇ ਨਾਮ ਨਾਲ ਸੰਗੀਤ ਮੁਰੱਤਿਬ ਕਰਦੇ ਸਨ। ਇਹ ਫ਼ਿਲਮ ਸਨਅਤ ਦੇ ਅੰਤਰਜ਼ਾਤੀ ਵਿਆਹਾਂ ਵਿਚੋਂ ਇਕ ਸੀ। ਇਨ੍ਹਾਂ ਦਾ ਇਕ ਪੁੱਤਰ ਪ੍ਰਦੀਪ ਵੀ ਸੀ ਜੋ 2012 ਵਿਚ ਹਾਰਟ ਅਟੈਕ ਨਾਲ ਫ਼ੌਤ ਹੋ ਗਿਆ ਸੀ। ਇਸ ਜੋੜੀ ਨੇ ਆਪਣੇ ਪੁੱਤਰ ਦੀ ਆਸਥਾ ਨੂੰ ਮੁੱਖ ਰੱਖਦਿਆਂ ਕੇਪੀਜੀ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ ਤਾਂ ਕਿ ਜ਼ਰੂਰਤਮੰਦ ਤਕਨੀਸ਼ੀਅਨਾਂ ਤੇ ਫ਼ਿਲਮਾਂ ਦੇ ਕਲਾਕਾਰਾਂ ਦੀ ਮਦਦ ਕੀਤੀ ਜਾ ਸਕੇ। ਖ਼ਯਾਮ ਨੇ ਮਰਨ ਤੋਂ ਪਹਿਲਾਂ ਆਪਣੀ ਸਾਰੀ ਜਾਇਦਾਦ ਇਸ ਟਰੱਸਟ ਨੂੰ ਦਾਨ ਕਰ ਦਿੱਤੀ ਸੀ।

ਜਗਜੀਤ ਕੌਰ ਦਾ ਐਤਵਾਰ 15 ਅਗਸਤ 2021 ਨੂੰ 90 ਸਾਲ ਦੀ ਉਮਰ ਵਿਚ ਮੁੰਬਈ ਵਿਖੇ ਇੰਤਕਾਲ ਹੋ ਗਿਆ।
ਸੰਪਰਕ: 97805-09545

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All