ਕੈਲਾਸ਼ ਚੰਦਰ ਸ਼ਰਮਾ
ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਅਤੇ ਦੂਸਰਿਆਂ ਨੂੰ ਸਮਝਣ ਦੀ ਸ਼ਕਤੀ ਗੱਲਾਂ ਵਿੱਚ ਹੁੰਦੀ ਹੈ। ਇਹ ਵਿਅਕਤੀ ਦੀਆਂ ਗੱਲਾਂ ਹੀ ਹੁੰਦੀਆਂ ਹਨ ਜਿਨ੍ਹਾਂ ਤੋਂ ਅਸੀਂ ਉਸ ਦੇ ਮਨ ਦੀਆਂ ਤੈਹਾਂ ਨੂੰ ਫਰੋਲ ਲੈਂਦੇ ਹਾਂ। ਗੱਲਾਂ ਵਿੱਚ ਵਰਤੇ ਗਏ ਸ਼ਬਦਾਂ ਤੋਂ ਸਹਿਜੇ ਹੀ ਇਹ ਅੰਦਾਜ਼ਾ ਲੱਗ ਜਾਂਦਾ ਹੈ ਕਿ ਵਿਅਕਤੀ ਗੱਪਾਂ ਮਾਰ ਰਿਹਾ ਹੈ, ਸਲਾਹ ਦੇ ਰਿਹਾ ਹੈ, ਹਮਦਰਦੀ ਜਤਾ ਰਿਹਾ ਹੈ, ਹੰਕਾਰਿਆ ਹੋਇਆ ਹੈ ਜਾਂ ਮਜ਼ਾਕ ਉਡਾ ਰਿਹਾ ਹੈ। ਹਰ ਮਨੁੱਖ ਦੀ ਇਹ ਇੱਛਾ ਹੁੰਦੀ ਹੈ ਕਿ ਦੂਸਰਿਆਂ ਸਾਹਮਣੇ ਉਸ ਦੀ ਇੱਕ ਵੱਖਰੀ ਪਹਿਚਾਣ ਬਣੇ, ਲੋਕ ਉਸ ਵੱਲ ਖਿੱਚੇ ਚਲੇ ਆਉਣ। ਵਧੀਆ ਮਨੁੱਖ ਆਪਣੇ ਸ਼ਬਦਾਂ ਦੇ ਪ੍ਰਗਟਾਉਣ ਦੇ ਢੰਗ ਤੋਂ ਹੀ ਪਛਾਣਿਆ ਜਾਂਦਾ ਹੈ, ਇਸ ਲਈ ਆਪਣੀ ਗੱਲਬਾਤ ਦੌਰਾਨ ਉਹ ਪ੍ਰਭਾਵਸ਼ਾਲੀ ਸ਼ਬਦਾਂ ਦੀ ਵਰਤੋਂ ਕਰਦਾ ਹੈ।
ਚੰਗੇ ਸ਼ਬਦਾਂ ਦਾ ਮਹੱਤਵ ਦਿਲ ਦੀਆਂ ਧੜਕਣਾਂ ਵਾਂਗ ਹੁੰਦਾ ਹੈ, ਜੋ ਸਾਡੀ ਜ਼ਿੰਦਗੀ ਨੂੰ ਹੁਲਾਰਾ ਦਿੰਦੇ ਹਨ। ਸ਼ਬਦ ਬਹੁਤ ਵੱਡਾ ਹਥਿਆਰ ਹਨ। ਜਦੋਂ ਇਨ੍ਹਾਂ ਦੀ ਵਰਤੋਂ ਜ਼ੁਲਮਾਂ ਵਿਰੁੱਧ ਕੀਤੀ ਜਾਂਦੀ ਹੈ ਤਾਂ ਇਹ ਤੋਪਾਂ-ਗੋਲਿਆਂ ਤੋਂ ਵੀ ਵੱਧ ਤਿੱਖੇ ਵਾਰ ਕਰਦੇ ਹਨ ਅਤੇ ਜਦੋਂ ਕਿਸੇ ਦੀ ਖੁਸ਼ੀ ਵਾਸਤੇ ਵਰਤੇ ਜਾਣ ਤਾਂ ਤੀਆਂ ਦੇ ਗਿੱਧੇ ਵਾਂਗ ਝੂਮਣ ਲਾ ਦਿੰਦੇ ਹਨ, ਅੰਬਰ ਨੱਚਦਾ ਪ੍ਰਤੀਤ ਹੁੰਦਾ ਹੈ, ਧਰਤੀ ਗੀਤ ਗਾਉਂਦੀ ਜਾਪਦੀ ਹੈ ਤੇ ਪੰਛੀਆਂ ਦੀਆਂ ਕਲੋਲਾਂ ਵੀ ਚਿੱਤ ਨੂੰ ਬਾਗੋਬਾਗ ਕਰ ਦਿੰਦੀਆਂ ਹਨ। ਕਿਸੇ ਦੇ ਦੁੱਖ ਵਿੱਚ ਵਰਤੇ ਗਏ ਹਮਦਰਦੀ ਅਤੇ ਹੌਸਲਾ ਦੇਣ ਵਾਲੇ ਸ਼ਬਦ ਉਸ ਦਾ ਮਨੋਬਲ ਵਧਾ ਦਿੰਦੇ ਹਨ ਅਤੇ ਕਈ ਵਾਰ ਇਹੀ ਸ਼ਬਦ ਕਿਸੇ ਨੂੰ ਦੁਖੀ ਕਰਨ ਲਈ ਵਰਤੇ ਜਾਣ ਤਾਂ ਹੱਸਦਿਆਂ ਨੂੰ ਵੀ ਰੁਆ ਦਿੰਦੇ ਹਨ। ਸਿਆਣਿਆਂ ਨੇ ਸੱਚ ਹੀ ਕਿਹਾ ਹੈ:
ਸ਼ਬਦ ਸੇ ਖੁਸ਼ੀ, ਸ਼ਬਦ ਸੇ ਗ਼ਮ, ਸ਼ਬਦ ਸੇ ਪੀੜਾ, ਸ਼ਬਦ ਸੇ ਮਰਹਮ।
ਜਿਸ ਤਰ੍ਹਾਂ ਫੁੱਲਾਂ ਦੀ ਖੁਸ਼ਬੂ ਹਵਾ ਦੇ ਰੁਖ਼ ਵੱਲ ਜਾਂਦੀ ਹੈ, ਉਸੇ ਤਰ੍ਹਾਂ ਚੰਗੇ ਸ਼ਬਦ ਬੋਲਣ ਵਾਲੇ ਦੀ ਸੁਗੰਧੀ ਵੀ ਚੁਫੇਰੇ ਫੈਲ ਜਾਂਦੀ ਹੈ। ਆਪਣੀ ਗੱਲਬਾਤ ਦੌਰਾਨ ਸ਼ਬਦਾਂ ਦੀ ਸੁਚੱਜੀ ਵਰਤੋਂ ਨਾਲ ਅਸੀਂ ਹਰ ਮੈਦਾਨ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ ਅਤੇ ਇਹ ਸਾਡੀ ਸ਼ਖ਼ਸੀਅਤ ਨੂੰ ਵੀ ਨਿਖਾਰਦੇ ਹਨ। ਬੋਲੀ ਦੀ ਮਿਠਾਸ ਅਤੇ ਸ਼ਬਦਾਂ ਦੀ ਢੁੱਕਵੀਂ ਚੋਣ ਜਾਦੂ ਵਰਗਾ ਅਸਰ ਕਰਦੀ ਹੈ। ਸੁੰਦਰ ਗੱਲਾਂ ਵਿੱਚ ਫੁੱਲਾਂ ਵਰਗੀ ਮਹਿਕ ਹੁੰਦੀ ਹੈ, ਜੋ ਮਨ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਜਦੋਂ ਖਿੜੇ ਚਿਹਰੇ ’ਚੋਂ ਜ਼ੁਬਾਨ ਵਧੀਆ ਸ਼ਬਦਾਂ ਦੇ ਫੁੱਲ ਕੇਰਦੀ ਹੈ ਤਾਂ ਇਹ ਸਾਡੀ ਕਾਮਯਾਬੀ ਅਤੇ ਸਾਡੇ ਅੱਗੇ ਵਧਣ ਦਾ ਜ਼ਰੀਆ ਬਣਦੇ ਹਨ। ਅਜਿਹੇ ਵਿਅਕਤੀ ਆਪਣੀ ਗੱਲਬਾਤ ਦੌਰਾਨ ਵਰਤੇ ਗਏ ਸ਼ਬਦਾਂ ਨਾਲ ਅਜਿਹੀ ਛੋਹ ਛੱਡ ਜਾਂਦੇ ਹਨ ਕਿ ਇਸ ਦੇ ਅਹਿਸਾਸ ਨਾਲ ਹੀ ਦੂਸਰੇ ਵਿਅਕਤੀ ਆਨੰਦਮਈ ਜੀਵਨ ਬਤੀਤ ਕਰ ਲੈਂਦੇ ਹਨ। ਕਿਸੇ ਨੇ ਸੱਚ ਹੀ ਕਿਹਾ ਹੈ:
ਨਾ ਜਾਨੇ ਕੌਨ ਸੀ ਦੌਲਤ ਹੈ ਕੁਛ ਲੋਗੋਂ ਕੇ ਸ਼ਬਦੋਂ ਮੇਂ, ਬਾਤ ਕਰਤੇ ਹੈਂ ਤੋ ਮਨ ਹੀ ਖਰੀਦ ਲੇਤੇ ਹੈਂ।
ਇਸ ਲਈ ਰਸਭਰੇ ਸ਼ਬਦਾਂ ਨੂੰ ਆਪਣੀ ਕਾਰਜ-ਪ੍ਰਣਾਲੀ ਦਾ ਹਿੱਸਾ ਬਣਾਓ। ਕਿਸੇ ਵੀ ਵਿਅਕਤੀ ਦੀ ਲਿਆਕਤ ਇਸ ਗੱਲ ਵਿੱਚ ਨਹੀਂ ਹੁੰਦੀ ਕਿ ਉਸ ਨੇ ਕਿਹੋ ਜਿਹੀ ਯੋਜਨਾ ਬਣਾਈ ਹੈ, ਬਲਕਿ ਉਸ ਦੀ ਸਿਆਣਪ ਆਪਣੀ ਗੱਲਬਾਤ ਦੌਰਾਨ ਵਰਤੇ ਗਏ ਸ਼ਬਦਾਂ ਦੀ ਗਹਿਰਾਈ ਅਤੇ ਵਿਚਾਰਾਂ ਦੀ ਸ਼ੁੱਧਤਾ ਤੋਂ ਝਲਕਦੀ ਹੈ। ਵਰਤੇ ਗਏ ਸ਼ਬਦ ਹੀ ਵਿਅਕਤੀ ਦੀ ਜ਼ਿੰਦਗੀ ਦੀ ਬੁਨਿਆਦ ਹੁੰਦੇ ਹਨ, ਉਸ ਦੀ ਪਹਿਚਾਣ ਸਥਾਪਿਤ ਕਰਦੇ ਹਨ ਅਤੇ ਕਈ ਵਾਰ ਨਿਵੇਕਲੇ ਮਾਨ-ਸਨਮਾਨ ਵੀ ਬਖ਼ਸ਼ਦੇ ਹਨ। ਕਈ ਵਾਰ ਵਿਅਕਤੀ ਦੀਆਂ ਭਾਵਨਾਵਾਂ ਕਾਬੂ ਹੇਠ ਨਹੀਂ ਹੁੰਦੀਆਂ। ਭਾਵਨਾਵਾਂ ਬੇਕਾਬੂ ਹੋਣ ਕਰਕੇ ਉਨ੍ਹਾਂ ਦਾ ਆਪਣੇ ਬੋਲੇ ਜਾਣ ਵਾਲੇ ਸ਼ਬਦਾਂ ’ਤੇ ਵੀ ਕੰਟਰੋਲ ਨਹੀਂ ਰਹਿੰਦਾ ਜਿਸ ਕਾਰਨ ਕਈ ਵਾਰ ਕਠੋਰਤਾ ਤੇ ਕੁੜੱਤਣ ਭਰੇ ਸ਼ਬਦਾਂ ਨਾਲ ਗੱਲਾਂ ਕਰਕੇ ਉਹ ਸਹੀ ਭਾਵ ਨਹੀਂ ਪ੍ਰਗਟਾ ਸਕਦੇ ਜਿਸ ਕਰਕੇ ਉਨ੍ਹਾਂ ਦਾ ਜੀਵਨ ਲੜਖੜਾਉਣ ਲੱਗਦਾ ਹੈ ਕਿਉਂਕਿ ਜੀਵਨ ਦੀ ਸਾਰਥਿਕਤਾ ਲਈ ਭਾਵਨਾਵਾਂ ਦਾ ਕਾਬੂ ਹੇਠ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਕਈ ਵਾਰ ਵਿਅਕਤੀ ਵੱਲੋਂ ਵਰਤੇ ਗਏ ਸ਼ਬਦਾਂ ਤੋਂ ਉਸ ਦੀ ਬਾਹਰੀ ਅਤੇ ਅੰਦਰੂਨੀ ਸ਼ਖ਼ਸੀਅਤ ਵਿੱਚ ਆਪਾ-ਵਿਰੋਧ ਸਪੱਸ਼ਟ ਨਜ਼ਰ ਆਉਂਦਾ ਹੈ। ਅਜਿਹੇ ਵਿਅਕਤੀ ਆਪਣੇ ਵਰਤੇ ਗਏ ਸ਼ਬਦਾਂ ਨਾਲ ਹੀ ਆਪਣਾ ਭਰੋਸਾ ਗੁਆ ਲੈਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਚੰਗੇ ਸੰਸਕਾਰ ਦੇਣ ਵਿੱਚ ਫਾਡੀ ਰਹਿ ਜਾਂਦੇ ਹਨ।
ਸਾਡੇ ਦੁਆਰਾ ਬੋਲੇ ਸ਼ਬਦ ਸਾਡੇ ਦੋਸਤ ਵੀ ਹਨ ਅਤੇ ਦੁਸ਼ਮਣ ਵੀ। ਇਹ ਦੂਜਿਆਂ ਦੇ ਕਸ਼ਟ, ਸੰਤਾਪ ਅਤੇ ਦੁੱਖਾਂ ਦਾ ਹਰਨ ਵੀ ਕਰਦੇ ਹਨ। ਸਹੀ ਸ਼ਬਦ ਸੰਤ ਦੀ ਤਰ੍ਹਾਂ ਨਿਰਮਲ ਅਤੇ ਨਿਰਛਲ ਹੁੰਦੇ ਹਨ। ਉਹ ਹਿਰਦੇ ਰੂਪੀ ਸਰੋਵਰ ਵਿੱਚ ਲੋਕਾਂ ਦਾ ਕਲਿਆਣ ਕਰਦੇ ਹਨ। ਅਜਿਹੇ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਲੋਕ ਜੀਵਨ ਵਿੱਚ ਸਿਤਾਰਿਆਂ ਵਾਂਗ ਚਮਕਦੇ ਰਹਿੰਦੇ ਹਨ। ਅਜਿਹੇ ਲੋਕਾਂ ਦੇ ਰਿਸ਼ਤਿਆਂ ਦੀ ਸਾਂਝ ਪਕੇਰੀ ਅਤੇ ਵਡੇਰੀ ਉਮਰ ਦੀ ਹੁੰਦੀ ਹੈ। ਜ਼ਿੰਦਗੀ ਵਿੱਚ ਉੱਚਾ ਉੱਠਣ ਲਈ ਚੰਗੇ ਸ਼ਬਦ ਹੀ ਇਨਸਾਨ ਨੂੰ ਬਾਦਸ਼ਾਹ ਬਣਾ ਦਿੰਦੇ ਹਨ। ਹੰਕਾਰ ਵਿੱਚ ਗੜੁਚ ਹੋਏ ਵਿਅਕਤੀ ਲਈ ਤੁਹਾਡੇ ਪ੍ਰਸ਼ੰਸਾ ਭਰੇ ਸ਼ਬਦ ਉਸ ਦਾ ਪੂਰਾ ਦਿਨ ਖੇੜੇ ਭਰਿਆ ਬਣਾ ਸਕਦੇ ਹਨ। ਮਾੜੀ ਸੰਗਤ ਤੋਂ ਪ੍ਰੇਰਿਤ ਸ਼ਬਦ ਸਮਾਜ ’ਚ ਜ਼ਹਿਰ ਘੋਲਣ ਦਾ ਕੰਮ ਕਰਦੇ ਹਨ। ਵਿਅਕਤੀ ਦੇ ਜੀਵਨ ਨੂੰ ਹਨੇਰੇ ਵੱਲ ਧੱਕ ਦਿੰਦੇ ਹਨ ਅਤੇ ਤਬਾਹਕੁੰਨ ਬਣ ਕੇ ਮਨ ਨੂੰ ਤੋੜਨ ਦਾ ਕੰਮ ਕਰਦੇ ਹਨ। ਕਠੋਰਤਾ ਤੇ ਕੁੜੱਤਣ ਭਰੇ ਸ਼ਬਦ ਲਾਵੇ ਵਾਂਗ ਅਸਰ ਕਰਦੇ ਹੋਏ ਅੱਗਾਂ ਲਾਉਂਦੇ ਹੋਏ ਸੁਣਨ ਵਾਲਿਆਂ ਦਾ ਕਲੇਜਾ ਛਲਣੀ ਕਰੀ ਜਾਂਦੇ ਹਨ। ਸਾਧਾਰਨ ਅਤੇ ਸ੍ਰੇਸ਼ਠ ਵਿਅਕਤੀ ਦਾ ਅੰਤਰ ਵੀ ਉਸ ਦੁਆਰਾ ਗੱਲਬਾਤ ਦੌਰਾਨ ਵਰਤੋਂ ਵਿੱਚ ਲਿਆਂਦੇ ਸ਼ਬਦਾਂ ਤੋਂ ਹੀ ਪਤਾ ਲੱਗ ਜਾਂਦਾ ਹੈ। ਸਿਆਣੇ ਕਹਿੰਦੇ ਹਨ:
‘‘ਸੰਸਾਰ ਵਿੱਚ ਕੇਵਲ ਮਨੁੱਖ ਹੀ ਇੱਕ ਅਜਿਹਾ ਪ੍ਰਾਣੀ ਹੈ ਜਿਸ ਦਾ ਜ਼ਹਿਰ ਉਸ ਦੇ ਦੰਦਾਂ ਵਿੱਚ ਨਹੀਂ, ਉਸ ਦੇ ਸ਼ਬਦਾਂ ਵਿੱਚ ਹੈ।’’
ਜ਼ਹਿਰ ਦੇਣ ਨਾਲ ਵਿਅਕਤੀ ਕੇਵਲ ਇੱਕ ਵਾਰ ਹੀ ਮਰਦਾ ਹੈ, ਪਰ ਸ਼ਬਦਾਂ ਦੇ ਤੀਰਾਂ ਨਾਲ ਦਿੱਤਾ ਜ਼ਹਿਰ ਵਿਅਕਤੀ ਨੂੰ ਹਰ ਪਲ ਮਾਰਦਾ ਹੈ। ਵਿਗਿਆਨ ਕਹਿੰਦਾ ਹੈ ਕਿ ਜੀਭ ’ਤੇ ਪਏ ਜ਼ਖ਼ਮ ਜਲਦੀ ਠੀਕ ਹੋ ਜਾਂਦੇ ਹਨ, ਪਰ ਜੀਭ ਵੱਲੋਂ ਦਿੱਤੇ ਜ਼ਖ਼ਮ ਜ਼ਿੰਦਗੀ ਭਰ ਠੀਕ ਨਹੀਂ ਹੁੰਦੇ। ਜ਼ੁਬਾਨ ਵਿੱਚੋਂ ਨਿਕਲੇ ਭੈੜੇ ਬੋਲ ਤਲਵਾਰ ਨਾਲੋਂ ਵੀ ਡੂੰਘਾ ਜ਼ਖ਼ਮ ਕਰ ਜਾਂਦੇ ਹਨ ਅਤੇ ਸਦਾ ਰੜਕਦੇ ਰਹਿੰਦੇ ਹਨ। ਜਿਸ ਤਰ੍ਹਾਂ ਗੰਦੇ ਤੇ ਮੈਲੇ ਕੱਪੜਿਆਂ ਨੂੰ ਪਹਿਨਦਿਆਂ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਉਸੇ ਤਰ੍ਹਾਂ ਭੈੜੇ ਸ਼ਬਦਾਂ ਨੂੰ ਵੀ ਆਪਣੀ ਜ਼ਿੰਦਗੀ ਦਾ ਹਿੱਸਾ ਨਾ ਬਣਨ ਦਿਓ। ਇਸ ਲਈ ਕਦੇ ਵੀ ਸ਼ਬਦਾਂ ਦਾ ਪ੍ਰਯੋਗ ਲਾਪ੍ਰਵਾਹੀ ਨਾਲ ਨਾ ਕਰੋ ਕਿਉਂਕਿ ਇਹ ਦੁਬਾਰਾ ਨਾ ਵਾਪਸ ਆਉਂਦੇ ਹਨ ਅਤੇ ਨਾ ਹੀ ਮੌਕਾ ਦਿੰਦੇ ਹਨ।
ਸੰਪਰਕ: 80540-16816