ਡਾ. ਸੁਰਿੰਦਰ ਗਿੱਲ
ਵਿਆਹ ਨਾਲ ਸਬੰਧਿਤ ਗੀਤ ਪੰਜਾਬੀ ਸੱਭਿਆਚਾਰ ਦਾ ਪ੍ਰਮੁੱਖ ਅੰਗ ਹਨ। ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਵਾਲੇ ਘਰ ਵਿਚ ਹਰ ਰੋਜ਼ ਰਾਤ ਨੂੰ ਗਾਏ ਜਾਣ ਵਾਲੇ ਇਨ੍ਹਾਂ ਗੀਤਾਂ ਦਾ ਨਾਂ ਹੈ ‘ਸੁਹਾਗ’ ਅਤੇ ‘ਘੋੜੀਆਂ।’
ਸੁਹਾਗ ਕਿਸੇ ਮੁਟਿਆਰ ਦੇ ਵਿਆਹ ਸਮੇਂ ‘ਧੇਤੇ’ ਅਰਥਾਤ ਧੀ ਦੇ ਘਰ ਵਿਖੇ ਗਾਏ ਜਾਣ ਵਾਲੇ ਗੀਤਾਂ ਨੂੰ ਕਿਹਾ ਜਾਂਦਾ ਹੈ ਅਤੇ ਪੁੱਤਰ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਗੀਤਾਂ ਦਾ ਨਾਂ ਹੈ ‘ਘੋੜੀਆਂ’।
ਕਿਸੇ ਪੰਜਾਬਣ ਮੁਟਿਆਰ ਦੇ ਘਰ ਉਸ ਦੇ ਵਿਆਹ ਤੋਂ ਇੱਕੀ ਦਿਨ ਪਹਿਲਾਂ, ਗਿਆਰਾਂ ਦਿਨ ਜਾਂ ਸੱਤ ਦਿਨ ਪਹਿਲਾਂ ਸ਼ਗਨਾਂ ਵਜੋਂ ਸੁਹਾਗ ਗਾਉਣੇ ਆਰੰਭ ਕਰ ਦਿੱਤੇ ਜਾਂਦੇ ਸਨ। ਹਰ ਰਾਤ ਵਿਆਹ ਵਾਲੇ ਘਰ ਦੀਆਂ ਕੁੜੀਆਂ ਅਤੇ ਹੋਰ ਆਂਢਣਾਂ-ਗੁਆਂਢਣਾਂ ਮਿਲ ਕੇ ਸੁਹਾਗ ਗਾਉਣੇ ਆਰੰਭ ਕਰਦੀਆਂ ਸਨ। ਹਰ ਰਾਤ ਪਹਿਲਾਂ ਕੁਝ ਸੁਹਾਗ ਅਤੇ ਪਿੱਛੋਂ ਕੁਝ ਹੋਰ ਗੀਤਾਂ ਦਾ ਗਾਇਨ ਕੀਤਾ ਜਾਂਦਾ। ਸਰਦੀ ਦੀ ਰੁੱਤ ਹੋਵੇ ਤਾਂ ਵਿਹੜੇ ਵਿਚ ਕਨਾਤ ਜਾਂ ਚਾਨਣੀ ਲਗਾ ਕੇ, ਗਰਮੀਆਂ ਹੋਣ ਤਾਂ ਛੱਤ ਜਾਂ ਕੋਠੇ ਉੱਤੇ ਜਾਂ ਖੁੱਲ੍ਹੇ ਵਿਹੜੇ ਵਿਚ ਹਰ ਗਈ ਰਾਤ ਤਕ ਸੁਹਾਗ ਗਾਏ ਜਾਂਦੇ।
ਇਨ੍ਹਾਂ ਸੁਹਾਗਾਂ ਦਾ ਆਰੰਭ ਪੰਜਾਬਣ ਕੁੜੀ ਦੇ ਮੁਟਿਆਰ ਹੋ ਜਾਣ ਦੀ ਚੇਤਨਾ ਦੇ ਪ੍ਰਗਟਾ ਨਾਲ ਹੁੰਦਾ ਹੈ। ਇਹ ਆਰੰਭ ਪੰਜਾਬੀ ਮੁਟਿਆਰ ਦੇ ਆਪਣੇ ਬਾਪੂ ਅਥਵਾ ਬਾਬਲ ਵਿਚਕਾਰ ਬੜੇ ਨਾਟਕੀ ਸੰਵਾਦ ਸੰਗ ਹੁੰਦਾ ਹੈ:
ਧੀਏ! ਚੰਨਣ ਦੇ ਓਹਲੇ ਕਿਉਂ ਖੜ੍ਹੀ?
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਬਾਰ
ਬਾਬਲ! ਵਰ ਲੋੜੀਏ…।
ਸਾਧਾਰਨ ਪੰਜਾਬੀ ਪਿਉ ਉਸੇ ਸਹਿਜ ਸੰਗ ਪੁੱਛਦਾ ਹੈ:
ਧੀਏ! ਕਿਹੋ ਜਿਹਾ ਵਰ ਲੋੜੀਏ
ਨੀਂ ਜਾਈਏ ਕਿਹੋ ਜਿਹਾ ਵਰ ਲੋੜੀਏ?
ਉਪਰੋਕਤ ਪ੍ਰਸ਼ਨ ਦੇ ਉੱਤਰ ਵਿਚ ਹਰ ਇਕ ਪੰਜਾਬਣ ਮੁਟਿਆਰ ਦਾ ਜਵਾਬ ਇਕ ਹੀ ਹੁੰਦਾ। ਭਾਰਤੀ ਇਸਤਰੀ ਦੇ ਮਨ ਅੰਦਰ ਅਤੇ ਅਵਚੇਤਨ ਵਿਚ ਰਵਾਇਤੀ ਨਾਇਕ ਕਾਹਨ ਭਾਵ ਕ੍ਰਿਸ਼ਨ ਦਾ ਬਿੰਬ ਹੀ ਹੈ। ਮੁਟਿਆਰ ਦਾ ਉੱਤਰ ਹੁੰਦਾ:
ਬਾਬਲਾ! ਤਾਰਿਆਂ ਵਿਚੋਂ ਚੰਦ
ਚੰਦਾਂ ’ਚੋਂ ਕਾਹਨ ਘਨੱਈਆ ਵਰ ਲੋੜੀਏ।
ਕੇਵਲ ਪੰਜਾਬਣ ਮੁਟਿਆਰ ਹੀ ਨਹੀਂ, ਸਮੁੱਚੀ ਇਸਤਰੀ ਜਾਤ ਆਪਣੇ ਹਾਣ- ਪ੍ਰਮਾਣ ਦਾ ਵਰ ਚਾਹੁੰਦੀ ਹੈ।
ਵਣਾਂ ਦੇ ਵਿਚ ਮੋਰ ਫਿਰਦੇ ਟਾਹਣੀਓਂ ਟਾਹਣੀ,
ਬਾਬਲ ਵਰ ਲੱਭਿਓ ਕੋਈ ਹਾਣੀਓਂ ਹਾਣੀ।
ਕਿਸੇ ਵੀ ਦੇਸ਼ ਅਥਵਾ ਸਮਾਜ ਦੇ ਲੋਕ ਗੀਤ ਉਸ ਦੇ ਲੋਕ ਮਨ ਦੀ ਅੰਤਰ ਆਵਾਜ਼ ਹੁੰਦੇ ਹਨ। ਲੋਕ ਮਨ ਦੀ ਮੂਰਤ ਜਾਂ ਉਸ ਸੱਭਿਆਚਾਰ ਦਾ ਸ਼ੀਸ਼ਾ ਹੁੰਦੇ ਹਨ। ਵਿਆਹ ਤੋਂ ਪਹਿਲਾਂ ਕੁਆਰੀ ਕੁੜੀ ਦੀ ਮਾਨਸਿਕ ਅਵਸਥਾ, ਮਨੋਦਸ਼ਾ, ਉਸ ਦੇ ਮਨ ਦੇ ਡਰ, ਇੱਛਾਵਾਂ ਅਤੇ ਸੁਪਨੇ ਲੋਕ ਗੀਤ ਵਿਚ ਭਲੀ-ਭਾਂਤ ਪ੍ਰਗਟ ਹੁੰਦੇ ਹਨ।
ਪੁਰਾਣੇ ਪੰਜਾਬ ਦੀ ਸਿੱਧੀ ਸਾਦੀ ਕੁੜੀ ਜਿਹੜੀ ਗੱਲ ਆਪਣੇ ਮਾਪਿਆਂ ਨਾਲ ਸਿੱਧੀ ਜਾਂ ਮੂੰਹ ’ਤੇ, ਸਾਹਮਣੇ, ਝਿਜਕ ਜਾਂ ਬੇਝਿਜਕ ਨਹੀਂ ਕਰ ਸਕਦੀ ਸੀ, ਉਸ ਨੂੰ ਗੀਤ ਰੂਪੀ ਜੀਭ ਨਾਲ ਕਹਿ ਕੇ ਆਪਣਾ ਮਨ ਹੌਲਾ ਕਰ ਲੈਂਦੀ ਸੀ। ਅਜਿਹੇ ਸੁਹਾਗ ਗੀਤਾਂ ਵਿਚੋਂ ਇਕ ਹੈ:
ਦੇਈਂ-ਦੇਈਂ ਵੇ ਬਾਬਲਾ!
ਓਸ ਘਰੇ
ਜਿੱਥੇ ਸੱਸ ਭਲੀ ਪ੍ਰਧਾਨ
ਸਹੁਰਾ ਸਰਦਾਰ ਹੋਵੇ।
ਡਾਹ ਪੀੜ੍ਹਾ ਬਹਿੰਦੀ ਸਾਹਮਣੇ
ਵੇ ਮੱਥੇ ਕਦੇ ਨਾ ਪਾਵੇ ਵੱਟ
ਬਾਬਲ! ਤੇਰਾ ਪੁੰਨ ਹੋਵੇ।
ਪੁੰਨ ਹੋਵੇ ਤੇਰਾ ਦਾਨ ਹੋਵੇ
ਤੇਰਾ ਹੋਵੇਗਾ ਵੱਡੜਾ ਜੱਸ
ਬਾਬਲ! ਤੇਰਾ ਪੁੰਨ ਹੋਵੇ।
ਇਸ ਤਰ੍ਹਾਂ ਸੁਹਾਗ ਤਤਕਾਲੀ ਸਿੱਧੀਆਂ ਸਾਦੀਆਂ ਪੰਜਾਬੀ ਮੁਟਿਆਰਾਂ ਦੀਆਂ ਇੱਛਾਵਾਂ, ਚਾਵਾਂ ਅਤੇ ਮਨਇੱਛਤ ਜੀਵਨ ਸਾਥੀ ਅਤੇ ਸਹੁਰੇ ਘਰ ਦਾ ਕਲਪਿਤ ਚਿਤਰਣ ਹੈ। ਇਨ੍ਹਾਂ ਨੂੰ ਸਾਧਾਰਨ ਪੰਜਾਬੀ ਮੁਟਿਆਰਾਂ ਦਾ ਆਪਣੇ ਮਨੋਭਾਵ ਆਪਣੇ ਮਾਪਿਆਂ ਸਾਹਮਣੇ ਸੰਕੇਤ ਰੂਪ ਵਿਚ ਪ੍ਰਗਟ ਕਰਨ ਦਾ ਭਾਵੁਕ ਸਾਧਨ ਵੀ ਕਿਹਾ ਜਾ ਸਕਦਾ ਹੈ। ਭਾਰਤੀ ਸਮਾਜ ਵਿਚ ਵਸਦਾ ਵਿਚਰਦਾ ਮੁਟਿਆਰ ਹੋ ਰਹੀ ਧੀ ਦਾ ਪਿਉ ਕਿਵੇਂ ਅਵੇਸਲਾ ਹੋ ਸਕਦਾ ਹੈ? ਉਸ ਨੂੰ ਤਾਂ ਦਿਨ-ਰਾਤ ਇਹੀ ਚਿੰਤਾ ਵੱਢ-ਵੱਢ ਖਾਂਦੀ ਹੈ ਕਿ ਕੋਈ ਯੋਗ ਵਰ ਲੱਭੇ ਅਤੇ ਧੀ ਦੇ ਹੱਥ ਪੀਲੇ ਕਰਕੇ ਸੁਰਖ਼ਰੂ ਹੋਵੇ। ਪੰਜਾਬੀ ਪਿਤਾ ਦੀ ਇਸ ਹਾਲਤ ਨੂੰ ਇਕ ਲੋਕ ਗੀਤ ਵਿਚ ਪ੍ਰਗਟਾਇਆ ਗਿਆ ਹੈ:
ਉੱਚੇ ਉੱਚੇ ਸੁੱਤਾ/ ਬੀਬੀ ਦਾ ਬਾਬਲ
ਕਾਹੇ ਤੈਨੂੰ ਨੀਂਦ ਪਈ?
ਨਾ ਮੈਨੂੰ ਨੀਂਦ ਸੁਨੀਂਦ ਏ ਕੇਹੀ
ਮੈਨੂੰ ਤਾਂ ਚਿੰਤਾ ਭਈ/ ਮੇਰੇ ਤਾਂ ਘਰ ਧੀ ਕੰਵਾਰੀ
ਸਲੋਨੀ ਧੀ ਵਰ ਮੰਗਦੀ…।
ਪੰਜਾਬੀ ਸੁਹਾਗ ਗੀਤ ਕੇਵਲ ਮੁਟਿਆਰ ਕੁੜੀ ਦੇ ਮਨ ਵਿਚ ਉੱਕਰੀ ਸਹੁਰੇ ਘਰ ਦੀ ਕਲਪਿਤ ਤਸਵੀਰ ਹੀ ਪੇਸ਼ ਨਹੀਂ ਕਰਦੇ, ਸਗੋਂ ਪੰਜਾਬਣ ਮੁਟਿਆਰ ਇਹ ਸੁਝਾਅ ਵੀ ਦਿੰਦੀ ਹੈ ਕਿ ਉਸ ਦਾ ਵਿਆਹ ਕਿਸ ਮਹੀਨੇ ਵਿਚ ਰਚਾਇਆ ਜਾਵੇ। ਇਸ ਸ਼ੁਭ ਮਹੀਨੇ ਦਾ ਸੁਝਾਅ ਕਿਸੇ ਪੰਡਤ ਅਥਵਾ ਜੋਤਸ਼ੀ ਤੋਂ ਪੁੱਛ ਕੇ ਨਹੀਂ ਦਿੱਤਾ ਜਾਂਦਾ, ਸਗੋਂ ਪੰਜਾਬ ਦੇ ਮੌਸਮ ਵਿਚ ਇੱਥੋਂ ਦੀਆਂ ਰੁੱਤਾਂ ਨੂੰ ਮੁੱਖ ਰੱਖ ਕੇ ਦਿੱਤਾ ਗਿਆ ਹੈ। ਜਦੋਂ ਗਰਮੀ ਅਤੇ ਹੁੰਮਸ ਕਾਰਨ ਖਾਣ ਵਾਲੀਆਂ ਵਸਤਾਂ ਖ਼ਰਾਬ ਹੋਣ ਦਾ ਕੋਈ ਡਰ ਨਹੀਂ ਹੁੰਦਾ:
ਮੈਂ ਤੈਨੂੰ ਆਖਦੀ/ ਮੇਰੇ ਬਾਬਲਾ!
ਮੇਰਾ ਅੱਸੂ ਦਾ ਕਾਜ ਰਚਾ
ਵੇ ਅੰਨ ਨਾ ਤ੍ਰੱਕੇ ਕੋਠੜੀ
ਤੇਰਾ ਦਹੀਂ ਨਾ ਅਮਲਾ ਜਾ।
‘ਸੁਹਾਗ’ ਲੋਕ ਗੀਤਾਂ ਦੀ ਬੋਲੀ ਵਿਚ ਪੰਜਾਬਣ ਮੁਟਿਆਰ ਵਿਸ਼ੇਸ਼ ਕਰਕੇ ਇਹ ਸੁਝਾਅ ਦਿੰਦੀ ਹੈ ਕਿ ਉਸ ਦਾ ਵਿਆਹ ਸਾਵਣ ਮਹੀਨੇ ਦਾ ਨਾ ਰੱਖਿਆ ਜਾਵੇ। ਸਾਵਣ ਦੀਆਂ ਝੜੀਆਂ ਚਿੱਕੜ ਆਦਿ ਦੇ ਨਾਲ ਇਹ ਡਰ ਵੀ ਹੁੰਦਾ ਕਿ ਕਿਤੇ ਉਸ ਦੇ ਲਾੜੇ ਦੇ ਕੱਪੜੇ ਨਾ ਭਿੱਜ ਜਾਣ:
ਮੈਂ ਤੈਨੂੰ ਆਖਦੀ/ ਮੇਰੇ ਬਾਬਲਾ!
ਸੁਣ ਧਰਮੀਆਂ/ ਵੇ ਮੇਰਾ ਸਾਵਣ ਦਾ ਕਾਜ ਨਾ ਰਚਾਈਂ।
ਸਾਵਣ ਬਰਸਦੇ ਮੇਘਲੇ/ ਮੈਂ ਵਾਰੀ ਮੇਘਲੇ
ਭਿੱਜ ਨਾ ਜਾਣ ਸ਼ਾਮ ਜੀ ਦੇ ਕੱਪੜੇ/ ਮੇਰੇ ਰਾਮ ਜੀ।
ਪਰ ਜੇ ਲਾੜੇ ਦੇ ਕੱਪੜੇ ਭਿੱਜ ਹੀ ਗਏ ਤਾਂ ਪੰਜਾਬਣ ਮੁਟਿਆਰ ਮਨ ਹੀ ਮਨ ਇਸ ਦਾ ਉਪਾਅ ਵੀ ਲੱਭ ਲੈਂਦੀ ਹੈ ਅਤੇ ਅਰਦਾਸ ਕਰਦੀ ਹੈ ਕਿ ਦੱਖਣ ਦੀ ਖੁਸ਼ਕ ਹਵਾ ਵਗ ਪਏ ਅਤੇ ਉਸ ਦੇ ਲਾੜੇ ਦੇ ਪਹਿਨੇ ਹੋਏ ਕੱਪੜੇ ਸੁੱਕ ਜਾਣ। ਤਤਕਾਲੀ ਪੰਜਾਬ ਦੀ ਸਮਾਜਿਕ ਆਰਥਿਕ ਸਥਿਤੀ ਅਨੁਸਾਰ ਉਸ ਸਮੇਂ ਵਾਰ-ਵਾਰ ਕੱਪੜੇ ਬਦਲਣ ਦਾ ਰਿਵਾਜ਼ ਨਹੀਂ ਸੀ:
ਕੋਈ ਝੱਲਿਓ ਵੇ ਦੱਖਣੀ ’ਵਾ/ ਸੁਣ ਧਰਮੀਆਂ
ਵੇ ਸੁੱਕ ਜਾਣ ਸ਼ਾਮ ਜੀ ਦੇ ਕੱਪੜੇ/ ਮੇਰੇ ਰਾਮ ਜੀ।
ਸੁਹਾਗ ਗੀਤਾਂ ਵਿਚ ਸਭ ਤੋਂ ਵੱਧ ਭਾਵ ਭਰਪੂਰ ਲੋਕ ਪਿਆਰਾ ਅਤੇ ਦਰਦ ਭਰਿਆ ਸੁਹਾਗ ਹੈ, ‘ਚਿੜੀਆਂ ਦਾ ਚੰਬਾ।’ ਧੀ ਮੁਟਿਆਰ ਹੋਣ ਤਕ ਹੀ ਪੇਕੇ ਘਰ ਰਹਿ ਸਕਦੀ ਹੈ। ਮੁਟਿਆਰ ਹੋਣ ’ਤੇ ਉਸ ਨੇ ਉੱਡ ਜਾਣਾ ਹੁੰਦਾ ਹੈ, ਕੋਈ ਲੰਮੀ ਉਡਾਰੀ ਮਾਰਨੀ ਹੁੰਦੀ ਹੈ। ਇਹ ਲੰਮੀ ਉਡਾਰੀ ਮਾਰਨ ਤੋਂ ਪਹਿਲਾਂ ਉਸ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਕਿਸ ਪਿੰਡ, ਕਿਸ ਸ਼ਹਿਰ ਜਾਂ ਕਿਹੜੇ ਦੇਸ਼ ਦੇ ਕਿਸ ਪਰਿਵਾਰ ਵਿਚ ਜਾਣਾ ਹੈ। ਉਹ ਤਾਂ ਕੇਵਲ ਇਹੀ ਜਾਣਦੀ ਹੈ:
ਸਾਡਾ ਚਿੜੀਆਂ ਦਾ ਚੰਬਾ
ਵੇ ਬਾਬਲ! ਅਸਾਂ ਉੱਡ ਜਾਣਾ
ਸਾਡੀ ਲੰਮੀ ਉਡਾਰੀ
ਵੇ ਬਾਬਲ! ਕਿਹੜੇ ਦੇਸ਼ ਜਾਣਾ।
ਉਪਰੋਕਤ ਸੁਹਾਗ ਵਿਚ ਵਰਤੇ ਸ਼ਬਦ ‘ਦੇਸ਼’ ਤੋਂ ਭਾਵ ਕੋਈ ਪਰਦੇਸੀ ਮੁਲਕ ਨਹੀਂ, ਸਗੋਂ ਅਗਿਆਤ ਪਿੰਡ ਹੀ ਹੈ। ਇਸ ਤਰ੍ਹਾਂ ਪੇਕਾ ਘਰ ਪਰਿਵਾਰ, ਸਹੇਲੀਆਂ ਆਦਿ ਸਭ ਕੁਝ ਛੱਡ ਕੇ ਜਾਣਾ ਅਤਿ ਦੁਖਦਾਈ ਸੀ:
ਤੇਰੇ ਮਹਿਲਾਂ ਦੇ ਵਿਚ ਵਿਚ
ਵੇ ਬਾਬਲ! ਡੋਲਾ ਨਹੀਂਓ ਲੰਘਦਾ
ਪਰ ਬਾਬਲ ਦੀ ਸੰਤੁਸ਼ਟੀ ਇਸ ਗੱਲ ਵਿਚ ਹੈ ਕਿ ਉਸ ਦੀ ਪਿਆਰੀ ਧੀ ਆਪਣੇ ਅਸਲ ਘਰ ਅਥਵਾ ਸਹੁਰੇ ਘਰ ਲਈ ਵਿਦਾ ਹੋਵੇ। ਉਸ ਦਾ ਸਪੱਸ਼ਟ ਜਵਾਬ ਹੁੰਦਾ ਹੈ:
ਮੈਂ ਇੱਟ ਕੱਢਵਾ ਦਿਆਂਗਾ
ਧੀਏ ਘਰ ਜਾਹ ਆਪਣੇ।
ਖ਼ੁਸ਼ੀ ਅਤੇ ਗ਼ਮੀ ਦੇ ਰਲਵੇਂ-ਮਿਲਵੇਂ ਵਾਤਾਵਰਣ ਵਿਚ ਧੀ ਸਜੀ-ਸਜਾਈ ਡੋਲੀ ਚੜ੍ਹ ਕੇ ਵਿਦਾ ਹੋ ਜਾਂਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਆਧੁਨਿਕ ਜੀਵਨ ਵਿਚੋਂ ਇਹ ਪਿਆਰੇ ਲੋਕ ਗੀਤ ਸੁਹਾਗ ਹੁਣ ਹੌਲੀ-ਹੌਲੀ ਲੋਪ ਹੁੰਦੇ ਜਾ ਰਹੇ ਹਨ।
ਸੰਪਰਕ: 99154-73505