ਸਾਂਵਲ ਧਾਮੀ
ਿਨੱਕੇ ਮੋਟੇ ਵਿੰਗ ਵਲਾਵੇਂ ਤਾਂ ਹਰ ਪਿੰਡ ਵਿਚ ਹੁੰਦੇ ਹਨ, ਪਰ ਉਸ ਪਿੰਡ ਵਿਚ ਜਦੋਂ ਕਿਸੇ ਧੀ ਦਾ ਵਿਆਹ ਹੁੰਦਾ ਤਾਂ ਸਾਰੇ ਬੰਦੇ ਹਾਜ਼ਰ ਹੁੰਦੇ। ਹਰ ਟੱਬਰ ਵਿਆਂਦੜ ਕੁੜੀ ਨੂੰ ਤੋਲਾ-ਤੋਲਾ ਸੋਨਾ ਪਾਉਂਦਾ। ਲਾਹੌਰ ਜ਼ਿਲ੍ਹੇ ਵਿਚ ਇਹ ਗੱਲ ਅਖਾਣ ਵਾਂਗ ਮਸ਼ਹੂਰ ਸੀ ਕਿ ਬੁੱਤ ਪਿੰਡ ਦੀ ਕੁੜੀ ਦਾ ਅੱਖਾਂ ਮੀਟ ਕੇ ਰਿਸ਼ਤਾ ਲੈ ਲਓ, ਕਿਉਂਕਿ ਉਹ ਕਮਲੀ ਵੀ ਹੋਊ, ਪਰ ‘ਸੇਰ’ ਸੋਨਾ ਤਾਂ ਲੈ ਕੇ ਆਊਗੀ।
ਇਸ ਪਿੰਡ ਦੀ ਮੋੜ੍ਹੀ ਬਾਬੇ ਬੁੱਤ ਨੇ ਗੱਡੀ ਸੀ। ਕਦੇ ਇਹ ਰਾਵੀ ਦੇ ਕੰਢੇ ਘੁੱਗ ਵੱਸਦਾ ਕਸਬਾ ਹੁੰਦਾ ਸੀ। ਫਿਰ ਦਰਿਆ ਨੇ ਢਾਹ ਲਾਈ ਤਾਂ ਇਹ ਉੱਜੜ ਗਿਆ। ਪਿੰਡ ਦਰਿਆ ਤੋਂ ਥੋੜ੍ਹੀ ਦੂਰੀ ’ਤੇ ਜਾ ਵਸਿਆ। ਜਦੋਂ ਕਦੇ ਮੀਂਹ ਪੈਂਦਾ ਤਾਂ ਲੋਕ ਥੇਹ ਵੰਨੇ ਭੱਜਦੇ। ਉੱਥੇ ਉਨ੍ਹਾਂ ਨੂੰ ਪੁਰਾਣੇ ਸਿੱਕੇ, ਸੋਨੇ ਦੀਆਂ ਮੋਹਰਾਂ ਤੇ ਕਦੇ-ਕਦਾਈਂ ਕੋਈ ਟੂੰਮ-ਛੱਲਾ ਵੀ ਮਿਲ ਜਾਂਦਾ ਹੁੰਦਾ ਸੀ।
ਬੁੱਤ ਪਿੰਡ ਰਾਏਵਿੰਡ ਤੋਂ ਦਸ ਮੀਲ ਦੱਖਣ-ਪੱਛਮ ਵੱਲ ਸੀ। ਇਸ ਪਿੰਡ ਦੀਆਂ ਦੋ ਪੱਤੀਆਂ ਸਨ; ਭਾਰੋ ਪੱਤੀ ਅਤੇ ਕਾਲਾ ਪੱਤੀ। ਨਾਲ ਲੱਗਦੇ ਪਿੰਡ ਸਨ ਬਘਿਆੜ ਮਾਰ, ਰੋਸੇ, ਭੈਲ ਤੇ ਭਾਈ ਫੇਰੂ। ਇਹਨੂੰ ਕੋਟਲੇ ਦਾ ਸਟੇਸ਼ਨ ਲੱਗਦਾ ਸੀ। ਸਫ਼ੈਦਪੋਸ਼ ਤਾਬਾ ਸਿੰਘ ਤੇ ਜਥੇਦਾਰ ਵਰਿਆਮ ਸਿੰਘ ਇਸ ਪਿੰਡ ਦੇ ਮਸ਼ਹੂਰ ਬੰਦੇ ਸਨ। ਜਥੇਦਾਰ ਤਾਂ ਦੇਸ਼ ਭਗਤ ਸੀ। ਉਹ ਬਹੁਤ ਵਧੀਆ ਬੁਲਾਰਾ ਵੀ ਸੀ। ਉਹਨੇ ਕਈ ਵਰ੍ਹੇ ਜੇਲ੍ਹ ਕੱਟੀ ਸੀ।
ਇਸ ਪਿੰਡ ਦਾ ਵੱਡਾ ਜ਼ਿਮੀਂਦਾਰ ਕਾਲਾ ਪੱਤੀ ਦਾ ਤਾਬਾ ਸਿੰਘ ਸੀ।
ਤਾਬਾ ਸਿੰਘ ਉਦੋਂ ਚਾਰ-ਪੰਜ ਵਰ੍ਹਿਆਂ ਦਾ ਸੀ ਜਦੋਂ ਉਹਦੇ ਮਾਪੇ ਇਸ ਦੁਨੀਆਂ ਤੋਂ ਚਲੇ ਗਏ। ਉਨ੍ਹਾਂ ਦੀਆਂ ਚਾਰੋਂ ਭੈਣਾਂ ਦਾ ਵਿਆਹ ਹੋ ਚੁੱਕਾ ਸੀ। ਵੱਡੀ ਭੈਣ ਰਾਜੋ ਉਹਨੂੰ ਆਪਣੇ ਪਿੰਡ ਲੈ ਗਈ। ਉੱਥੇ ਉਹ ਅਠਾਰਾਂ ਸਾਲ ਰਿਹਾ।
ਤਾਬਾ ਸਿੰਘ ਜਵਾਨ ਹੋਇਆ ਤਾਂ ਉਹਦੀ ਭੈਣ ਉਹਨੂੰ ਬੁੱਤ ਪਿੰਡ ਵਿਚ ਲੈ ਕੇ ਆਈ। ਚੌਂਕੀਦਾਰ ਨੂੰ ਆਖ ਕੇ ਢੰਡੋਰਾ ਪਿਟਵਾਇਆ ਕਿ ਅਸੀਂ ਅਠਾਰਾਂ ਸਾਲ ਨਹੀਂ ਪੁੱਛਿਆ ਕਿ ਸਾਡੀ ਜ਼ਮੀਨ ਕੌਣ ਵਾਹੁੰਦਾ? ਹੁਣ ਜ਼ਮੀਨ ਦਾ ਅਸਲ ਵਾਰਸ ਆ ਗਿਆ ਏ। ਕੱਲ੍ਹ ਤੋਂ ਕਿਸੇ ਨੇ ਜ਼ਮੀਨ ਵਿਚ ਨਹੀਂ ਵੜਨਾ। ਹੁਣ ਤੁਹਾਡਾ ਕਿਸੇ ਫ਼ਸਲ ’ਤੇ ਕੋਈ ਦਾਅਵਾ ਨਹੀਂ।
ਤਾਬਾ ਸਿੰਘ ਦੀ ਪੈਲੀ ਕਈ ਥਾਂ ਸੀ। ਤਾਬਾ ਸਿੰਘ ਨੇ ਚੰਗੀ-ਮਾੜੀ ਦਾ ਖ਼ਿਆਲ ਛੱਡ ਕੇ ਵਟਾਂਦਰੇ ਕਰਨੇ ਸ਼ੁਰੂ ਕੀਤੇ। ਸ਼ਰੀਕ ਮਜ਼ਾਕ ਨਾਲ ਆਖਦੇ ਕਿ ਤਾਬਾ ਸਿੰਘ ਸ਼ੁਦਾਈ ਹੋ ਗਿਆ ਏ। ਉਹਨੇ ਕੁਝ ਘਾਟਾ ਖਾ ਕੇ ਸਾਢੇ ਛੇ ਸੌ ਕਿੱਲਾ ਜ਼ਮੀਨ ਇਕ ਥਾਂ ਇਕੱਠੀ ਕਰ ਲਈ। ਬੁੱਤ ਦੀ ਨਿਆਈ ਤੋਂ ਬਘਿਆੜ ਮਾਰਾਂ ਦੀ ਹੱਦ ਤਕ ਸਿਰਫ਼ ਤਾਬਾ ਸਿੰਘ ਦੀ ਪੈਲੀ ਸੀ।
ਵਟਾਂਦਰੇ ਤੋਂ ਬਾਅਦ ਉਹਨੇ ਆਪਣੀ ਜ਼ਮੀਨ ਵਿਚ ਖੂਹ ਲਗਵਾਇਆ। ਇਹ ਖੂਹ ਸਿਰਫ਼ ਓਨੇ ਕੁ ਵਕਤ ਰੁਕਦਾ, ਜਦੋਂ ਜੋਗ ਬਦਲਣੀ ਹੁੰਦੀ। ਉਹਨੇ ਪੰਜਾਹ ਸੀਰੀ ਰੱਖ ਲਏ ਤੇ ਖੇਤੀ ਕਰਨ ਲੱਗਾ। ਹੌਲੀ-ਹੌਲੀ ਉਹਦੇ ਖੂਹ ’ਤੇ ਦੋ ਸੌ ਦੇ ਕਰੀਬ ਡੰਗਰ ਹੋ ਗਏ।
ਉਹ ਢਾਈ ਸੌ ਕਿੱਲੇ ਦੀ ਵਾਹੀ ਕਰਵਾਉਂਦਾ ਸੀ। ਬਾਕੀ ਜ਼ਮੀਨ ਉਹ ਅੱਧ ਉੱਤੇ ਦੇ ਦਿੰਦਾ ਸੀ। ਜੇ ਕਿਸੇ ਕਿਸਾਨ ਦੇ ਕੁੜੀ-ਮੁੰਡੇ ਦਾ ਵਿਆਹ ਹੁੰਦਾ ਤਾਂ ਉਹ ਉਹਦੇ ਕੋਲੋਂ ਅੱਧ ਨਹੀਂ ਸੀ ਲੈਂਦਾ।
ਤਾਬਾ ਸਿੰਘ ਨੂੰ ਪਹਿਲਾਂ ਪਿਉ-ਦਾਦੇ ਵਾਲੀ ਲੰਬੜਦਾਰੀ ਮਿਲੀ ਤੇ ਫਿਰ ਉਹ ਸਫ਼ੈਦਪੋਸ਼ ਬਣ ਗਿਆ। ਸਾਰੇ ਉਹਨੂੰ ਪੈਂਚ ਆਖਦੇ ਸਨ। ਇਲਾਕੇ ਦਾ ਕਰੀਬ ਡੇਢ ਸੌ ਬੰਦਾ ਉਹਨੂੰ ਰੋਜ਼ਾਨਾ ਮਿਲਣ ਆਉਂਦਾ। ਉਹਦੇ ਖੂਹ ਉੱਤੇ ਲੰਗਰ-ਪਾਣੀ ਚੱਲਦਾ ਰਹਿੰਦਾ। ਇਕ ਵਾਰ ਲਾਹੌਰ ਦਾ ਡਿਪਟੀ ਕਮਿਸ਼ਨਰ ਵੀ ਬਿਨਾਂ ਦੱਸੇ ਆ ਗਿਆ ਸੀ। ਉਹ ਦੋ-ਤਿੰਨ ਦਿਨ ਉਹਦੇ ਖੂਹ ਉੱਤੇ ਰਿਹਾ ਸੀ। ਉਹ ਹੈਰਾਨ ਹੋਇਆ ਕਿ ਕੋਈ ਕਿਸੇ ਨੂੰ ਕੰਮ ਨਹੀਂ ਸੀ ਦੱਸਦਾ, ਸਾਰੇ ਆਪਣਾ ਕੰਮ ਆਪੇ ਕਰੀ ਜਾਂਦੇ ਨੇ।
ਤਾਬਾ ਸਿੰਘ ਦੀ ਆਦਤ ਸੀ ਕਿ ਉਹ ਰੋਜ਼ਾਨਾ ਪਿੰਡ ਦੀ ਹਰ ਗਲੀ ਵਿਚ ਜਾਂਦਾ। ਹਰ ਟੱਬਰ ਦਾ ਹਾਲ ਪੁੱਛਦਾ। ਪਿੰਡ ਵਿਚ ਇਕ ਹੀ ਹੱਟੀ ਸੀ। ਹੱਟੀ ਦੇ ਮਾਲਕ ਨੂੰ ਤਾਬਾ ਸਿੰਘ ਨੇ ਹੁਕਮ ਕੀਤਾ ਹੋਇਆ ਸੀ ਕਿ ਕਿਸੇ ਬੰਦੇ ਨੂੰ ਸੌਦਾ ਦੇਣ ਤੋਂ ਨਾਂਹ ਨਹੀਂ ਕਰਨੀ। ਜੇ ਕੋਈ ਉਧਾਰ ਮੰਗੇ ਤਾਂ ਉਹਦਾ ਜ਼ਾਮਨ ਮੈਂ ਆਂ।
ਤਾਬਾ ਸਿੰਘ ਅਦਾਲਤ ਵਿਚ ਜਾਂਦਾ ਤਾਂ ਜੱਜ ਆਪਣੀ ਕੁਰਸੀ ਤੋਂ ਉੱਠ ਖੜੋਂਦਾ ਤੇ ਟੋਪੀ ਲਾਹ ਕੇ ਸਲਾਮ ਕਰਦਾ। ਤਾਬਾ ਸਿੰਘ ਦੇ ਹੁੰਦਿਆਂ ਬੁੱਤ ਪਿੰਡ ਦੀ ਰਾਏਵਿੰਡ ਥਾਣੇ ਵਿਚ ਕੋਈ ਐੱਫ.ਆਈ.ਆਰ. ਦਰਜ ਨਹੀਂ ਹੋਈ। ਕੋਈ ਮਸਲਾ ਹੁੰਦਾ ਤਾਂ ਪਿੰਡ ਵਾਸੀ ਆਖਦੇ-ਪੈਂਚ ਆਪੇ ਕੋਈ ਹੱਲ ਲੱਭ ਲਵੇਗਾ।
ਪਿੰਡਾਂ ਵਿਚ ਪੜ੍ਹਾਈ ਨਹੀਂ, ਵਾਹੀ ਦਾ ਵੱਲ ਸਿਖਾਇਆ ਜਾਂਦਾ ਸੀ। ਲਾਹੌਰ ਜ਼ਿਲ੍ਹੇ ਦੇ ਬਹੁਤੇ ਜੱਟਾਂ ਕੋਲ ਸੌ ਘੁਮਾਂ ਤੋਂ ਲੈ ਕੇ ਚਾਰ ਹਜ਼ਾਰ ਘੁਮਾਂ ਤਕ ਜ਼ਮੀਨ ਸੀ। ਜੇਕਰ ਕੋਈ ਜ਼ਿਮੀਂਦਾਰ ਆਪਣੇ ਪੁੱਤਰ ਨੂੰ ਪੜ੍ਹਾਉਣਾ ਚਾਹੁੰਦਾ ਤਾਂ ਸ਼ਰੀਕ ਆਖਦੇ-ਕੰਜਰਾ, ਤੂੰ ਉੱਜੜਨਾ? ਪੜ੍ਹ-ਲਿਖ ਕੇ ਭਲਕੇ ਇਹ ਵਾਹੀ ਥੋੜ੍ਹੋ ਕਰੇਗਾ!
ਇਕ ਵਾਰ ਜਥੇਦਾਰ ਵਰਿਆਮ ਸਿੰਘ ਨੇ ਕਿਹਾ-ਪੈਂਚਾ, ਤੂੰ ਹੋਰ ਸਾਰੇ ਕੰਮ ਕਰਦਾ ਫਿਰਦਾਂ, ਪਰ ਹਾਲੇ ਤਕ ਆਪਣੇ ਪਿੰਡ ਵਿਚ ਕੋਈ ਸਕੂਲ ਨਹੀਂ ਹੈਗਾ। ਤਾਬਾ ਸਿੰਘ ਨੇ ਛੇ ਕਿੱਲੇ ਪੈਲੀ ਵਿਚ ਸਕੂਲ ਬਣਵਾਇਆ। ਦੋ ਇੱਟਾਂ ਦੀ ਬਾਰਾਂ ਫੁੱਟ ਚਾਰ ਦੀਵਾਰੀ ਕਰਵਾਈ। ਵਿਚ ਖੂਹੀ ਲਗਵਾਈ। ਆਪਣੇ ਖ਼ਰਚੇ ਉੱਤੇ ਪੰਦਰਾ ਰੁਪਏ ਮਹੀਨੇ ਦੀ ਤਨਖਾਹ ’ਤੇ ਤਿੰਨ ਮੁਣਸ਼ੀ ਰੱਖੇ।
ਤਾਬਾ ਸਿੰਘ ਨੇ ਆਪਣੇ ਪਿੰਡ ਵਿਚ ਕਦੇ ਕੋਈ ਬੈਅਨਾਮਾ ਨਹੀਂ ਸੀ ਹੋਣ ਦਿੱਤਾ। ਉਨ੍ਹਾਂ ਦੀ ਇਸ ਗੱਲ ਤੋਂ ਪੈਸੇ-ਧੇਲੇ ਵਾਲੇ ਜ਼ਿਮੀਂਦਾਰ ਨਰਾਜ਼ ਹੁੰਦੇ ਤਾਂ ਉਹ ਆਖਦਾ-ਅਸੀਂ ਸਾਰੇ ਇਕ ਦਾਦੇ ਦੀ ਔਲਾਦ ਆਂ। ਇਹ ਬੈਅਨਾਮਾ ਬੰਦੇ ਦਾ ਪਿੰਡ ’ਚੋਂ ਨਾਂ ਕੱਟ ਦਿੰਦਾ ਏ। ਜੇ ਜ਼ਮੀਨ ਇਸ ਪਿੰਡ ਵਿਚ ਹੀ ਲੈਣੀ ਹੈ ਤਾਂ ਗਹਿਣੇ ਲੈ ਲਓ। ਅਗਰ ਮੁੱਲ ਲੈਣੀ ਹੈ ਤਾਂ ਕਿਸੇ ਹੋਰ ਪਿੰਡ ਵਿਚ ਖ਼ਰੀਦ ਲਓ।
ਸੰਤਾਲੀ ਵਿਚ ਸਾਰਾ ਪਿੰਡ ਤੁਰਨ ਲਈ ਤਿਆਰ ਹੋ ਗਿਆ, ਪਰ ਤਾਬਾ ਸਿੰਘ ਆਪਣੇ ਕੰਮਾਂ ਵਿਚ ਰੁੱਝਿਆ ਪਿਆ ਸੀ। ਉਹਨੂੰ ਭਾਈਚਾਰਾ ਕਹਿਣ ਲੱਗਾ ਕਿ ਸਫ਼ੈਦਪੋਸ਼ਾ ਤੂੰ ਸਾਨੂੰ ਸਾਰਿਆਂ ਨੂੰ ਮਰਵਾਏਂਗਾ। ਉਹ ਮੂਹਰਿਓਂ ਕਹਿਣ ਲੱਗਾ-ਤੁਸੀਂ ਜਾਣਾ ਤਾਂ ਚਲੇ ਜਾਓ, ਪਰ ਜ਼ਿੰਮੇਵਾਰੀ ਤੁਹਾਡੀ ਹੋਵੇਗੀ।
ਜਦੋਂ ਹਾਲਾਤ ਵਿਗੜਨ ਲੱਗੇ ਤਾਂ ਤਾਬਾ ਸਿੰਘ ਨੇ ਰਾਏਵਿੰਡ ਥਾਣੇ ਨੂੰ ਸੁਨੇਹਾ ਘੱਲਿਆ। ਥਾਣੇਦਾਰ ਨੇ ਉਹਦੇ ਖੂਹ ’ਤੇ ਅੱਠ-ਦਸ ਮੁਸਲਮਾਨ ਸਿਪਾਹੀ ਘੱਲ ਦਿੱਤੇ। ਉਹ ਤਾਬਾ ਸਿੰਘ ਨੂੰ ਕਹਿਣ ਲੱਗੇ- ਤੁਸੀਂ ਦੋ ਦਿਨਾਂ ਵਿਚ ਤਿਆਰੀ ਕਰ ਲਓ। ਅਸੀਂ ਜਿਉਂਦੇ ਰਹੇ ਤਾਂ ਤੁਹਾਨੂੰ ਕੁਝ ਨਹੀਂ ਹੋਣ ਦਿੰਦੇ। ਮਰ ਗਏ ਤਾਂ ਤੁਹਾਡਾ ਅੱਲ੍ਹਾ ਰਾਖਾ। ਦੋ ਦਿਨਾਂ ਬਾਅਦ ਕਾਫ਼ਲਾ ਤੁਰ ਪਿਆ। ਇਹ ਕਾਫ਼ਲਾ ਜਿੱਥੇ ਵੀ ਪਹੁੰਚਦਾ, ਤਾਬਾ ਸਿੰਘ ਆਪਣੇ ਮੁਸਲਮਾਨ ਦੋਸਤਾਂ ਨੂੰ ਸੁਨੇਹੇ ਭੇਜ ਦਿੰਦਾ। ਉਨ੍ਹਾਂ ਦੇ ਕੈਂਪ ਵਿਚ ਬੰਦਿਆਂ ਲਈ ਰਾਸ਼ਨ ਤੇ ਡੰਗਰਾਂ ਲਈ ਪੱਠੇ ਪਹੁੰਚ ਜਾਂਦੇ। ਇਕ ਦਿਨ ਕੈਂਪ ਵਿਚੋਂ ਨਿਕਲ ਕੇ ਸਫ਼ੈਦਪੋਸ਼ ਰਾਏਵਿੰਡ ਥਾਣੇ ਵਿਚ ਪਹੁੰਚ ਗਿਆ। ਥਾਣੇਦਾਰ ਨੇ ਥੋੜ੍ਹਾ ਕੌੜਾ ਹੋ ਕੇ ਆਖਿਆ-ਸਫ਼ੈਦਪੋਸ਼ ਜੀ, ਤੁਸੀਂ ਆਹ ਕੀ ਕੀਤਾ? ਰਾਹ ਵਿਚ ਕੁਝ ਵੀ ਹੋ ਸਕਦਾ ਸੀ! ਤਾਬਾ ਸਿੰਘ ਥਾਣੇਦਾਰ ਨੂੰ ਬੋਲਿਆ-ਤੁਸੀਂ ਇੰਨਾ ਕਿਉਂ ਘਬਰਾਏ ਹੋਏ ਓ? ਮੈਨੂੰ ਭਲਾ ਕਿਹਦੇ ਕੋਲੋਂ ਖ਼ਤਰਾ? ਮੈਂ ਤਾਂ ਤਿੰਨ-ਚਾਰ ਪਿੰਡਾਂ ਦੇ ਮੁਸਲਮਾਨ ਯਾਰਾਂ ਦੇ ਘਰਾਂ ’ਚੋਂ ਦੁੱਧ-ਪਾਣੀ ਛਕ ਕੇ ਆਇਆਂ ਹਾਂ। ਮੁੜਦੇ ਵਕਤ ਵੀ ਮੈਂ ਕਈ ਪਿੰਡਾਂ ’ਚੋਂ ਆਪਣੇ ਯਾਰਾਂ ਨੂੰ ਮਿਲਦੇ ਹੋਏ ਜਾਣਾ ਜੇ। ਵੰਡ ਤੋਂ ਬਾਅਦ ਬੁੱਤ ਪਿੰਡ ਦੀ ਕਾਲੇ ਕੀ ਪੱਤੀ ਧਰਮਕੋਟ ਕੋਲ ਜੀਂਦੜੇ ਪਿੰਡ ਵਿਚ ਬੈਠ ਗਈ ਤੇ ਭਾਰੋ ਕੀ ਪੱਤੀ ਨੂੰ ਅਬੋਹਰ ਤੋਂ ਦੱਖੜ ਵੱਲ ਖੂਹੀ ਖੇੜਾ ਪਿੰਡ ਵਿਚ ਜ਼ਮੀਨ ਮਿਲੀ। ਇਨ੍ਹਾਂ ਪਿੰਡਾਂ ਦਰਮਿਆਨ ਅੰਦਾਜ਼ਨ ਦੋ ਸੌ ਕਿਲੋਮੀਟਰ ਦੀ ਵਿੱਥ ਏ। ਜੀਂਦੜੇ ਤੋਂ ਤਿੰਨ ਵੱਡੇ ਅਲਾਟੀਏ ਵਣਵਾਲੇ ਪਿੰਡ ਚਲੇ ਗਏ। ਅਗਰ ਉਹ ਪਿੰਡ ਨਾ ਛੱਡਦੇ ਤਾਂ ਕਈ ਟੱਬਰਾਂ ਨੂੰ ਉੱਜੜਨਾ ਪੈਣਾ ਸੀ। ਤਾਬਾ ਸਿੰਘ ਨੇ ਆਖਿਆ ਇਹ ਵੀ ਤਾਂ ਆਪਣੇ ਨੇ। ਅਸੀਂ ਉੱਠਦੇ ਹਾਂ। ਇਹ ਇਕ ਵਾਰ ਹੋਰ ਕਿਉਂ ਉੱਜੜਨ।
ਇੱਧਰ ਆ ਕੇ ਤਾਬਾ ਸਿੰਘ ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ. ਗੁਰਭਗਤ ਸਿੰਘ ਨੂੰ ਮਿਲਿਆ। ਉਹਨੂੰ ਆਖਿਆ-ਸਾਰੇ ਉੱਜੜ ਕੇ ਆਏ ਨੇ। ਕਿਸੇ ਕੋਲ ਕੁਝ ਨਹੀਂ ਹੈ। ਇੱਥੇ ਲੋਕ ਸ਼ਰਾਬ ਵੀ ਕੱਢਣਗੇ। ਕੋਈ ਛੋਟਾ-ਮੋਟਾ ਜੁਰਮ ਵੀ ਕਰਨਗੇ। ਇਹ ਨਾ ਹੋਵੇ ਕਿ ਇਹ ਕੁੱਟਰੀਂਦੇ ਰਹਿ ਜਾਣ।
ਵਣਵਾਲੇ ਆ ਕੇ ਵੀ ਤਾਬਾ ਸਿੰਘ ਨੇ ਸਕੂਲ ਤਿਆਰ ਕਰਵਾਇਆ। ਛੱਪੜ ਵਿਚੋਂ ਮਿੱਟੀ ਕੱਢ ਕੇ ਨੌਲੇ ਪਾ ਕੇ, ਕੱਚੇ ਕਮਰੇ ਬਣਾ ਲਏ। ਲੋਕਾਂ ਦੇ ਆਉਣ ਤੋਂ ਪਹਿਲਾਂ ਤਾਬਾ ਸਿੰਘ ਮਿੱਟੀ ਦਾ ਗੱਡਾ ਛੱਪੜ ’ਚੋਂ ਕੱਢ ਲੈਂਦਾ ਹੁੰਦਾ ਸੀ।
ਇੱਥੇ ਵੀ ਹਫ਼ਤੇ ਬਾਅਦ ਬਜ਼ੁਰਗ ਇਕੱਠੇ ਹੁੰਦੇ। ਚਾਹ ਦੀਆਂ ਚੁਸਕੀਆਂ ਭਰਦਿਆਂ, ਉਹ ਜਹਾਨ ਭਰ ਦੀਆਂ ਗੱਲਾਂ ਕਰਦੇ। ਬੁੱਤ ਪਿੰਡ ਨੂੰ ਯਾਦ ਕਰਦਿਆਂ ਉਹ ਅਕਸਰ ਉਦਾਸ ਹੋ ਜਾਂਦੇ। ਲਾਹੌਰ ਸ਼ਹਿਰ ਦੀਆਂ ਗੱਲਾਂ ਕਰਦਿਆਂ ਤਾਂ ਉਹ ਰੋ ਪੈਂਦੇ। ਮਹੀਨੇ ਬਾਅਦ ‘ਕਚਹਿਰੀ’ ਵੀ ਲੱਗਦੀ। ਲੋਕ ਆਵਦੇ ਸਾਫ਼ਿਆਂ ਵਿਚ ਰੋਟੀ ਬੰਨ੍ਹ ਕੇ ਲਿਆਉਂਦੇ। ਵਿਰਲੇ-ਟਾਵੇਂ ਨੂੰ ਮੰਜਾ ਮਿਲ ਜਾਂਦਾ। ਬਾਕੀ ਭੋਇੰ ’ਤੇ ਪਲੱਥਾ ਮਾਰ ਲੈਂਦੇ ਸੀ। ਲੰਬੀ ਭਾਊਆਂ ਦਾ ਇਲਾਕਾ ਏ। ਕਿਸੇ ਨਾ ਕਿਸੇ ਪਿੰਡ ਦਾ ਪਰਿਵਾਰਕ ਕਲੇਸ਼ ਹੋ ਜਾਂਦਾ ਜਾਂ ਕੋਈ ਲੈਣ-ਦੇਣ ਦਾ ਮਸਲਾ ਹੋ ਜਾਂਦਾ। ਲਹੌਰੀਏ ਆਖਦੇ-ਚਲੋ ਪੈਂਚ ਕੋਲ ਚੱਲਦੇ ਹਾਂ। ਤਾਬਾ ਸਿੰਘ ਮੌਕੇ ’ਤੇ ਨਿਆਂ ਕਰ ਦਿੰਦਾ। ਰਫ਼ੀਕਾਂ ਦੀਆਂ ਜੱਫੀਆਂ ਪਵਾ ਦਿੰਦਾ।
ਇਕ ਵਾਰ ਮੰਨੀਆਂ ਪਿੰਡ ਵਿਚ ਬਲ਼ਦ ਚੋਰੀ ਹੋ ਗਏ। ਤਾਬਾ ਸਿੰਘ ਨੂੰ ਪਤਾ ਸੀ ਕਿ ਉਨ੍ਹਾਂ ਲਾਹੌਰ ਵਿਚ ਆਪਣੇ ਪਿੰਡ ਵਾਲਿਆਂ ਦੇ ਬਲ਼ਦ ਚੋਰੀ ਕਰਵਾਏ ਸਨ। ਤਾਬਾ ਸਿੰਘ ਨੇ ਆਖਿਆ- ਹੁਣ ਪੁਰਾਣੀਆਂ ਕਿਰੜਾ ਨਾ ਕੱਢੋ। ਵਕਤ ਨੇ ਸਾਰਿਆਂ ਕੋਲੋਂ ਰੱਜ ਕੇ ਬਦਲਾ ਲੈ ਲਿਆ ਏ। ਤੂੰ ਬਈ ਇਨ੍ਹਾਂ ਦੇ ਬਲ਼ਦ ਮੋੜ ਦੇ। ਕਿਸੇ ਦੀ ਕੀ ਹਿੰਮਤ ਸੀ ਕਿ ਉਹ ਤਾਬਾ ਸਿੰਘ ਮੂਹਰੇ ਝੂਠ ਬੋਲ ਸਕਦਾ। ਬੁੱਤ ਪਿੰਡ ਵਾਲੀ ਜ਼ਮੀਨ ਬਦਲੇ ਤਾਬਾ ਸਿੰਘ ਨੂੰ ਸੱਠ ਕਿੱਲੇ ਪੈਲੀ ਮਿਲੀ ਸੀ। ਬਾਅਦ ਵਿਚ ਇਸ ’ਚੋਂ ਚਾਲੀ ਕਿੱਲੇ ਨਹਿਰਾਂ ਵਿਚ ਆ ਗਈ ਤੇ ਵੀਹ ਕਿੱਲੇ ਭੱਠੇ ਵਿਚ। ਤਾਬਾ ਸਿੰਘ ਦੇ ਨਾਂ ਇਕ ਮਰਲਾ ਵੀ ਨਾ ਬਚਿਆ। ਉਹਨੇ ਇਹ ਅਕਲ ਕੀਤੀ ਕਿ ਉਹਨੇ ਔਖੇ-ਸੌਖੇ ਆਪਣੇ ਪੋਤਿਆਂ ਨੂੰ ਪੜ੍ਹਾਇਆ। ਉਹ ਵਣਾਂਵਾਲੇ ਨੂੰ ਛੱਡ ਕੇ ਮਹਿਮੂਆਲੇ ਪਿੰਡ ਵਿਚ ਆ ਗਏ।
ਇਹ ਪਿੰਡ ਫ਼ਰੀਦਕੋਟ-ਸਾਦਿਕ ਰੋਡ ’ਤੇ ਵਸਿਆ ਇਕ ਦਰਮਿਆਨਾ ਜਿਹਾ ਪਿੰਡ ਹੈ। ਇੱਥੇ ਸਫ਼ੈਦਪੋਸ਼ ਦੇ ਪੋਤਰੇ ਸੁਰਜਨ ਸਿੰਘ ਸੰਧੂ ਵੱਸਦੇ ਨੇ। ਇਨ੍ਹਾਂ ਦਾ ਜਨਮ ਵੀ ਬੁੱਤ ਪਿੰਡ ਵਿਚ ਹੋਇਆ ਸੀ।
“ਜ਼ਮੀਨ ਤੋਂ ਵਿਰਵੇ ਹੋਣ ਮਗਰੋਂ ਤਾਬਾ ਸਿੰਘ ਹੋਰੀਂ ਬਹੁਤ ਦੁਖੀ ਤਾਂ ਨਹੀਂ ਸੀ ਹੋਏ?” ਮੇਰਾ ਸਵਾਲ ਸੁਣ ਕੇ ਸੁਰਜਨ ਸਿੰਘ ਉਦਾਸ ਜਿਹਾ ਮੁਸਕਰਾਇਆ ਸੀ।
“ਉਹ ਆਪਣਾ ਦੁੱਖ ਕਿਸੇ ਨੂੰ ਕਦੇ ਨਹੀਂ ਸੀ ਦੱਸਦੇ। ਕਦੇ-ਕਦੇ ਇਕ ਹੂੰਗ ਜਿਹੀ ਮਾਰਦੇ ਹੁੰਦੇ ਸੀ ਜੋ ਬੜੀ ਦੂਰ ਤਕ ਸੁਣਦੀ ਹੁੰਦੀ ਸੀ।” ਇਹ ਕਹਿੰਦਿਆਂ ਉਹਦੀਆਂ ਅੱਖਾਂ ਨਮ ਹੋ ਗਈਆਂ ਸਨ।
“ਉਨ੍ਹਾਂ ਦੀ ਕੋਈ ਖਾਸ ਗੱਲ ਜੋ ਰਹਿ ਗਈ ਹੋਵੇ?” ਮੈਂ ਆਖ਼ਰ ਵਿਚ ਇਹ ਸਵਾਲ ਕੀਤਾ ਤਾਂ ਉਹ ਬੋਲੇ, “ਤਾਬਾ ਸਿੰਘ ਹੋਰਾਂ ਦੀਆਂ ਤਾਂ ਬਹੁਤ ਗੱਲਾਂ ਨੇ। ਭਾਵੇਂ ਕੋਈ ਦਸ ਕਿਤਾਬਾਂ ਲਿਖ ਲਏ। ਚਲੋ ਮੈਂ ਇਕ ਸੁਣਾ ਦਿੰਦਾ। ਜਦੋਂ ਸਾਰਾ ਪਿੰਡ ਗੱਡਿਆਂ ’ਤੇ ਸਾਮਾਨ ਲੱਦ ਰਿਹਾ ਸੀ ਉਦੋਂ ਤਾਬਾ ਸਿੰਘ ਹੋਰੀਂ ਪਤਾ ਕੀ ਕਰ ਰਹੇ ਸੀ?” ਸੁਰਜਨ ਸਿੰਘ ਮੇਰੇ ਵੱਲ ਸਿੱਧਾ ਝਾਕਦਿਆਂ ਛਿਣ ਕੁ ਲਈ ਚੁੱਪ ਹੋ ਗਿਆ।
“ਉਹ ਪਿੰਡ ਵਾਲੇ ਖੂਹ ’ਤੇ ਡੋਲਣੀਆਂ ਪਾ ਰਹੇ ਸੀ!” ਉਹ ਅਗਾਂਹ ਬੋਲਿਆ।
“ਉਹ ਕਿਉਂ?” ਮੈਂ ਹੈਰਾਨ ਹੁੰਦਿਆਂ ਪੁੱਛਿਆ।
“ਉਹ ਸੋਚਦੇ ਸੀ ਕਿ ਚੜ੍ਹਦੇ ਪੰਜਾਬ ਤੋਂ ਉੱਜੜ ਕੇ ਆਉਣ ਵਾਲੇ ਲੋਕਾਂ ਨੂੰ ਪਾਣੀ ਪੀਣ ਲਈ ਕੋਈ ਤਰੱਦਦ ਨਾ ਕਰਨਾ ਪਵੇ!” ਗੱਲ ਮੁਕਾਉਂਦਿਆਂ ਸੁਰਜਣ ਸਿੰਘ ਦਾ ਗੱਚ ਭਰ ਆਇਆ ਸੀ।
ਸੰਪਰਕ: 97818-43444