ਹਰੀ ਕ੍ਰਿਸ਼ਨ ਮਾਇਰ
ਰਾਤੀਂ ਝੱਖੜ ਨੇ ਰੁੱਖਾਂ ਦੇ ਟਾਹਣੇ ਤੋੜ ਦਿੱਤੇ ਸਨ। ਚਿੜੀ ਦੇ ਆਲ੍ਹਣੇ ਦਾ ਡੱਕਾ ਡੱਕਾ ਖਿੱਲਰ ਗਿਆ ਸੀ। ਚਿੜੀ ਪੱਤਿਆਂ ਵਿੱਚ ਲੁਕੀ ਬੈਠੀ ਰਹੀ। ਰਾਤ ਭਰ ਬੱਦਲ ਲਿਸ਼ਕਦੇ ਰਹੇ, ਗਰਜਦੇ ਰਹੇ। ਚਿੜੀ ਬੱਦਲਾਂ ਨੂੰ ਅਰਜੋਈਆਂ ਕਰਦੀ ਰਹੀ, ‘‘ਵੀਰਨੋਂ ! ਅੱਜ ਇੱਕ ਵੀ ਕਣੀ ਨਾ ਵਰ੍ਹਾਇਓ।” ਬੱਦਲ ਵੀ ਜਿਵੇਂ ਨੇੜੇ ਹੋ ਕੇ ਸੁਣਦੇ ਸਨ। ਤਰਸ ਖਾ ਗਏ। ਰਾਤੀਂ ਇੱਕ ਵੀ ਕਣੀ ਅਸਮਾਨੋਂ ਨਾ ਵਰ੍ਹੀ। ਦਿਨ ਚੜ੍ਹਿਆ ਤਾਂ ਚਿੜੀ ਦੀ ਜਾਨ ਵਿੱਚ ਜਾਨ ਆਈ। ਧੁੱਪ ਦੀਆਂ ਕੋਸੀਆਂ ਕਿਰਨਾਂ ਨੇ ਉਸ ਦੇ ਖੰਭ ਸੁਕਾ ਦਿੱਤੇ। ਫਿਰ ਚਿੜੀ ਆਲ੍ਹਣੇ ਲਈ ਨਵੀਂ ਜਗ੍ਹਾ ਲੱਭਣ ਲਈ ਉੱਡ ਗਈ।
ਉੱਡਦੀ ਗਈ, ਉੱਡਦੀ ਗਈ। ਰਾਹ ਵਿੱਚ ਉਸ ਨੂੰ ਇੱਕ ਬਰੋਟਾ ਨਜ਼ਰ ਪਿਆ। ਗੂੜ੍ਹੇ ਹਰੇ ਪੱਤੇ ਅਤੇ ਸੰਘਣੀ ਛਾਂ ਵਾਲਾ ਬਰੋਟਾ। ਚਿੜੀ ਬਰੋਟੇ ਦੀ ਇੱਕ ਟਾਹਣੀ ’ਤੇ ਜਾ ਬੈਠੀ।
“ਐਥੇ ਤਾਂ ਜਨੌਰਾਂ ਦੇ ਕਾਫ਼ੀ ਘਰ ਹੋਣਗੇ।” ਚਿੜੀ ਨੇ ਮਨ ਹੀ ਮਨ ਸੋਚਿਆ।
“ਪਰ ਆਲ੍ਹਣਾ ਕੋਈ ਵੀ ਨਹੀਂ ਦੀਂਹਦਾ।” ਚਿੜੀ ਨੇ ਇੱਧਰ ਉੱਧਰ ਨਜ਼ਰ ਦੌੜਾਈ। ਐਨੇ ਨੂੰ ਬਰੋਟੇ ਦੇ ਪੱਤਿਆਂ ਵਿੱਚੋਂ ਖੜ ਖੜ ਦੀ ਆਵਾਜ਼ ਆਈ, ‘‘ਤੂੰ ਐਥੇ ਆਲ੍ਹਣਾ ਪਾਉਣ ਆਈ ਏਂ?” ਬਰੋਟੇ ਨੇ ਚਿੜੀ ਨੂੰ ਪੁੱਛਿਆ। ਚਿੜੀ ਹੈਰਾਨ ਹੋਈ ਬੋਲੀ, ‘‘ਤੇਰੇ ਕਿਸੇ ਟਾਹਣੇ ’ਤੇ ਮੈਨੂੰ ਕੋਈ ਆਲ੍ਹਣਾ ਤਾਂ ਨਜ਼ਰ ਨਹੀਂ ਆਉਂਦਾ।”
“ਤੂੰ ਸਹੀ ਦੇਖਿਆ।” ਬਰੋਟੇ ਨੇ ਕਿਹਾ।
“ਆਈ ਤਾਂ ਮੈਂ ਆਲ੍ਹਣਾ ਪਾਉਣ ਹੀ ਹਾਂ।” ਚਿੜੀ ਨੇ ਮਨ ਦੀ ਗੱਲ ਕਹਿ ਦਿੱਤੀ।
“ਤੂੰ ਹੋਰ ਕਿਤੇ ਆਲ੍ਹਣਾ ਬਣਾ ਲੈ?” ਬਰੋਟੇ ਨੇ ਉਦਾਸ ਸੁਰ ਵਿੱਚ ਕਿਹਾ।
“ਐਡਾ ਭਾਰਾ ਰੁੱਖ ਬਣਿਆਂ ਫਿਰਦਾਂ। ਇੱਕ ਨਿੱਕੇ ਜਿਹੇ ਪੰਖੇਰੂ ਦਾ ਬੋਝ ਨਹੀਂ ਝੱਲ ਹੁੰਦਾ।” ਚਿੜੀ ਨੇ ਮਿਹਣਾ ਮਾਰਿਆ।
“ਮੈਂ ਤਾਂ ਚਾਹੁੰਦਾ ਹਾਂ ਕਿ ਮੇਰੇ ਪੱਤਿਆਂ ਤੇ ਟਾਹਣੀਆਂ ਨਾਲ ਪੰਛੀ ਕਲੋਲਾਂ ਕਰਨ।” ਬਰੋਟੇ ਨੇ ਕਿਹਾ।
“ਫਿਰ ਰੋਕਦਾ ਕਿਉਂ ਏਂ?” ਚਿੜੀ ਨੇ ਪੁੱਛਿਆ
“ਚਿੜੀਏ! ਜੋ ਤੇਰਾ ਚਿੱਤ ਆਉਂਦਾ ਕਰ।” ਬਰੋਟਾ ਇਹ ਕਹਿ ਕੇ ਚੁੱਪ ਹੋ ਗਿਆ।
ਚਿੜੀ ਉਸੇ ਵੇਲੇ ਉੱਡੀ ਅਤੇ ਚੁੰਝ ਵਿੱਚ ਤੀਲੇ ਚੁੱਕ ਲਿਆਈ। ਟਾਹਣੀਆਂ ਦੇ ਮੁੱਢ ਵਿੱਚ ਆਲ੍ਹਣਾ ਪਾਉਣ ਲੱਗੀ। ਆਲ੍ਹਣੇ ਵਿੱਚ ਉਸ ਨੇ ਧਾਗੇ, ਲੀਰਾਂ ਅਤੇ ਰੂੰ ਵੀ ਰੱਖਣੀ ਸੀ। ਦੂਜੇ ਦਿਨ ਜਦੋਂ ਉਹ ਰੂੰ ਦਾ ਫੰਬਾ ਚੁੰਝ ਵਿੱਚ ਲੈ ਕੇ ਬਰੋਟੇ ਕੋਲ ਆਈ ਤਾਂ ਕੀ ਦੇਖਦੀ ਹੈ ਕਿ ਉਸ ਦਾ ਆਲ੍ਹਣਾ ਧਰਤੀ ’ਤੇ ਖਿਲਰਿਆ ਪਿਆ ਸੀ। ਚਿੜੀ ਬੜੀ ਦੁਖੀ ਹੋਈ। ਉਸ ਨੂੰ ਬਰੋਟੇ ’ਤੇ ਗੁੱਸਾ ਚੜ੍ਹ ਗਿਆ। ਸੋਚਣ ਲੱਗੀ, ‘‘ਬੜਾ ਢਿੱਡ ਦਾ ਖੋਟਾ ਹੈ।”
ਫਿਰ ਉਹ ਚੱਲਦੀ ਹਵਾ ਨੂੰ ਬੁਰਾ ਭਲਾ ਕਹਿਣ ਲੱਗੀ, ‘‘ਹਵਾ ਭੈਣੇਂ ! ਤੂੰ ਮੈਥੋਂ ਕਾਹਦਾ ਬਦਲਾ ਲੈਣ ਲੱਗੀ ਏਂ?”
“ਸ਼ਾਂਤ ਹੋ ਜਾ ਚਿੜੀਏ।” ਹਵਾ ਬੋਲੀ।
“ਕਾਹਤੋਂ ਸ਼ਾਂਤ ਹੋ ਜਾ, ਆਲ੍ਹਣਾ ਢਾਹ ਕੇ ਹੁਣ ਤੂੰ ਮੋਮੋਠਗਣੀ ਬਣਦੀ ਏਂ।” ਚਿੜੀ ਭਰੀ ਪੀਤੀ ਬੋਲੀ।
“ਤੇਰੀ ਮੇਰੀ ਕੋਈ ਦੁਸ਼ਮਣੀ ਨਹੀਂ।” ਹਵਾ ਨੇ ਕਿਹਾ।
“ਕੰਮ ਤਾਂ ਤੂੰ ਦੁਸ਼ਮਣੀ ਵਾਲਾ ਹੀ ਕੀਤਾ ਹੈ।” ਚਿੜੀ ਝੱਟ ਬੋਲੀ।
“ਦੇਖ ਮੈਂ ਦਿਨੇ ਵੀ ਜਾਗਦੀ ਰਹਿੰਦੀ ਹਾਂ ਤੇ ਰਾਤ ਨੂੰ ਵੀ, ਇੱਥੇ ਆਸੇ ਪਾਸੇ ਬੜਾ ਕੁਝ ਹੁੰਦਾ ਰਹਿੰਦਾ। ਇਸ ਦਾ ਮੈਨੂੰ ਸਾਰਾ ਪਤਾ ਹੁੰਦਾ ਹੈ।” ਹਵਾ ਨੇ ਕਿਹਾ।
“ਥੋੜ੍ਹਾ ਮੈਨੂੰ ਵੀ ਪਤਾ ਚੱਲੇ ਕਿ ਇੱਥੇ ਕੀ ਕੁਝ ਹੁੰਦਾ?” ਚਿੜੀ ਨੇ ਪੁੱਛ ਲਿਆ।
“ਜਿਹੜੇ ਟਾਹਣੇ ’ਤੇ ਤੂੰ ਆਲ੍ਹਣਾ ਪਾਉਣ ਲੱਗੀ ਏਂ, ਇਸ ’ਤੇ ਰਾਤੀਂ ਇੱਕ ਅਜਗਰ ਆਉਂਦਾ। ਰਾਤ ਭਰ ਟਾਹਣੇ ਨਾਲ ਲਿਪਟਿਆ ਰਹਿੰਦਾ।” ਹਵਾ ਨੇ ਦੱਸਿਆ।
“ਹੈਂ।’’ ਚਿੜੀ ਨੇ ਹੈਰਾਨੀ ਪ੍ਰਗਟਾਈ।
“ਹਾਂ, ਲੰਬਾ ਸੱਪ ਕੱਲ੍ਹ ਤੋਤੀ ਦੇ ਚਾਰ ਬੱਚੇ ਸਬੂਤੇ ਨਿਗਲ ਗਿਆ ਸੀ।” ਹਵਾ ਨੇ ਆਪਣੀ ਗੱਲ ਜਾਰੀ ਰੱਖੀ। ਪਲ ਭਰ ਲਈ ਚਾਰੇ ਪਾਸੇ ਚੁੱਪ ਪਸਰ ਗਈ। ਫਿਰ ਹਵਾ ਬੋਲੀ, ‘‘ਬੋਟਾਂ ਦੇ ਗੁਆਚਣ ਦਾ ਦੁੱਖ ਬੜਾ ਬੁਰਾ ਹੁੰਦਾ ਚਿੜੀਏ।”
ਚਿੜੀ ਹਵਾ ਦੇ ਗੱਲ ਲੱਗ ਕੇ ਰੋਣ ਲੱਗੀ। ਕਹਿੰਦੀ, ‘‘ਓਧਰ ਮਨੁੱਖ ਨੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ।”
“ਮਨੁੱਖ ਹੁਣ ਕਿਸੇ ਦੇ ਸਕੇ ਨਹੀਂ ਰਹੇ। ਮੇਰੇ ਵੀ ਨਹੀਂ।” ਹਵਾ ਬੋਲੀ।
“ਹੁਣ ਮੈਂ ਆਲ੍ਹਣਾ ਕਿੱਥੇ ਪਾਵਾਂ?”
“ਸਾਹਮਣੇ ਖੇਤ ਵਿੱਚ ਤੂਤ ਖੜ੍ਹਾ, ਉੱਥੇ ਪਾਲੈ।”
“ਮੈਂ ਨਹੀਂ ਖੇਤ ਵਿੱਚ ਆਲ੍ਹਣਾ ਪਾਉਣਾ।”
“ਕਿਉ? ਭਰਵਾਂ ਰੁੱਖ ਆ, ਤੂਤੀਆਂ ਵੀ ਲੱਗਦੀਆਂ ਨੇ, ਇਸ ਨੂੰ।”
“ਇਸ ਖੇਤ ਵਿੱਚ ਮੇਰਾ ਚਿੜਾ, ਕੀੜੇ ਮਾਰ ਦਵਾਈ ਦੀ ਗੋਲੀ ਖਾ ਕੇ ਮਰ ਗਿਆ ਸੀ, ਪਿਛਲੇ ਸਾਲ। ਆਹ ਦਿਨ ਆ ਗਿਆ, ਮੈਂ ਨਹੀਂ ਮੁੜ ਕੇ ਇਸ ਖੇਤ ਦੇ ਰਾਹ ਪਈ।” ਚਿੜੀ ਨੇ ਦੁੱਖ ਜ਼ਾਹਰ ਕੀਤਾ।
“ਫੇਰ ਐਂ ਕਰ ਸਾਹਮਣੇ ਬਾਗ਼ ਵਿੱਚ ਕਿਸੇ ਰੁੱਖ ’ਤੇ ਘਰ ਬਣਾ ਲੈ। ਉੱਥੇ ਤੇਰੇ ਵਰਗੇ ਬਥੇਰੇ ਜਨੌਰਾਂ ਦੇ ਆਲ੍ਹਣੇ ਨੇ।” ਹਵਾ ਨੇ ਸਲਾਹ ਦਿੱਤੀ।
“ਉੱਥੇ ਮਾਲੀ ਪੀਪਾ ਵਜਾਉਂਦਾ। ਗੁਲੇਲ ਮਾਰਦਾ। ਬੰਦੂਕ ਨਾਲ ਪੰਛੀ ਫੁੰਡਦਾ।” ਚਿੜੀ ਨੇ ਮਨ ਦਾ ਡਰ ਦੱਸਿਆ।
“ਚਿੜੀਆਂ ਨੂੰ ਕੌਣ ਗੁਲੇਲ ਮਾਰਦਾ ਕਮਲੀਏ? ਚਿੜੀ ਤਾਂ ਸਾਊ ਜਨੌਰ ਹੁੰਦਾ। ਮਨੁੱਖ ਤੇਰੇ ’ਤੇ ਅੱਜ ਵੀ ਤਰਸ ਖਾਂਦਾ ਚਿੜੀਏ।” ਹਵਾ ਨੇ ਚਿੜੀ ਨੂੰ ਸਮਝਾਉਂਦਿਆਂ ਕਿਹਾ। “ਜਿਹੜੇ ਜਨੌਰ ਫ਼ਲ ਖਾਂਦੇ ਘੱਟ, ਪਰ ਉਜਾੜਦੇ ਜ਼ਿਆਦਾ ਨੇ, ਉਨ੍ਹਾਂ ਦੇ ਤਾਂ ਮਾਲੀ ਗੁਲੇਲ ਹੀ ਮਾਰੇਗਾ।”
“ਤੂੰ ਤਾਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ, ਭੈਣੇ! ਤੇਰਾ ਦੇਣ ਮੈਂ ਕਿੱਥੇ ਦੇਊਂ?” ਚਿੜੀ ਨਿਮਰਤਾ ਨਾਲ ਬੋਲੀ।
ਹਵਾ ਬਸ ਮੁਸਕਰਾਈ। ਚਿੜੀ ਨੇ ਖੁਸ਼ੀ ਵਿੱਚ ਖੰਭ ਹਿਲਾਏ ਅਤੇ ਮੁੜ ਤੋਂ ਆਲ੍ਹਣਾ ਬਣਾਉਣ ਲਈ ਤੀਲੇ ਇਕੱਠੇ ਕਰਨ ਲਈ ਉੱਡ ਗਈ।
ਸੰਪਰਕ: 97806-67686