ਮੁੰਬਈ: ਫਿਲਮ ਅਦਾਕਾਰਾ ਜੂਹੀ ਚਾਵਲਾ ਨੇ ਇੱਕ ਪੁਰਾਣੀ ਘਟਨਾ ਦਾ ਜ਼ਿਕਰ ਕੀਤਾ ਜਦੋਂ ਸ਼ਾਹਰੁਖ ਖਾਨ ਉਸ ਦੇ ਘਰ ਰੱਖੀ ਪਾਰਟੀ ਲਈ ਤੜਕੇ ਢਾਈ ਵਜੇ ਪੁੱਜਿਆ ਸੀ। ਜੂਹੀ ਚਾਵਲਾ ਨੇ ਇਹ ਕਿੱੱਸਾ ‘ਜ਼ੀ ਕਾਮੇਡੀ ਸ਼ੋਅ’ ਦੇ ਸੈੱਟ ’ਤੇ ਸਾਂਝਾ ਕੀਤਾ ਜਿੱਥੇ ਕਿ ਉਹ ਇਸ ਹਫ਼ਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੀ। ਜੂਹੀ ਨੇ ਦੱਸਿਆ, ‘‘ਜਦੋਂ ਵੀ ਅਸੀਂ ਘਰ ਵਿੱਚ ਪਾਰਟੀ ਰੱਖਦੇ ਹਾਂ ਤਾਂ ਸ਼ਾਹਰੁਖ ਨੂੰ ਜ਼ਰੂਰ ਸੱਦਾ ਦਿੰਦੇ ਹਾਂ। ਇੱਕ ਵਾਰ ਮੈਂ ਉਨ੍ਹਾਂ ਨੂੰ ਪਾਰਟੀ ’ਤੇ ਸੱਦਿਆ ਸੀ ਤਾਂ ਸਾਰਿਆਂ ਨੂੰ ਉਮੀਦ ਸੀ ਕਿ ਉਹ ਜ਼ਰੂਰ ਅਉਣਗੇ। ਖਾਸ ਤੌਰ ’ਤੇ ਮੇਰੇ ਸਟਾਫ਼ ਨੂੰ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਸੀ, ਕਿਉਂਕਿ ਉਹ ਸ਼ਾਹਰੁਖ ਨਾਲ ਤਸਵੀਰਾਂ ਖਿਚਵਾਉਣਾ ਚਾਹੁੰਦੇ ਸਨ। ਜੂਹੀ ਨੇ ਅੱਗੇ ਦੱਸਿਆ ਕਿ ਉਸ ਨੇ ਸ਼ਾਹਰੁਖ ਨੂੰ 11 ਵਜੇ ਪਾਰਟੀ ’ਚ ਆਉਣ ਲਈ ਆਖਿਆ ਸੀ ਤੇ ਉਨ੍ਹਾਂ ਥੋੜ੍ਹਾ ਲੇਟ ਹੋਣ ਬਾਰੇ ਕਿਹਾ ਸੀ, ਪਰ ਜਦੋਂ ਸ਼ਾਹਰੁਖ ਤੜਕੇ ਢਾਈ ਵਜੇ ਸਾਡੇ ਘਰ ਆਏ ਉਦੋਂ ਤੱਕ ਸਟਾਫ਼ ਜਾ ਚੁੱਕਾ ਸੀ ਤੇ ਉਹ ਸੌਂ ਚੁੱਕੀ ਸੀ ਤੇ ਸਾਰੇ ਮਹਿਮਾਨ ਜਾ ਚੁੱਕੇ ਸਨ ਤੇ ਖਾਣਾ ਵੀ ਖਤਮ ਹੋ ਚੁੱਕਿਆ ਸੀ।’’ ਇਸੇ ਦੌਰਾਨ ਫਰਾਹ ਖਾਨ ਨੇ ਵੀ ਸ਼ਾਹਰੁਖ ਦੇ ਦੇਰੀ ਨਾਲ ਆਉਣ ਬਾਰੇ ਕਿਹਾ, ‘‘ਸਾਨੂੰ ਸਾਰਿਆਂ ਨੂੰ ਪਤਾ ਹੈ ਜੇ ਸ਼ਾਹਰੁਖ ਨੂੰ ਸਵੇਰੇ 9 ਵਜੇ ਬੁਲਾਇਆ ਜਾਂਦਾ ਹੈ ਤਾਂ ਉਹ ਦੁਪਹਿਰ ਦੋ ਵਜੇ ਪੁੱਜਦੇ ਹਨ, ਜਦੋਂ ਕਦੇ ਉਹ 11 ਵਜੇ ਪੁੱਜ ਜਾਣ ਤਾਂ ਸਾਰਾ ਕੁਝ ਗੜਬੜ ਹੋ ਜਾਂਦਾ ਹੈ।’’ -ਆਈਏਐੱਨਐੱਸ