ਮੁੰਬਈ: ਬਾਬਿਲ ਖ਼ਾਨ ਨੇ ਅੱਜ ਆਪਣੇ ਮਰਹੂਮ ਪਿਤਾ ਅਦਾਕਾਰ ਇਰਫ਼ਾਨ ਖ਼ਾਨ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰ ਆਪਣੀ ਪਤਨੀ ਸੁਤਾਪਾ ਲਈ ਲਤਾ ਮੰਗੇਸ਼ਕਰ ਦਾ ਗੀਤ ਗੁਣਗੁਣਾ ਰਿਹਾ ਹੈ। ਵੀਡੀਓ ਵਿੱਚ ਇਰਫ਼ਾਨ ਅਤੇ ਸੁਤਾਪਾ ਹਵਾਈ ਅੱਡੇ ’ਤੇ ਹਨ ਅਤੇ ਊਹ ਊਸ ਨੂੰ ਛੱਡਣ ਮੌਕੇ ਲਤਾ ਦਾ ਸਦਾਬਹਾਰ ਗੀਤ ‘ਮੇਰਾ ਸਾਇਆ’ ਗੁਣਗੁਣਾਉਂਦਾ ਹੈ। ਇਹ ਸਥਿਤੀ ਊਦੋਂ ਹਾਸੋਹੀਣੀ ਬਣ ਜਾਂਦੀ ਹੈ ਜਦੋਂ ਇਰਫ਼ਾਨ ਗੀਤ ਦੇ ਬੋਲਾਂ ਵਿੱਚ ਊਲਝ ਜਾਂਦਾ ਹੈ ਅਤੇ ਪੁੱਛਦਾ ਹੈ ਕਿ ਇਹ ‘ਮੇਰਾ ਸਾਇਆ’ ਹੈ ਜਾਂ ‘ਤੇਰਾ ਸਾਇਆ’। ਇਸ ’ਤੇ ਸੁਤਾਪਾ ਹੱਸਦੀ ਹੈ ਅਤੇ ਊਸ ਨੂੰ ਸਹੀ ਬੋਲ ਦੱਸਦੀ ਹੈ। ਬਾਬਿਲ ਖ਼ਾਨ ਨੇ ਇੰਸਟਾਗ੍ਰਾਮ ਪੋਸਟ ’ਤੇ ਵੀਡੀਓ ਨਾਲ ਲਿਖਿਆ, ‘‘ਮੇਰਾ ਸਾਇਆ ਕਿ ਤੇਰਾ ਸਾਇਆ? ਹੁਣ ਮਾਂ ਨੂੰ ਹਵਾਈ ਅੱਡੇ ’ਤੇ ਛੱਡ ਕੇ ਆਇਆ ਹਾਂ।’’ ਊਸ ਨੇ ਨਾਲ ਦੁਖੀ ਇਮੋਜੀ ਵੀ ਜੋੜਿਆ। ਕਈ ਪ੍ਰਸ਼ੰਸਕਾਂ ਨੇ ਇਸ ਵੀਡੀਓ ’ਤੇ ਟਿੱਪਣੀਆਂ ਕੀਤੀਆਂ। ਇੱਕ ਨੇ ਲਿਖਿਆ, ‘‘ਕਿੰਨੀ ਖੂਬਸੂਰਤ ਯਾਦ ਹੈ।’’ ਇੱਕ ਹੋਰ ਨੇ ਲਿਖਿਆ, ‘‘ਊਸ ਦੀ ਅਤੇ ਊਸ ਦੀ ਆਵਾਜ਼ ਦੀ ਬਹੁਤ ਯਾਦ ਆਉਂਦੀ ਹੈ।’’ ਦੱਸਣਯੋਗ ਹੈ ਕਿ ਕਈ ਮਹੀਨੇ ਕੈਂਸਰ ਨਾਲ ਜੂਝਣ ਮਗਰੋਂ ਇਸ ਵਰ੍ਹੇ 29 ਅਪਰੈਲ ਨੂੰ ਮੁੰਬਈ ਵਿੱਚ ਇਰਫ਼ਾਨ ਦਾ ਦੇਹਾਂਤ ਹੋ ਗਿਆ ਸੀ। -ਆਈਏਐੱਨਐੱਸ