ਗੁਰਮੀਤ ਸਿੰਘ*
ਪਾਣੀ ਦੇ ਸੋਮਿਆਂ ਨੂੰ ਪਸੰਦ ਕਰਨ ਵਾਲੇ ਇਸ ਪੰਛੀ ਨੂੰ ਢੀਂਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਵੂਲੀ ਨੈੱਕਡ ਸਟੌਰਕ ਜਾਂ ਵ੍ਹਾਈਟ ਨੈੱਕਡ ਸਟੌਰਕ’(woolly-necked stork or white-necked stork) ਅਤੇ ਹਿੰਦੀ ਵਿੱਚ ‘ਹਾਜੀ ਲੱਕ ਲੱਕ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਪੰਜਾਬ ਵਿੱਚ ਕਈ ਨਮਧਰਤੀਆਂ (ਵੈਟਲੈਂਡ), ਛੱਪੜਾਂ ਦੇ ਨੇੜੇ ਵੇਖਿਆ ਗਿਆ ਹੈ। ਇਹ ਕਿਸੇ ਵੀ ਪਾਣੀ ਦੇ ਨੇੜਲੇ ਵਾਤਾਵਰਨ ਵਿੱਚ ਰਹਿਣ ਲਈ ਹਰ ਵੇਲੇ ਤਿਆਰ ਰਹਿੰਦਾ ਹੈ, ਪਰ ਆਮ ਤੌਰ ’ਤੇ ਹੜ੍ਹ ਦੇ ਮੈਦਾਨਾਂ ਨੂੰ ਤਰਜੀਹ ਦਿੰਦਾ ਹੈ। ਇਹ ਨਦੀਆਂ, ਤਲਾਬ, ਡੈਮ, ਝੀਲਾਂ, ਦਲਦਲ ਅਤੇ ਜਲ ਸਰੋਤਾਂ ਦੇ ਨਾਲ-ਨਾਲ ਮਨੁੱਖ ਦੁਆਰਾ ਬਣਾਏ ਨਿਵਾਸ ਸਥਾਨ, ਜਿਵੇਂ ਕਿ ਗੋਲਫ ਕੋਰਸ, ਸੜਕਾਂ ਨੇੜੇ ਰੁੱਖਾਂ ਦੇ ਝੁਰਮੁਟਾਂ ਵਿੱਚ ਵੇਖਣ ਨੰ ਮਿਲਦਾ ਹੈ। ਇਹ ਏਸ਼ੀਆ ਵਿੱਚ ਭਾਰਤ ਤੋਂ ਇੰਡੋਨੇਸ਼ੀਆ ਤੱਕ ਅਤੇ ਗਰਮ ਖੰਡੀ ਅਫ਼ਰੀਕਾ ਵਿੱਚ ਮਿਲਦਾ ਹੈ। ਇਹ ਇੱਕ ਵੱਡਾ ਪੰਛੀ ਹੈ, ਜੋ ਆਮ ਤੌਰ ’ਤੇ 33.5 ਇੰਚ ਲੰਬਾ, ਉੱਨ ਵਰਗੀ ਲੂਈਂਦਾਰ ਚਿੱਟੀ ਗਰਦਨ ਅਤੇ ਪੇਟ ਵੱਲ ਕੁਝ ਹਿੱਸੇ ਨੂੰ ਛੱਡ ਕੇ ਬਾਕੀ ਇਹ ਸਾਰਾ ਕਾਲਾ ਹੁੰਦਾ ਹੈ। ਉੱਪਰਲੇ ਹਿੱਸੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਅਤੇ ਛਾਤੀ ਅਤੇ ਢਿੱਡ ਦਾ ਰੰਗ ਜਾਮਨੀ ਹੁੰਦਾ ਹੈ।
ਇਹ ਪੰਛੀ ਆਮ ਤੌਰ ’ਤੇ ਇਕੱਲਾ ਵੇਖਿਆ ਜਾਂਦਾ ਹੈ। ਇਸ ਨੂੰ ਜ਼ਮੀਨ ਅਤੇ ਪਾਣੀ ਦੇ ਨਾਲ-ਨਾਲ ਹੌਲੀ-ਹੌਲੀ ਤੁਰਦਾ-ਫਿਰਦਾ ਵੇਖਿਆ ਜਾ ਸਕਦਾ ਹੈ। ਕਈ ਵਾਰ ਤਾਂ ਇਸ ਨੂੰ ਪਾਣੀ ਦੇ ਨੇੜੇ ਜੋੜਿਆਂ ਜਾਂ ਛੋਟੇ ਸਮੂਹਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ, ਜਿੱਥੇ ਇਹ ਆਪਣੀ ਲੰਮੀ ਚੁੰਜ ਨਾਲ ਸ਼ਿਕਾਰ ਨੂੰ ਚੁੱਕਦਾ ਹੈ। ਇਹ ਮੁੱਖ ਤੌਰ ’ਤੇ ਮਾਸਾਹਾਰੀ ਹੈ, ਇਸ ਦੀ ਖੁਰਾਕ ਵਿੱਚ ਮੱਛੀਆਂ, ਡੱਡੂ, ਟੋਡਸ, ਸੱਪ, ਕਿਰਲੀਆਂ, ਵੱਡੇ ਕੀੜੇ, ਲਾਰਵੇ ਤੇ ਕੇਕੜੇ ਸ਼ਾਮਲ ਹਨ। ਇਹ ਪਾਣੀ ਜਾਂ ਬਨਸਪਤੀ ਵਿੱਚੋਂ ਹੌਲੀ-ਹੌਲੀ ਤੁਰ ਕੇ ਸ਼ਿਕਾਰ ’ਤੇ ਆਪਣੀ ਲੰਮੀ ਚੁੰਜ ਛੁਰੇ ਦੀ ਤਰ੍ਹਾਂ ਮਾਰ ਕੇ ਉਸ ਨੂੰ ਨਿਗਲ ਜਾਂਦਾ ਹੈ।
ਢੀਂਗ ਦੇ ਨਰ ਮਾਦਾ ਆਪਣਾ ਆਲ੍ਹਣਾ ਮਿਲ ਕੇ ਬਣਾਉਂਦੇ ਹਨ, ਜਿਸ ਵਿੱਚ ਦਰੱਖਤਾਂ ਦੀਆਂ ਪਤਲੀਆਂ ਛਿਟੀਆਂ ਦਾ ਇੱਕ ਪਲੈਟਫਾਰਮ ਹੁੰਦਾ ਹੈ ਜਿਸ ਵਿੱਚ ਬਾਰੀਕ ਪਤਲੀਆਂ ਟਾਹਣੀਆਂ, ਘਾਹ ਅਤੇ ਹਰੇ ਪੱਤੇ ਸ਼ਾਮਲ ਹੁੰਦੇ ਹਨ। ਇਹ ਇੱਕ ਕਟੋਰੇ ਦੇ ਆਕਾਰ ਵਰਗਾ ਹੁੰਦਾ ਹੈ। ਇਹ ਆਮ ਤੌਰ ’ਤੇ ਜ਼ਮੀਨ ਜਾਂ ਪਾਣੀ ਤੋਂ 10 ਤੋਂ 15 ਫੁੱਟ ਉੱਪਰ, ਇੱਕ ਵੱਡੇ ਦਰੱਖਤ ਦੀਆਂ ਸਿਖਰਲੀਆਂ ਟਾਹਣੀਆਂ ਉੱਤੇ ਟਿਕਾ ਕੇ ਰੱਖਿਆ ਜਾਂਦਾ ਹੈ। ਅਗਸਤ ਤੋਂ ਦਸੰਬਰ ਦੇ ਮਹੀਨੇ ਤੱਕ ਇਸ ਵਿੱਚ ਮਾਦਾ ਵੱਲੋਂ ਦੋ ਤੋਂ ਚਾਰ ਆਂਡੇ ਦਿੱਤੇ ਜਾਂਦੇ ਹਨ। ਆਂਡਿਆਂ ਨੂੰ ਨਰ ਤੇ ਮਾਦਾ ਵੱਲੋਂ ਲਗਭਗ 30 ਤੋਂ 31 ਦਿਨਾਂ ਵਿੱਚ ਪ੍ਰਫੁੱਲਤ ਕੀਤਾ ਜਾਂਦਾ ਹੈ। ਦੋਵਾਂ ਵੱਲੋਂ ਚੂਚਿਆਂ ਨੂੰ ਮਿਲ ਕੇ ਪਾਲਿਆ ਜਾਂਦਾ ਹੈ। ਉਹ ਲਗਭਗ 55 ਤੋਂ 65 ਦਿਨਾਂ ਦੀ ਉਮਰ ਵਿੱਚ ਉੱਡ ਕੇ ਨੇੜੇ ਦੇ ਦਰੱਖਤਾਂ ਤੱਕ ਜਾਣ ਦੇ ਯੋਗ ਹੋ ਜਾਂਦੇ ਹਨ। ਬੱਚੇ ਲਗਭਗ ਤਿੰਨ ਹਫ਼ਤਿਆਂ ਬਾਅਦ ਪੂਰੀ ਤਰ੍ਹਾਂ ਸੁਤੰਤਰ ਹੋ ਜਾਂਦੇ ਹਨ। ਇਸ ਤਰ੍ਹਾਂ ਢੀਂਗ ਪੰਛੀ ਇਕੱਲੇ ਆਪਣਾ ਆਲ੍ਹਣਾ ਬਣਾਉਂਦੇ ਹਨ ਅਤੇ ਦੋਵੇਂ ਸਾਥੀ ਸਾਰਾ ਸਾਲ ਇਕੱਠੇ ਰਹਿੰਦੇ ਹਨ।
ਉਹ ਆਲ੍ਹਣੇ ਵਿੱਚ ਬੈਠ ਕੇ ਆਪਣੀ ਧੌਣ ਨੂੰ ਇੱਕ ਪਾਸੇ ਸੁੱਟ ਕੇ ਚੂੰਜ ਨਾਲ ਕਟਰ-ਕਟਰ ਦੀਆਂ ਆਵਾਜ਼ਾਂ ਕੱਢਦੇ ਹਨ ਤੇ ਆਰਾਮ ਕਰਦੇ ਹਨ। ਬੇਸ਼ੱਕ ਢੀਂਗ ਨੂੰ ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਧੀਨ ਪੂਰੀ ਸੁਰੱਖਿਆ ਮਿਲੀ ਹੈ, ਪਰ ਅੱਜ ਇਨ੍ਹਾਂ ਦੇ ਨਿਵਾਸ ਸਥਾਨ ਨੂੰ ਮਨੁੱਖ ਤੋਂ ਵੱਡਾ ਖ਼ਤਰਾ ਹੈ। ਆਓ! ਇਨ੍ਹਾਂ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਈਏ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910