ਚੇਨੱਈ: ਦਿ ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ ਨੇ ਨਿਰਦੇਸ਼ਕ ਗਨਾਨਵਲ ਦੀ ਅਦਾਲਤੀ ਡਰਾਮਾ ਫਿਲਮ ‘ਜੈ ਭੀਮ’ ਦੀ ਵੀਡੀਓ ਆਪਣੇ ਯੂ-ਟਿਊਬ ਚੈਨਲ ’ਤੇ ਦਿਖਾਉਣ ਲਈ ਚੁਣੀ ਹੈ। ਬਾਰਾਂ ਮਿੰਟ ਸੰਤਾਲੀ ਸੈਕਿੰਡ ਦੀ ਵੀਡੀਓ ਕਲਿੱਪ ਫਿਲਮ ਦੇ ਸ਼ੁਰੂਆਤੀ ਸੀਨ ਤੋਂ ਸ਼ੁਰੂ ਹੁੰਦੀ ਹੈ। ਇਸ ਮਗਰੋਂ ਇਹ ਨਿਰਦੇਸ਼ਕ ਗਨਾਨਵੇਲ ਨੂੰ ਫਿਲਮ ਦੇ ਵਿਸ਼ੇ ਬਾਰੇ ਜਾਣਕਾਰੀ ਦਿੰਦਿਆਂ ਦਿਖਾਉਂਦੀ ਹੈ। ਵੀਡੀਓ ਫਿਲਮ ਦੇ ਮਹੱਤਵਪੂਰਨ ਭਾਗ ਨੂੰ ਦਿਖਾਉਂਦੀ ਹੈ। ਵੀਡੀਓ ਵਿੱਚ ਨਿਰਦੇਸ਼ਕ ਗਨਾਨਵਲ ਕਹਿੰਦਾ ਹੈ, ‘‘ਫਿਲਮ ਦੇ ਸ਼ੁਰੂਆਤੀ ਸੀਨ ਵਿੱਚ ਪੁਲੀਸ ਕਬਾਇਲੀ ਲੋਕਾਂ ਨੂੰ ਜਾਤ ਦੇ ਆਧਾਰ ’ਤੇ ਵੱਖਰਾ ਕਰਦੀ ਦਿਖਾਈ ਦਿੰਦੀ ਹੈ। ਤੁਸੀਂ ਇਸ ਨੂੰ ਫਿਲਮ ਦਾ ਵਿਸ਼ਾ ਕਹਿ ਸਕਦੇ ਹੋ। ਕਿੰਨੀ ਆਸਾਨੀ ਨਾਲ ਇੱਕ ਸ਼ਕਤੀਸ਼ਾਲੀ ਸਿਸਟਮ ਜਾਤ ਦੇ ਆਧਾਰ ’ਤੇ ਦੱਬੇ-ਕੁਚਲੇ ਲੋਕਾਂ ਨੂੰ ਆਦਤਨ ਅਪਰਾਧੀ ਬਣਾ ਸਕਦਾ ਹੈ। ਜਦੋਂ ਕੋਈ ਵਿਸ਼ੇਸ਼ ਅਧਿਕਾਰ ਵਾਲਾ ਵਿਅਕਤੀ ਮੁਸੀਬਤ ਵਿੱਚ ਹੁੰਦਾ ਹੈ ਤਾਂ ਸਾਰਾ ਭਾਈਚਾਰਾ ਉਸ ਲਈ ਲੜਦਾ ਹੈ, ਪਰ ਆਦਿਵਾਸੀਆਂ ਜਾਂ ਘੱਟ ਗਿਣਤੀਆਂ ਲਈ ਕੋਈ ਆਸ ਜਾਂ ਗੁਜਾਇੰਸ਼ ਨਹੀਂ। ਕਿਹਾ ਜਾਂਦਾ ਹੈ ਕਿ ਦੁਨੀਆ ਵਿੱਚ ਨਸਲਵਾਦ ਸਭ ਤੋਂ ਭੈੜਾ ਵਿਤਕਰਾ ਹੈ ਪਰ ਜਾਤੀਵਾਦ ਵਿੱਚ ਵਿਤਕਰੇ ਦੀਆਂ ਕਈ ਪਰਤਾਂ ਹਨ। ਪਰ ਜਾਤੀਵਾਦ ਪੀੜ੍ਹੀ ਦਰ ਪੀੜ੍ਹੀ ਹੈ।’’ -ਆਈਏਐੱਨਐੱਸ