ਜੈਪੁਰ/ਮੁੰਬਈ: ਅਦਾਕਾਰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਆਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ। ਦੋਹਾਂ ਦੇ ਵਿਆਹ ਦੇ ਜਸ਼ਨ ਪੂਰੇ ਜ਼ੋਰਾਂ ’ਤੇ ਚੱਲ ਰਹੇ ਹਨ। ਸੂਤਰਾਂ ਅਨੁਸਾਰ ਹਲਦੀ ਦੀ ਰਸਮ ਅਤੇ ਸੰਗੀਤ ਸਮਾਗਮ ਵਿੱਚ ਜੋੜੇ ਦੇ ਨਜ਼ਦੀਕੀ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਕੋਵਿਡ ਪ੍ਰੋਟੋਕੋਲ ਦੇ ਮੱਦੇਨਜ਼ਰ ਮੇਜ਼ਬਾਨ ਪਰਿਵਾਰ ਨੇ ਘੱਟ ਤੋਂ ਘੱਟ ਮਹਿਮਾਨਾਂ ਨੂੰ ਸੱਦਾ ਪੱਤਰ ਭੇਜੇ ਹਨ। ਬੀਤੀ ਰਾਤ ਕੈਟਰੀਨਾ ਦੇ ਹੱਥਾਂ ’ਤੇ ਮਹਿੰਦੀ ਲਾਈ ਗਈ। ਕੈਟਰੀਨਾ ਦੀਆਂ ਸਹੇਲੀਆਂ ਤੇ ਵਿੱਕੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਹੱਥਾਂ ’ਤੇ ਮਹਿੰਦੀ ਲਗਵਾਈ। ਮਹਿੰਦੀ ਦੀ ਰਸਮ ਲਈ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਸੋਜਤ ਸ਼ਹਿਰ ਤੋਂ ਲਗਪਗ 20 ਕਿਲੋ ‘ਆਰਗੈਨਿਕ ਮਹਿੰਦੀ’ ਪਾਊਡਰ ਅਤੇ 400 ਮਹਿੰਦੀ ਕੋਨ ਭੇਜੇ ਗਏ ਸਨ। ਕਰੀਬ ਇੱਕ ਘੰਟੇ ਤਕ ਚੱਲੀ ਮਹਿੰਦੀ ਦੀ ਰਸਮ ਮਗਰੋਂ ਗੀਤ-ਸੰਗੀਤ ਸ਼ੁਰੂ ਹੋਇਆ। ਹੁਣ ਤਕ ਲਗਪਗ 50 ਦੇ ਕਰੀਬ ਮਸ਼ਹੂਰ ਹਸਤੀਆਂ ਵਿਆਹ ਵਾਲੇ ਸਥਾਨ ਸਿਕਸ ਸੈਨਸਿਜ਼ ਫੋਰਟ ’ਚ ਪਹੁੰਚ ਚੁੱਕੀਆਂ ਹਨ ਅਤੇ ਬਾਕੀਆਂ ਦੇ ਵੀ ਜਲਦੀ ਪੁੱਜਣ ਦੀ ਉਮੀਦ ਹੈ। ਵਿੱਕੀ ਅਤੇ ਕੈਟਰੀਨਾ ਵਿਆਹ ਤੋਂ ਬਾਅਦ ਆਪਣੇ ਹਨੀਮੂਨ ਲਈ ਮਾਲਦੀਵ ਜਾਣਗੇ। ਦੋਹਾਂ ਦਾ ਫਿਲਮੀ ਕੰਮ ਬਾਕੀ ਹੋਣ ਕਰਕੇ ਜੋੜਾ ਤੁਰੰਤ ਮਾਲਦੀਵ ਨਹੀਂ ਜਾਵੇਗਾ। ਕੈਟਰੀਨਾ ਨੇ ਆਪਣੇ ਦੋ ਪ੍ਰਾਜੈਕਟ ਪੂਰੇ ਕਰਨੇ ਹਨ। ਸਲਮਾਨ ਖਾਨ ਨਾਲ ਫਿਲਮ ‘ਟਾਈਗਰ 3’ ਅਤੇ ਵਿਜੈ ਸੇਤੂਪਤੀ ਨਾਲ ਸ੍ਰੀਰਾਮ ਰਾਘਵਾਨ ਦੀ ਅਗਲੀ ਫਿਲਮ ਦੀ ਸ਼ੂਟਿੰਗ ਇਨ੍ਹਾਂ ਦੇ ਵਿਆਹ ਤੋਂ ਬਾਅਦ ਮੁੜ ਸ਼ੁਰੂ ਹੋਵੇਗੀ। ਵਿੱਕੀ ਕੋਲ ਵੀ ‘ਸੈਮ ਬਹਾਦਰ’, ‘ਗੋਵਿੰਦਾ ਨਾਮ ਮੇਰਾ’ ਅਤੇ ‘ਮਿਸਟਰ ਲੇਲੇ’ ਦਾ ਕੰਮ ਬਾਕੀ ਹੈ। ਜੋੜਾ ਜਲਦੀ ਹੀ ਮੁੰਬਈ ਦੇ ਤਾਜ ਹੋਟਲ ਵਿੱਚ ਆਪਣੇ ਦੋਸਤਾਂ ਲਈ ਸ਼ਾਨਦਾਰ ਪਾਰਟੀ ਦੀ ਮੇਜ਼ਬਾਨੀ ਕਰੇਗਾ। -ਆਈਏਐੱਨਐੱਸ
ਰੂੜੀਵਾਦ ਸੋਚ ਨੂੰ ਤੋੜਨ ਵਾਲੀਆਂ ਅਭਿਨੇਤਰੀਆਂ ਦੀ ਕੰਗਣਾ ਵੱਲੋਂ ਸ਼ਲਾਘਾ
ਮੁੰਬਈ: ਅਦਾਕਾਰਾ ਕੰਗਣਾ ਰਣੌਤ ਨੇ ਉਨ੍ਹਾਂ ‘ਅਮੀਰ ਅਤੇ ਸਫਲ’ ਬੌਲੀਵੁੱਡ ਅਭਿਨੇਤਰੀਆਂ ਦੀ ਸ਼ਲਾਘਾ ਕੀਤੀ ਜਿਹੜੀਆਂ ਆਪਣੇ ਤੋਂ ਘੱਟ ਉਮਰ ਦੇ ਕਲਾਕਾਰਾਂ ਨਾਲ ਵਿਆਹ ਕਰਵਾ ਕੇ ਰੂੜੀਵਾਦੀ ਸੋਚ ਤੋਂ ਉਪਰ ਉੱਠ ਰਹੀਆਂ ਹਨ। ਕੰਗਣਾ ਨੇ ਇਹ ਬਿਆਨ ਕੈਟਰੀਨਾ ਅਤੇ ਵਿੱਕੀ ਦੇ ਵਿਆਹ ਸਬੰਧੀ ਚੱਲ ਰਹੀ ਚਰਚਾ ਦਰਮਿਆਨ ਦਿੱਤਾ ਹੈ। ਉਸ ਨੇ ਆਖਿਆ, ‘‘ਅਮੀਰ, ਸਫਲ ਅਤੇ ਭਾਰਤੀ ਸਿਨੇ ਜਗਤ ਦੀਆਂ ਮੋਹਰੀ ਔਰਤਾਂ ਨੂੰ ਅਜਿਹੇ ਨਿਯਮ ਤੋੜਦਿਆਂ ਦੇਖ ਕੇ ਚੰਗਾ ਲੱਗਾ। ਇਨ੍ਹਾਂ ਨੂੰ ਪਰਿਭਾਸ਼ਿਤ ਕਰਨ ਲਈ ਮਰਦਾਂ ਅਤੇ ਔਰਤਾਂ ਦੋਹਾਂ ਨੂੰ ਮੁਬਾਰਕਾਂ।’’ ਜ਼ਿਕਰਯੋਗ ਹੈ ਕਿ 38 ਸਾਲ ਦੀ ਕੈਟਰੀਨਾ ਕੈਫ, ਵਿੱਕੀ ਤੋਂ ਪੰਜ ਸਾਲ ਵੱਡੀ ਹੈ।