ਨੇਹਾ ਜਮਾਲ
ਪੰਜਾਬ ਦੇ ਸ਼ਹਿਰ ਮੁਹਾਲੀ ਦੀ ਨੁੱਕਰ ਵਿੱਚ ਵੱਸੇ ਪਿੰਡ ਮਨੌਲੀ ਦਾ ਜੰਮਪਲ ਪੰਜਾਬੀ ਗਾਇਕ, ਲੇਖਕ, ਅਦਾਕਾਰ ਹਰਿੰਦਰ ਹਰ ਮਨੌਲੀ ਵਾਲਾ ਪੰਜਾਬੀ ਮਾਂ-ਬੋਲੀ ਤੇ ਸੱਭਿਆਚਾਰ ਦੀ ਸੇਵਾ ਕਰਦਾ ਹੋਇਆ ਆਪਣਾ ਉੱਚਾ ਮੁਕਾਮ ਬਣਾ ਰਿਹਾ ਹੈ। ਪਿਤਾ ਅਮਰੀਕ ਸਿੰਘ ਬਾਗੜੀ ਤੇ ਮਾਤਾ ਮਨਜੀਤ ਕੌਰ ਦੇ ਘਰ ਜਨਮੇ ਹਰਿੰਦਰ ਹਰ ਨੂੰ ਅਕਸਰ ਪੰਜਾਬੀ ਮੇਲਿਆਂ, ਸਾਹਿਤਕ ਸਭਾਵਾਂ, ਲੋਕ ਸੰਘਰਸ਼ ਵਿੱਚ ਵਿਚਰਦਿਆਂ ਅਤੇ ਆਪਣੀ ਕਲਾ ਦਾ ਮੁਜ਼ਾਹਰਾ ਕਰਦਿਆਂ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੇਖਿਆ ਤੇ ਸੁਣਿਆ ਜਾ ਸਕਦਾ ਹੈ।
ਹਰਿੰਦਰ ਨੇ ਲਿਖਣਾ ਤੇ ਗਾਉਣਾ ਸਕੂਲ ਸਮੇਂ ਹੀ ਸ਼ੁਰੂ ਕਰ ਦਿੱਤਾ ਸੀ। ਗੁਰਦੁਆਰਾ ਸਾਹਿਬ ਹੁੰਦੇ ਕੀਰਤਨ ਤੋਂ ਉਹ ਸੰਗੀਤ ਵੱਲ ਆਕਰਸ਼ਿਤ ਹੋਇਆ ਤੇ ਸਕੂਲ ਦੀ ਸਟੇਜ ਤੋਂ ਗਾਉਣਾ ਸ਼ੁਰੂ ਕੀਤਾ। ਉਹ ਆਪਣੇ ਗੀਤਾਂ ਅਤੇ ਲਿਖਤਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਗੱਲ ਸ਼ਿੱਦਤ ਨਾਲ ਕਰਦਾ ਹੋਇਆ ਲਿਖਦਾ ਹੈ: ‘ਚੱਕ ਚਰਖਾ ਪਰ੍ਹਾਂ ਨੂੰ ਕਰ ਪੀੜ੍ਹੀ’, ‘ਤੂੰਬੀ ਯਮਲੇ ਜੱਟ ਬਣਾਈ ਏ’। ਧੀਆਂ ਦੀ ਗੱਲ ਕਰਦਾ ਉਹ ਲਿਖਦਾ ਹੈ: ‘ਕੂੰਜਾਂ ਦੀ ਡਾਰ ਵਿੱਚੋਂ, ਇੱਕ ਕੂੰਜ ਨੇ ਅੱਜ ਉੱਡ ਜਾਣਾ’। ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸ਼ਹੀਦਾਂ ਨੂੰ ਸਮਰਪਿਤ ਗੀਤ ‘ਭਗਤ ਸਿੰਘ ਜਿਹੇ ਯੋਧੇ’ ਉਸ ਦੀ ਸੋਚ ਨੂੰ ਉਜਾਗਰ ਕਰਦਾ ਹੈ। ਕਿਸਾਨੀ ਸੰਘਰਸ਼ ਦੌਰਾਨ ਉਹ ਪੰਜਾਬ ਤੋਂ ਇਲਾਵਾ ਦਿੱਲੀ ਵਿੱਚ ਸਿੰਘੂ ਬਾਰਡਰ, ਗਾਜ਼ੀਪੁਰ ਅਤੇ ਟਿਕਰੀ ਬਾਰਡਰਾਂ ’ਤੇ ਆਪਣੇ ਗੀਤਾਂ ‘ਆ ਹੋਸ਼ ਵਿੱਚ ਸਰਕਾਰੇ’, ‘ਚੱਲਿਆ ਪੰਜਾਬ ਸਾਰਾ ਦਿੱਲੀ ਵੱਲ ਨੂੰ’, ‘ਕਿਸਾਨੀ ਧਰਨਾ’ ਆਦਿ ਰਾਹੀਂ ਭਰਵੀਂ ਸ਼ਮੂਲੀਅਤ ਦਰਜ ਕਰਾਉਣ ਦੇ ਨਾਲ ਸੰਘਰਸ਼ੀਆਂ ਦੇ ਜੋਸ਼ ਨੂੰ ਹੋਰ ਬੁਲੰਦ ਕਰਦਾ ਰਿਹਾ।
ਪੰਜਾਬੀ ਸਾਹਿਤ ਸਭਾ ਮੁਹਾਲੀ ਨਾਲ ਜੁੜ ਕੇ ਉਹ ‘ਤੀਲ੍ਹਾ-ਤੀਲ੍ਹਾ ਜੋੜ ਕੇ’, ‘ਪਿੱਪਲ ਦੀ ਟਾਹਣੀ’, ‘ਮੰਜ਼ਿਲਾਂ ਹੀ ਮੰਜ਼ਿਲਾਂ’, ‘ਪੈਗ਼ਾਮ ਨਾਨਕ ਦਾ’ ਤੇ ਰਾਣੀ ਤੱਤ ਵਿੱਚੋਂ ‘ਕਿਸੇ ਦਾ ਪਿਆਰ ਪਾਵਣ ਨੂੰ’ ਵਰਗੀਆਂ ਸਾਹਿਤਕ ਰਚਨਾਵਾਂ ਦੀ ਪੇਸ਼ਕਾਰੀ ਆਪਣੀ ਆਵਾਜ਼ ਵਿੱਚ ਕਰਦਿਆਂ ਸਮਾਂ ਬੰਨ੍ਹਣ ਦਾ ਦਮ ਰੱਖਦਾ ਹੈ। ਅਦਾਕਾਰੀ ਦੇ ਖੇਤਰ ਵਿੱਚ ਉਹ ਕਾਫ਼ੀ ਲੰਮੇ ਸਮੇਂ ਤੋਂ ਸਰਘੀ ਕਲਾ ਕੇਂਦਰ ਮੁਹਾਲੀ ਨਾਲ ਜੁੜ ਕੇ ਨਾਟਕਕਾਰ ਸੰਜੀਵਨ ਸਿੰਘ ਨਾਲ ਪੰਜਾਬੀ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾ’, ‘ਦੇਸੀ’, ‘ਖੁਸਰੇ’, ‘ਬੁੱਤ ਜਾਗ ਪਿਆ’, ‘ਜਿਨ ਸੱਚ ਪੱਲੇ ਹੋਏ’ (ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ) ਵਿੱਚ ਆਪਣੀ ਭਰਵੀਂ ਹਾਜ਼ਰੀ ਲਵਾ ਚੁੱਕਾ ਹੈ। ਨੁੱਕੜ ਨਾਟਕ ‘ਸਫ਼ਾਈ’ ਤੋਂ ਇਲਾਵਾ ਗੁਰਨਾਮ ਸਿੰਘ ਬਿੰਦਰਾ ਦੀ ਅਗਵਾਈ ਵਾਲੇ ਪੀਪਲ ਮੰਚ ਮੁਹਾਲੀ ਵੱਲੋਂ ਸਮਾਜਿਕ ਬੁਰਾਈਆਂ ’ਤੇ ਚੋਟ ਕਰਦੇ ਨੁੱਕੜ ਨਾਟਕ ‘ਤਮਾਸ਼ਾ ਹਿੰਦੋਸਤਾਨ’ ਵਿੱਚ ਪਿੱਠਵਰਤੀ ਗਾਇਕੀ ਤੇ ਅਦਾਕਾਰੀ ਦੀ ਦੋਹਰੀ ਜ਼ਿੰਮੇਵਾਰੀ ਵੀ ਉਹ ਨਿਭਾਅ ਚੁੱਕਾ ਹੈ।
ਕੁਝ ਸਮਾਂ ਪਹਿਲਾਂ ਇੱਕ ਚੈਨਲ ਵੱਲੋਂ ਵੀ ਉਸ ਦੇ ਪੰਜਾਬੀ ਗੀਤ ਰਿਕਾਰਡ ਕੀਤੇ ਗਏ ਹਨ, ਜਿਨ੍ਹਾਂ ਵਿੱਚ ਉਸ ਨੇ ਆਪਣੇ ਲਿਖੇ ਗੀਤਾਂ ਤੋਂ ਇਲਾਵਾ ਗੀਤਕਾਰ ਜੱਗੀ ਮਨੌਲੀ ਵਾਲਾ, ਜੱਸਾ ਸੈਣੀ ਮਾਜਰਾ, ਰਤਨ ਬਾਬਕ ਵਾਲਾ, ਅਮਰ ਧੂੰਦੇ ਵਾਲਾ ਤੇ ਚਰਨ ਸਿੰਘ ਸਫ਼ਰੀ ਦੇ ਲਿਖੇ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਹੈ। ਪੰਜਾਬੀ ਦੋਗਾਣਾ ਗਾਇਕ ਅਵਤਾਰ ਤਾਰੀ ਨਾਲ ਸਟੇਜ ’ਤੇ ਸਾਥ ਦੇਣ ਦੇ ਨਾਲ-ਨਾਲ ਵਰਿੰਦਰ ਬਚਨ ਤੇ ਬਲਦੇਵ ਕਾਕੜੀ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖ ਕੇ ਉਹ ਸੰਗੀਤਕ ਖੇਤਰ ਵਿੱਚ ਪੁਖ਼ਤਾ ਕੰਮ ਕਰਨ ਲਈ ਕਾਰਜਸ਼ੀਲ ਹੈ।
ਹਰਿੰਦਰ ਹਰ ਕਹਿੰਦਾ ਹੈ ਕਿ ਕਲਾਕਾਰ ਤੇ ਲੇਖਕ ਦਾ ਫਰਜ਼ ਹੈ ਕਿ ਉਹ ਆਪਣੀਆਂ ਰਚਨਾਵਾਂ ਤੇ ਪੇਸ਼ਕਾਰੀਆਂ ਰਾਹੀਂ ਪੰਜਾਬੀ ਮਾਂ ਬੋਲੀ, ਸਾਡੇ ਇਤਿਹਾਸ ਦੀ ਸੇਵਾ ਕਰਨ ਦੇ ਨਾਲ ਹੀ ਆਪਣੇ ਲੋਕਾਂ ਦੀਆਂ ਔਕੜਾਂ, ਮੁਸ਼ਕਿਲਾਂ, ਹੱਕੀ ਸੰਘਰਸ਼ਾਂ ਦੀ ਬਾਤ ਵੀ ਜ਼ਰੂਰ ਪਾਵੇ। ਨਾਲ ਹੀ ਉਹ ਖ਼ਾਸਕਰ ਨੌਜਵਾਨੀ ਨੂੰ ਗੁੰਮਰਾਹ ਕਰਨ ਵਾਲੇ ਗੀਤਾਂ ਤੋਂ ਪਰਹੇਜ਼ ਕਰਦਾ ਹੋਇਆ, ਉਨ੍ਹਾਂ ਨੂੰ ਸਹੀ ਸੇਧ ਦੇਣ ਵਾਲੀਆਂ ਅਤੇ ਨਸ਼ੇ ਤੇ ਹੋਰ ਬੁਰਾਈਆਂ ਖ਼ਿਲਾਫ਼ ਪ੍ਰੇਰਨਾ ਦਿੰਦੀਆਂ ਕ੍ਰਿਤਾਂ ਰਾਹੀਂ ਚੰਗੇ ਸਮਾਜ ਦੀ ਉਸਾਰੀ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਯਤਨਸ਼ੀਲ ਹੈ।
ਸੰਪਰਕ: 95928-47086