ਮਨਦੀਪ ਸਿੰਘ ਸਿੱਧੂ
ਭਾਰਤੀ ਸਿਨਮਾ ਦੀ ਪਹਿਲੀ ਮਕਬੂਲ ਮਜ਼ਾਹੀਆ ਅਦਾਕਾਰਾ ਟੁਨਟੁਨ ਦਾ ਅਸਲ ਨਾਮ ਉਮਾ ਦੇਵੀ ਖੱਤਰੀ ਸੀ, ਟੁਨਟੁਨ ਉਸਦਾ ਫ਼ਿਲਮੀ ਨਾਮ ਸੀ ਜੋ ਮਾਰੂਫ਼ ਮੌਸੀਕਾਰ ਨੌਸ਼ਾਦ ਅਲੀ ਨੇ ਦਿੱਤਾ ਸੀ। ਭਾਰੀ-ਭਰਕਮ ਸਰੀਰ ਵਾਲੀ ਉਮਾ ਦੇਵੀ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਲਈ ਕਾਮਯਾਬੀ ਦੀ ਜ਼ਮਾਨਤ ਸਮਝੀ ਜਾਂਦੀ ਸੀ। ਉਹ ਕੇਵਲ ਮਖੌਲੀਆ ਅਦਾਕਾਰਾ ਨਹੀਂ ਸੀ ਬਲਕਿ ਸੁਰੀਲੀ ਗੁਲੂਕਾਰਾ ਵੀ ਸੀ। ਉਸ ਨੇ ਆਪਣੇ ਫ਼ਨੀ ਸਫ਼ਰ ਦਾ ਆਗ਼ਾਜ਼ ਮੁੱਖ ਗੁਲੂਕਾਰਾ ਵਜੋਂ ਕੀਤਾ ਸੀ ਅਤੇ ਬਾਅਦ ’ਚ ਮਖੌਲੀਆ ਅਦਾਕਾਰਾ ਵਜੋਂ ਭਰਪੂਰ ਸ਼ੋਹਰਤ ਪਾਈ।
ਟੁਨਟੁਨ ਉਰਫ਼ ਉਮਾ ਦੇਵੀ ਖੱਤਰੀ ਦੀ ਪੈਦਾਇਸ਼ 11 ਜੁਲਾਈ 1923 ਨੂੰ ਅਲੀਪੁਰ (ਦਿੱਲੀ)) ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਬਾਲ ਉਮਰੇ ਪਿਤਾ ਦੀ ਮੌਤ ਹੋ ਜਾਣ ਦੇ ਬਾਅਦ ਉਸ ਦੀ ਪਰਿਵਰਸ਼ ਉਸ ਦੇ ਚਾਚੇ ਨੇ ਕੀਤੀ। ਉਮਾ ਦਾ ਇਕ ਛੋਟਾ ਭਰਾ ਹਰੀ ਸੀ ਜੋ ਰਾਮਲੀਲਾ ਵਿਚ ਅਦਾਕਾਰੀ ਕਰ ਕੇ ਪੈਸਾ ਕਮਾਉਂਦਾ ਸੀ। ਫਿਰ ਉਸ ਦੀ ਵੀ ਮੌਤ ਹੋ ਗਈ। ਚਾਚੇ ਨੇ ਉਸ ਨੂੰ ਸਕੂਲ ਨਹੀਂ ਭੇਜਿਆ। ਲਿਹਾਜ਼ਾ ਉਸ ਨੇ ਖ਼ੁਦ ਹੀ ਅੱਖਰ ਗਿਆਨ ਪ੍ਰਾਪਤ ਕੀਤਾ। ਬਚਪਨ ਤੋਂ ਸੰਗੀਤ ਨਾਲ ਡੂੰਘੀ ਮੁਹੱਬਤ ਹੋਣ ਸਦਕਾ ਉਸ ਨੇ ਰੇਡੀਓ ਤੋਂ ਸੰਗੀਤਕ ਤਾਲੀਮ ਹਾਸਲ ਕੀਤੀ, ਪਰ ਉਸ ਦੇ ਚਾਚਾ ਉਸ ਦੇ ਇਸ ਸ਼ੌਕ ਨੂੰ ਨਾ-ਪਸੰਦ ਕਰਦੇ ਸਨ।
ਇਕ ਦਿਨ ਦਿੱਲੀ ਵਿਚ ਉਮਾ ਦੀ ਮੁਲਾਕਾਤ ਐਕਸਾਈਜ਼ ਵਿਭਾਗ ਦੇ ਡਾਇਰੈਕਟਰ ਅਖ਼ਤਰ ਆਬਾਸ ਕਾਜ਼ੀ ਨਾਲ ਹੋਈ, ਜਿਸਨੇ ਉਸ ਨੂੰ ਹੌਸਲਾ ਤੇ ਸਹਾਰਾ ਦਿੱਤਾ। ਇਸੇ ਦੌਰਾਨ ਮੁਲਕ ਦੀ ਤਕਸੀਮ ਹੋ ਗਈ ਅਤੇ ਅਖ਼ਤਰ ਆਬਾਸ ਕਾਜ਼ੀ ਲਾਹੌਰ ਚਲੇ ਗਏ। ਵਕਤ ਦੀ ਝੰਬੀ ਤੇ ਤੰਗ ਦਸਤੀ ਦਾ ਸ਼ਿਕਾਰ ਉਮਾ ਦੇਵੀ ਗਾਇਕਾ ਬਣਨ ਦਾ ਖ਼ਾਬ ਸੰਜੋਏ ਬੰਬਈ ਤੁਰ ਗਈ। ਇੱਥੇ ਉਸ ਨੂੰ ਹਿਦਾਇਤਕਾਰ ਨਿਤਿਨ ਬੋਸ ਦੇ ਸਹਾਇਕ ਜਵਾਦ ਹੁਸੈਨ ਨੇ ਮਦਦ ਦਿੱਤੀ। ਵੰਡ ਵਾਲੇ ਸਾਲ ਹੀ ਇਕ ਦਿਨ ਅਖ਼ਤਰ ਆਬਾਸ ਕਾਜ਼ੀ ਵੀ ਚਿੱਤ ਨਾ ਲੱਗਣ ਸਦਕਾ ਲਾਹੌਰ ਛੱਡ ਬੰਬੇ ਪਰਤ ਆਏ, ਇੱਥੇ ਉਮਾ ਤੇ ਆਬਾਸ ਕਾਜ਼ੀ ਨੇ ਵਿਆਹ ਕਰਵਾ ਲਿਆ।
1947 ਉਮਾ ਦੇਵੀ ਦੇ ਫ਼ਨੀ ਸਫ਼ਰ ਦਾ ਮੁਬਾਰਕ ਵਰ੍ਹਾ ਸਾਬਤ ਹੋਇਆ। ਇਸੇ ਸਾਲ ਜਦੋਂ ਅਬਦੁਲ ਰਸ਼ੀਦ ਕਾਰਦਾਰ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਾਰਦਾਰ ਪ੍ਰੋਡਕਸ਼ਨਜ਼, ਬੰਬਈ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਹਿੰਦੀ ਫ਼ਿਲਮ ‘ਦਰਦ’ (1947) ਬਣਾਈ ਤਾਂ ਉਮਾ ਦੇਵੀ ਨੂੰ ਗੁਲੂਕਾਰਾ ਸ਼ਮਸ਼ਾਦ ਬੇਗ਼ਮ ਤੇ ਸੁਰੱਈਆ ਨਾਲ ਤੀਜੀ ਮੁੱਖ ਗੁਲੂਕਾਰਾ ਵਜੋਂ ਪੇਸ਼ ਕੀਤਾ। ਫ਼ਿਲਮ ’ਚ ਲਾਹੌਰ ਦੀਆਂ ਦੋ ਪੰਜਾਬਣ ਮੁਟਿਆਰਾਂ ਸੁਰੱਈਆ ਤੇ ਮੁਨੱਵਰ ਸੁਲਤਾਨਾ ਅਦਾਕਾਰੀ ਕਰ ਰਹੀਆਂ ਸਨ, ਜਿਨ੍ਹਾਂ ਦੇ ਰੂਬਰੂ ਨੁਸਰਤ ਕਾਰਦਾਰ (ਭਰਾ ਏ. ਆਰ. ਕਾਰਦਾਰ) ਹੀਰੋ ਦਾ ਕਿਰਦਾਰ ਨਿਭਾ ਰਿਹਾ ਸੀ। ਨੌਸ਼ਾਦ ਅਲੀ ਦੇ ਸੰਗੀਤ ਵਿਚ ਸ਼ਕੀਲ ਬਦਾਯੂੰਨੀ ਦੇ ਲਿਖੇ ਫ਼ਿਲਮ ਦੇ 10 ਗੀਤਾਂ ’ਚੋਂ ਤਿੰਨ ਏਕਲ ਗੀਤ ਤੇ ਇਕ ਦੋਗਾਣਾ ਗੀਤ ਉਮਾ ਦੇਵੀ ਦੇ ਹਿੱਸੇ ਆਇਆ। ਮੁਨੱਵਰ ਸੁਲਤਾਨਾ ’ਤੇ ਫ਼ਿਲਮਾਏ ਇਹ ਗੀਤ ‘ਆਜ ਮਚੀ ਹੈ ਧੁਮ’, ‘ਯੇ ਕੌਨ ਚਲਾ’, ‘ਬੇਤਾਬ ਹੈ ਦਿਲ’ (ਨਾਲ ਸੁਰੱਈਆ), ਪਰ ਫ਼ਿਲਮ ਦੇ ਇਕ ਗੀਤ ‘ਅਫ਼ਸਾਨਾ ਲਿਖ ਰਹੀ ਹੂੰ ਦਿਲੇ ਬੇਕਰਾਰ ਕਾ ਆਖੋਂ ਮੈਂ ਰੰਗ ਭਰ ਕੇ ਤੇਰੇ ਇੰਤਜ਼ਾਰ ਕਾ’ ਨੇ ਹੱਦ ਦਰਜਾ ਮਕਬੂਲੀਅਤ ਹਾਸਲ ਕੀਤੀ ਅਤੇ ਉਮਾ ਦੇਵੀ ਸਫਲਤਾ ਦੇ ਸਿਖਰ ’ਤੇ ਪਹੁੰਚ ਗਈ। ਇਹ ਗੀਤ ਉਮਾ ਦੀ ਮਖ਼ਸੂਸ ਪਛਾਣ ਬਣ ਗਿਆ। ਕਾਰਦਾਰ ਪ੍ਰੋਡਕਸ਼ਨਜ਼ ਦੀ ਐੱਸ. ਯੂ. ਸਨੀ ਨਿਰਦੇਸ਼ਿਤ ਫ਼ਿਲਮ ‘ਨਾਟਕ’ (1947) ’ਚ ਉਮਾ ਦੇਵੀ ਨੇ ਨੌਸ਼ਾਦ ਅਲੀ ਦੇ ਸੰਗੀਤ ਵਿਚ ਖ਼ੁਮਾਰ ਬਾਰਾਬੰਕਵੀ ਦਾ ਲਿਖਿਆ ਸਿਰਫ਼ ਇਕ ਗੀਤ ਗਾਇਆ ‘ਦਿਲ ਵਾਲੇ ਜਲ-ਜਲ ਕਰ ਹੀ ਮਰ ਜਾਨਾ’ ਜੋ ਖ਼ੂਬ ਚੱਲਿਆ। ਸਨੀ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਐੱਸ. ਯੂ. ਸਨੀ ਨਿਰਦੇਸ਼ਿਤ ਫ਼ਿਲਮ ‘ਬਾਬੁਲ’ (1950) ਵਿਚ ਸੰਗੀਤਕਾਰ ਨੌਸ਼ਾਦ ਅਲੀ ਨੇ ਉਮਾ ਦੇਵੀ ਦਾ ਨਾਮ ‘ਟੁਨਟੁਨ’ ਰੱਖਿਆ ਜੋ ਉਸ ਦੇ ਫ਼ਿਲਮ ਸਫ਼ਰ ਦੀ ਖ਼ਾਸ ਪਛਾਣ ਬਣਿਆ। ਹਿੰਦੀ ਫ਼ਿਲਮਾਂ ਵਿਚ 40-50 ਗੀਤ ਗਾਉਣ ਤੋਂ ਬਾਅਦ ਉਮਾ ਦੇਵੀ ਦਾ ਸੰਗੀਤਕ ਸਫ਼ਰ ਖ਼ਤਮ ਹੋ ਗਿਆ ਅਤੇ ਫ਼ਿਲਮ ‘ਬਾਬੁਲ’ ਤੋਂ ਬਾਅਦ ਉਹ ਟੁਨਟੁਨ ਦੇ ਨਾਮ ਨਾਲ ਮਜ਼ਾਹੀਆ ਅਦਾਕਾਰਾ ਵਜੋਂ ਛਾ ਗਈ।
ਜਦੋਂ ਹਰਚਰਨ ਸਿੰਘ ਕਵਾਤੜਾ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਵਾਤੜਾ ਫ਼ਿਲਮਜ਼, ਬੰਬੇ ਦੀ ਸ਼ਾਂਤੀ ਪ੍ਰਕਾਸ਼ ਬਖ਼ਸ਼ੀ ਨਿਰਦੇਸ਼ਿਤ ਦੂਜੀ ਪੰਜਾਬੀ ਫ਼ਿਲਮ ‘ਕੌਡੇ ਸ਼ਾਹ’ (1953) ਬਣਾਈ ਤਾਂ ਟੁਨਟੁਨ ਉਰਫ਼ ਉਮਾ ਦੇਵੀ ਨੂੰ ਮਜ਼ਾਹੀਆ ਅਦਾਕਾਰੀ ਕਰਨ ਦਾ ਮੌਕਾ ਦਿੱਤਾ। ਟੁਨਟੁਨ ਨੇ ਇਸ ਫ਼ਿਲਮ ਵਿਚ ‘ਅਨਾਰਕਲੀ’ ਦਾ ਪਾਰਟ ਅਦਾ ਕੀਤਾ। ਸਰਦੂਲ ਕਵਾਤੜਾ ਦੇ ਦਿਲਕਸ਼ ਸੰਗੀਤ ਵਿਚ ਵਰਮਾ ਮਲਿਕ ਦਾ ਲਿਖਿਆ ‘ਅੱਜ ਸੋਹਣੇ ਕੱਪੜੇ ਤੇ ਚੁੰਨੀ ਵੀ ਬਰੀਕ ਏ’ (ਸ਼ਮਸ਼ਾਦ ਬੇਗ਼ਮ) ਸ਼ਿਆਮਾ, ਰਜਨੀ ਤੇ ਟੁਨਟੁਨ ’ਤੇ ਫ਼ਿਲਮਾਇਆ ਗਿਆ ਹਿੱਟ ਗੀਤ ਸੀ। ਉਸਦੀ ਦੂਜੀ ਪੰਜਾਬੀ ਫ਼ਿਲਮ ਈਸਟ ਐਂਡ ਵੈਸਟ ਮੂਵੀਜ਼, ਬੰਬੇ ਦੀ ਮਜਨੂੰ ਉਰਫ਼ ਹੈਰੋਲਡ ਲੂਈਸ ਨਿਰਦੇਸ਼ਿਤ ‘ਪੱਗੜੀ ਸੰਭਾਲ ਜੱਟਾ’ (1960) ਸੀ। ਫ਼ਿਲਮ ’ਚ ਟੁਨਟੁਨ, ਖਰੈਤੀ ਭੈਂਗਾ, ਗੋਪਾਲ ਸਹਿਗਲ ਤੇ ਮਜਨੂੰ ਨੇ ਖ਼ੂਬ ਮਜ਼ਾਹ ਪੈਦਾ ਕੀਤਾ। ਏ. ਐੱਸ. ਫ਼ਿਲਮਜ਼, ਬੰਬੇ ਦੀ ਏ. ਐੱਸ. ਅਰੋੜਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਯਮਲਾ ਜੱਟ’ (1960) ’ਚ ਇਕ ਵਾਰ ਫੇਰ ਟੁਨਟੁਨ ਆਪਣੇ ਮਜ਼ਾਹੀਆ ਫ਼ਨ ਦੀ ਪੇਸ਼ਕਾਰੀ ਕਰ ਰਹੀ ਸੀ। ਵਿਸ਼ਵ ਵਿਜੈ ਮੰਦਰ, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਗੁੱਡੀ’ (1961) ’ਚ ਹੰਸਰਾਜ ਬਹਿਲ ਦੇ ਸੰਗੀਤ ’ਚ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇਕ ਭੰਗੜਾ ਗੀਤ ‘ਲੱਕ ਪਤਲਾ ਤੇ ਗਾਗਰ ਭਾਰੀ’ (ਸ਼ਮਸ਼ਾਦ ਬੇਗ਼ਮ, ਮੁਹੰਮਦ ਰਫ਼ੀ) ਨਿਸ਼ੀ, ਟੁਨਟੁਨ, ਹਰਬੰਸ ਭਾਪੇ ਤੇ ਸੋਹਨ ਲਾਲ ਖੰਨਾ ’ਤੇ ਫ਼ਿਲਮਾਇਆ ਗਿਆ ਸੀ। ਐੱਮ. ਵੀ. ਪੀ. ਫ਼ਿਲਮਲੈਂਡ, ਬੰਬੇ ਦੀ ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਫ਼ਿਲਮ ‘ਜੀਜਾ ਜੀ’ (1961) ’ਚ ਉਸਦੇ ਸਨਮੁੱਖ ਮਜ਼ਾਹੀਆ ਅਦਾਕਾਰ ਸੁੰਦਰ ਸਨ। ਸੰਗੀਤਕਾਰ ਐੱਸ. ਮੋਹਿੰਦਰ ਦੇ ਫ਼ਿਲਮਸਾਜ਼ ਅਦਾਰੇ ਪਿਓਨੀ ਆਰਟਸ ਪ੍ਰੋਡਕਸ਼ਨਜ਼, ਬੰਬੇ ਦੀ ਐੱਸ. ਪੀ. ਬਖ਼ਸ਼ੀ ਨਿਰਦੇਸ਼ਿਤ ਫ਼ਿਲਮ ‘ਪਰਦੇਸੀ ਢੋਲਾ’ (1962) ’ਚ ਟੁਨਟੁਨ, ਜੀਵਨ ਤੇ ਖਰੈਤੀ ਭੈਂਗੇ ਮਜ਼ਾਹੀਆ ਅਦਾਕਾਰੀ ਦੀ ਸੋਹਣੀ ਪੇਸ਼ਕਾਰੀ ਕੀਤੀ। ਸੀ. ਐੱਲ. ਫ਼ਿਲਮਜ਼, ਬੰਬੇ ਦੀ ਐੱਸ. ਨਿਰੰਜਨ ਨਿਰਦੇਸ਼ਿਤ ਫ਼ਿਲਮ ‘ਲਾਡੋ ਰਾਣੀ’ (1963) ਵਿਚ ਟੁਨਟੁਨ ਨੇ ‘ਭਾਗੋ’ ਦਾ ਕਿਰਦਾਰ ਨਿਭਾਇਆ। ਸ਼ੰਕਰ ਮੂਵੀਜ਼, ਬੰਬੇ ਦੀ ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਫ਼ਿਲਮ ‘ਪਿੰਡ ਦੀ ਕੁੜੀ’ (1963) ’ਚ ਉਸਨੇ ‘ਮੋਟੋ’ ਦਾ ਕਿਰਦਾਰ ਨਿਭਾਇਆ। ਹੰਸਰਾਜ ਬਹਿਲ ਦੇ ਸੰਗੀਤ ’ਚ ਵਰਮਾ ਮਲਿਕ ਦਾ ਲਿਖਿਆ ਇਕ ਪੈਰੋਡੀ ਗੀਤ ‘ਦੁਹਾਈ ਓ ਦੁਹਾਈ’ (ਸ਼ਮਸ਼ਾਦ ਬੇਗ਼ਮ, ਮੀਨੂੰ ਪ੍ਰਸ਼ੋਤਮ) ਟੁਨਟੁਨ ਤੇ ਨਿਸ਼ੀ ’ਤੇ ਫ਼ਿਲਮਾਇਆ ਗਿਆ ਸੀ। ਸ਼ੋਭਾ ਪਿਕਚਰਜ਼, ਬੰਬੇ ਦੀ ਬੀ. ਸੀ. ਬੇਕਲ ਨਿਰਦੇਸ਼ਿਤ ਫ਼ਿਲਮ ‘ਕਿੱਕਲੀ’ (1964) ’ਚ ਟੁਨਟੁਨ ਨੇ ‘ਛੁਣਛੁਣ’ ਦਾ ਰੋਲ ਕੀਤਾ। ਸ਼ੰਕਰ ਮੂਵੀਜ਼, ਬੰਬੇ ਦੀ ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਫ਼ਿਲਮ ‘ਮੈਂ ਜੱਟੀ ਪੰਜਾਬ ਦੀ’ (1964) ’ਚ ਉਸਨੇ ‘ਤਾਰੋ’ ਦਾ ਮਖੌਲੀਆ ਪਾਰਟ ਜਿਸਦੇ ਸਨਮੁੱਖ ਮਾਰੂਤੀ (ਪਿਓ ਗੁੱਡੀ ਮਾਰੂਤੀ) ‘ਲਾਟੂ’ ਦਾ ਪਾਰਟ ਕਰ ਰਿਹਾ ਸੀ। ਹੁਸਨਲਾਲ-ਭਗਤਰਾਮ ਦੇ ਸੰਗੀਤ ’ਚ ਵਰਮਾ ਮਲਿਕ ਦਾ ਲਿਖਿਆ ਇਕ ਪੈਰੋਡੀ ਗੀਤ ‘ਹਾਏ ਨੀਂ ਹਾਲ ਪਾਰਿਆ’ (ਸ਼ਮਸ਼ਾਦ, ਐੱਸ. ਬਲਬੀਰ, ਮਹਿੰਦਰ ਕਪੂਰ) ਟੁਨਟੁਨ, ਖਰੈਤੀ ਤੇ ਮਾਰੂਤੀ ’ਤੇ ਫ਼ਿਲਮਾਇਆ ਗਿਆ ਸੀ। ਸ਼ੇਰੇ ਪੰਜਾਬ ਫ਼ਿਲਮਜ਼, ਬੰਬੇ ਦੀ ਬੀ. ਆਰ. ਝੀਂਗਣ ਨਿਰਦੇਸ਼ਿਤ ਫ਼ਿਲਮ ‘ਸੱਪਣੀ’ (1965) ’ਚ ਟੁਨਟੁਨ ਨੇ ‘ਮੁੰਨੀ’ ਦਾ ਕਿਰਦਾਰ ਤੇ ਖਰੈਤੀ ‘ਸ਼ਾਹ ਜੀ’ ਦਾ ਪਾਰਟ ਨਿਭਾ ਰਿਹਾ ਸੀ। ਟੁਨਟੁਨ, ਖਰੈਤੀ ਤੇ ਕੰਵਲਨੈਣ ਮਿਸ਼ਰਾ ’ਤੇ ਫ਼ਿਲਮਾਇਆ ਮਜ਼ਾਹੀਆ ਗੀਤ ‘ਸੁਣ ਭੈਂਗਿਆ ਵੇ ਬੜੇ ਮਹਿੰਗਿਆ ਵੇ’ (ਸ਼ਮਸ਼ਾਦ, ਰਫ਼ੀ, ਸੁਰਿੰਦਰ ਕੋਹਲੀ) ਵੀ ਬੜਾ ਪਸੰਦ ਕੀਤਾ ਗਿਆ। ਸ਼ੰਕਰ ਮੂਵੀਜ਼ ਦੀ ਝੀਂਗਣ ਨਿਰਦੇਸ਼ਿਤ ਫ਼ਿਲਮ ‘ਦੁੱਲਾ ਭੱਟੀ’ (1966) ’ਚ ਵੀ ਟੁਨਟੁਨ ਤੇ ਖਰੈਤੀ ਭੈਂਗਾ ਦੀ ਜੋੜੀ ਸੀ। ਗਣੇਸ਼ ਮੂਵੀਜ਼, ਬੰਬੇ ਦੀ ਖ਼ਾਵਰ ਜ਼ਮਾਨ ਨਿਰਦੇਸ਼ਿਤ ਫ਼ਿਲਮ ‘ਪਰਦੇਸਣ’ (1969) ’ਚ ਵੀ ਟੁਨਟੁਨ ਨੇ ਵਧੀਆ ਰੋਲ ਕੀਤਾ।
70 ਦੇ ਦਹਾਕੇ ’ਚ ਟੁਨਟੁਨ ਨੇ ਰੂਪ ਕਿਰਨ ਪਿਕਚਰਜ਼, ਬੰਬੇ ਦੀ ‘ਮੇਲੇ ਮਿੱਤਰਾਂ ਦੇ’ (1972), ਐੱਮ. ਐੱਮ. ਫ਼ਿਲਮਜ਼ ਪ੍ਰਾਈਵੇਟ ਲਿਮਟਿਡ, ਬੰਬੇ ਦੀ ‘ਮਾਂ ਦਾ ਲਾਡਲਾ’ (1973)। ਫ਼ਿਲਮ ਨਗਰ, ਬੰਬੇ ਦੀ ਫ਼ਿਲਮ ‘ਸ਼ੇਰਨੀ’ (1973) ’ਚ ਟੁਨਟੁਨ, ਸੁੰਦਰ, ਗੋਪਾਲ ਸਹਿਗਲ ਤੇ ਮਿਹਰ ਮਿੱਤਲ ’ਤੇ ਇਕ ਮਜ਼ਾਹੀਆ ਗੀਤ ‘ਸਾਡੇ ਵਿਆਹ ਦੀ ਢੋਲਕੀ ਕਦੋਂ ਵੱਜਣੀ’ (ਮਹਿੰਦਰ ਕਪੂਰ, ਐੱਸ. ਬਲਬੀਰ, ਮੀਨੂੰ ਪ੍ਰਸ਼ੋਤਮ) ਫ਼ਿਲਮਾਇਆ ਗਿਆ। ਫ਼ਿਲਮ ‘ਦੋ ਸ਼ੇਰ’ (1973), ‘ਡਾਕੂ ਸ਼ਮਸ਼ੇਰ ਸਿੰਘ’, ‘ਧਰਮ ਜੀਤ’, ‘ਮੋਰਨੀ’ (1975), ‘ਜੈ ਮਾਤਾ ਦੀ’, ‘ਲੱਛੀ’, ‘ਸੰਤੋ-ਬੰਤੋ’ (1977)। ‘ਪ੍ਰੇਮੀ ਗੰਗਾਰਾਮ’ (1977) ’ਚ ਟੁਨਟੁਨ ਤੇ ਮਿਹਰ ਮਿੱਤਲ ਦੀ ਜੋੜੀ ਸੀ। ਦੋਵਾਂ ’ਤੇ ਫ਼ਿਲਮਾਇਆ ਕਾਮੇਡੀ ਗੀਤ ‘ਨੀਂ ਕੁੰਡਾ ਖੋਲ੍ਹ ਮੇਰੀ ਮੋਟੋ ਲੰਮੀ ਬਾਂਹ ਕਰਕੇ’ (ਓਮੀ, ਟੁਨਟੁਨ) ਫ਼ਿਲਮਾਇਆ ਗਿਆ। 80 ਦੇ ਦਹਾਕੇ ’ਚ ਟੁਨਟੁਨ ਨੇ ‘ਗੋਰੀ ਦੀਆਂ ਝਾਂਜਰਾਂ’ (1980), ‘ਦੋ ਪੋਸਤੀ’ (1981) ’ਚ ਅਦਾਕਾਰੀ ਕੀਤੀ। 90 ਦੇ ਦਹਾਕੇ ਵਿਚ ਉਸ ਦੀਆਂ ਆਖ਼ਰੀ ਹਿੰਦੀ ਫ਼ਿਲਮਾਂ ਸਨ ‘ਕਸਮ ਧੰਦੇ ਕੀ’, ‘ਮਾਂ ਕਸਮ ਬਦਲਾ ਲੂੰਗਾ’ (1990)।
90 ਦੇ ਦਹਾਕੇ ਵਿਚ ਪਤੀ ਕਾਜ਼ੀ ਸਾਹਬ ਵੀ ਫ਼ੌਤ ਹੋ ਗਏ, ਪਰ ਓਦੋਂ ਤਕ ਉਮਾ ਦੀਆਂ ਦੋ ਧੀਆਂ ਅਤੇ ਦੋ ਪੁੱਤਰ ਆਪਣੇ ਪਰਿਵਾਰਕ ਫਰਜ਼ ਨਿਭਾ ਰਹੇ ਸਨ। ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮੁਕਤ ਅਤੇ ਆਪਣੀ ਗਾਇਕੀ ਦੇ ਸੁਨਹਿਰੀ ਦੌਰ ਨੂੰ ਯਾਦ ਕਰਦੀ ਹੋਈ ਇਹ ਮਕਬੂਲ ਗੁਲੂਕਾਰਾ ਅਤੇ ਮਜ਼ਾਹੀਆ ਅਦਾਕਾਰਾ 24 ਨਵੰਬਰ 2003 ਨੂੰ ਲੰਬੀ ਬਿਮਾਰੀ ਦੇ ਬਾਅਦ 80 ਸਾਲਾਂ ਦੀ ਉਮਰ ’ਚ ਮੁੰਬਈ ਵਿਚ ਵਫ਼ਾਤ ਪਾ ਗਈ।
ਸੰਪਰਕ: 97805-09545