ਸਤਵਿੰਦਰ ਸਿੰਘ ਅਰਾਈਆਂਵਾਲਾ
ਜ਼ਿੰਦਗੀ ਤੋਂ ਅੱਕੇ ਹੋ, ਨਿਰਾਸ਼ ਹੋ ਤਾਂ ਸਫ਼ਰ ਲਈ ਨਿਕਲ ਜਾਵੋ, ਜ਼ਿੰਦਗੀ ਤਾਜ਼ਾ ਲੱਗਣ ਲੱਗ ਜਾਵੇਗੀ। ਕੰਕਰੀਟਾਂ ਦੀਆਂ ਇਮਾਰਤਾਂ ’ਚ ਜ਼ਿੰਦਗੀ ਮਾਣੀ ਘੱਟ, ਕੱਟੀ ਜ਼ਿਆਦਾ ਜਾ ਰਹੀ ਹੈ। ਕੰਕਰੀਟ ਮਜ਼ਬੂਤੀ ਜ਼ਰੂਰ ਦੇ ਸਕਦੇ ਹਨ, ਪਰ ਖ਼ੁਸ਼ੀ ਨਹੀਂ ਦੇ ਸਕਦੇ। ਖ਼ੁਸ਼ੀ ਵੰਡਣਾ ਕੁਦਰਤ ਦੇ ਹਿੱਸੇ ਆਇਆ ਹੈ। ਇਸੇ ਕਰਕੇ ਹੀ ਸਦੀਆਂ ਤੋਂ ਹੀ ਜਦੋਂ ਲੋਕ ਨਿਰਾਸ਼ ਹੁੰਦੇ ਸਨ ਤਾਂ ਉਹ ਜੰਗਲਾਂ ਵੱਲ ਤੁਰ ਜਾਂਦੇ ਸਨ।
ਕੁਦਰਤ ਮਨੁੱਖ ਤੋਂ ਬਿਨਾਂ ਇਕੱਲੀ ਹੁੰਦੀ ਹੋਈ ਵੀ, ਬਹੁਤ ਭਰੀ ਹੋਈ ਹੈ, ਮਨੁੱਖ, ਮਨੁੱਖਾਂ ਵਿਚ ਘਿਰਿਆ ਹੋਇਆ ਵੀ ਇਕੱਲਾ ਹੀ ਹੈ। ਸਫ਼ਰ ਮਨੁੱਖ ਦੀ ਇਸ ਇਕੱਲਤਾ ਨੂੰ ਭਰਦਾ ਹੈ। ਸਫ਼ਰ ਕਰਦਿਆਂ ਨਵੇਂ ਰਿਸ਼ਤੇ ਬਣਦੇ ਹਨ। ਰੁੱਖਾਂ ਨਾਲ, ਮਨੁੱਖਾਂ ਨਾਲ, ਰਾਹਾਂ ਨਾਲ ਅਤੇ ਆਪਣੇ ਆਪ ਨਾਲ ਸਾਂਝ ਬਣਦੀ ਹੈ। ਸਫ਼ਰ ਕਰਦਿਆਂ ਵਿਅਕਤੀ ਕਦੇ ਵੀ ਇਕੱਲਾ ਨਹੀਂ ਹੋ ਸਕਦਾ, ਉਸ ਦਾ ਸਾਥ ਦੇਣ ਲਈ ਕੁਦਰਤ ਦਾ ਕੋਈ ਨਾ ਕੋਈ ਅੰਸ਼ ਜ਼ਰੂਰ ਹਾਜ਼ਰ ਹੋਵੇਗਾ। ਰਸਤੇ ਨਾ ਤਾਂ ਸ਼ੁਰੂ ਹੁੰਦੇ ਹਨ, ਨਾ ਹੀ ਖ਼ਤਮ ਹੁੰਦੇ ਹਨ, ਇਹ ਨਿਰੰਤਰ ਤੁਰਦੇ ਰਹਿੰਦੇ ਹਨ। ਇਨ੍ਹਾਂ ਰਸਤਿਆਂ ’ਤੇ ਤੁਰਦੇ ਮਨੁੱਖ ਵਿਚ ਵੀ ਰਵਾਨਗੀ ਆ ਜਾਂਦੀ ਹੈ।
ਸਫ਼ਰ ਹਰ ਪਲ ਇਕ ਨਵੀਂ ਕਹਾਣੀ ਸਿਰਜਦਾ ਹੈ, ਰਾਹੀ ਹਰ ਛਿਣ ਇਕ ਨਵੀਂ ਕਹਾਣੀ ਸੁਣਦਾ ਹੈ। ਸਫ਼ਰ ਦੌਰਾਨ ਮਿਲਦੇ ਲੋਕ ਆਪਣੀ ਕਹਾਣੀ ਬਿਆਨਦੇ ਹਨ ਜੋ ਮਨੁੱਖ ਦੀਆਂ ਹਸੀਨ ਯਾਦਾਂ ਹੋ ਨਿੱਬੜਦੀਆਂ ਹਨ। ਜੋ ਸਫ਼ਰ ਨਹੀਂ ਕਰਦੇ, ਉਨ੍ਹਾਂ ਵਿਚ ਅਕਾਊਪੁਣਾ, ਨਿਰਾਸ਼ਤਾ ਅਤੇ ਢਹਿੰਦੀ ਕਲਾ ਜ਼ਿਆਦਾ ਹੋਵੇਗੀ। ਉਹ ਰਾਹਾਂ ਤੋਂ ਡਰਦੇ ਪ੍ਰਤੀਤ ਹੋਣਗੇ। ਉਨ੍ਹਾਂ ਕੋਲ ਬਹਾਦਰੀ ਦੀਆਂ ਨਹੀਂ, ਬਲਕਿ ਦੁੱਖਾਂ ਦੀਆਂ ਗੱਲਾਂ ਜ਼ਿਆਦਾ ਹੋਣਗੀਆਂ। ਇਹ ਵਿਅਕਤੀ ਖੜ੍ਹੇ ਪਾਣੀ ਵਾਂਗ ਹੁੰਦੇ ਹਨ, ਜੋ ਆਪਣੇ ਕੋਲ ਆਉਣ ਵਾਲਿਆਂ ਨੂੰ ਵੀ ਬੇਹਾਪਣ ਪ੍ਰਦਾਨ ਕਰਦੇ ਹਨ। ਘਰ ਬੈਠੇ ਬਜ਼ੁਰਗ ਵਿਅਕਤੀ ਨਾਲੋਂ ਸਫ਼ਰ ਕਰਕੇ ਆਏ ਬੱਚੇ ਨੂੰ ਜ਼ਿਆਦਾ ਗਿਆਨ ਹੁੰਦਾ ਹੈ।
ਜੋ ਸਫ਼ਰ ਕਰਦੇ ਹਨ, ਉਹ ਕਦੇ ਖੁਦਕੁਸ਼ੀ ਨਹੀਂ ਕਰਦੇ, ਸਗੋਂ ਉਹ ਹੋਰਾਂ ਨੂੰ ਜ਼ਿੰਦਗੀ ਜਿਉਣਾ ਸਿਖਾਉਂਦੇ ਹਨ। ਉਨ੍ਹਾਂ ਨੂੰ ਜ਼ਿੰਦਗੀ ਦੀ ਅਹਿਮੀਅਤ ਦਾ ਅੰਦਾਜ਼ਾ ਲੱਗ ਜਾਂਦਾ ਹੈ, ਉਹ ਜ਼ਿੰਦਗੀ ਦੇ ਹਰ ਪਲ ਨੂੰ ਮਾਣਦੇ ਹਨ, ਨਿੱਕੀ ਨਿੱਕੀ ਚੀਜ਼ ’ਚੋਂ ਖ਼ੁਸ਼ੀ ਭਾਲਦੇ ਹਨ। ਜ਼ਿੰਦਗੀ ਦਾ ਹਰ ਦਿਨ ਉਨ੍ਹਾਂ ਲਈ ਤਿਓਹਾਰ ਵਰਗਾ ਹੁੰਦਾ ਹੈ।
ਇਕ ਮਹਾਤਮਾ ਜੰਗਲ ਵਿਚ ਧਿਆਨ ਲਾਈ ਬੈਠਾ ਸੀ। ਕੋਲੋਂ ਇਕ ਰਾਹੀ ਨੇ ਲੰਘਦਿਆਂ ਪੁੱਛਿਆ, ‘ਸੰਤੋਂ ਕੀ ਕਰ ਰਹੇ ਹੋ?’ ਮਹਾਤਮਾ ਨੇ ਜਵਾਬ ਦਿੱਤਾ ਕਿ ਉਹ ਸਫ਼ਰ ਕਰ ਰਹੇ ਨੇ। ਰਾਹੀ ਨੇ ਕਿਹਾ ਕਿ ਤੁਸੀਂ ਤਾਂ ਇੱਥੇ ਸਥਿਰ ਚੌਕੜਾ ਲਾਈ ਬੈਠੇ ਹੋ, ਫਿਰ ਕਿਹੜਾ ਸਫ਼ਰ ਕਰ ਰਹੇ ਹੋ? ਮਹਾਤਮਾ ਨੇ ਮੁਸਕਰਾ ਕੇ ਕਿਹਾ, ‘ਤੂੰ ਬਾਹਰ ਦਾ ਸਫ਼ਰ ਕਰ ਰਿਹਾ ਹੈ ਅਤੇ ਮੈਂ ਬਾਹਰ ਤੋਂ ਅੰਦਰ ਦਾ ਸਫ਼ਰ। ਜਿੰਨਾ ਚਿਰ ਅਸੀਂ ਅੰਦਰ ਦਾ ਸਫ਼ਰ ਨਹੀਂ ਕਰਦੇ ਅਸੀਂ ਸਾਰੀ ਉਮਰ ਅਧੂਰੇ ਹੀ ਰਹਾਂਗੇ।’
ਗੁਰਬਾਣੀ ਅਨੁਸਾਰ ਮਨੁੱਖ ਇਕ ਰਾਹੀ ਹੈ, ਜਿਹੜਾ ਇਸ ਸੰਸਾਰਨੁਮਾ ਧਰਮਸ਼ਾਲਾ ਵਿਚ ਕੁਝ ਸਮੇਂ ਲਈ ਠਹਿਰਿਆ ਹੋਇਆ ਹੈ। ਦੁੱਖ ਦੀ ਗੱਲ ਇਹ ਹੈ ਕਿ ਬੰਦੇ ਨੇ ਇਸ ਧਰਤੀ ਧਰਮਸ਼ਾਲਾ ਨੂੰ ਆਪਣਾ ਪੱਕਾ ਟਿਕਾਣਾ ਸਮਝ ਲਿਆ ਹੈ, ਜੋ ਸਫ਼ਰ ਦੇ ਅਸੂਲਾਂ ਦੇ ਉਲਟ ਹੈ। ਰਾਹੀ ਦਾ ਇਹ ਅਸੂਲ ਹੋਣਾ ਚਾਹੀਦਾ ਹੈ ਕਿ ਉਹ ਸਫ਼ਰ ਵਿਚ ਆਉਣ ਵਾਲੀ ਹਰ ਚੀਜ਼ ਨਾਲ ਪ੍ਰੇਮ ਕਰੇ, ਉਸ ਦੀ ਸੰਭਾਲ ਕਰੇ ਅਤੇ ਉਸ ਦਾ ਮੋਹ ਛੱਡ ਕੇ ਆਪਣੀ ਯਾਤਰਾ ਨੂੰ ਜਾਰੀ ਰੱਖੇ। ਮੋਹ, ਲਾਲਚ ਦੇ ਸਹਾਰੇ ਨਾ ਤਾਂ ਆਨੰਦਮਈ ਯਾਤਰਾ ਕੀਤੀ ਜਾ ਸਕਦੀ ਹੈ ਅਤੇ ਜੇ ਯਾਤਰਾ ਸ਼ੁਰੂ ਹੋ ਵੀ ਜਾਵੇ ਤਾਂ ਮੰਜ਼ਿਲ ’ਤੇ ਨਹੀਂ ਪਹੁੰਚਿਆ ਜਾ ਸਕਦਾ।
ਸਫ਼ਰ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਨਾਲ ਹਿੰਮਤ ਪੈਦਾ ਹੁੰਦੀ ਹੈ। ਮੁਸ਼ਕਲਾਂ ਦਾ ਸਾਹਮਣਾ ਕਰਕੇ ਉਨ੍ਹਾਂ ਨਾਲ ਜੂਝਣ ਦੀ ਸ਼ਕਤੀ ਮਿਲਦੀ ਹੈ। ਸਫ਼ਰ ਦੌਰਾਨ ਜਿੱਥੇ ਸੂਝ ਬੂਝ ਵਿਚ ਵਾਧਾ ਹੁੰਦਾ ਹੈ, ਉੱਥੇ ਹੀ ਵਿਅਕਤੀ ਵਿਚ ਸਕਾਰਾਤਮਕਤਾ ਆਉਂਦੀ ਹੈ। ਸਫ਼ਰ ਕਰਕੇ ਆਇਆ ਜਾਂ ਸਫ਼ਰ ਦਾ ਸ਼ੌਕੀਨ ਵਿਅਕਤੀ ਤੁਹਾਨੂੰ ਹਮੇਸ਼ਾਂ ਤਰੋ-ਤਾਜ਼ਾ ਨਜ਼ਰ ਆਵੇਗਾ। ਉਸ ਕੋਲ ਤੁਹਾਨੂੰ ਸੁਣਾਉਣ ਨੂੰ ਹਜ਼ਾਰਾਂ ਹੀ ਨਵੀਆਂ ਗੱਲਾਂ ਹੋਣਗੀਆਂ। ਇਹ ਗੱਲਾਂ ਉਸ ਦੇ ਨਿੱਜੀ ਹੰਢਾਏ ਤਜ਼ਰਬੇ ਹੋਣਗੇ, ਜੋ ਤੁਹਾਡੀ ਨਿਰਾਸ਼ਤਾ ਨੂੰ ਜੋਸ਼ ਵਿਚ ਬਦਲਣ ਦੇ ਸਮਰੱਥ ਹੋਣਗੀਆਂ।
ਸਫ਼ਰ ਵਿਚ ਰਹਿਣ ਵਾਲੇ ਕਦੇ ਭਿੰਨਤਾਵਾਂ ਦੇ ਆਧਾਰ ’ਤੇ ਝਗੜੇ ਨਹੀਂ ਕਰਦੇ, ਉਹ ਭਿੰਨਤਾਵਾਂ ਵਿਚਲੀ ਰੰਗਤ/ਖ਼ੂਬਸੂਰਤੀ ਨੂੰ ਦੇਖ ਕੇ ਖ਼ੁਸ਼ ਹੁੰਦੇ ਹਨ। ਉਹ ਸਦਾ ਨਵਾਂ ਭਾਲਦੇ ਹਨ ਅਤੇ ਨਵੇਂ ਬਾਰੇ ਸੁਣਦੇ ਹੀ ਉਸ ਵੱਲ ਦੌੜਦੇ ਹਨ। ਯਾਤਰੀਆਂ ਨੂੰ ਸਾਰਾ ਸੰਸਾਰ ਆਪਣੇ ਪਰਿਵਾਰ ਵਰਗਾ ਲੱਗਦਾ ਹੈ, ਉਹ ਰਸਤੇ ਵਿਚ ਕਿਸੇ ਦੇ ਘਰ ਦਾ ਕੁੰਡਾ ਖੜਕਾ ਦਿੰਦੇ ਹਨ, ਅਣਜਾਣ ਬੱਚਿਆਂ ਨਾਲ ਖੇਡਣ ਲੱਗ ਜਾਂਦੇ ਹਨ, ਅਜਨਬੀ ਲੋਕਾਂ ਨਾਲ ਇੰਜ ਘੁਲ ਮਿਲ ਜਾਂਦੇ ਹਨ, ਜਿਵੇਂ ਵਰ੍ਹਿਆਂ ਤੋਂ ਜਾਣਦੇ ਹੋਣ।
ਸਫ਼ਰ ਕਰਦਿਆਂ ਰਿਸ਼ਤਿਆਂ ਵਿਚ ਮਿਠਾਸ ਵਧਦੀ ਹੈ। ਘਰ ਪਰਿਵਾਰ ਦੀ ਕੀਮਤ ਦਾ ਅੰਦਾਜ਼ਾ ਲੱਗਦਾ ਹੈ। ਸਫ਼ਰ ਦੌਰਾਨ ਪਰਿਵਾਰ ਦੀ ਯਾਦ, ਪਰਿਵਾਰ ਵਿਚਲੇ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਦੀ ਹੈ। ਇਸੇ ਕਰਕੇ ਹੀ ਹਰ ਸਫ਼ਰ ਕਰਨ ਵਾਲਾ ਰਿਸ਼ਤੇ ਨਿਭਾਉਣ ਵਿਚ ਜ਼ਿਆਦਾ ਸਮਰੱਥ ਹੁੰਦਾ ਹੈ।
ਕੋਲੰਬਸ ਨੇ ਸਫ਼ਰ ਕੀਤਾ ਤਾਂ ਨਵੇਂ ਨਵੇਂ ਦੇਸ਼ ਲੱਭ ਕੇ ਲੈ ਆਇਆ। ਗੁਰੂ ਨਾਨਕ ਸਾਹਿਬ ਨੇ ਯਾਤਰਾਵਾਂ ਕੀਤੀਆਂ ਤਾਂ ਸਮੁੱਚੇ ਸੰਸਾਰ ਵਿਚ ਸੱਚ ਦਾ ਪਸਾਰ ਹੋਇਆ। ਇਸ ਕਰਕੇ ਇਕ ਦਾ ਸਫ਼ਰ ਹੋਰਨਾਂ ਲਈ ਮਾਰਗ ਦਰਸ਼ਕ ਬਣ ਜਾਂਦਾ ਹੈ।
ਜ਼ਰੂਰੀ ਨਹੀਂ ਹੁੰਦਾ ਕਿ ਸਫ਼ਰ ਕਰਨ ਲਈ ਦੂਰ-ਦੁਰਾਡੇ ਦੇਸ਼ਾਂ, ਪਹਾੜਾਂ ਵੱਲ ਹੀ ਜਾਇਆ ਜਾਵੇ, ਆਪਣੇ ਘਰ ਤੋਂ ਦੂਰ ਖੇਤਾਂ ਵੱਲ ਗੇੜਾ ਕੱਢਣਾ ਵੀ ਸਫ਼ਰ ਕਰਨਾ ਹੀ ਹੈ। ਜਿੱਥੇ-ਜਿੱਥੇ ਕੁਦਰਤ ਜ਼ਿੰਦਾ ਹੈ, ਮਨੁੱਖ ਦੀਆਂ ਗਤੀਵਿਧੀਆਂ ਕਰਕੇ ਉੱਜੜੀ ਨਹੀਂ, ਉੱਥੇ-ਉੱਥੇ ਸਫ਼ਰ ਕੀਤਾ ਜਾ ਸਕਦਾ ਹੈ। ਕੁਦਰਤ ਤਾਂ ਮਨੁੱਖਾਂ ਨੂੰ ਉਡੀਕਦੀ ਹੈ, ਰਾਹ ਰਾਹੀਆਂ ਦਾ ਰਾਹ ਤੱਕਦੇ ਹਨ, ਲੋਕ ਕਹਾਣੀਆਂ ਸੁਣਾਉਣ ਨੂੰ ਬੈਠੇ ਹਨ, ਉਡੀਕ ਹੈ ਤਾਂ ਬਸ ਤੁਹਾਡੇ ਘਰੋਂ ਬਾਹਰ ਪੈਰ ਪੁੱਟਣ ਦੀ।
ਸੰਪਰਕ : 87290-43571