ਕਰਨੈਲ ਸਿੰਘ ਸੋਮਲ
ਘਰ ਦੇ ਸਾਹਮਣੇ ਸੜਕ ਪਾਰ ਉਹ ਖੜ੍ਹਾ ਮਿਲਦਾ ਹੈ। ਤੜਕੇ ਉੱਠਦਿਆਂ ਉਸ ਦੇ ਦੀਦਾਰ ਹੁੰਦੇ ਹਨ। ਦਿਨ ਵੇਲੇ ਧਿਆਨ ਹੋਰ ਹੋਰ ਪਾਸੇ ਜਾਈ ਜਾਂਦਾ ਹੈ। ਸੁਵਖਤੇ ਜਦੋਂ ਕੋਈ ਵਿਰਲਾ ਹੀ ਜਾਗਿਆ ਹੁੰਦਾ ਹੈ, ਹਰ ਕਾਸੇ ਉੱਤੇ ਨਿੱਖਰਵੀਂ ਨਜ਼ਰ ਪੈਂਦੀ ਹੈ। ਹਵਾ ਨਿਰਮਲ ਤੇ ਤਾਜ਼ੀ ਹੁੰਦੀ ਹੈ। ਅੰਮ੍ਰਿਤ ਵੇਲੇ ਵੈਸੇ ਵੀ ਬੰਦੇ ਦਾ ਮਿਜ਼ਾਜ ਚੜ੍ਹਦੀ ਕਲਾ ਵਾਲਾ ਹੁੰਦਾ ਹੈ। ਹਰ ਪੇਂਡੂ ਵਾਂਗ ਸਵੇਰੇ ਮੇਰੀ ਪਹਿਲੀ ਨਿਗ੍ਹਾ ਅੰਬਰ ਵੱਲ ਜਾਂਦੀ ਹੈ। ਚੰਨ ਵਿਖਾਈ ਦਿੰਦਾ ਹੈ, ਕਦੇ ਨਿੱਤ ਵਧਦਾ ਤੇ ਕਦੇ ਘਟਦਾ; ਕਦੇ ਇੱਥੇ, ਕਦੇ ਉੱਥੇ; ਕਦੇ ਲੁਕਣ-ਮੀਟੀ ਖੇਡਣ ਵਾਲਿਆਂ ਵਾਂਗ ਲੱਭਿਆਂ ਨਹੀਂ ਲੱਭਦਾ। ਸਿਰਫ਼ ਤਾਰੇ ਦਿੱਸਦੇ ਹਨ। ਲੋਅ ਅਛੋਪਲੇ ਵਧੀ ਜਾਂਦੀ ਹੈ। ਪੰਛੀ, ਛੋਟੇ-ਵੱਡੇ, ਮਸਤੀ ਵਿੱਚ ਉਡਾਰੀਆਂ ਲਾਉਂਦੇ ਹਨ। ਫੱਗਣ, ਚੇਤ ਜਾਂ ਵਿਸਾਖ, ਮਹੀਨਾ ਕੋਈ ਵੀ ਹੋਵੇ, ਹਵਾ ਹਲਕੀ ਹੋਵੇ ਜਾਂ ਤੇਜ਼, ਇਹ ਦ੍ਰਿਸ਼ਾਵਲੀ ਬਦਲੀ ਜਾਂਦੀ ਹੈ। ਘਰ ਦੇ ਸਾਹਮਣੇ ਸੁਸੱਜਿਤ ਉਹ ਵੀ ਨਿੱਤ ਨਵੇਂ ਰੰਗ ਵਿੱਚ ਹੁੰਦਾ ਹੈ।
ਇਹ ਬਿਰਖ ਹੈ, ਆਕਾਰ ਤੇ ਫੈਲਾਅ ਵਜੋਂ ਵੱਡਾ। ਤਣਾ ਭਾਰਾ ਤੇ ਮਜ਼ਬੂਤ, ਤੂਫ਼ਾਨ ਆਉਣ ’ਤੇ ਵੀ ਅਹਿਲ ਰਹੇ, ਵੱਡੇ ਟਾਹਣ ਭਾਵੇਂ ਜ਼ਰਾ ਥਿਰਕਣ; ਉੱਤੇ ਹਰਿਆਵਲ ਦਾ ਝੁੰਮਲਵਾਟਾ। ਹਵਾ ਦੀ ਪਲ ਪਲ ਬਦਲਦੀ ਗਤੀ ਨਾਲ ਬਿਰਖ ਝੂੰਮੇ ਤੇ ਸਦ ਵਗਦੇ ਪਾਣੀ ਵਾਂਗ ਲਹਿਰੀਏ ਪੈਂਦੇ ਰਹਿਣ।
ਇਸ ਬਿਰਖ ਨੂੰ ਜਦੋਂ-ਕਦੇ ਨਿਹਾਰਦਾ ਹਾਂ, ਮੈਨੂੰ ਜ਼ਿੰਦਗੀ ਦਾ ਕੋਈ ਨਾ ਕੋਈ ਸੁਨੇਹਾ ਤੇ ਰਹੱਸ ਮਿਲਦਾ ਹੈ। ਹਰ ਸਵੇਰ ਜਿਵੇਂ ਨਵੇਲੀ ਹੁੰਦੀ ਹੈ, ਜੀਵਨ ਨਿਰੰਤਰ ਸੁਹਾਵੇ ਰੂਪ ਵਿੱਚ ਹੁੰਦਾ ਹੈ, ਤਿਵੇਂ ਇਹ ਬਿਰਖ ਨਿੱਤ ਨਿਰਾਲੀ ਛਬ ਵਿੱਚ ਹੁੰਦਾ ਹੈ। ਬਾਬਾ ਨਾਨਕ ਜੀ ਦੇ ਸ਼ਬਦ ਚੇਤੇ ਆਉਂਦੇ ਹਨ:
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥
ਭਾਂਤ ਭਾਂਤ ਦੇ ਪੰਖੇਰੂਆਂ ਦੀਆਂ ਮਧੁਰ ਆਵਾਜ਼ਾਂ ਦ੍ਰਿੜਾਉਂਦੀਆਂ ਹਨ ਕਿ ਪਰਮ ਸੱਤਾ ਹਰ ਥਾਂ ਵਿਦਮਾਨ ਹੈ। ਪਤਝੜ ਤੇ ਬਹਾਰ ਦੀ ਕਰਿੰਘੜੀ ਨੂੰ ਵੇਖ ਕੀਹਨੂੰ ਚਾਉ ਨਹੀਂ ਚੜ੍ਹੇਗਾ। ਹਰ ਸਵੇਰ ਬਿਰਖ ਦੇ ਪੈਰੀਂ ਉਸ ਦੇ ਝੜੇ ਸੁੱਕੇ ਪੱਤਿਆਂ ਦੇ ਅੰਬਾਰ ਲੱਗੇ ਹੁੰਦੇ ਹਨ। ਕੋਈ ਕੋਈ ਪੱਤਾ ਅਜੇ ਵੀ ਸਹਿਜ ਨਾਲ ਲਹਿੰਦਾ ਧਰਤੀ ਦੀ ਹਿੱਕ ’ਤੇ ਟਿਕੀ ਜਾਂਦਾ ਹੈ। ਓਧਰ ਸਾਵੇ ਸਾਵੇ ਨਵੇਂ ਪੱਤੇ ਖਾਲੀ ਹੁੰਦੀਆਂ ਟਹਿਣੀਆਂ ਉੱਤੇ ਸਜਣ ਲੱਗਦੇ ਹਨ। ਬਿਰਖ ਮੌਨ ਮੁਦਰਾ ਵਿੱਚ ਇਸ ਵਰਤਾਰੇ ਨੂੰ ਨਿਰਲੇਪ ਵੇਖਦਾ ਹੈ। ਵਿਜੋਗ ਤੇ ਸੰਜੋਗ ਤੋਂ ਵਿਰਕਤ। ਨਵੀਆਂ ਕਰੂੰਬਲਾਂ, ਨਿੱਤ ਵਧਦੇ ਪੱਤੇ, ਉਸ ਵੱਡੇ ਕਲਾਕਾਰ ਦੀ ਰਚਨਾ ਰੋਜ਼ ਨਵੇਂ ਰੰਗ ਵਿੱਚ ਹੁੰਦੀ ਹੈ। ਸਾਰੇ ਰੰਗ ਤੇ ਅਨੂਪਮ ਭਾਹ ਹਰੇਕ ਦੀ, ਅਦੁੱਤੀ ਜਲੌਅ ਵੇਖਣ ਨੂੰ ਮਿਲਦੀ ਹੈ।
ਬਿਰਖ ਜਿੰਨਾ ਬਾਹਰ ਜੀਵੇ, ਓਨਾ ਹੀ ਧਰਤੀ ਵਿੱਚ ਅਣਦਿੱਸਦਾ ਵਿਚਰੇ। ਵਾਹ! ਇੰਨੇ ਮਜ਼ਬੂਤ ਤੇ ਕਠੋਰ ਤਣੇ ਵਿੱਚੋਂ ਬਿਰਖ ਦਾ ਜੀਵਨ-ਰਸ ਖ਼ੁਦਬਖ਼ੁਦ ਹਰ ਟਹਿਣੀ, ਪੱਤੇ ਤੇ ਫੁੱਲ-ਫਲ ਤੀਕ ਪਹੁੰਚੀ ਜਾਵੇ। ਲੂੰਹਦੀ ਰੋਹੀ ਵਿੱਚ ਵੀ ਲੁਸ-ਲੁਸ ਕਰਦੇ ਪੱਤੇ ਸਿਖਰਾਂ ਉੱਤੇ ਲਹਿਲਹਾਈ ਜਾਣ। ਸੰਸਾਰ ਵਿੱਚ ਜੀਵਨ ਨੂੰ ਸਮਝਾਉਣ ਲਈ ਦਿੱਤੀਆਂ ਜਾਂਦੀਆਂ ਤਸ਼ਬੀਹਾਂ ਵਿੱਚੋਂ ਦੋ ਸਿਰਮੌਰ ਹਨ। ਪਹਿਲੀ, ਜੀਵਨ ਬਿਰਖ ਵਾਂਗ ਹੈ। ਦੂਜੀ, ਜੀਵਨ ਵਹਿੰਦੇ ਦਰਿਆ ਵਾਂਗ ਹੈ। ਦਰਿਆ ਦੇ ਮੁਕਾਬਲੇ ਬਿਰਖ ਸਾਨੂੰ ਆਮ ਵਿਖਾਈ ਦਿੰਦੇ ਹਨ। ਆਕਾਰ ਅਤੇ ਪ੍ਰਕਾਰ ਪੱਖੋਂ ਇਨ੍ਹਾਂ ਦੀਆਂ ਵੰਨਗੀਆਂ ਦਾ ਕੋਈ ਲੇਖਾ ਨਹੀਂ। ਇਨ੍ਹਾਂ ਦੀ ਪ੍ਰਕਿਰਤੀ ਮੂਲ ਰੂਪ ਵਿੱਚ ਇੱਕੋ, ਜਿਵੇਂ ਜੀਵਨ ਆਪਣੀਆਂ ਵਿਭਿੰਨਤਾਵਾਂ ਦੇ ਬਾਵਜੂਦ ਇੱਕੋ ਹੈ।
ਜਿਹੜੇ ਬਿਰਖ ਨੂੰ ਮੈਂ ਰੋਜ਼ਾਨਾ ਵੇਖਦਾ ਹਾਂ, ਇਸ ਸ਼ਹਿਰ ਨੂੰ ਵਸਾਉਣ ਵੇਲੇ ਲਾਏ ਗਏ ਬੂਟਿਆਂ ਵਿੱਚੋਂ ਇਹ ਇੱਕ ਸੀ। ਮੇਰਾ ਘਰ ਬਣਨ ਵੇਲੇ ਇਹ ਬਿਰਖ ਪਤਲਾ ਤੇ ਨਿੱਕਾ ਸੀ-ਇੱਕ ਦੋ ਪੱਤੇ ਨਿਕਲੇ ਹੋਏ ਸਨ। ਇਸ ਬਿਰਖ ਦਾ ਨਾਂ ਮੈਂ ਨਹੀਂ ਜਾਣਦਾ। ਉਮਰ ਪੱਕਣ ਦੇ ਨੇੜੇ ਮੈਂ ਜਾਣਿਆ ਕਿ ਸੰਸਾਰ ਵਿੱਚ ਬਹੁਤ ਕੁਝ ਅਜਿਹਾ ਹੈ ਜਿਸ ਨੂੰ ਮੈਂ ਨਹੀਂ ਜਾਣਦਾ। ਮੇਰਾ ਜਾਣਿਆ ਥੋੜ੍ਹਾ ਵੀ ਹੁਣ ਵਿਸਰਨ ਲੱਗ ਪਿਆ ਹੈ। ਅਚੰਭਾ ਇਹੋ ਕਿ ਵਿਸ਼ਾਲ ਬਿਰਖ ਦੇ ਬਾਰੀਕ ਬੀਜ ਵਿੱਚ ਉਸ ਦੇ ਵਧਣ-ਫੁੱਲਣ ਦੀ ਬੇਅੰਤ ਸਮਰੱਥਾ ਸਮਾਈ ਹੋਈ ਹੈ। ਅਣਗਿਣਤ ਪੱਤੇ ਬਣਤਰ ਤੇ ਦਿੱਖ ਪੱਖੋਂ ਸਮਰੂਪ, ਫੁੱਲ-ਫਲ਼ ਵੀ ਇੱਕੋ ਢਬ ਦੇ।
ਸੁਣੀਆਂ ਤੇ ਪੜ੍ਹੀਆਂ ਕਿੰਨੀਆਂ ਹੀ ਕਥਾ-ਕਹਾਣੀਆਂ ਵਿੱਚ ਬਿਰਖਾਂ ਦਾ ਜ਼ਿਕਰ ਆਉਂਦਾ ਹੈ। ਕਿਸੇ ਬਿਰਖ ਹੇਠ ਬੋਧ ਹੋਇਆ, ਕਿਸੇ ਹੇਠ ਟਿਕਾਣਾ ਬਣਿਆ। ਉੱਤੇ ਬੈਠੇ ਪੰਛੀ ਜੋੜੇ ਪਾਤਰ ਬਣਦੇ ਹਨ। ਕਮਾਲ ਦੀਆਂ ਟਿੱਪਣੀਆਂ ਕਰਦੇ ਹਨ। ਕੱਲ੍ਹ ਤੀਕ ਪੈਦਲ ਤੁਰਦੇ ਪਾਂਧੀ ਦਮ ਲੈਣ ਲਈ ਰਾਹ ਦੇ ਰੁੱਖ ਹੇਠ ਬੈਠਦੇ ਹੁੰਦੇ ਸਨ। ਕੋਈ ਤਲਾਅ, ਖੂਹੀ ਜਾਂ ਕੋਈ ਹੋਰ ਵਸੀਲਾ ਪਾਣੀ ਦਾ ਲੱਭ ਪੈਂਦਾ ਸੀ। ਸਾਡੇ ਦਰਿਆ ਹੁਣ ਪਹਿਲਾਂ ਜਿਹੇ ਨਿਰਮਲ ਨਹੀਂ ਰਹੇ। ਉਨ੍ਹਾਂ ਦਾ ਪਾਣੀ ਨਾ ਪੀਣ ਦੇ ਯੋਗ ਤੇ ਨਾ ਸਿੰਜਾਈ ਦੇ। ਉਂਜ ਵੀ ਸੁੱਕ ਰਹੇ ਹਨ। ਸਾਡਾ ਜੀਵਨ ਦਰਿਆ ਵੀ ਤਾਂ ਸਹਿਕਣ ਲੱਗਿਆ ਹੈ। ਧਰਤੀ ਉੱਤੇ ਉਸ ਸਿਰਜਕ ਦੇ ਹਸਤਾਖਰ ਸਮਝੇ ਜਾਂਦੇ ਬਿਰਖ ਵੀ ਪਾਣੀ ਖੁਣੋਂ ਮਰ-ਮੁੱਕ ਰਹੇ ਹਨ। ਕਿਸੇ ਦੀ ‘ਜੀਰਾਂਦਿ’ ਦੀ ਇੰਨੀ ਪਰਖ ਕਿਉਂ ਹੋਵੇ? ਧਰਤੀ ਦੀ ਹਰਿਆਲੀ ਮੁੱਕਣ ’ਤੇ ਹੈ, ਬੀਆਬਾਨ ਹੋ ਜਾਣ ਦਾ ਖ਼ਦਸ਼ਾ ਵਧ ਰਿਹੈ। ਪੰਛੀ-ਪਰਿੰਦੇ ਆਪਣੇ ਆਲ੍ਹਣੇ ਕਿੱਥੇ ਬਣਾਉਣਗੇ? ਦਰਿਆ ਆਪਣਾ ਪਾਣੀ ਆਪ ਨਹੀਂ ਪੀਂਦੇ। ਬਿਰਖ ਆਪਣੇ ਫ਼ਲ ਦੂਜਿਆਂ ਦੇ ਖਾਣ ਲਈ ਲੁਟਾ ਦਿੰਦੇ ਹਨ। ਮਨੁੱਖ ਆਪਣੀਆਂ ਬਰਬਾਦੀਆਂ ਦਾ ਸਾਮਾਨ ਆਪ ਤਿਆਰ ਕਰਦਾ ਹੈ। ਬੰਬਾਂ ਨਾਲ ਝੁਲਸਦੀ ਧਰਤੀ ਉਦਰੇਵੇਂ ਹੰਢਾਉਂਦੀ ਹੈ। ਬਿਰਖ ਤੋਂ ਤੁਰੀ ਸੁਹਜ, ਸਹਿਜ, ਖੇੜੇ, ਖ਼ੁਸ਼ਹਾਲੀ ਤੇ ਭਰਪੂਰਤਾ ਦੀ ਬਾਤ ਭਲਾ ਕਿਉਂ ਵਿਗੜੇ? ਸੰਭਲਣ ਦਾ ਸਮਾਂ ਹੈ।
ਸੰਪਰਕ: 98141-57137