ਮੁੰਬਈ, 28 ਜਨਵਰੀ
ਬੌਲੀਵੁੱਡ ਅਦਾਕਾਰਾ ਵਾਨੀ ਕਪੂਰ, ਜੋ ਵੱਡੇ ਪਰਦੇ ’ਤੇ ਆਖਰੀ ਵਾਰ ਫਿਲਮ ‘ਵਾਰ’ ਵਿੱਚ 2019 ’ਚ ਨਜ਼ਰ ਆਈ ਸੀ, ਹੁਣ ਜਲਦ ਤਿੰਨ ਵੱਡੀਆਂ ਫਿਲਮਾਂ ‘ਸ਼ਮਸ਼ੇਰਾ’, ‘ਬੈੱਲ ਬੌਟਮ’ ਤੇ ‘ਚੰਡੀਗੜ੍ਹ ਕਰੇ ਆਸ਼ਿਕੀ’ ਵਿੱਚ ਨਜ਼ਰ ਆਵੇਗੀ। ਉਹ ਖ਼ੁਦ ਨੂੰ ਖੁਸ਼ਕਿਸਮਤ ਸਮਝਦੀ ਹੈ ਕਿ ਇਹ ਤਿੰਨੋਂ ਫਿਲਮਾਂ ਸਿਨੇਮਾਘਰਾਂ ’ਚ ਰਿਲੀਜ਼ ਹੋਣਗੀਆਂ। ਵਾਨੀ ਨੇ ਕਿਹਾ, ‘ਮੈਂ ਆਸ ਕਰਦੀ ਹਾਂ ਕਿ ਇਹ ਵੱਡੇ ਪਰਦੇ ਦੇ ਕਲਾਕਾਰਾਂ ਦਾ ਸਾਲ ਹੋਵੇਗਾ। ਲੋਕ ਕਰੋਨਾਵਾਇਰਸ ਦੇ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤੇ ਵੈਕਸੀਨ ਆਉਣ ਨਾਲ ਲੋਕਾਂ ਦਾ ਆਤਮ-ਵਿਸ਼ਵਾਸ ਹੌਲੀ ਹੌਲੀ ਵਧਣ ਲੱਗਾ ਹੈ। ਉਹ ਮੁੜ ਉਹ ਸਾਰੇ ਕੰਮ ਕਰਨਾ ਚਾਹੁੰਦੇ ਹਨ, ਜੋ ਉਹ ਪਹਿਲਾਂ ਕਰਦੇ ਸਨ। ਉਹ ਉਨ੍ਹਾਂ ਤਜਰਬਿਆਂ ਨੂੰ ਯਾਦ ਕਰ ਰਹੇ ਸਨ, ਜੋ ਉਨ੍ਹਾਂ ਨੂੰ ਖ਼ੁਸ਼ੀ ਦਿੰਦੇ ਹਨ ਤੇ ਅਸੀਂ ਉਹ ਲੋਕ ਹਾਂ ਜੋ ਉਨ੍ਹਾਂ ਦੇ ਮਨੋਰੰਜਨ ’ਚ ਵਾਧਾ ਕਰਦੇ ਹਾਂ।’ ਉਸ ਨੇ ਕਿਹਾ, ‘ਸਮੁਦਾਇਕ ਜਸ਼ਨ ਵੱਡੇ ਰੂਪ ’ਚ ਮੁੜ ਮਨਾਏ ਜਾਣਗੇ ਤੇ ਭਾਰਤੀਆਂ ਲਈ ਆਪਣੇ ਦੋਸਤਾਂ ਤੇ ਪਰਿਵਾਰਾਂ ਨਾਲ ਸਿਨੇਮਾਘਰਾਂ ’ਚ ਜਾ ਕੇ ਫਿਲਮ ਦੇਖਣਾ ਵੱਡੀ ਗੱਲ ਹੈ। ਉਹ ਮੁੜ ਇਹ ਤਜਰਬਾ ਕਰਨਾ ਚਾਹੁਣਗੇ।’ ਵਾਨੀ ਅਨੁਸਾਰ ਫਿਲਮਾਂ ਦੀ ਨਵੀਂ ਸਮੱਗਰੀ ਲੋਕਾਂ ਨੂੰ ਮੁੜ ਸਿਨੇਮਾਘਰਾਂ ’ਚ ਲਿਆਉਣ ਲਈ ਵੱਡੀ ਭੂਮਿਕਾ ਨਿਭਾਵੇਗੀ ਕਿਉਂਕਿ ਮਹਾਮਾਰੀ ਦੌਰਾਨ ਲੋਕਾਂ ਦਾ ਸੁਆਦ ਵੀ ਬਦਲਿਆ ਹੋਵੇਗਾ। ਉਸ ਨੇ ਕਿਹਾ, ‘ਦਰਸ਼ਕ ਉਹ ਫਿਲਮਾਂ ਦੇਖਣਾ ਚਾਹੁਣਗੇ ਜੋ ਨਵੀਆਂ ਤੇ ਤਾਜ਼ਾ ਹੋਣਗੀਆਂ।’ ਉਸ ਨੇ ਵਿਸ਼ਵਾਸ ਜਤਾਇਆ ਕਿ ਉਸ ਦੀਆਂ ਤਿੰਨੋਂ ਫਿਲਮਾਂ ਦਰਸ਼ਕਾਂ ਦੀ ਉਮੀਦ ’ਤੇ ਖਰੀਆਂ ਉਤਰਨਗੀਆਂ। -ਆਈਏਐੱਨਐੱਸ