ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਅਨਿਲ ਕਪੂਰ ਅਤੇ ਨੀਤੂ ਕਪੂਰ ਆਪਣੀ ਆਉਣ ਵਾਲੀ ਫਿਲਮ ‘ਜੁਗ ਜੁਗ ਜੀਓ’ ਦੀ ਪ੍ਰਮੋਸ਼ਨ ਸਬੰਧੀ ਕਰਵਾਏ ਸਮਾਗਮ ਦੌਰਾਨ ਗੀਤ ‘ਏਕ ਮੈਂ ਔਰ ਏਕ ਤੂ’ ਉੱਤੇ ਖੂਬ ਨੱਚੇ। ਕੌਮੀ ਰਾਜਧਾਨੀ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਨੀਤੂ ਅਤੇ ਅਨਿਲ ਸਮੇਤ ਫ਼ਿਲਮ ਦੇ ਬਾਕੀ ਅਦਾਕਾਰ ਵਰੁਣ ਧਵਨ, ਮਨੀਸ਼ ਪੌਲ ਅਤੇ ਕਿਆਰਾ ਅਡਵਾਨੀ ਵੀ ਉਨ੍ਹਾਂ ਦੇ ਨਾਲ ਸਨ। ਸਮਾਗਮ ਦੌਰਾਨ ਸਾਲ 1975 ਵਿੱਚ ਰਿਲੀਜ਼ ਹੋਈ ਫ਼ਿਲਮ ‘ਖੇਲ ਖੇਲ ਮੇਂ’ ਦਾ ਗੀਤ ਚਲਾਇਆ ਗਿਆ। ਇਸ ਗੀਤ ’ਤੇ ਅਨਿਲ ਅਤੇ ਨੀਤੂ ਨੇ ਡਾਂਸ ਕੀਤਾ ਅਤੇ ਵਰੁਣ, ਕਿਆਰਾ ਤੇ ਮਨੀਸ਼ ਸਮੇਤ ਉਨ੍ਹਾਂ ਦੇ ਪ੍ਰਸ਼ੰਸਕ ਹੌਸਲਾ-ਅਫਜ਼ਾਈ ਕਰਦੇ ਨਜ਼ਰ ਆਏ। ਨੀਤੂ ਨੇ ਇੰਸਟਾਗ੍ਰਾਮ ’ਤੇ ਵੀਡੀਓ ਕਲਿਪ ਸਾਂਝੀ ਕਰਦਿਆਂ ਲਿਖਿਆ, ‘‘ਅਨਿਲ ਕਪੂਰ ਤੁਸੀਂ ਮਾਰ ਸੁੱਟਿਆ।’’ ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦਾ ਅਸਲ ਗੀਤ ਨੀਤੂ ਅਤੇ ਉਸ ਦੇ ਪਤੀ ਮਰਹੂਮ ਰਿਸ਼ੀ ਕਪੂਰ ’ਤੇ ਫਿਲਮਾਇਆ ਗਿਆ ਹੈ। ਫ਼ਿਲਮ ‘ਖੇਲ ਖੇਲ ਮੇਂ’ ਦਾ ਨਿਰਦੇਸ਼ਨ ਰਵੀ ਟੰਡਨ ਨੇ ਕੀਤਾ ਸੀ ਅਤੇ ਇਹ ਫ਼ਿਲਮ ਅੰਗਰੇਜ਼ੀ ਲੇਖਕ ਲੁਈਸ ਥੌਮਸ ਦੇ ਨਾਵਲ ‘ਗੁੱਡ ਗਾਇਜ਼ ਡੌਂਟ ਕਿਲ’ ਉੱਤੇ ਆਧਾਰਿਤ ਹੈ। ਫਿਲਮ 24 ਜੂਨ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। -ਆਈਏਐੱਨਐੱਸ