ਮੁੰਬਈ: ਅਦਾਕਾਰ ਸ਼ਾਦ ਰੰਧਾਵਾ ਆਪਣੀ ਆਉਣ ਵਾਲੀ ਫਿਲਮ ‘ਸੱਤਿਆਮੇਵ ਜਯਤੇ 2’ ਵਿੱਚ ਸਿੱਖ ਵਿਅਕਤੀ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਉਸ ਨੇ ਕਿਹਾ ਕਿ ਹਰ ਵਾਰ ਦਸਤਾਰ ਸਜਾਉਣ ’ਤੇ ਉਸ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਸੀ। ਸ਼ਾਦ ਨੇ ਕਿਹਾ, ‘‘ਅੱਜ ਗੁਰੂ ਨਾਨਕ ਜੈਯੰਤੀ ਹੈ ਅਤੇ ‘ਸੱਤਿਆਮੇਵ ਜਯਤੇ 2’ ਵਿਚਲੀ ਆਪਣੀ ਦਿੱਖ ਦਾ ਖੁਲਾਸਾ ਕਰਨ ਲਈ ਇਸ ਤੋਂ ਵੱਧ ਸ਼ੁਭ ਦਿਨ ਨਹੀਂ ਹੋ ਸਕਦਾ। ਮੈਂ ਆਪਣੀ ਜ ਼ਿੰਦਗੀ ਵਿੱਚ ਪਹਿਲੀ ਵਾਰ ਇੱਕ ਸਿੱਖ ਵਿਅਕਤੀ ਦਾ ਕਿਰਦਾਰ ਨਿਭਾ ਰਿਹਾ ਹਾਂ। ਫਿਲਮ ਵਿੱਚ ਕਿਰਦਾਰ ਦਾ ਨਾਂ ਸਰਦਾਰਾ ਹੈ, ਜੋ ਮੇਰੇ ਪਿਤਾ ਦਾ ਵੀ ਨਾਂ ਸੀ।’’
ਉਸ ਨੇ ਕਿਹਾ, ‘‘ਤਜਰਬਾ ਬਹੁਤ ਵਧੀਆ ਰਿਹਾ। ਜਦੋਂ ਇਹ ਕਿਰਦਾਰ ਮੇਰੇ ਕੋਲ ਆਇਆ ਤਾਂ ਮੈਂ ਕਾਫੀ ਭਾਵੁਕ ਹੋ ਗਿਆ। ਫਿਲਮ ਦੀ ਸ਼ੂਟਿੰਗ ਦੌਰਾਨ ਮੈਂ ਆਪਣੇ ਪਿਤਾ ਬਾਰੇ ਸੋਚਦਾ ਰਿਹਾ। ਹਰ ਵਾਰ ਜਦੋਂ ਮੈਂ ਦਸਤਾਰ ਸਜਾਉਂਦਾ, ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ।’’ ਉਸ ਨੇ ਕਿਹਾ, ‘‘ਇਹ ਕਿਰਦਾਰ ਸਰਦਾਰਾਂ ਦੀ ਅਮੀਰ ਵਿਰਾਸਤ, ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਦਰਸਾਉਂਦਾ ਹੈ। ਇਹ ਕਿਰਦਾਰ ਉਨ੍ਹਾਂ ਭਾਰਤੀ ਨਾਗਰਿਕਾਂ ਦੀ ਨੁਮਾਇੰਦਗੀ ਕਰਦਾ ਹੈ, ਜੋ ਸੱਚ ਲਈ ਖੜ੍ਹਦੇ ਹਨ।’’ ਮਿਲਨ ਮਿਲਾਪ ਜ਼ਾਵੇਰੀ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 25 ਨਵੰਬਰ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ