ਮੁੰਬਈ: 2014 ਵਿੱਚ ਫਿਲਮ ‘ਮਰਦਾਨੀ’ ਨਾਲ ਫਿਲਮ ਜਗਤ ਵਿੱਚ ਪੈਰ ਧਰਨ ਵਾਲੇ ਅਦਾਕਾਰ ਤਾਹਿਰ ਭਸੀਨ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਦੌਰਾਨ ਇੱਕ ਅਦਾਕਾਰ ਵਜੋਂ ਉਸ ਨੇ ਹਿੰਦੀ ਫਿਲਮ ਜਗਤ ਵਿੱਚ ਆਪਣੀ ਪਛਾਣ ਬਣਾਈ ਹੈ ਤੇ 2022 ਉਸ ਦੇ ਜੀਵਨ ਵਿੱਚ ਵੱਡੇ ਬਦਲਾਅ ਲੈ ਕੇ ਆਵੇਗਾ। ਫਿਲਮ ‘ਮਰਦਾਨੀ’ ਵਿੱਚ ਨਕਾਰਾਤਮਕ ਕਿਰਦਾਰ ਨਿਭਾਉਣ ਮਗਰੋਂ ਤਾਹਿਰ ਨੂੰ ਕਾਫ਼ੀ ਪ੍ਰਸਿੱਧੀ ਮਿਲੀ ਸੀ। ਇਸ ਤੋਂ ਇਲਾਵਾ ‘ਫੋਰਸ 2’, ‘ਮੰਟੋ’, ‘ਛਿਛੋਰੇ’ ਅਤੇ ‘83’ ਵਰਗੀਆਂ ਫਿਲਮਾਂ ਵਿੱਚ ਵੀ ਉਸ ਦੇ ਕੰਮ ਦੀ ਸ਼ਲਾਘਾ ਹੋਈ ਹੈ। ਫਿਲਮ ਜਗਤ ਦੇ ਆਪਣੇ ਸਫ਼ਰ ਬਾਰੇ ਗੱਲ ਕਰਦਿਆਂ ਅਦਾਕਾਰ ਨੇ ਕਿਹਾ, ‘ਇਨ੍ਹਾਂ ਸਾਲਾਂ ਦੌਰਾਨ ਇੱਕ ਅਦਾਕਾਰ ਅਤੇ ਇੱਕ ਸ਼ਖ਼ਸੀਅਤ ਵਜੋਂ ਮੇਰਾ ਵਿਕਾਸ ਹੋਇਆ ਹੈ। ਮੈਂ ਖ਼ੁਦ ਨੂੰ ਮਿਲਣ ਵਾਲੀਆਂ ਫਿਲਮਾਂ ਅਤੇ ਕਿਰਦਾਰਾਂ ਦੇ ਆਧਾਰ ’ਤੇ ਇਹ ਕਹਿ ਸਕਦਾ ਹਾਂ। ਜਦੋਂ ਮੈਂ ਕੰਮ ਕਰ ਰਿਹਾ ਹੁੰਦਾ ਹਾਂ ਤਾਂ ਮੇਰਾ ਮੁਕਾਬਲਾ ਸਿਰਫ਼ ਖ਼ੁਦ ਨਾਲ ਹੁੰਦਾ ਹੈ।’ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਦਾਕਾਰ ਦੀਆਂ ਨੈੱਟਫਲਿਕਸ ’ਤੇ ਸੀਰੀਜ਼ ‘ਯੇ ਕਾਲੀ ਕਾਲੀ ਆਖੇਂ’, ਵੂਟ ’ਤੇ ‘ਰੰਜਿਸ਼ ਹੀ ਸਹੀ’ ਰਿਲੀਜ਼ ਹੋਈਆਂ ਹਨ। ਅਦਾਕਾਰ ਆਪਣੀ ਨਵੀਂ ਆ ਰਹੀ ਫਿਲਮ ‘ਲੂਪ ਲਪੇਟਾ’ ਦੇ ਰਿਲੀਜ਼ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ। ਇਹ ਫਿਲਮ ਲੇਖਕ ਨਿਰਦੇਸ਼ਕ ਆਕਾਸ਼ ਭਾਟੀਆ ਦੀ ਪਹਿਲੀ ਫਿਲਮ ਹੈ। ਇਹ ਫਿਲਮ ‘ਰਨ ਲੋਲਾ ਰਨ’ ਦਾ ਰੀਮੇਕ ਹੈ ਜਿਸ ਵਿੱਚ ਆਪਣੇ ਪ੍ਰੇਮੀ ਨੂੰ ਬਚਾਉਣ ਲਈ ਚੁਣੌਤੀਆਂ ਦਾ ਸਾਹਮਣਾ ਕਰਦੀ ਇੱਕ ਲੜਕੀ ਦੀ ਕਹਾਣੀ ਦਰਸਾਈ ਗਈ ਹੈ। -ਆਈਏਐੱਨਐੱਸ