ਮੁੰਬਈ: ਕੌਮੀ ਐਵਾਰਡ ਜੇਤੂ ਅਦਾਕਾਰ ਮਨੋਜ ਬਾਜਪਾਈ ਲਈ ਸਾਲ 2022 ਰੁਝੇਵਿਆਂ ਭਰਿਆ ਰਹੇਗਾ। ਇਸ ਸਾਲ ਉਹ ਰਾਮ ਰੈੱਡੀ, ਅਭਿਸ਼ੇਕ ਚੌਬੇ ਅਤੇ ਰਾਹੁਲ ਚਿਟੇਲਾ ਦੀਆਂ ਫਿਲਮਾਂ ਸਣੇ ਕਾਨੂ ਭੇਲ ਦੀ ‘ਡਿਸਪੈਚ’ ’ਤੇ ਕੰਮ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ 2023 ਤੱਕ ਉਹ ਇਸੇ ਤਰ੍ਹਾਂ ਮਸਰੂਫ ਰਹੇਗਾ। ਮਨੋਜ ਨੇ ਹਾਲ ਹੀ ਵਿੱਚ ਦੋ ਪ੍ਰਾਜੈਕਟਾਂ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਨ੍ਹਾਂ ’ਚੋਂ ਇੱਕ ਫਿਲਮ ਦਾ ਨਿਰਦੇਸ਼ਨ ਰੈੱਡੀ ਨੇ ਕੀਤਾ ਹੈ, ਜਿਸ ਵਿੱਚ ਅਦਾਕਾਰ ਦੀਪਕ ਡੋਬਰਿਆਲ ਵੀ ਨਜ਼ਰ ਆਵੇਗਾ। ਫਿਲਮ ਦੀ ਸ਼ੂਟਿੰਗ ਉਤਰਾਖੰਡ ਵਿੱਚ ਕੀਤੀ ਗਈ ਹੈ। ਇਸੇ ਤਰ੍ਹਾਂ ਉਸ ਨੇ ਕਾਨੂ ਬਹਿਲ ਦੀ ਫਿਲਮ ‘ਡਿਸਪੈਚ’ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। ਆਪਣੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਗੱਲ ਕਰਦਿਆਂ ਮਨੋਜ ਨੇ ਕਿਹਾ ਕਿ ਇਹ ਸਾਲ ਰੁਝੇਵਿਆਂ ਭਰਿਆ ਰਹੇਗਾ। ਉਸ ਨੇ ਕਿਹਾ ਕਿ 2023 ਦੇ ਅੰਤ ਤਕ ਅਜਿਹਾ ਹੀ ਰਹਿਣ ਵਾਲਾ ਹੈ ਪਰ ਉਹ ਸਾਰੀਆਂ ਫਿਲਮਾਂ ਪੂਰੀਆਂ ਕਰਨ ਲਈ ਵਚਨਬੱਧ ਹੈ। ਉਸ ਨੇ ਕਿਹਾ, ‘‘ਮੈਂ ਨਵੀਆਂ ਸਕਰਿਪਟਾਂ ਪੜ੍ਹਨੀਆਂ ਛੱਡ ਦਿੱਤੀਆਂ ਹਨ। ਇਸ ਵੇਲੇ ਮੇਰੇ ਕੋਲ ਸਮਾਂ ਨਹੀਂ ਹੈ।’’ ਹੁਣ ਉਹ ਅਭਿਸ਼ੇਕ ਚੌਬੇ ਦੀ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਪਰ ਕਰੋਨਾ ਕਾਰਨ ਹਾਲ ਦੀ ਘੜੀ ਇਸ ਦਾ ਕੰਮ ਰੋਕ ਦਿੱਤਾ ਗਿਆ ਹੈ। -ਆਈਏਐੱਨਐੱਸ