ਇਕਬਾਲ ਸਿੰਘ ਹਮਜਾਪੁਰ
ਕੁਲਤਾਰ ਦੇ ਸਕੂਲ ਦੀ ਘੰਟੀ ਅਜੇ ਵੱਜੀ ਨਹੀਂ ਸੀ। ਉਂਜ ਬਹੁਤੇ ਬੱਚੇ ਸਕੂਲ ਪਹੁੰਚ ਚੁੱਕੇ ਸਨ। ਬੱਚੇ ਆਪੋ-ਆਪਣੀ ਜਮਾਤ ਵਿੱਚ ਬਸਤੇ ਰੱਖ ਕੇ ਮੈਦਾਨ ਵਿੱਚ ਖੇਡਣ ਲੱਗ ਪਏ ਸਨ। ਨਿੱਕੇ ਬੱਚੇ ਝੂਲਿਆਂ ’ਤੇ ਖੇਡਣ ਲੱਗ ਗਏ ਸਨ, ਪਰ ਕੁਲਤਾਰ ਜਮਾਤ ਵਿੱਚ ਬਸਤਾ ਧਰ ਕੇ ਕਿਧਰੇ ਨਾ ਗਿਆ। ਉਹ, ਰੂਪ ਲਾਲ ਵੱਲ ਨੂੰ ਹੋ ਗਿਆ। ਰੂਪ ਲਾਲ, ਕੁਲਤਾਰ ਦੇ ਸਕੂਲ ਵਿੱਚ ਸਫ਼ਾਈ ਕਰਮਚਾਰੀ ਸੀ। ਉਹ ਸਕੂਲ ਦੀ ਸਫ਼ਾਈ ਕਰ ਰਿਹਾ ਸੀ।
‘‘ਤਾਇਆ! ਆਪਣਾ ਝਾੜੂ ਮੈਨੂੰ ਵਿਖਾਉਣਾ ਜ਼ਰਾ।’’ ਕੁਲਤਾਰ ਨੇ ਰੂਪ ਲਾਲ ਦੇ ਨੇੜੇ ਜਾ ਕੇ ਕਿਹਾ। ਕੁਲਤਾਰ ਨੇ ਰੂਪ ਲਾਲ ਦੇ ਨਾਂਹ-ਨਾਂਹ ਕਰਨ ’ਤੇ ਵੀ ਉਸ ਦੇ ਹੱਥ ਵਿਚਲਾ ਝਾੜੂ ਫੜ ਲਿਆ ਸੀ। ਝਾੜੂ ਹੱਥ ਵਿੱਚ ਆਉਣ ਦੀ ਦੇਰ ਸੀ, ਕੁਲਤਾਰ ਭੰਬੀਰੀ ਬਣ ਗਿਆ। ਰੂਪ ਲਾਲ ਦੇ ਵਾਰ-ਵਾਰ ਰੋਕਣ ਦੇ ਬਾਵਜੂਦ ਕੁਲਤਾਰ ਝਾੜੂ ਫੇਰਦਾ-ਫੇਰਦਾ ਕਿੰਨੀ ਦੂਰ ਪਹੁੰਚ ਗਿਆ।
‘‘ਬੇਟਾ! ਤੂੰ ਨਹਾ-ਧੋ ਕੇ ਆਇਆ ਏਂ। ਤੇਰੇ ਕੱਪੜੇ ਗੰਦੇ ਹੋ ਜਾਣਗੇ। ਝਾੜੂ ਮਾਰਨਾ ਮੇਰਾ ਕੰਮ ਏ। ਤੂੰ ਤੇ ਪੜ੍ਹ-ਲਿਖ ਕੇ ਵੱਡਾ ਅਫ਼ਸਰ ਬਣਨਾ ਹੈ।’’ ਰੂਪ ਲਾਲ ਨੇ ਆਖਿਆ, ਪਰ ਕੁਲਤਾਰ ਨੇ ਰੂਪ ਲਾਲ ਦੀ ਇੱਕ ਨਾ ਸੁਣੀ।
ਕੁਲਤਾਰ ਪੜ੍ਹਾਈ ਵਿੱਚ ਤਾਂ ਹੁਸ਼ਿਆਰ ਸੀ ਹੀ, ਉਹ ਸੰਵੇਦਨਸ਼ੀਲ ਵੀ ਬਹੁਤ ਸੀ। ਕੁਲਤਾਰ, ਗ਼ਰੀਬਾਂ ਤੇ ਬਜ਼ੁਰਗਾਂ ਦੀ ਸਹਾਇਤਾ ਕਰਨਾ ਆਪਣਾ ਫਰਜ਼ ਸਮਝਦਾ ਸੀ। ਕੁਲਤਾਰ ਪਹਿਲੀ ਜਮਾਤ ਤੋਂ ਇਸੇ ਸਕੂਲ ਵਿੱਚ ਪੜ੍ਹਦਾ ਆ ਰਿਹਾ ਸੀ। ਹੁਣ ਉਹ ਅੱਠਵੀਂ ਜਮਾਤ ਵਿੱਚ ਹੋ ਗਿਆ ਸੀ। ਕੁਲਤਾਰ, ਰੂਪ ਲਾਲ ਨੂੰ ਸਕੂਲ ਸਾਫ਼ ਕਰਦੇ ਨੂੰ ਕਈ ਸਾਲਾਂ ਤੋਂ ਵੇਖ ਰਿਹਾ ਸੀ। ਰੂਪ ਲਾਲ ਹੁਣ ਬੁੱਢਾ ਹੋ ਗਿਆ ਸੀ। ਉਸ ਕੋਲੋਂ ਹੁਣ ਬਹੁਤਾ ਕੰਮ ਨਹੀਂ ਹੁੰਦਾ ਸੀ। ਸਾਰਾ-ਸਾਰਾ ਦਿਨ ਭੱਜ-ਭੱਜ ਕੇ ਕੰਮ ਕਰਨ ਵਾਲਾ ਰੂਪ ਲਾਲ ਹੁਣ ਛੇਤੀ ਥੱਕ ਜਾਂਦਾ ਸੀ। ਕਈ ਵਾਰ ਉਸ ਨੂੰ ਬਹਿ-ਬਹਿ ਕੇ ਸਕੂਲ ਸਾਫ਼ ਕਰਨਾ ਪੈਂਦਾ ਸੀ। ਕੁਲਤਾਰ ਜਦੋਂ ਰੂਪ ਲਾਲ ਨੂੰ ਬਹਿ-ਬਹਿ ਕੇ ਸਕੂਲ ਸਾਫ਼ ਕਰਦੇ ਨੂੰ ਵੇਖਦਾ, ਉਸ ਨੂੰ ਰੂਪ ਲਾਲ ’ਤੇ ਤਰਸ ਆਉਂਦਾ।
ਅੱਜ ਵੀ ਕੁਲਤਾਰ ਜਦੋਂ ਸਕੂਲ ਆਇਆ ਸੀ, ਰੂਪ ਲਾਲ ਬਹਿ ਕੇ ਝਾੜੂ ਮਾਰ ਦਾ ਉਸ ਦੀ ਨਿਗ੍ਹਾ ਪਿਆ ਸੀ। ਕੁਲਤਾਰ ਨੇ ਬਸਤਾ ਆਪਣੀ ਜਮਾਤ ਵਿੱਚ ਧਰ ਕੇ ਰੂਪ ਲਾਲ ਤੋਂ ਝਾੜੂ ਫੜ ਲਿਆ ਸੀ।
ਪਹਿਲਾ ਪੀਰੀਅਡ ਸ਼ੁਰੂ ਹੋਣ ਤੱਕ ਕੁਲਤਾਰ ਨੇ ਰੂਪ ਲਾਲ ਦਾ ਵਾਹਵਾ ਕੰਮ ਹੌਲਾ ਕਰ ਦਿੱਤਾ। ਅੱਜ ਕੁਲਤਾਰ ਪ੍ਰਾਰਥਨਾ ਵਿੱਚ ਨਹੀਂ ਗਿਆ ਸੀ। ਪ੍ਰਾਰਥਨਾ ਵਾਲਾ ਸਮਾਂ ਉਸ ਨੇ ਸਫ਼ਾਈ ਦੇ ਲੇਖੇ ਲਾ ਦਿੱਤਾ ਸੀ।
ਕੁਲਤਾਰ ਨੇ ਰੂਪ ਲਾਲ ਦਾ ਕੰਮ ਤਾਂ ਹੌਲਾ ਕਰ ਦਿੱਤਾ ਸੀ, ਪਰ ਉਸ ਦਾ ਮੂੰਹ-ਸਿਰ ਮਿੱਟੀ ਨਾਲ ਭਰ ਗਿਆ ਸੀ। ਕੁਲਤਾਰ ਦਾ ਹੁਲੀਆ ਵੇਖ ਕੇ ਉਸ ਦੀ ਇੰਚਾਰਜ ਮੈਡਮ ਹੈਰਾਨ ਰਹਿ ਗਈ।
‘‘ਕਿੱਥੋਂ ਆਇਆ ਏਂ ਚੰਗੜ ਬਣ ਕੇ?’’ ਕੁਲਤਾਰ ਦੀ ਇੰਚਾਰਜ ਨੇ ਗੁੱਸੇ ਹੁੰਦਿਆਂ ਪੁੱਛਿਆ ਤੇ ਕੁਲਤਾਰ ਡਰ ਗਿਆ। ਡਰਦੇ ਮਾਰੇ ਕੁਲਤਾਰ ਨੇ ਚੁੱਪ ਵੱਟ ਲਈ।
‘‘ਮੈਡਮ ਜੀ! ਇਹ ਰੂਪ ਲਾਲ ਨਾਲ ਕੰਮ ਕਰਵਾ ਕੇ ਆਇਆ।’’ ਜਮਾਤ ਵਿੱਚੋਂ ਕਿਸੇ ਬੱਚੇ ਨੇ ਦੱਸਿਆ ਤੇ ਇੰਚਾਰਜ ਮੈਡਮ ਦਾ ਗੁੱਸਾ ਸੱਤਵੇਂ ਅਸਮਾਨ ਨੂੰ ਚੜ੍ਹ ਗਿਆ। ਉਹ ਉਸੇ ਵਕਤ ਕੁਲਤਾਰ ਨੂੰ ਬਾਹੋਂ ਫੜ ਕੇ ਪ੍ਰਿੰਸੀਪਲ ਮੈਡਮ ਕੋਲ ਲੈ ਗਈ। ਪ੍ਰਿੰਸੀਪਲ ਨੇ ਕੁਲਤਾਰ ਨੂੰ ਤਾਂ ਝਿੜਕਣਾ ਹੀ ਸੀ, ਉਸ ਨੇ ਰੂਪ ਲਾਲ ਨੂੰ ਵੀ ਦਫ਼ਤਰ ਵਿੱਚ ਬੁਲਾ ਲਿਆ। ਪ੍ਰਿੰਸੀਪਲ ਨੇ ਰੂਪ ਲਾਲ ਦੀ ਵੀ ਲਾਹ-ਪਾਹ ਕੀਤੀ।
‘‘ਰੂਪ ਲਾਲ! ਜੇ ਦੁਬਾਰਾ ਆਪਣਾ ਕੰਮ ਕਿਸੇ ਬੱਚੇ ਤੋਂ ਕਰਵਾਇਆ ਤਾਂ ਤੈਨੂੰ ਨੌਕਰੀ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ।’’ ਪ੍ਰਿੰਸੀਪਲ ਨੇ ਰੂਪ ਲਾਲ ਨੂੰ ਹਦਾਇਤ ਕਰ ਦਿੱਤੀ। ਰੂਪ ਲਾਲ ਨੇ ਅੱਗੇ ਤੋਂ ਕਿਸੇ ਵੀ ਬੱਚੇ ਤੋਂ ਕੰਮ ਨਾ ਕਰਵਾਉਣ ਦਾ ਵਾਅਦਾ ਕਰਦਿਆਂ ਮੈਡਮ ਤੋਂ ਮੁਆਫ਼ੀ ਮੰਗੀ। ਕੁਲਤਾਰ ਇੱਕ ਹੋਣਹਾਰ ਵਿਦਿਆਰਥੀ ਸੀ। ਉਸ ਨੇ ਉਂਜ ਤਾਂ ਪ੍ਰਿੰਸੀਪਲ ਕੋਲੋਂ ਮੁਆਫ਼ੀ ਮੰਗ ਕੇ ਖਹਿੜਾ ਛੁਡਾ ਲਿਆ ਸੀ। ਕੁਲਤਾਰ ਸਮਝ ਗਿਆ ਸੀ ਕਿ ਝਾੜੂ ਫੇਰਨਾ ਉਸ ਦਾ ਕੰਮ ਨਹੀਂ ਹੈ, ਪਰ ਮਨ ਉਸ ਦਾ ਅਜੇ ਵੀ ਇਹ ਕਹਿੰਦਾ ਸੀ ਕਿ ਉਸ ਨੇ ਬਜ਼ੁਰਗ ਰੂਪ ਲਾਲ ਦੀ ਮਦਦ ਕਰਕੇ ਕੋਈ ਗੁਸਤਾਖ਼ੀ ਨਹੀਂ ਕੀਤੀ। ਹੁੁਣ ਕੁਲਤਾਰ ਕੋਈ ਅਜਿਹੀ ਤਰਕੀਬ ਸੋਚਣ ਲੱਗਾ, ਜਿਸ ਨਾਲ ਰੂਪ ਲਾਲ ਦੀ ਮਦਦ ਵੀ ਹੋ ਜਾਵੇ, ਉਸ ਦੇ ਆਪਣੇ ਕੱਪੜੇ ਵੀ ਗੰਦੇ ਨਾ ਹੋਣ ਤੇ ਪ੍ਰਿੰਸੀਪਲ ਵੀ ਨਾਰਾਜ਼ ਨਾ ਹੋਵੇ।
ਕਈ ਦਿਨ ਲੰਘ ਗਏ। ਇਨ੍ਹਾਂ ਦਿਨਾਂ ਵਿੱਚ ਭਾਵੇਂ ਕੁਲਤਾਰ ਨੇ ਰੂਪ ਲਾਲ ਦੇ ਕੰਮ ਵਿੱਚ ਕੋਈ ਹੱਥ ਨਹੀਂ ਵਟਾਇਆ ਸੀ, ਪਰ ਉਸ ਨੇ ਰੂਪ ਲਾਲ ਦੀ ਮਦਦ ਕਰਨ ਦਾ ਸਥਾਈ ਹੱਲ ਲੱਭ ਲਿਆ। ਕੁਲਤਾਰ ਨੇ ਆਪਣੀ ਇੰਚਾਰਜ ਮੈਡਮ ਨੂੰ ਨਾਲ ਲੈ ਕੇ ਪ੍ਰਿੰਸੀਪਲ ਨੂੰ ਸਕੂਲ ਵਿੱਚ ਥਾਂ-ਥਾਂ ਕੂੜੇਦਾਨ ਰੱਖਣ ਲਈ ਆਖਿਆ। ਉਸ ਨੇ ਆਪਣੀ ਜਾਣ-ਪਛਾਣ ਦੇ ਬੱਚਿਆਂ ਨੂੰ ਪਹਿਲਾਂ ਹੀ ਕੂੜੇਦਾਨ ਵਰਤਣ ਲਈ ਮਨਾ ਲਿਆ ਸੀ।
ਕੁਲਤਾਰ ਦੀ ਸਕੂਲ ਵਿੱਚ ਕੂੜੇਦਾਨ ਰੱਖਣ ਵਾਲੀ ਤਜਵੀਜ਼ ਅਣਗੌਲਣ ਵਾਲੀ ਨਹੀਂ ਸੀ। ਪ੍ਰਿੰਸੀਪਲ ਨੇ ਕੁਲਤਾਰ ਦੀ ਤਜਵੀਜ਼ ’ਤੇ ਅਮਲ ਕਰਦਿਆਂ ਉਸੇ ਦਿਨ ਥਾਂ-ਥਾਂ ਕੁੂੜੇਦਾਨ ਰਖਵਾ ਦਿੱਤੇ ਸਨ। ਹੁਣ ਬੱਚੇ ਇੱਕ-ਦੂਸਰੇ ਦੀ ਰੀਸੇ ਕੂੜੇਦਾਨਾਂ ਦੀ ਵਰਤੋਂ ਕਰਦੇ ਸਨ। ਸਾਰਾ ਸਕੂਲ ਸਾਫ਼ ਰਹਿੰਦਾ ਸੀ ਤੇ ਰੂਪ ਲਾਲ ਨੂੰ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ ਸੀ। ਰੂਪ ਲਾਲ ਬੇਹੱਦ ਖੁਸ਼ ਸੀ। ਉਹ ਆਪਣਾ ਕੰਮ ਕਰਦਾ ਮਨ ਹੀ ਮਨ ਕੁਲਤਾਰ ਦਾ ਧੰਨਵਾਦ ਕਰਦਾ ਰਹਿੰਦਾ ਸੀ।
ਸੰਪਰਕ: 09416-592149