ਮੁੰਬਈ: ਲੰਮੇ ਸਮੇਂ ਤੋਂ ਦੋਸਤ ਤੇ ਅਦਾਕਾਰ ਜੈਦੀਪ ਅਹਿਲਾਵਤ ਨਾਲ ਵੈੱਬ ਸੀਰੀਜ਼ ‘ਬਲੱਡੀ ਬਰਦਰਜ਼’ ਵਿੱਚ ਨਜ਼ਰ ਆਉਣ ਵਾਲੇ ਅਦਾਕਾਰ ਮੁਹੰਮਦ ਜ਼ੀਸ਼ਾਨ ਅਯੂਬ ਦਾ ਮੰਨਣਾ ਹੈ ਕਿ ਸਟਰੀਮਿੰਗ ਪਲੇਟਫਾਰਮ ਨੇ ਦੋ-ਨਾਇਕਾਂ ਵਾਲੀ ਕਹਾਣੀ ਦੀ ਸ਼ੈਲੀ ਨੂੰ ਸੁਰਜੀਤ ਕੀਤਾ ਹੈ। ‘ਅੰਦਾਜ਼’, ‘ਦੀਵਾਰ’ ਅਤੇ ‘ਸ਼ੋਅਲੇ’ ਵਰਗੀਆਂ ਫਿਲਮਾਂ ਦੀ ਮਿਸਾਲ ਦਿੰਦਿਆਂ ਅਯੂਬ ਨੇ ਕਿਹਾ ਕਿ ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ ’ਤੇ ਕੰਮ ਕੀਤਾ ਪਰ ਜਦੋਂ ਇੱਕ ਨਾਇਕ ਵਾਲੀਆਂ ਫਿਲਮਾਂ ਦਾ ਰੁਝਾਨ ਸ਼ੁਰੂ ਹੋਇਆ ਤਾਂ ਹੌਲੀ-ਹੌਲੀ ਹਾਲਾਤ ਬਦਲ ਗਏ। ਅਦਾਕਾਰ ਨੇ ਅੱਜ ਇੱਥੇ ਗੱਲ ਕਰਦਿਆਂ ਕਿਹਾ, ‘‘ਹੁਣ ਸਭ ਬਦਲ ਗਿਆ ਹੈ। ਓਟੀਟੀ ਵਿੱਚ ਰੁਝਾਨ ਵਧ ਰਿਹਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਿਨੇਮਾ ਵਿੱਚ ਵੀ ਵਾਪਸ ਆਵੇ। ਪਰ ਇੱਥੇ ਨਾਇਕ ਦਾ ਵਿਚਾਰ ਵੱਖਰਾ ਹੈ, ਵੱਡਾ ਸਟਾਰ ਹੀ ਨਾਇਕ ਹੈ… ਇਸ ਦਾ ਭਾਵ ਹੈ ਕਿ ਇੱਥੇ ਭ੍ਰਿਸ਼ਟਾਚਾਰ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਬਦਲੇਗਾ।’’ ‘ਬਲੱਡੀ ਬਰਦਰਜ਼’ ਇੱਕ ਛੇ ਭਾਗਾਂ ਵਾਲੀ ਸੀਰੀਜ਼ ਹੈ, ਜਿਸ ਦਾ ਨਿਰਦੇਸ਼ਨ ‘ਬੰਟੀ ਔਰ ਬਬਲੀ’ ਲਈ ਜਾਣੇ ਜਾਂਦੇ ਨਿਰਦੇਸ਼ਕ ਸ਼ਾਦ ਅਲੀ ਕਰ ਰਹੇ ਹਨ। ਜ਼ੀ5 ’ਤੇ ਪ੍ਰਸਾਰਿਤ ਹੋਣ ਵਾਲੀ ਇਸ ਸੀਰੀਜ਼ ਦੀ ਕਹਾਣੀ ਦੋ ਭਰਾਵਾਂ ਦੇ ਜੀਵਨ ਦੁਆਲੇ ਘੁੰਮਦੀ ਹੈ। ਵੱਡਾ ਭਰਾ ਜੱਗੀ, ਜੋ ਅਮੀਰ ਹੈ ਅਤੇ ਸ਼ਾਨਦਾਰ ਜ਼ਿੰਦਗੀ ਜਿਊਂਦਾ ਹੈ ਅਤੇ ਛੋਟਾ ਦਲਜੀਤ ਇੱਕ ਕਿਤਾਬਘਰ-ਕਮ-ਕੈਫ਼ੇ ਚਲਾ ਕੇ ਗੁਜ਼ਾਰਾ ਕਰਦਾ ਹੈ। ਸੀਰੀਜ਼ ਵਿੱਚ ਆਯੂਬ ਦਲਜੀਤ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਸੀਰੀਜ਼ 18 ਮਾਰਚ ਨੂੰ ਪ੍ਰਸਾਰਿਤ ਹੋਵੇਗੀ। ਪ੍ਰਾਈਮ ਵੀਡੀਓ ’ਤੇ ਪਿਛਲੇ ਸਾਲ ਆਈ ਸੀਰੀਜ਼ ‘ਤਾਂਡਵ’ ਮਗਰੋਂ ਅਯੂੁਬ ਦਾ ਇਹ ਪਹਿਲਾਂ ਪ੍ਰਾਜੈਕਟ ਹੈ। -ਪੀਟੀਆਈ