ਡਾ. ਗੁਰਬਖ਼ਸ਼ ਸਿੰਘ ਭੰਡਾਲ
ਚੁੱਪ ਦੀ ਜ਼ੁਬਾਨ ਹੁੰਦੀ ਹੈ ਜਿਸ ਦੇ ਬੋਲਾਂ ਵਿਚ ਬਹੁਤ ਕੁਝ ਅਬੋਲ ਹੁੰਦਾ ਹੈ। ਬਹੁਤ ਕੁਝ ਸੁਣਾਈ ਨਹੀਂ ਦਿੰਦਾ। ਸਿਰਫ਼ ਸੋਝੀ ਹੀ ਇਸ ਨੂੰ ਸਮਝ, ਇਸ ਦੀ ਸੰਵੇਦਨਾ ਨੂੰ ਅਰਥ ਬਖ਼ਸ਼ਦੀ ਹੈ। ਚੁੱਪ ਸਾਡੇ ਅੰਦਰ ਵੀ ਅਤੇ ਬਾਹਰ ਵੀ ਹੈ। ਚੌਗਿਰਦੇ ਵਿਚ ਹਾਜ਼ਰ-ਨਾਜ਼ਰ। ਸਾਡੀਆਂ ਸੋਚਾਂ, ਵਰਤਾਰਿਆਂ, ਭਾਵਾਂ, ਸੁਪਨਿਆਂ, ਸੰਭਾਵਨਾਵਾਂ ਅਤੇ ਸਮਰੱਥਾਵਾਂ ਵਿਚ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੀ ਹੈ, ਪਰ ਮਨੁੱਖ ਚੁੱਪ ਨੂੰ ਕਿਸ ਭਾਵ ਨਾਲ ਲੈਂਦਾ, ਕਿਹੜੇ ਅਰਥਾਂ ਰਾਹੀਂ ਇਸ ਦੀ ਨਿਸ਼ਾਨਦੇਹੀ ਕਰਦਾ, ਕਿਹੜੇ ਸਰੀਰਿਕ ਪ੍ਰਤੀਕਰਮ ਰਾਹੀਂ ਇਸ ਦੀ ਸੂਖ਼ਮਤਾ ਨੂੰ ਸਮਝਦਾ ਅਤੇ ਇਸ ਦੀਆਂ ਤਹਿਆਂ ਫਰੋਲਣ ਪ੍ਰਤੀ ਰੁਚਿਤ ਹੁੰਦਾ ਹੈ, ਇਹ ਮਨੁੱਖੀ ਸੰਜੀਦਗੀ, ਪੁਖ਼ਤਗੀ ਅਤੇ ਪ੍ਰਵਿਰਤੀ ’ਤੇ ਨਿਰਭਰ ਹੈ।
ਚੁੱਪ ਜਦੋਂ ਬੋਲਦੀ ਹੈ ਤਾਂ ਇਸ ਨੂੰ ਸੁਣਨਾ ਤੇ ਸਮਝਣਾ ਕਈ ਵਾਰ ਬਹੁਤ ਔਖਾ ਹੁੰਦਾ ਹੈ। ਇਸ ਚੁੱਪ ਨੂੰ ਉਲਥਾਉਣ ਲਈ ਖ਼ੁਦ ਨੂੰ ਅੰਤਰੀਵ ਵਿਚ ਉਤਰਨਾ ਪੈਂਦਾ ਹੈ। ਚੁੱਪ ਸਭ ਤੋਂ ਜ਼ਹੀਨ, ਸੂਖ਼ਮ ਅਤੇ ਸਮਝਦਾਰ ਵਿਅਕਤੀਆਂ ਨਾਲ ਹੀ ਆਪਣੇ ਰਾਜ਼ ਸਾਂਝੇ ਕਰਦੀ ਹੈ। ਅਜਿਹੇ ਲੋਕ ਚੁੱਪ ਨੂੰ ਸ਼ਬਦਾਂ, ਸੰਵਾਦ, ਕਾਵਿ-ਕਿਰਤਾਂ ਜਾਂ ਕਲਾ-ਕਿਰਤੀਆਂ ਰਾਹੀਂ ਪ੍ਰਗਟਾਉਣ ਵਿਚ ਸਦਾ ਯਤਨਸ਼ੀਲ ਰਹਿੰਦੇ ਹਨ। ਜੋ ਲੋਕ ਚੁੱਪ ਨੂੰ ਨਹੀਂ ਜਾਣਦੇ ਜਾਂ ਇਸ ਤੋਂ ਅਵੇਸਲੇ ਹੁੰਦੇ ਹਨ, ਉਹ ਮਨੁੱਖ ਨਹੀਂ ਸਗੋਂ ਰੋਬੋਟ ਹੋ ਸਕਦੇ ਹਨ। ਚੁੱਪ ਤਾਂ ਚਿੰਤਕਾਂ, ਚੇਤੰਨ ਅਤੇ ਫ਼ਿਕਰਮੰਦ ਵਿਅਕਤੀਆਂ ਦਾ ਪਾਣੀ ਭਰਦੀ ਏ।
ਚੁੱਪ ਮਨੁੱਖ ਦੇ ਅੰਦਰ ਤੋਂ ਅੰਦਰ ਤੀਕ ਦੀ ਯਾਤਰਾ ਹੈ। ਬਾਹਰਲੇ ਸਰੋਕਾਰਾਂ ਤੋਂ ਅੰਦਰਲੀਆਂ ਭਾਵਨਾਵਾਂ ਨੂੰ ਸਮਝਣ ਦੀ ਪ੍ਰੀਕਿਰਿਆ। ਆਪਣੀ ਬੇਖੁਦੀ ਵਿਚੋਂ ਖੁਦਦਾਰੀ ਅਤੇ ਰਹਿਨੁਮਾਈ ਪ੍ਰਾਪਤ ਕਰਨ ਦਾ ਨਿਸ਼ਚਾ।
ਚੁੱਪ ਘਟਨਾਵਾਂ, ਕਿਰਿਆਵਾਂ, ਵਕਤੀ ਵਰਤਾਰਿਆਂ ਜਾਂ ਚੌਗਿਰਦੇ ਵਿਚ ਹੋ ਰਹੇ ਵਿਕਾਸ ਜਾਂ ਵਿਨਾਸ਼ ਕਾਰਨ ਮਨੁੱਖੀ ਮਨ ’ਤੇ ਪ੍ਰਭਾਵ ਪਾਉਂਦੀ ਹੈ। ਕਈ ਵਾਰ ਮਨੁੱਖ ਖ਼ੁਦ ਹੀ ਹਾਲਾਤ ਦਾ ਸਤਾਇਆ ਚੁੱਪ ਹੋ ਜਾਂਦਾ ਹੈ, ਪਰ ਕਈਆਂ ਦੀ ਚੁੱਪ ਕਾਰਨ ਹਾਲਾਤ ਬਦਲਦੇ ਹਨ।
ਚੁੱਪ ਅਸਥਾਈ ਵੀ ਅਤੇ ਸਥਾਈ ਵੀ ਹੈ। ਅਸਥਾਈ ਚੁੱਪ ਵਿਚੋਂ ਨਵੇਂ ਵਿਚਾਰਾਂ ਦੀਆਂ ਕਿਰਨਾਂ ਫੁੱਟਦੀਆਂ, ਨਰੋਈਆਂ ਕਲਾ-ਕਿਰਤਾਂ ਦੀ ਸਿਰਜਣਾ ਹੁੰਦੀ ਹੈ, ਜਦੋਂ ਕਿ ਸਦੀਵੀ ਚੁੱਪ ਤਾਂ ਸਿਵਿਆਂ ਨੂੰ ਜਾਂਦੇ ਰਾਹ ਦੀ ਮਾਰਗ-ਦਰਸ਼ਨ ਹੁੰਦੀ ਹੈ। ਖੁਦਾ ਕਰੇ! ਚੁੱਪ ਪਲ ਭਰ ਦੀ ਤਾਂ ਜ਼ਰੂਰ ਹੋਵੇ, ਪਰ ਕਦੇ ਵੀ ਚੁੱਪ ਦਾ ਸਦੀਵੀ ਸਾਥ ਮਾਨਣ ਦੀ ਤਮੰਨਾ ਮਨ ਵਿਚ ਨਾ ਪਾਲੋ।
ਚੁੱਪ ਨੂੰ ਬੋਲ ਵੀ ਉਲਥਾਉਂਦੇ ਤੇ ਚੁੱਪ ਵੀ। ਕਲਮ ਵੀ ਸਮਝਾਉਂਦੀ ਅਤੇ ਬੁਰਸ਼ ਵੀ। ਇਸ਼ਾਰੇ ਵੀ ਅਤੇ ਮੂਕਤਾ ਵੀ। ਚੁੱਪ ਨੂੰ ਸਮਝਣ ਲਈ ਸਮਰੱਥਾ, ਸੂਖ਼ਮਤਾ ਅਤੇ ਸਿਆਣਪ ਦੀ ਲੋੜ ਹੈ। ਜਦੋਂ ਕੋਈ ਬੋਲ ਨਾ ਸਮਝੇ ਤਾਂ ਚੁੱਪ ਸਭ ਤੋਂ ਸਮਰੱਥ ਹਥਿਆਰ ਹੁੰਦੀ ਹੈ। ਚੁੱਪ ਕਦੇ ਵੀ ਖਾਲੀ ਨਹੀਂ ਹੁੰਦੀ। ਇਸ ਦੀ ਕੁੱਖ ਵਿਚ ਬਹੁਤ ਕੁਝ ਛੁਪਿਆ ਹੁੰਦਾ ਹੈ। ਚੁੱਪ ਕਦੇ ਵੀ ਅਕਾਰਥ ਨਹੀਂ ਹੁੰਦੀ। ਬਹੁਤ ਕੀਮਤੀ ਹੁੰਦੀ ਹੈ।
ਚੁੱਪ ਹੋਣ ’ਤੇ ਜਦੋਂ ਕੋਈ ਪੁੱਛਦਾ ਹੈ ਕਿ ਚੁੱਪ ਕਿਉਂ ਹੋ ਤਾਂ ਕਹਿਣਾ ਪੈਂਦਾ ਏ ਕਿ ਚੁੱਪ ਦੇਖ ਕੇ ਹੈਰਾਨ ਨਾ ਹੋ ਦੋਸਤ। ਭਰੋਸਾ ਕਰਕੇ ਬਹੁਤ ਕੁਝ ਗਵਾਇਆ ਏ ਤਾਂ ਹੀ ਚੁੱਪ ਹਾਂ। ਅਲਫ਼ਾਜ਼ ਤਾਂ ਬਹੁਤ ਕੁਝ ਕਹਿਣਾ ਚਾਹੁੰਦੇ ਨੇ, ਪਰ ਮੇਰਾ ਅੰਦਾਜ਼ ਇਹ ਇਜਾਜ਼ਤ ਨਹੀਂ ਦਿੰਦਾ।
ਚੁੱਪ ਕਦੇ ਵੀ ਕਮਜ਼ੋਰੀ ਜਾਂ ਬੁਜ਼ਦਿਲੀ ਨਹੀਂ ਹੁੰਦੀ। ਇਹ ਤਾਂ ਸਮਝਦਾਰੀ ਅਤੇ ਵਕਤ ਦਾ ਤਕਾਜ਼ਾ ਹੁੰਦੀ ਹੈ। ਦਸਤਕ ਜਾਂ ਹਾਕ ਤਾਂ ਕੰਨਾਂ ਲਈ ਹੁੰਦੇ ਹਨ, ਪਰ ਚੁੱਪ ਦਾ ਵਾਸਾ ਰੂਹ ਵਿਚ ਹੁੰਦਾ ਅਤੇ ਰੂਹ ਤੀਕ ਪਹੁੰਚਣਾ ਹਰੇਕ ਦੇ ਵਸ ਨਹੀਂ ਹੁੰਦਾ।
ਕੁਝ ਲੋਕ ਚੁੱਪ ਵਿਚ ਹਾਜ਼ਰ ਹੁੰਦੇ ਅਤੇ ਬੋਲਾਂ ਵਿਚ ਗੁੰਮਨਾਮ। ਜਿਹੜੇ ਲੋਕ ਬੋਲਾਂ ਵਿਚ ਹਾਜ਼ਰ ਹੋਣ ਤੀਕ ਹੀ ਸੀਮਤ ਹੋਣ, ਉਹ ਰੂਹ ਵਿਚੋਂ ਸਦਾ ਗੈਰ-ਹਾਜ਼ਰ ਹੀ ਰਹਿੰਦੇ ਹਨ। ਰੂਹ ਵਿਚ ਹਾਜ਼ਰ ਰਹੋ, ਲੋਕ ਸਮਝ ਜਾਣਗੇ। ਬੋਲਾਂ ਵਿਚ ਹਾਜ਼ਰੀ ਦੇ ਕੋਈ ਮਾਅਨੇ ਨਹੀਂ ਹੁੰਦੇ।
ਹਮੇਸ਼ਾਂ ਗੁਫ਼ਤਗੂ ਦੇ ਗੁਲਦਸਤਿਆਂ ਵਿਚੋਂ ਅਰਥ ਤਲਾਸ਼ਣ ਦੀ ਬਜਾਏ ਕਦੇ ਕਦਾਈਂ ਚੁੱਪ ਨੂੰ ਪੜ੍ਹਨ ਤੇ ਸੁਣਨ ਦੀ ਆਦਤ ਵੀ ਪਾਉਣੀ ਚਾਹੀਦੀ ਹੈ ਕਿਉਂਕਿ ਉਹ ਹੀ ਸਭ ਤੋਂ ਵੱਡਾ ਅਦੀਬ ਹੁੰਦਾ ਜੋ ਤੁਹਾਡੀ ਚੁੱਪ ਦੀ ਵੀ ਤਰਜ਼ਮਾਨੀ ਕਰ ਸਕੇ।
ਅੰਦਰਲੀ ਚੁੱਪ ਵਿਚ ਉਤਰਨ ਲਈ ਖ਼ੁਦ ਨੂੰ ਸੇਧਤ ਅਤੇ ਸੰਮੋਹਿਤ ਕਰਨਾ ਪੈਂਦਾ ਹੈ ਕਿਉਂਕਿ ਚਿਰਾਂ ਤੀਕ ਚੁੱਪ ਹੀ ਰਹਿ ਕੇ ਅੰਤਰੀਵੀ ਚੁੱਪ ਦਾ ਨਿੱਘ ਨਹੀਂ ਮਾਣਿਆ ਜਾ ਸਕਦਾ। ਗੁਰਬਾਣੀ ਦਾ ਫੁਰਮਾਨ ਹੈ ‘ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ’।
ਕਬਰਾਂ ਦੀ ਚੁੱਪ ਜਦੋਂ ਬੋਲਣ ’ਤੇ ਉਤਾਰੂ ਹੋ ਜਾਵੇ ਤਾਂ ਇਹ ਬੀਤੇ ਦੀਆਂ ਪਰਤਾਂ ਵਿਚੋਂ ਹੋਣੀਆਂ-ਅਣਹੋਣੀਆਂ ਤੇ ਅਮਾਨਵੀ ਵਰਤਾਰਿਆਂ ਦੇ ਪੋਤੜੇ ਫਰੋਲਣ ਲੱਗਦੀ ਹੈ। ਰਾਤ ਦੀ ਚੁੱਪ ਵਿਚ ਤਾਰਿਆਂ ਦੀ ਖਾਮੋਸ਼ੀ ਤੇ ਚੰਨ-ਚਾਨਣੀ ਦੀ ਤਾਸੀਰ ਪਸਰੀ ਹੁੰਦੀ ਹੈ। ਕਦੇ ਟਿਕੀ ਰਾਤ ਦੇ ਸੰਨਾਟੇ ਨੂੰ ਅੰਦਰਲੇ ਸੰਨਾਟੇ ਦੇ ਰੂਬਰੂ ਕਰਨਾ, ਪਤਾ ਲੱਗੇਗਾ ਕਿ ਮਨੁੱਖੀ ਸੰਨਾਟੇ ਅਤੇ ਰਾਤ ਦੇ ਸੰਨਾਟੇ ਵਿਚ ਕਿੰਨਾ ਅੰਤਰ ਹੈ?
ਕੁਦਰਤ ਦੀ ਬੋਲਦੀ ਚੁੱਪ ਨੂੰ ਮਾਨਣਾ ਹੋਵੇ ਤਾਂ ਕਦੇ ਮਹਾਂਨਗਰ ਤੋਂ ਦੂਰ ਕੁਦਰਤ ਦੀ ਆਗੋਸ਼ ਵਿਚ ਕੁਝ ਦਿਨ ਸੁਸਤਾਉਣਾ। ਤੁਹਾਨੂੰ ਅਹਿਸਾਸ ਹੋਵੇਗਾ ਕਿ ਕੁਦਰਤ ਦੀ ਚੁੱਪ ਵਿਚ ਨਿਆਮਤਾਂ ਦੀ ਭਰਮਾਰ ਹੈ, ਦੇਣਦਾਰੀਆਂ ਹਨ। ਝੋਲੀਆਂ ਭਰ ਕੇ ਵੰਡਣ ਦੀ ਅਦਾ ਹੈ। ਹਰੇਕ ਨੂੰ ਨਿਆਜ਼ਾਂ ਵੰਡਦੀ, ਸਮੁੱਚੇ ਜੀਵ-ਸੰਸਾਰ ਦੇ ਜੀੜਨ ਦਾ ਮੂਲ ਆਧਾਰ ਹੋ ਕੇ ਵੀ ਨਿਮਾਣੀ ਰਹਿਣ ਵਿਚ ਫ਼ਖਰ ਮਹਿਸੂਸ ਕਰਦੀ ਏ। ਕਦੇ ਕਦਾਈਂ ਇਹ ਚੁੱਪ ਬਹੁਤ ਖਾਮੋਸ਼ ਹੋ ਜਾਂਦੀ ਹੈ ਤਾਂ ਘਾਤਕ ਵੀ ਹੋ ਜਾਂਦੀ ਹੈ। ਕੁਦਰਤੀ ਆਫ਼ਤਾਂ ਦੇ ਰੂਪ ਵਿਚ ਮਨੁੱਖ ਨੂੰ ਉਸ ਦੀ ਔਕਾਤ ਦਿਖਾਉਂਦੀ, ਮਨੁੱਖੀ ਨਿਗੂਣਤਾ ਦੇ ਰੂਬਰੂ ਵੀ ਕਰਦੀ। ਕੁਦਰਤ ਕਦੇ ਵੀ ਨਿਮਾਣੀ, ਨਿਆਸਰੀ ਜਾਂ ਨਿਗੂਣੀ ਨਹੀਂ ਹੁੰਦੀ। ਉਹ ਮਨੁੱਖ ਨੂੰ ਪਰਖਦੀ, ਪਤਿਆਉਂਦੀ ਤੇ ਸਮਝਾਉਂਦੀ ਕਿ ਕਦੇ ਵੀ ਸਿਰਜਣਹਾਰੀ ਦੀ ਕੁੱਖ ਵਿਚ ਜ਼ਹਿਰਾਂ ਨਾ ਬੀਜਣਾ। ਵਰਨਾ ਇਸ ਦਾ ਇਵਜ਼ਾਨਾ ਤਾਂ ਮਨੁੱਖ ਨੂੰ ਹੀ ਭਰਨਾ ਪੈਣਾ।
ਕਦੇ ਕਦਾਈਂ ਸਮੁੰਦਰ ਵਰਗੀ ਚੁੱਪ ਜੇਕਰ ਮਨੁੱਖ ਆਪਣੇ ਅੰਦਰ ਉਤਾਰ ਲਵੇ ਤਾਂ ਉਸ ਨੂੰ ਇਹ ਸੋਝੀ ਆਵੇਗੀ ਕਿ ਮੌਕਾ ਆਉਣ ’ਤੇ ਚੁੱਪ ਵਿਚੋਂ ਕਿਵੇਂ ਆਵਾਜ਼ ਦਨਦਨਾਉਣੀ ਹੈ? ਆਪਣੇ ਕੰਢਿਆਂ ਨੂੰ ਵਿਸਥਾਰ ਦੇ ਕੇ ਮਨੁੱਖ ਦੀਆਂ ਹੋਛੀਆਂ ਕਰਤੂਤਾਂ ਨੂੰ ਕਿਵੇਂ ਠੱਲ੍ਹ ਪਾਉਣੀ ਹੈ। ਸਮੁੰਦਰ ਦੀ ਚੁੱਪ ਵਰਗੀ ਕੋਈ ਹੋਰ ਚੁੱਪ ਨਹੀਂ ਹੁੰਦੀ।
ਬਿਰਖ਼ਾਂ ਦੀ ਚੁੱਪ ਜਦੋਂ ਕਿਸੇ ਬਾਗ਼ ਨੂੰ ਆਪਣੇ ਕਲਾਵੇ ਵਿਚ ਲੈਂਦੀ ਤਾਂ ਬਾਗ਼-ਬਗੀਚੇ ਮਸੋਸੇ ਜਾਂਦੇ ਹਨ ਕਿਉਂਕਿ ਬਾਗ਼ ਤਾਂ ਹਵਾਵਾਂ ਨਾਲ ਸਰਸਰਾਉਂਦੇ ਤੇ ਚੋਹਲ-ਮੋਹਲ ਕਰਦੇ ਹੀ ਚੰਗੇ ਲੱਗਦੇ ਹਨ। ਜਦੋਂ ਕੋਈ ਸੁੰਨ ਬਿਰਖ਼ ਨੂੰ ਮੱਲਦੀ ਹੈ ਤਾਂ ਇਸ ਦੀਆਂ ਟਾਹਣੀਆਂ ਨੂੰ ਵਿਰਲਾਪ ਦੀ ਜੂਨ ਹੰਢਾਉਣੀ ਪੈਂਦੀ ਹੈ। ਰੋਂਦੀ ਬਿਰਖ਼ੀ ਚੁੱਪ ਵਿਚ ਆਲ੍ਹਣੇ ਦੇ ਬਿਖਰੇ ਤੀਲਿਆਂ ਦਾ ਦਰਦ ਹੁੰਦਾ ਹੈ, ਬੋਟਾਂ ਦੇ ਚੋਗ ਲਈ ਤਰਲੇ, ਪਰਿੰਦਿਆਂ ਦੀ ਵਿਲਕਣੀ ਅਤੇ ਉੱਜੜੀਆਂ ਸੱਥਾਂ ਦੀ ਵੈਰਾਨਗੀ ਹੁੰਦੀ ਹੈ। ਬਿਰਖ ਦੀ ਚੁੱਪ ਵਿਚ ਹੀ ਮਨੁੱਖੀ ਮਾਤਮ ਹੁੰਦਾ ਹੈ। ਮਨੁੱਖੀ ਵਰਤਾਰੇ ਜਦ ਮਾਤਮ ਦੀ ਪੂਜਾ ਕਰਨ ਲੱਗਦੇ ਤਾਂ ਬਿਰਖ਼ ਸਿਰਫ਼ ਸਿਵਿਆਂ ਦੀ ਅੱਗ ਸੇਕਣ ਦੇ ਹੀ ਕੰਮ ਆਉਂਦਾ ਹੈ।
ਘਰ ਦੇ ਜ਼ਰੇ ਜ਼ਰੇ ਵਿਚ ਚੁੱਪ ਦਾ ਵਾਸਾ ਹੈ। ਹਰਦਮ ਕੁਝ ਨਾ ਕੁਝ ਜ਼ਰੂਰ ਅਲਾਹੁੰਦੀ ਰਹਿੰਦੀ ਹੈ, ਪਰ ਵਸਦੇ ਲੋਕ ਕੇਹੇ ਨਿਰਮੋਹੇ ਕਿ ਉਹ ਇਸ ਚੁੱਪ ਦੇ ਬੋਲਾਂ ਨੂੰ ਸੁਣਨ ਤੋਂ ਨਾਬਰ ਹਨ। ਫਿਰ ਇਹ ਚੁੱਪ ਮਾਤਮੀ ਸੁਰ ਵਿਚ ਘਰ ਵਿਚ ਫੈਲ ਜਾਂਦੀ ਹੈ। ਅਜੋਕੇ ਸਮਿਆਂ ਵਿਚ ਤਾਂ ਘਰ ਦੀ ਹਰ ਨੁੱਕਰ ਵਿਚ ਹੀ ਚੁੱਪ ਦਾ ਪਹਿਰਾ ਹੈ। ਇਹ ਚੁੱਪ ਚੌਂਕੇ ਚੁੱਲ੍ਹੇ ਅਤੇ ਖਾਣੇ ਦੇ ਮੇਜ਼ ’ਤੇ ਵੀ। ਸਭ ਤੋਂ ਬੇਰਹਿਮ ਹੁੰਦੀ ਹੈ ਕਮਰਿਆਂ ਵਿਚ ਫੈਲੀ ਚੁੱਪ ਦੀ ਸੰਕੀਰਨਤਾ ਵਿਚ ਖ਼ੁਦ ਨੂੰ ਕੋਹਣਾ। ਇਹ ਚੁੱਪ ਅਜੋਕੀ ਜੀਵਨਸ਼ੈਲੀ ਦੀ ਦੇਣ ਹੈ ਕਿਉਂਕਿ ਅਸੀਂ ਵਿਚਾਰਾਂ ਦੇ ਅਦਾਨ-ਪ੍ਰਦਾਨ, ਗੁਫ਼ਤਗੂ ਕਰਨ ਜਾਂ ਆਪਣੀ ਕਹਿਣ ਤੇ ਦੂਸਰੇ ਦੀ ਸੁਣਨਾ ਹੀ ਭੁੱਲ ਗਏ ਹਾਂ। ਆਪਣਾ ਇਕ ਮਸਨੂਈ ਸੰਸਾਰ ਸਿਰਜ ਲਿਆ ਹੈ। ਮਨੁੱਖ ਨੂੰ ਮਨੁੱਖ ਕਹਿਣ ਲੱਗਿਆਂ ਵੀ ਹੋਛਾਪਣ ਲੱਗਦਾ ਹੈ। ਕੋਈ ਨਹੀਂ ਭਰਦਾ ਪਲੰਘ ’ਤੇ ਪਈਆਂ ਦੋ ਜਿੰਦਾਂ ਵਿਚਕਾਰ ਪਸਰੀ ਹੋਈ ਚੁੱਪ ਦਾ ਹੁੰਗਾਰਾ। ਕਦੇ ਕੰਧ ’ਤੇ ਲਟਕਦੀ ਬਾਪ ਦੀ ਤਸਵੀਰ ਵਿਚਲੀ ਚੁੱਪ ਨੂੰ ਮੁਖਾਤਬ ਹੋਣਾ, ਤੁਹਾਨੂੰ ਪਤਾ ਲੱਗੇਗਾ ਕਿ ਬਾਪ ਦੀ ਚੀਸ ਦੇ ਕੀ ਅਰਥ ਹੁੰਦੇ ਹਨ? ਜਿਉਂਦੇ ਜੀਅ ਅਸੀਂ ਆਪਣੇ ਬਾਪ ਲਈ ਕੀ ਕੀਤਾ? ਉਸ ਨੇ ਸਾਡੇ ਲਈ ਕੀ ਕੀਤਾ ਸੀ? ਜਦੋਂ ਅਨਾਥ ਆਸ਼ਰਮ ਵਿਚ ਮਰੇ ਬਾਪ ਦੀ ਫੋਟੋ ਘਰ ਦੀ ਕੰਧ ’ਤੇ ਲਟਕਾਈ ਜਾਂਦੀ ਹੈ ਤਾਂ ਕੰਧ ਵੀ ਨਮੋਸ਼ੀ ਦੀ ਮਾਰੀ, ਲਿਓੜ ਲਾਹੁਣ ਲੱਗਦੀ ਹੈ। ਕਦੇ ਵੀ ਘਰ ਵਿਚ ਚੁੱਪ ਨਾ ਸਿਰਜੋ। ਸਗੋਂ ਇਸ ਚੁੱਪ ਨੂੰ ਕੁਝ ਬੋਲ ਦਿਓ ਤਾਂ ਕਿ ਇਸ ਚੁੱਪ ਵਿਚੋਂ ਸੁਗਮ-ਸੰਗੀਤ, ਮਿੱਠੜੇ ਬੋਲ, ਸ਼ੁਭਕਾਮਨਾਵਾਂ ਅਤੇ ਸ਼ੁਭਚਿੰਤਨ ਦੀਆਂ ਮਾਧੂਰ ਧੁੰਨਾਂ ਪੈਦਾ ਹੋਣ।
ਦਰਾਂ ਦੀ ਚੁੱਪ ਜਦੋਂ ਬੋਲਦੀ ਤਾਂ ਸਹਿਮ ਕੇ ਬੈਠੀ ਉਡੀਕ ਡਰ ਜਾਂਦੀ ਹੈ ਅਤੇ ਆਸ ਵਲੂੰਧਰੀ ਜਾਂਦੀ ਹੈ। ਜਦੋਂ ਕਿਸੇ ਦਰ ’ਤੇ ਡੋਲ੍ਹੇ ਜਾਣ ਵਾਲੇ ਪਾਣੀ ਅਤੇ ਚੋਏ ਜਾਣ ਵਾਲੇ ਤੇਲ ਦੀ ਬੇਰੁਖੀ ਹੰਢਾਉਣ ਲਈ ਮਜਬੂਰ ਹੋਣਾ ਪਵੇ ਤਾਂ ਚੁੱਪ ਵਿਚੋਂ ਕੁੱਖੋਂ ਜਾਇਆਂ ਨੂੰ ਮਿਲਣ ਲਈ ਲਿਲਕੜੀਆਂ ਪੈਦਾ ਹੁੰਦੀਆਂ ਹਨ। ਅੰਤਿਮ ਯਾਤਰਾ ਲਈ ਮੋਢਾ ਦੇਣ ਲਈ ਤਰਲਾ ਹੁੰਦਾ ਹੈ। ਜਦੋਂ ਇਹ ਤਰਲਾ, ਅਰਜੋਈ ਅਤੇ ਵਿਲਕਣੀ ਦਾ ਕੋਈ ਹੁੰਗਾਰਾ ਹੀ ਨਹੀਂ ਬਣਦਾ ਤਾਂ ਚੁੱਪ, ਦਰਦ ਵਿਚ ਤੜਫ਼ਦਾ ਆਖਰ ਨੂੰ ਸਦਾ ਲਈ ਹੀ ਚੁੱਪ ਹੋ ਜਾਂਦਾ ਹੈ।
ਬਾਬੇ ਦੀ ਚੁੱਪ ਵਿਚ ਸੱਭਿਆਚਾਰ ਅਤੇ ਵਿਰਾਸਤ ਦੇ ਮੁੱਖ ’ਤੇ ਉੱਗੀਆਂ ਘਰਾਲਾਂ ਦੀ ਇਬਾਦਤ ਹੈ। ਬਾਪ ਦੀ ਚੁੱਪ ਵਿਚ ਘਰ ਦੀਆਂ ਤੰਗੀਆਂ-ਤਰੁਸ਼ੀਆਂ, ਚੋਂਦੀ ਹੋਈ ਛੱਤ, ਥੁੜ੍ਹੀਆਂ ਫੀਸਾਂ, ਲੀਰਾਂ ਹੋਈ ਪੱਗ ਅਤੇ ਤਨ ਦੇ ਲੰਗਾਰਾਂ ਦਾ ਰੁਦਨ ਹੈ। ਮਾਂ ਦੀ ਚੁੱਪ ਵਿਚ ਬੈਠੀ ਹੁੰਦੀ ਹੈ ਕੋਠੇ ਜੇਡੀ ਧੀ ਦੇ ਵਿਆਹ ਦਾ ਫ਼ਿਕਰ, ਬੱਚੇ ਦੀ ਚੁੱਪ ਨੂੰ ਉਲਥਾਉਣ ਦੀ ਤੀਬਰਤਾ, ਘਰੋਗੀ ਤੰਗੀਆਂ ਨੂੰ ਬੱਚਿਆਂ ਤੋਂ ਲਕੋਅ ਕੇ ਰੱਖਣ ਦੀ ਜਾਚ ਅਤੇ ਬੱਚਿਆਂ ਦੀਆਂ ਰੀਝਾਂ ਨੂੰ ਗ਼ਰੀਬੀ ਦੇ ਪਰਛਾਵੇਂ ਤੋਂ ਬਚਾਉਣ ਦੀ ਤਮੰਨਾ। ਧੀ ਦੀ ਚੁੱਪ ਵਿਚ ਬਾਪ ਦੇ ਸ਼ਮਲੇ ਨੂੰ ਦੁੱਧ ਚਿੱਟਾ ਰੱਖਣ ਦੀ ਚਿੰਤਾ, ਮਾਂ ਦੇ ਚਾਵਾਂ ਨੂੰ ਚਹਿਕਦੇ ਰੱਖਣ ਦੀ ਤੜਫ਼, ਗੁੱਡੀਆਂ ਪਟੋਲਿਆਂ ਨੂੰ ਵਰਾਉਣ ਦੀ ਲਾਲਸਾ ਅਤੇ ਪੇਕੇ ਤੇ ਸਹੁਰੇ ਘਰਾਂ ਨੂੰ ਸਵਰਗ ਬਣਾਉਣ ਅਤੇ ਮਾਪਿਆਂ ਦੇ ਦੁੱਖਾਂ ਨੂੰ ਵੰਡਾਉਣ ਦੀ ਚਾਹਨਾ।
ਪੁੱਤ ਦੀ ਚੁੱਪ ਵਿਚ ਸੱਖਣੇ ਸੁਪਨਿਆਂ ਦਾ ਸੰਤਾਪ, ਕਾਗਜ਼ ਦਾ ਟੋਟਾ ਬਣੀਆਂ ਡਿਗਰੀਆਂ ਦਾ ਦਰਦ, ਪਿਉ ਦੇ ਕਰਜ਼ੇ ਅਤੇ ਮਾਂ ਦੇ ਸੁਪਨਈ ਸੰਸਾਰ ਦੀ ਅਪੂਰਤੀ ਦਾ ਰੁਦਨ। ਡਿਗਰੀ ਜਦੋਂ ਡੰਗੋਰੀ ਨਾ ਬਣੇ, ਸੁਪਨਾ ਜਦੋਂ ਸਿਰ ਦਾ ਤਾਜ ਨਾ ਬਣੇ ਅਤੇ ਜਦੋਂ ਕੋਈ ਸਿਹਰੇ ਦੀ ਬਜਾਏ ਸਿਵੇ ਵੱਲ ਨੂੰ ਰੁਖ਼ ਮੋੜਦਾ ਹੈ ਤਾਂ ਪੁੱਤ, ਚੁੱਪ ਦਾ ਹੀ ਚਹੇਤਾ ਬਣ ਜਾਂਦਾ ਹੈ। ਜਦੋਂ ਉਹ ਚਾਹ ਕੇ ਮਾਪਿਆਂ ਦੀ ਨਰੋਈ ਪਛਾਣ ਸਿਰਜਣ ਤੋਂ ਨਕਾਰਿਆ ਜਾਂਦਾ ਹੈ ਤਾਂ ਉਸ ਦੀ ਚੁੱਪ ਹੀ ਉਸ ਨੂੰ ਕੋਂਹਦੀ ਹੈ। ਉਸ ਦਾ ਅੰਦਰ ਧੁਖਦਾ ਸਿਵਾ ਬਣ ਜਾਂਦਾ ਹੈ।
ਨੂੰਹ ਦੀ ਚੁੱਪ ਵਿਚ ਪੇਕਿਆਂ ਦੇ ਘਰ ਮਾਣੀਆਂ ਮੌਜਾਂ ਦਾ ਚੇਤਾ, ਸਹੁਰਿਆਂ ਵਿਚ ਬੇਗਾਨਗੀ ਹੰਢਾਉਣ ਦੀ ਤੋਬਾ ਅਤੇ ਆਪਣੇ ਹੀ ਘਰ ਵਿਚ ਵੀ ਪਰਾਈ ਬਣ ਕੇ ਰਹਿਣ ਦੀ ਮਜਬੂਰੀ। ਨੂੰਹ ਦੀ ਚੁੱਪ ਬਹੁਤੀ ਵਾਰ ਘਰ ਵਿਚ ਉੱਗੀਆਂ ਕੰਧਾਂ, ਆਈਆਂ ਤਰੇੜਾਂ ਜਾਂ ਚੁਗਲੀਆਂ ਕਰਦੀ ਅੱਗ ਵੀ ਹੁੰਦੀ ਹੈ। ਬੱਚੇ ਦੀ ਚੁੱਪ ਵਿਚ ਆਪਣਾ ਦੁੱਖ, ਪੀੜਾ ਜਾਂ ਬਿਮਾਰੀ ਨੂੰ ਦੱਸਣ ਦੀ ਅਵਾਜ਼ਾਰੀ ਅਤੇ ਲਾਚਾਰੀ। ਜਦੋਂ ਟੁੱਕਰ ਲਈ ਬੋਟ ਵਿਕਾਊ ਹੋ ਜਾਵੇ ਤਾਂ ਚੁੱਪ, ਬੋਟਾਂ ਦੀਆਂ ਆਂਦਰਾਂ ਵਿਚ ਛਹਿ ਕੇ, ਦਰਦ ਕਹਾਣੀਆਂ ਬਣ ਜਾਂਦੀ। ਪੋਤੇ ਦੀ ਚੁੱਪ ਵਿਚ ਪੀੜ੍ਹੀਆਂ ਦੇ ਅੰਤਰ ਦੀ ਬੋਲਬਾਣੀ ਹੁੰਦੀ ਹੈ ਜੋ ਮੂਕ ਰਹਿ ਕੇ ਅੰਤਰੀਵ ਦੀ ਅਵੱਗਿਆ ਕਰਨ ਤੋਂ ਅਸਮਰੱਥ ਰਹਿੰਦੀ ਆਪਣੇ ਆਪ ਨੂੰ ਕੋਹਣ ਤੀਕ ਹੀ ਸੀਮਤ ਹੁੰਦੀ ਹੈ।
ਅਧਿਆਪਕ ਦੀ ਚੁੱਪ ਵਿਚ ਵਿਦਿਆਰਥੀਆਂ ਦਾ ਧੁਆਂਖਿਆ ਸੁਪਨ-ਸੰਸਾਰ, ਅੱਖਰਾਂ ਵਿਚ ਸਿਮਟੀ ਅਰਥ-ਵੇਦਨਾ ਅਤੇ ਸ਼ਬਦਾਂ ਵਿਚੋਂ ਮਨਫ਼ੀ ਹੋਏ ਸੂਰਜਾਂ ਨੂੰ ਮਾਰੀ ਹੋਈ ਹਾਕ ਹੁੰਦੀ ਹੈ। ਸਿਆਸਤਦਾਨ ਦੀ ਚੁੱਪ ਵਿਚ ਸਾਜ਼ਿਸ਼ੀ ਘਤਿੱਤਾਂ, ਲੋਕਾਂ ਨੂੰ ਕੁਰਸੀਆਂ ਦੇ ਪਾਵੇ ਪਾਉਣ ਦੀਆਂ ਕੋਝੀਆਂ ਚਾਲਾਂ ਅਤੇ ਨਿੱਜੀ ਸੁਆਰਥ ਦੀ ਪੂਰਤੀ ਹੁੰਦੀ ਹੈ ਜਿਹੜੀ ਅਬੋਲ ਰਹਿ ਕੇ ਬੋਲਣ ਵਾਲਿਆਂ ਨੂੰ ਗੂੰਗਾ ਕਰਨ ਅਤੇ ਕੋਹਣ ਦੇ ਸਮਰੱਥ ਹੈ। ਮਿੱਤਰ ਦੀ ਚੁੱਪ ਵਿਚ ਉਮਰ ਭਰ ਦੀ ਸਾਂਝ ਵਿਚ ਪਈ ਦਰਾੜ, ਦਿਲ ਦੀਆਂ ਬਾਤਾਂ ਸਾਂਝੀਆਂ ਕਰਨ ਤੋਂ ਬੇਰੁਖੀ। ਮਿੱਤਰ ਮੋਢੇ ’ਤੇ ਸਿਰ ਰੱਖ ਕੇ ਰੋ ਨਾ ਸਕਣ ਦੀ ਪੀੜਾ। ਇਸ ਪੀੜਾ ਵਿਚ ਪਰੁਚੀ ਚੁੱਪ, ਚੁੱਪ-ਚੁੱਪ ਰਹਿੰਦੀ ਅਤੇ ਆਖਰ ਨੂੰ ਮਿੱਤਰਤਾ ਦਾ ਮਰਸੀਆ ਹੀ ਗਾਉਣ ਜੋਗੀ ਰਹਿ ਜਾਂਦੀ ਹੈ। ਪਤਨੀ ਦੀ ਚੁੱਪ ਵਿਚ ਅਪੂਰਨ ਰੀਝਾਂ ਦਾ ਦੁੱਖ, ਸੂਲਾਂ ਵਰਗਾ ਸੁੱਖ, ਬੇਪੱਤਰਾ ਰੁਖ਼ ਅਤੇ ਕਈ ਵਾਰ ਸੁੰਨੀ ਕੁੱਖ ਦਾ ਦਰਦ ਵੀ ਹੁੰਦਾ ਹੈ। ਇਸ ਚੁੱਪ ਤੋਂ ਚਹਿਕਣ ਤੀਕ ਦਾ ਫ਼ਾਸਲਾ ਬਹੁਤ ਲੰਮੇਰਾ ਜਾਂ ਛੁਟੇਰਾ ਵੀ ਹੋ ਸਕਦਾ ਹੈ। ਇਹ ਸਿਰਫ਼ ਦੰਪਤੀ ਦੀ ਆਪਸੀ ਸੂਝ, ਸਮਝ ਅਤੇ ਸੰਵੇਦਨਾ ਹੀ ਨਿਰਧਾਰਤ ਕਰਦੀ ਹੈ।
ਪਰ ਸਭ ਤੋਂ ਅਹਿਮ ਹੁੰਦੀ ਹੈ ਕਿ ਬੰਦੇ ਦੇ ਅੰਦਰ ਬੈਠੀ ਚੁੱਪ ਅਤੇ ਇਸ ਨੂੰ ਮੁਖਾਤਬ ਹੋਣਾ। ਇਸ ਚੁੱਪ ਦੀਆਂ ਕਈ ਪਰਤਾਂ ਅਤੇ ਹਰੇਕ ਪਰਤ ਦਾ ਆਪਣਾ ਨਜ਼ਰੀਆ, ਦਿੱਖ ਅਤੇ ਦਰਜਾ ਹੁੰਦਾ ਹੈ। ਜਦੋਂ ਬੰਦਾ ਬਾਹਰੋਂ ਦੁਨਿਆਵੀ ਅਲਾਮਤਾਂ ਨਾਲ ਗ੍ਰਸਿਆ ਹੋਵੇ ਤਾਂ ਚੁੱਪ ਬੰਦੇ ਦੇ ਅੰਦਰ ਦਾ ਸਫ਼ਰ ਕਰਦੀ ਏ ਅਤੇ ਫਿਰ ਉਹ ਚੁੱਪ ਨੂੰ ਆਪਣਾ ਹਾਣੀ ਬਣਾਉਂਦਾ ਹੈ। ਇਸ ਦਾ ਸਾਥ ਹੀ ਜ਼ਿੰਦਗੀ ਦੀਆਂ ਸੁੱਚੀਆਂ ਤੇ ਉੱਚੀਆਂ ਕਦਰਾਂ-ਕੀਮਤਾਂ ਨਿਸ਼ਚਿਤ ਕਰਨ ਵਿਚ ਅਹਿਮ ਹੁੰਦਾ ਹੈ। ਅਜਿਹੀ ਚੁੱਪ ਦਾ ਨਿੱਘ ਸਦੀਵੀ ਮਾਣਦੇ ਰਹਿਣਾ ਚਾਹੀਦਾ ਹੈ।