ਮਨਦੀਪ ਸਿੰਘ ਸਿੱਧੂ
ਐੱਮ. ਜ਼ਹੂਰ ਉਰਫ਼ ਸ਼ੇਖ਼ ਮੁਹੰਮਦ ਜ਼ਹੂਰ-ਉਦ-ਦੀਨ ਦੀ ਪੈਦਾਇਸ਼ 12 ਦਸੰਬਰ 1912 ਨੂੰ ਗੁੱਜਰਾਂਵਾਲਾ ਦੇ ਪੰਜਾਬੀ ਮੁਸਲਿਮ ਪਰਿਵਾਰ ਵਿੱਚ ਹੋਈ। ਗੁੱਜਰਾਂਵਾਲਾ ਤੋਂ ਹੀ ਉਸ ਨੇ ਇੰਟਰ ਤੱਕ ਤਾਲੀਮ ਹਾਸਲ ਕੀਤੀ। ਉਸ ਤੋਂ ਬਾਅਦ ਮਕੈਨੀਕਲ ਇੰਜੀਨੀਅਰ ਬਣ ਗਏ। ਮੋਟਰ ਸਾਈਕਲ, ਮੋਟਰ ਚਲਾਉਣਾ, ਸ਼ਿਕਾਰ ਕਰਨਾ ਤੇ ਇਤਿਹਾਸਕ ਥਾਵਾਂ ਦੀ ਸੈਰ ਕਰਨਾ ਉਸ ਦੇ ਪਸੰਦੀਦਾ ਸ਼ੌਕ ਸਨ। ਫਿਲਮਾਂ ਨੂੰ ਖ਼ੂਬਸੂਰਤ ਖ਼ਿਆਲ ਕਰਦੇ ਸਨ ਲਿਹਾਜ਼ਾ 5 ਅਗਸਤ 1928 ਨੂੰ ਉਹ ਲਾਹੌਰ ਦੀ ਫਿਲਮ ਕੰਪਨੀ ਯੂਨਾਈਟਿਡ ਪਲੇਅਰ ਵਿੱਚ ਸ਼ਰੀਕ ਹੋ ਗਏ। ਇਸ ਤੋਂ ਬਾਅਦ ਪਲੇਆਰਟ ਫੋਟੋਟੋਨ (ਲਾਹੌਰ) ਫਿਰ ਪ੍ਰਕਾਸ਼ ਪਿਕਚਰਜ਼ (ਬੰਬੇ) ਤੇ ਮੋਹਨ ਪਿਕਚਰਜ਼ (ਬੰਬੇ) ਨਾਲ ਜੁੜ ਗਏ। ਫਿਲਮਾਂ ’ਚ ਉਹ ਮੁੱਖ ਅਦਾਕਾਰ, ਸਹਾਇਕ ਅਦਾਕਾਰ ਤੇ ਖਲਨਾਇਕ ਦੀ ਹੈਸੀਅਤ ਨਾਲ ਕੰਮ ਕਰਦੇ ਰਹੇ।
ਐੱਮ. ਜ਼ਹੂਰ ਦੇ ਫ਼ਨੀ ਸਫ਼ਰ ਦੀ ਇਬਤਿਦਾ ਲਾਹੌਰ ਤੋਂ ਹੋਈ। ਜਦੋਂ ਲਾਹੌਰ ਦੇ ਗੱਭਰੂ ਏ. ਆਰ. ਕਾਰਦਾਰ ਉਰਫ਼ ਅਬਦੁੱਲ ਰਸ਼ੀਦ ਕਾਰਦਾਰ ਨੇ ਆਪਣੇ ਫਿਲਮਸਾਜ਼ ਅਦਾਰੇ ਯੂਨਾਈਟਿਡ ਪਲੇਅਰ ਕਾਰਪੋਰੇਸ਼ਨ, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਚੁੱਪ ਯਾਨੀ ਖ਼ਾਮੋਸ਼ ਫਿਲਮ ‘ਸ਼ੈਫ਼ਰਡ’ ਉਰਫ਼ ‘ਫ਼ਰੇਬੀ ਸ਼ਹਿਜ਼ਾਦਾ’ ਉਰਫ਼ ‘ਜੰਗਲਨਨ ਜਵਾਹਿਰ’ (1930) ਬਣਾਈ ਤਾਂ ਐੱਮ. ਜ਼ਹੂਰ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਇਸੇ ਅਦਾਰੇ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਚੁੱਪ ਫਿਲਮ ‘ਸਰਫ਼ਰੋਸ਼’ ਉਰਫ਼ ‘ਬਰੇਵ ਹਾਰਟ’ (1930) ’ਚ ਜ਼ਹੂਰ ਨੇ ਖਲ ਕਿਰਦਾਰ ਨਿਭਾਇਆ ਜਦਕਿ ਮਰਕਜ਼ੀ ਕਿਰਦਾਰ ਵਿੱਚ ਮਾਸਟਰ ਗ਼ੁਲਾਮ ਕਾਦਿਰ (ਵਾਲਿਦ ਅਦਾਕਾਰ ਅਨੂਪ ਜਾਨ) ਤੇ ਮਿਸ ਗੁਲਜ਼ਾਰ ਸਨ। ਐੱਮ. ਜ਼ਹੂਰ ਦੀ ਖਲ ਅਦਾਕਾਰ ਵਜੋਂ ਤੀਜੀ ਸਟੰਟ ਚੁੱਪ ਫਿਲਮ ਵੀ ਇਸੇ ਅਦਾਰੇ ਦੀ ਹੀ ਏ. ਆਰ. ਕਾਰਦਾਰ ਨਿਰਦੇਸ਼ਤ ‘ਗੋਲਡਨ ਡੈਗਰ’ ਉਰਫ਼ ‘ਖ਼ੂਨੀ ਖੰਜਰ’ ਉਰਫ਼ ‘ਸੁਨਹਿਰੀ ਖੰਜਰ’ (1931) ਸੀ ਜਦਕਿ ਫਿਲਮ ਦੀ ਮੁੱਖ ਭੂਮਿਕਾ ਵਿੱਚ ਮਿਸ ਗੁਲਜ਼ਾਰ ਤੇ ਗੁਲ ਹਮੀਦ (ਸਿਤਾਰਾ-ਏ-ਹਿੰਦ) ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ।
ਜਦੋਂ ਬੋਲਦੀਆਂ ਫਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਐੱਮ. ਜ਼ਹੂਰ ਲਾਹੌਰ ਤੋਂ ਫਿਲਮਾਂ ਦੇ ਵੱਡੇ ਮਰਕਜ਼ ਬੰਬੇ ਟੁਰ ਗਏ। ਸਭ ਤੋਂ ਪਹਿਲਾਂ ਉਹ ਪ੍ਰਕਾਸ਼ ਫਿਲਮ ਕੰਪਨੀ ਵਿੱਚ ਮੁਲਾਜ਼ਮ ਹੋ ਗਏ। ਜਦੋਂ ਵਿਜੈ ਸ਼ੰਕਰ ਭੱਟ ਨੇ ਆਪਣੇ ਫਿਲਮਸਾਜ਼ ਅਦਾਰੇ ਪ੍ਰਕਾਸ਼ ਪਿਕਚਰਜ਼, ਬੰਬੇ ਦੇ ਬੈਨਰ ਹੇਠ ਬਲਵੰਤ ਭੱਟ ਦੀ ਹਿਦਾਇਤਕਾਰੀ ਵਿੱਚ ਆਪਣੀ ਪਹਿਲੀ ਸਟੰਟ ਹਿੰਦੀ ਫਿਲਮ ‘ਦਿ ਐਕਟਰਸ’ ਉਰਫ਼ ‘ਬੰਬਈ ਕੀ ਮੋਹਿਨੀ’ (1934) ਬਣਾਈ ਤਾਂ ਐੱਮ ਜ਼ਹੂਰ ਨੂੰ ਸਹਾਇਕ ਅਦਾਕਾਰ ਵਜੋਂ ਪੇਸ਼ ਕੀਤਾ। ਫਿਲਮ ’ਚ ਮਿਸ ਪੰਨਾ, ਮਿਸ ਅਲਕਨੰਦਾ, ਅਦਾਕਾਰ ਬੱਚੂ ਤੇ ਕਾਸ਼ੀਨਾਥ ਮੁੱਖ ਕਿਰਦਾਰ ਨਿਭਾ ਰਹੇ ਸਨ। ਪ੍ਰਕਾਸ਼ ਪਿਕਚਰਜ਼ ਦੀ ਹੀ ਨਿਰੰਜਨ ਪੀ. ਭਾਰਦਵਾਜ ਨਿਰਦੇਸ਼ਿਤ ਸਟੰਟ ਫਿਲਮ ‘ਸ਼ਮਸ਼ੀਰ-ਏ-ਅਰਬ’ (1935) ’ਚ ਐੱਮ. ਜ਼ਹੂਰ ਨੇ ਸਹਾਇਕ ਪਾਰਟ ਜਦਕਿ ਮੁੱਖ ਭੂਮਿਕਾ ’ਚ ਪੇਸ਼ਾਵਰ ਦਾ ਗੱਭਰੂ ਜੇਯੰਤ ਉਰਫ਼ ਜ਼ਕਰੀਆ ਖ਼ਾਨ (ਵਾਲਿਦ ਅਮਜ਼ਦ ਖ਼ਾਨ/ਗੱਬਰ) ਤੇ ਅਦਾਕਾਰਾ ਮੋਹਿਨੀ ਮੌਜੂਦ ਸਨ। ਇਸੇ ਬੈਨਰ ਦੀ ਹੀ ਰਸਿਕ ਭੱਟ ਨਿਰਦੇਸ਼ਿਤ ਫਿਲਮ ‘ਬੰਬਈ ਕੀ ਸੇਠਾਨੀ’ (1935) ’ਚ ਜ਼ਹੂਰ ਨੇ ਸਹਾਇਕ ਭੂਮਿਕਾ ਜਦਕਿ ਮੁੱਖ ਕਿਰਦਾਰ ਵਿੱਚ ਜੇਯੰਤ ਤੇ ਰਾਜਕੁਮਾਰੀ (ਗੁਲੂਕਾਰਾ) ਜੋੜੀਦਾਰ ਸਨ। ਪ੍ਰਕਾਸ਼ ਪਿਕਚਰਜ਼ ਦੀ ਹੀ ਆਰ. ਪੀ. ਭੱਟ ਨਿਰਦੇਸ਼ਿਤ ਸਟੰਟ ਫਿਲਮ ‘ਬੰਬੇ ਮੇਲ’ (1935) ’ਚ ਜ਼ਹੂਰ ਇੱਕ ਵਾਰ ਫਿਰ ਜੇਯੰਤ ਤੇ ਰਾਜਕੁਮਾਰੀ ਦੀ ਜੋੜੀ ਨਾਲ ਖਲ ਪਾਤਰ ਨਿਭਾ ਰਹੇ ਸਨ। ਇਸੇ ਬੈਨਰ ਦੀ ਦਵਾਰਕਾ ਖੋਸਲਾ ਨਿਰਦੇਸ਼ਿਤ ਸਟੰਟ ਫਿਲਮ ‘ਪਾਸਿੰਗ ਸ਼ੋਅ’ (1936) ’ਚ ਜੇਯੰਤ ਤੇ ਪਦਮਾ ਦੇਵੀ, ਉਮਾ ਕਾਂਤ ਤੇ ਸ਼ੀਰੀਨ ਦੀ ਜੋੜੀ ਨਾਲ ਐੱਮ. ਜ਼ਹੂਰ ਖਲਨਾਇਕ ਦਾ ਪਾਰਟ ਅਦਾ ਕਰ ਰਹੇ ਸਨ।
ਪ੍ਰਕਾਸ਼ ਪਿਕਚਰਜ਼, ਬੰਬੇ ਦੇ ਬੈਨਰ ਹੇਠ ਬਲਵੰਤ ਭੱਟ ਦੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਤੋਪ ਕਾ ਗੋਲਾ’ (1936) ’ਚ ਐੱਮ. ਜ਼ਹੂਰ ਨੇ ‘ਸਮਰ ਸਿੰਘ’ ਦਾ ਕਿਰਦਾਰ ਨਿਭਾਇਆ। ਫਿਲਮ ਜੇਯੰਤ ਨੇ ‘ਤੋਪ ਕਾ ਗੋਲਾ ਅਜੀਤ’ ਦਾ ਟਾਈਟਲ ਰੋਲ ਤੇ ਉਸ ਦੇ ਰੂਬਰੂ ਜੰਮੂ (ਕਸ਼ਮੀਰ ਸਟੇਟ) ਦੀ ਪੰਜਾਬਣ ਮੁਟਿਆਰ ਗੁਲਾਬ ਉਰਫ਼ ਸਰਸਵਤੀ ਦੇਵੀ ‘ਚੰਦਾ’ ਦਾ ਪਾਰਟ ਅਦਾ ਕਰ ਰਹੀ ਸੀ। ਪ੍ਰਕਾਸ਼ ਪਿਕਚਰਜ਼ ਦੀ ਹੀ ਬਲਵੰਤ ਭੱਟ ਨਿਰਦੇਸ਼ਿਤ ਫਿਲਮ ‘ਚੈਲੇਂਜ’ (1937) ’ਚ ਵੀ ਐੱਮ. ਜ਼ਹੂਰ ਨੇ ਖਲ ਪਾਤਰ ਅਦਾ ਕੀਤਾ ਜਦਕਿ ਮਰਕਜ਼ੀ ਕਿਰਦਾਰ ਵਿੱਚ ਜੇਯੰਤ ਤੇ ਗੁਲਾਬ ਜੋੜੀਦਾਰ ਸਨ। ਪ੍ਰਕਾਸ਼ ਪਿਕਚਰਜ਼ ਦੀ ਬਲਵੰਤ ਭੱਟ ਨਿਰਦੇਸ਼ਿਤ ਸਟੰਟ ਫਿਲਮ ‘ਹਿਜ਼ ਹਾਈਨੇਸ’ (1937) ’ਚ ਐੱਮ. ਜ਼ਹੂਰ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਜਦਕਿ ਮੁੱਖ ਭੂਮਿਕਾਵਾਂ ਵਿੱਚ ਜੇਯੰਤ ਤੇ ਸਰਦਾਰ ਅਖ਼ਤਰ (ਲਾਹੌਰ) ਸਨ। ਪ੍ਰਕਾਸ਼ ਪਿਕਚਰਜ਼, ਬੰਬੇ ਦੀ ਹੀ ਵਿਜੈ ਭੱਟ ਨਿਰਦੇਸ਼ਿਤ (ਪਹਿਲੀ ਫਿਲਮ) ਕਾਲਪਨਿਕ ਫਿਲਮ ‘ਖ਼ਵਾਬ ਕੀ ਦੁਨੀਆ’ ਉਰਫ਼ ‘ਡਰੀਮਲੈਂਡ’ (1937) ’ਚ ਜ਼ਹੂਰ ਨੇ ਖਲ ਪਾਤਰ ਅਦਾ ਕੀਤਾ ਤੇ ਮੁੱਖ ਕਿਰਦਾਰ ਵਿੱਚ ਜੇਯੰਤ ਤੇ ਸਰਦਾਰ ਅਖ਼ਤਰ ਮੌਜੂਦ ਸਨ। ਪ੍ਰਕਾਸ਼ ਪਿਕਚਰਜ਼ ਦੀ ਹੀ ਵਿਜੈ ਭੱਟ ਨਿਰਦੇਸ਼ਿਤ ਸਟੰਟ ਫਿਲਮ ‘ਸਟੇਟ ਐਕਸਪ੍ਰੈੱਸ’ (1938) ’ਚ ਇੱਕ ਵਾਰ ਫਿਰ ਜੇਯੰਤ ਤੇ ਸਰਦਾਰ ਅਖ਼ਤਰ ਦੀ ਜੋੜੀ ਨਾਲ ਜ਼ਹੂਰ ਖਲਨਾਇਕ ਦੀ ਭੂਮਿਕਾ ਨਿਭਾ ਰਹੇ ਸਨ। ਹੋਰਨਾਂ ਫ਼ਨਕਾਰਾਂ ਵਿੱਚ ਉਮਾ ਕਾਂਤ, ਸ਼ੀਰੀਨ, ਜ਼ਾਵੇਰ ਭਾਈ, ਇਸਮਾਇਲ, ਵਿੱਠਲਦਾਸ ਪੰਚੋਟੀਆ ਆਦਿ ਸ਼ਾਮਲ ਸਨ। ਇਹ ਫਿਲਮ 23 ਮਈ 1938 ਨੂੰ ਲਾਹੌਰ ’ਚ ਪਰਦਾਪੇਸ਼ ਹੋਈ। ਪ੍ਰਕਾਸ਼ ਪਿਕਚਰਜ਼ ਦੀ ਹੀ ਬਲਵੰਤ ਭੱਟ ਨਿਰਦੇਸ਼ਿਤ ਫਿਲਮ ‘ਬਿਜਲੀ’ (1939) ’ਚ ਐੱਮ. ਜ਼ਹੂਰ ਨਕਾਰਾਤਮਕ ਪਾਰਟ ਅਤੇ ਜੈਰਾਜ ਤੇ ਪ੍ਰਮਿਲਾ ਮਰਕਜ਼ੀ ਕਿਰਦਾਰ ਅਦਾ ਕਰ ਰਹੇ ਸਨ। ਇਸੇ ਬੈਨਰ ਦੀ ਹੀ ਬਲਵੰਤ ਭੱਟ ਨਿਰਦੇਸ਼ਿਤ ਸਟੰਟ ਫਿਲਮ ‘ਹੀਰੋ ਨੰਬਰ ਵਨ’ (1939) ’ਚ ਜ਼ਹੂਰ ਨੇ ਖਲ ਪਾਤਰ ਅਤੇ ਹੀਰੋ ਵਜੋਂ ਜੇਯੰਤ ਤੇ ਹੀਰੋਇਨ ਦਾ ਰੋਲ ਗੁਲਾਬ ਨੇ ਨਿਭਾਇਆ। ਪ੍ਰਕਾਸ਼ ਪਿਕਚਰਜ਼, ਬੰਬੇ ਦੀ ਹੀ ਸ਼ਾਂਤੀ ਜੇ. ਦਵੇ ਨਿਰਦੇਸ਼ਿਤ ਸਟੰਟ ਫਿਲਮ ‘ਹੁਕਮ ਕਾ ਇੱਕਾ’ (1939) ’ਚ ਜਿੱਥੇ ਐੱਮ. ਜ਼ਹੂਰ ਨਕਾਰਾਤਮਕ ਕਿਰਦਾਰ ਨਿਭਾ ਰਿਹਾ ਸੀ, ਉੱਥੇ ਮੁੱਖ ਜੋੜੀਦਾਰ ਵਜੋਂ ਅਦਾਕਾਰਾ ਪ੍ਰਮਿਲਾ ਤੇ ਉਮਾ ਕਾਂਤ ਮਰਕਜ਼ੀ ਰੋਲ ਅਦਾ ਕਰ ਰਹੇ ਸਨ। ਦੂਸਰੇ ਫ਼ਨਕਾਰਾਂ ਵਿੱਚ ਗੁਲਾਬ, ਕੁਮੁਦਿਨੀ, ਲੱਲੂਭਾਈ, ਮੁਣਸ਼ੀ ਖੰਜ਼ਰ ਤੇ ਸ਼ਿਆਮ ਸੁੰਦਰ (ਕਾਮੇਡੀਅਨ) ਵੀ ਆਪਣੀ ਅਦਾਕਾਰੀ ਨਾਲ ਛਾਏ ਹੋਏ ਸਨ। ਸੰਗੀਤ ਸ਼ੰਕਰ ਰਾਵ ਵਿਆਸ ਤੇ ਲੱਲੂਭਾਈ ਨਾਇਕ ਅਤੇ ਫਿਲਮ ਦੇ 7 ਗੀਤ ਸੰਪਤ ਲਾਲ ਸ੍ਰੀਵਾਸਤਵ ‘ਅਨੁਜ’ ਨੇ ਤਹਿਰੀਰ ਕੀਤੇ ਸਨ। ਪ੍ਰਕਾਸ਼ ਪਿਕਚਰਜ਼, ਬੰਬੇ ਦੀ ਹੀ ਵਿਜੈ ਭੱਟ ਨਿਰਦੇਸ਼ਿਤ ਸਟੰਟ ਫਿਲਮ ‘ਲੈਦਰ ਫੇਸ’ ਉਰਫ਼ ‘ਫ਼ਰਜ਼ੰਦ-ਏ-ਵਤਨ’ (1939) ’ਚ ਐੱਮ. ਜ਼ਹੂਰ ਨੇ ਖਲਨਾਇਕ ਦੀ ਮੁੱਖ ਭੂਮਿਕਾ ਨਿਭਾਈ ਜਦਕਿ ਜੈਰਾਜ ਤੇ ਮਹਿਤਾਬ ਮਰਕਜ਼ੀ ਕਿਰਦਾਰ ਨਿਭਾ ਰਹੇ ਸਨ। ਹੋਰਨਾਂ ਫ਼ਨਕਾਰਾਂ ਦੇ ਨਾਲ ਬਾਲੜੀ ਮੀਨਾ ਕੁਮਾਰੀ (ਮਹਿਜਬੀਨ ਬਾਨੋ) ਦੀ ਬਤੌਰ ਬਾਲ ਅਦਾਕਾਰਾ ਇਹ ਪਹਿਲੀ ਫਿਲਮ ਸੀ। ਇਹ ਫਿਲਮ 21 ਜੁਲਾਈ 1939 ਨੂੰ ਪ੍ਰਭਾਤ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ।
ਐੱਮ. ਜ਼ਹੂਰ ਦੀ ਬਤੌਰ ਹੀਰੋ ਪਹਿਲੀ ਫਿਲਮ ਲਾਲਾ ਨਾਨਕ ਚੰਦ ਨਾਜ਼ ਦੇ ਫਿਲਮਸਾਜ਼ ਅਦਾਰੇ ਰਾਵੀ ਟਾਕੀਜ਼, ਲਾਹੌਰ ਦੀ ਐੱਮ. ਐੱਲ. ਕਪੂਰ ਨਿਰਦੇਸ਼ਿਤ ਸਟੰਟ ਹਿੰਦੀ ਫਿਲਮ ‘ਪਾਪ ਕੀ ਨਗਰੀ’ (1939) ਸੀ। ਫਿਲਮ ’ਚ ਐੱਮ. ਜ਼ਹੂਰ ਦੇ ਹਮਰਾਹ ਅਦਾਕਾਰਾ ਦਾ ਕਿਰਦਾਰ ਲਾਹੌਰ ਦੀ ਪੰਜਾਬਣ ਮੁਟਿਆਰ ਉਰਮਿਲਾ ਨੇ ਅਦਾ ਕੀਤਾ। ਜ਼ਹੂਰ ਤੇ ਉਰਮਿਲਾ ’ਤੇ ਫਿਲਮਾਏ ਗੀਤਾਂ ’ਚੋਂ 2 ਦਾ ਹਵਾਲਾ ਮਿਲ ਪਾਇਆ ਹੈ, ਜਿਨ੍ਹਾਂ ਦੇ ਬੋਲ ਹਨ ‘ਯੂੰ ਇਸ਼ਕ-ਏ-ਜਜ਼ਬਾਤ ਭੜਕਾਤੀ ਹੂਈ ਆਹ’ ਤੇ ‘ਕਿਓਂ ਮਰਤੇ ਹੈ ਸ਼ਮਾਂ ਪੇ ਪਰਵਾਨੇ ਕੋਈ ਕਯਾ ਸਮਝੇ ਕੋਈ ਕਯਾ ਜਾਨੇ।’
ਮੋਹਨ ਪਿਕਚਰਜ਼, ਬੰਬੇ ਦੀ ਏ. ਐੱਮ. ਖ਼ਾਨ ਨਿਰਦੇਸ਼ਿਤ ਫਿਲਮ ‘ਅਲਾਦੀਨ ਲੈਲਾ’ (1941) ’ਚ ਵੀ ਐੱਮ. ਜ਼ਹੂਰ ਨੇ ਨਕਾਰਾਤਮਕ ਪਾਰਟ ਅਦਾ ਕੀਤਾ ਜਦਕਿ ਮੁੱਖ ਸਿਤਾਰਿਆਂ ’ਚ ਜੇਯੰਤ ਤੇ ਇੰਦੂਰਾਨੀ ਤੇ ਹੋਰਨਾਂ ਫ਼ਨਕਾਰਾਂ ਵਿੱਚ ਗ਼ੁਲਾਮ ਮੁਹੰਮਦ (ਲਾਹੌਰ), ਰਫ਼ੀਕ, ਅਜ਼ਮ ਅਨਸਾਰੀ, ਪੰਡਤ ਕੌਲ, ਸਾਦਿਕ, ਮਿਸ ਗੁਲਾਬ ਆਦਿ ਸ਼ਾਮਲ ਸਨ। ਗੀਤ ਮੁਣਸ਼ੀ ਨਾਯਾਬ ਤੇ ਮੌਸੀਕੀ ਮਾਸਟਰ ਬਸ਼ੀਰ ਨੇ ਮੁਰੱਤਬਿ ਕੀਤੀ। ਮੋਹਨ ਪਿਕਚਰਜ਼, ਬੰਬੇ ਦੀ ਨਾਨੂੰਭਾਈ ਵਕੀਲ ਨਿਰਦੇਸ਼ਿਤ ਤਾਰੀਖ਼ੀ ਫਿਲਮ ‘ਤਾਜ ਮਹਿਲ’ (1941) ’ਚ ਜ਼ਹੂਰ ਨੇ ਚਰਿੱਤਰ ਕਿਰਦਾਰ ਨਿਭਾਇਆ। ਇਸ ਫਿਲਮ ਵਿੱਚ ਜ਼ਹੂਰ ਨੇ ਆਪਣੀ ਭਾਣਜੀ ਬੇਬੀ ਸੁਰੱਈਆ ਨੂੰ ਬਾਲ ਅਦਾਕਾਰਾ ਵਜੋਂ ਪੇਸ਼ ਕੀਤਾ। ਐੱਮ ਜ਼ਹੂਰ ਦੀ ਆਖ਼ਰੀ ਫਿਲਮ ਪ੍ਰਕਾਸ਼ ਪਿਕਚਰਜ਼, ਬੰਬੇ ਦੀ ਸੀ. ਐੱਮ. ਲੁਹਾਰ (ਬੀਐੱਸਸੀ.) ਨਿਰਦੇਸ਼ਿਤ ‘ਸਟੇਸ਼ਨ ਮਾਸਟਰ’ (1942) ਸੀ। ਫਿਲਮ ’ਚ ਉਨ੍ਹਾਂ ਨੇ ‘ਟਿਕਟ ਚੈੱਕਰ’ ਦਾ ਛੋਟਾ ਜਿਹਾ ਪਾਤਰ ਅਦਾ ਕੀਤਾ। ਇਸ ਵਿੱਚ ਬਾਲੜੀ ਰੂਪਾ ਦੀ ਭੂਮਿਕਾ ’ਚ ਸੁਰੱਈਆ ਮੌਜੂਦ ਸੀ। ਇਹ ਫਿਲਮ 17 ਜੁਲਾਈ 1942 ਨੂੰ ਰਿਟਿਜ਼ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ।
ਅਦਾਕਾਰੀ ਦੇ ਨਾਲ-ਨਾਲ ਉਨ੍ਹਾਂ ਨੇ ਮੁਰਾਰੀ ਪਿਕਚਰਜ਼, ਬੰਬੇ ਦੀ ਮੋਹਨ ਸਿਨਹਾ ਨਿਰਦੇਸ਼ਿਤ ਤਾਰੀਖ਼ੀ ਫਿਲਮ ‘1857’ (1946) ਦੀ ਕਹਾਣੀ ਵੀ ਲਿਖੀ। ਫਿਲਮ ’ਚ ਸੁਰਿੰਦਰ ਨਾਥ (ਐੱਲਐੱਲਬੀ) ਨੇ ‘ਅਸਲਮ’ ਦਾ ਤੇ ਸੁਰੱਈਆ ਨੇ ‘ਤਸਨੀਮ’ ਦਾ ਪਾਰਟ ਅਦਾ ਕੀਤਾ ਸੀ। ਇਹ ਫਿਲਮ 19 ਮਾਰਚ 1948 ਨੂੰ ਲਮਿੰਗਟਨ ਟਾਕੀਜ਼, ਬੰਬੇ ਵਿਖੇ ਰਿਲੀਜ਼ ਹੋਈ।
ਆਪਣੀਆਂ ਤਮਾਮ ਫਿਲਮਾਂ ’ਚੋਂ ਜ਼ਹੂਰ ਸਟੰਟ ਫਿਲਮ ‘ਸਟੇਟ ਐਕਸਪ੍ਰੈੱਸ’ (1938) ਨੂੰ ਆਪਣੀ ਕਾਮਯਾਬਤਰੀਨ ਫਿਲਮ ਖ਼ਿਆਲ ਕਰਦੇ ਸਨ, ਜਿਸ ਨੂੰ ਉਸ ਵੇਲੇ ਫਿਲਮ-ਮੱਦਾਹਾਂ ਨੇ ਬੜਾ ਪਸੰਦ ਕੀਤਾ ਸੀ। ਬੇਸ਼ੱਕ ਫਿਲਮਾਂ ਦੀ ਜ਼ੁਬਾਨ ਉਨ੍ਹਾਂ ਦੀ ਉਰਦੂ/ਹਿੰਦੀ ਸੀ, ਪਰ ਆਪਣੇ ਪਰਿਵਾਰ ਤੇ ਬਾਕੀ ਪੰਜਾਬੀ ਫ਼ਨਕਾਰਾਂ ਨਾਲ ਉਹ ਪੰਜਾਬੀ ’ਚ ਹੀ ਗੱਲ ਕਰਦੇ ਸਨ। ਐੱਮ. ਜ਼ਹੂਰ ਦੇ ਪੁੱਤ ਮਹਿਫ਼ੂਜ਼ ਨੇ ਰਾਜ ਕਪੂਰ ਦੇ ਫਿਲਮਸਾਜ਼ ਅਦਾਰੇ ਆਰ. ਕੇ. ਫਿਲਮਜ਼, ਬੰਬੇ ਦੀ ਫਿਲਮ ‘ਅਬ ਦਿੱਲੀ ਦੂਰ ਨਹੀਂ’ (1957) ’ਚ ਬਾਲ ਅਦਾਕਾਰ ਵਜੋਂ ਕੰਮ ਕੀਤਾ ਸੀ।
ਦਰਅਸਲ, ਐੱਮ. ਜ਼ਹੂਰ ਰਿਸ਼ਤੇ ਵਿੱਚੋਂ ਲਾਹੌਰ ਦੀ ਪੰਜਾਬਣ ਮੁਟਿਆਰ ਤੇ ਭਾਰਤੀ ਸਿਨਮਾ ਦੀ ਮਹਿੰਗੀ ਤੇ ਮਾਰੂਫ਼ ਅਦਾਕਾਰਾ-ਗੁਲੂਕਾਰਾ ਸੁਰੱਈਆ ਦੇ ਸਕੇ ਮਾਮਾ ਜੀ ਸਨ ਤੇ ਸੁਰੱਈਆ ਨੂੰ ਫਿਲਮਾਂ ’ਚ ਲਿਆਉਣ ਦਾ ਐਜ਼ਾਜ਼ ਵੀ ਉਨ੍ਹਾਂ ਨੂੰ ਹੀ ਹਾਸਲ ਹੈ। ਸੁਰੱਈਆ ਦੀ ਮਾਂ ਮੁਮਤਾਜ਼ ਬੇਗ਼ਮ (ਮੱਲਿਕਾ) ਦੇ ਸਕੇ ਭਰਾ ਸਨ। ਫਿਲਮਾਂ ਤੋਂ ਕਿਨਾਰਾਕਸ਼ੀ ਕਰਨ ਤੋਂ ਬਾਅਦ ਜ਼ਹੂਰ ਭਾਣਜੀ ਸੁਰੱਈਆ ਦੇ ਸੈਕਟਰੀ ਬਣ ਕੇ ਉਸ ਦੀਆਂ ਫਿਲਮਾਂ ਦੀ ਤਮਾਮ ਜ਼ਿੰਮੇਵਾਰੀ ਸੰਭਾਲਣ ਲੱਗ ਪਏ ਸਨ। 1960 ਵਿੱਚ ਸੁਰੱਈਆ ਨਾਲ ਇਖ਼ਤਿਲਾਫ਼ (ਮਨ ਮਟਾਓ) ਦੇ ਚੱਲਦਿਆਂ ਉਹ ਬੰਬੇ ਤੋਂ ਲਾਹੌਰ ਜਾ ਵੱਸੇ।
ਪਾਕਿਸਤਾਨ ਫਿਲਮ ਸਨਅਤ ਵਿੱਚ ਐੱਮ. ਜ਼ਹੂਰ ਨੇ ਬਤੌਰ ਕਹਾਣੀਨਵੀਸ ਸਿਰਫ਼ ਦੋ ਫਿਲਮਾਂ ਦੀ ਕਹਾਣੀ ਲਿਖੀ। ਪਹਿਲੀ ਸਲੀਮ ਮਲਿਕ ਦੇ ਫਿਲਮਸਾਜ਼ ਅਦਾਰੇ ਮਲਿਕ ਆਰਟ ਕਨਸਰਨ, ਲਾਹੌਰ ਦੀ ਸਲੀਮ ਮਲਿਕ ਨਿਰਦੇਸ਼ਿਤ ਪੰਜਾਬੀ ਫਿਲਮ ‘ਇੱਕ ਸੀ ਚੋਰ’ (1965) ਜਿਸ ਦਾ ਟਾਈਟਲ ਰੋਲ ਅਲਾਊਦੀਨ ਨੇ ਅਦਾ ਕੀਤਾ ਸੀ। ਇਹ ਫਿਲਮ 8 ਅਕਤੂਬਰ 1965 ਨੂੰ ਨੁਮਾਇਸ਼ ਹੋਈ। ਦੂਜੀ ਉਰਦੂ ਫਿਲਮ ਅਪਸਰਾ ਪਿਕਚਰਜ਼, ਲਾਹੌਰ ਦੀ ਖਾਲਿਦ ਖ਼ੁਰਸ਼ੀਦ (ਅਸਲੀ ਨਾਮ ਕ੍ਰਿਸ਼ਨ ਕੁਮਾਰ/ਹਿੰਦੂ) ਨਿਰਦੇਸ਼ਿਤ ‘ਘਰਾਨਾ’ (1973) ਸੀ, ਜਿਸ ਦੀ ਕਹਾਣੀ ਉਸ ਨੇ ਲਿਖੀ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਮੁਹੰਮਦ ਅਲੀ ਤੇ ਸ਼ਬਨਮ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਇਹ ਫਿਲਮ 23 ਮਾਰਚ 1973 ਨੂੰ ਲਾਹੌਰ ’ਚ ਰਿਲੀਜ਼ ਹੋਈ।
ਸ਼ੇਖ਼ ਅਜ਼ੀਜ਼ੂਦੀਨ ਦਾ ਪੁੱਤਰ ਤੇ ਭਾਰਤੀ ਹਿੰਦੀ ਫਿਲਮਾਂ ਦਾ ਮਸ਼ਹੂਰ ਖਲਨਾਇਕ ਐੱਮ. ਜ਼ਹੂਰ 13 ਮਾਰਚ 2000 ਨੂੰ 88 ਸਾਲ ਦੀ ਉਮਰ ਵਿੱਚ ਲਾਹੌਰ ਸਥਿਤ ਆਪਣੇ ਘਰ ਵਿਖੇ ਫ਼ੌਤ ਹੋ ਗਏ। ਜ਼ਹੂਰ ਦਾ ਇੱਕ ਬਜ਼ੁਰਗ ਪੁੱਤਰ ਮਹਿਫ਼ੂਜ਼ ਪੈਰਾਗਨ ਸਿਟੀ, ਲਾਹੌਰ ਅਤੇ ਇੱਕ ਧੀ ਵੀ ਲਾਹੌਰ ਹੀ ਰਹਿੰਦੀ ਹੈ।
ਸੰਪਰਕ: 97805-09545