ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 13 ਸਤੰਬਰ
ਪੰਜਾਬੀ ਸਿਨੇਮਾ ਨੂੰ ਨੀਵੇਂ ਦਰਜੇ ਦਾ ਦਿਖਾਇਆ ਜਾਣਾ ਬੜਾ ਬੁਰਾ ਲੱਗਦਾ ਸੀ, ਪਰ ਹੁਣ ਜਦੋਂ ਫਿਲਮ ‘ਥਾਣਾ ਸਦਰ’ ਵੇਖੀ ਜਾਵੇਗੀ ਤਾਂ ਮਹਿਸੂਸ ਹੋਵੇਗਾ ਕਿ ਇਹ ਹਿੰਦੀ ਸਿਨੇਮਾ ਦੀਆਂ ਕਈ ਫਿਲਮਾਂ ਤੋਂ ਮਿਆਰੀ ਹੈ। ਫਿਲਮ ਬਾਰੇ ਇਹ ਜਾਣਕਾਰੀ ਅਦਾਕਾਰ ਕਰਤਾਰ ਚੀਮਾ ਤੇ ਹੋਰ ਕਲਾਕਾਰਾਂ ਨੇ ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਦਿੱਤੀ। ਚੀਮਾ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਬਾਰੇ ਹਿੰਦੀ ਸਿਨੇਮਾ ਵੱਲੋਂ ਅਪਣਾਏ ਗਏ ਵਤੀਰੇ ਨੇ ਬੜਾ ਪ੍ਰੇਸ਼ਾਨ ਕੀਤਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਸ ਨੇ ਕਿਹਾ ਕਿ ਉਹ ਖੁਦ ਵੀ ਕਿਸਾਨ ਦਾ ਪੁੱਤਰ ਹੋਣ ਨਾਤੇ ਕਿਸਾਨ ਸੰਘਰਸ਼ ਨਾਲ ਲਗਾਤਾਰ ਜੁੜਿਆ ਹੋਇਆ ਹੈ। ਬਲਕਾਰ ਮੋਸ਼ਨ ਪਿਕਚਰਜ਼ ਵੱਲੋਂ ਵਿਕਰਮ ਥੋਰੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਥਾਣਾ ਸਦਰ’ 17 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ। ਫਿਲਮ ਦੀ ਕਹਾਣੀ ਹੈਪੀ ਰੋਡੇ ਨੇ ਲਿਖੀ ਹੈ।