ਮੁੰਬਈ: ਫ਼ਿਲਮ ਨਿਰਦੇਸ਼ਕ ਅਯਾਨ ਮੁਖਰਜੀ ਨੇ ਹਾਲ ਹੀ ਵਿੱਚ ਆਪਣੀ ਚਰਚਿਤ ਫਿਲਮ ‘ਬ੍ਰਹਮਾਸਤਰ’ ਨਾਲ ਸਬੰਧਤ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਅਯਾਨ ਮੁਖਰਜੀ ਨੇ ਦੱਸਿਆ ਕਿ ਫਿਲਮ ‘ਬ੍ਰਹਮਾਸਤਰ’ ਦੀ ਕਹਾਣੀ ਦਾ ਬੀਜ ਉਸ ਦੇ ਮਨ ਵਿੱਚ ਬਚਪਨ ਵਿੱਚ ਹੀ ਬੀਜਿਆ ਗਿਆ ਸੀ, ਜਦੋਂ ਉਸ ਦੇ ਪਿਤਾ ਉਸ ਨੂੰ ਮਿਥਿਹਾਸਕ ਕਹਾਣੀਆਂ ਸੁਣਾਇਆ ਕਰਦੇ ਸਨ। ਅਯਾਨ ਦਾ ਮੰਨਣਾ ਹੈ ਕਿ ਹਰ ਭਾਰਤੀ ’ਤੇ ਕਿਸੇ ਨਾਲ ਕਿਸੇ ਰੂਪ ਵਿੱਚ ਇਨ੍ਹਾਂ ਮਿਥਿਹਾਸਕ ਕਥਾਵਾਂ ਦਾ ਅਸਰ ਜ਼ਰੂਰ ਹੁੰਦਾ ਹੈ। ਜਦੋਂ ਅਯਾਨ ਗੱਭਰੂ ਹੋਇਆ ਤਾਂ ਉਸ ਨੇ ‘ਲਾਰਡ ਆਫ ਦਿ ਰਿੰਗਜ਼’ ਤੇ ‘ਹੈਰੀ ਪੌਟਰ’ ਵਰਗੀਆਂ ਪੱਛਮੀ ਦੰਤਕਥਾਵਾਂ ’ਤੇ ਆਧਾਰਿਤ ਫਿਲਮਾਂ ਵੇਖੀਆਂ ਤੇ ਨਿੱਕੀ ਉਮਰ ਵਿੱਚ ਹੀ ਉਸ ਨੇ ਪੱਛਮੀ ਫਿਲਮ ਨਿਰਮਾਤਾਵਾਂ ਵੱਲੋਂ ਵਰਤੀ ਜਾਣ ਵਾਲੀ ਤਕਨੀਕ ਨੂੰ ਬਾਰੀਕੀ ਨਾਲ ਘੋਖਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ‘ਬ੍ਰਹਮਾਸਤਰ’ ਬਣਾਈ ਤਾਂ ਉਸ ਦੇ ਮਨ ’ਤੇ ਉੱਕਰੇ ਇਨ੍ਹਾਂ ਸਾਰੇ ਹੀ ਪ੍ਰਭਾਵਾਂ ਨੇ ਰਲ ਕੇ ਇਸ ਫਿਲਮ ਦੀ ਸਿਰਜਣਾ ਕੀਤੀ। -ਆਈਏਐੱਨਐੱਸ