ਸਾਂਵਲ ਧਾਮੀ
ਮੈਂ ਮੁਹਾਲੀ ਸ਼ਹਿਰ ’ਚ ਘੁੰਮ ਰਿਹਾ ਸਾਂ। ਕਿਸੇ ਅਜਿਹੇ ਵਿਅਕਤੀ ਦੀ ਤਲਾਸ਼ ’ਚ, ਜਿਸ ਨੇ ਚੰਡੀਗੜ੍ਹ ਅਤੇ ਮੁਹਾਲੀ ‘ਨਿਗਲਦੇ’ ਵੇਖਿਆ ਹੋਏ। ਮਟੌਰ ਪਿੰਡ ਦੇ ਸਟੇਡੀਅਮ ਸਾਹਮਣੇ ਮੈਨੂੰ ਚੰਨਾ ਬੈਦਵਾਨ ਮਿਲ ਗਿਆ। ਉਹ ਮੈਨੂੰ ਮੱਲੋ-ਜ਼ੋਰੀ ਆਪਣੇ ਘਰ ਲੈ ਗਿਆ। ਚਾਰ-ਪੰਜ ਥਾਂ ਫੋਨ ਕਰ ਕੇ ਸਭ ਨੂੰ ਇੱਕੋ ਗੁਜਾਰਿਸ਼ ਕੀਤੀ ਕਿ ਜਿੱਥੇ ਕਿਤੇ ਵੀ ਬਾਬਾ ਗੋਰਖ ਨਾਥ ਮਿਲੇ, ਉਹਨੂੰ ਸਾਡੇ ਘਰ ਲੈ ਆਓ।
ਅੱਧੇ ਘੰਟੇ ਬਾਅਦ ਬਾਬਾ ਗੋਰਖ ਨਾਥ ਵੀ ਆ ਗਿਆ। ਚਿੱਟੇ ਪਰ ਘਸਮੈਲੇ ਕੱਪੜੇ। ਵਲੇਟੀ ਜਿਹੀ ਲੜ ਵਾਲੀ ਚਿੱਟੀ ਪੱਗ ਤੇ ਹੱਥ ’ਚ ਖੂੰਡੀ। ਉੱਚੇ ਕੱਦ ਤੇ ਗੋਰੇ ਨਿਛੋਹ ਰੰਗ ਵਾਲਾ ਉਹ ਬਾਬਾ ਬੜੇ ਤਪਾਕ ਨਾਲ ਮਿਲਿਆ। ਉਹਦੇ ਚਿਹਰੇ ਅਤੇ ਅੱਖਾਂ ’ਚ ਸੰਘਣੀ ਉਦਾਸੀ ਸੀ। ਚਾਹ-ਪਾਣੀ ਤੋਂ ਬਾਅਦ ਮੈਂ ਬਾਬੇ ਗੋਰਖ ਨਾਥ ਨੂੰ ਆਖਿਆ- ਬਾਬਾ ਜੀ, ਮਟੌਰ ਪਿੰਡ ਦੀ ਗਾਥਾ ਸੁਣਾਓ।
“ਮਟੌਰ ਪਹਿਲਾਂ ਤਾਂ ਪੁਰਾਣਾ ਗਾਓਂ ਤਾ ਜੀ। ਖੇਤਾਂ ਕੀਆਂ ਵਾੜਾਂ ਹੋਈਆਂ ਤੀਆਂ। ਕੱਚੀਆਂ ਕੰਧਾਂ ਤੀਆਂ। ਕਿਸੀ-ਕਿਸੀ ਕਾ ਪੱਕਾ ਥਾ। ਤਬ ਖੂਹ ਨਹੀਂ ਥੇ ਹਮਾਰੇ। ਧਰਤੀ ਮਾਰੂ ਤੀ। ਕੁੱਟ ਫਾਟ ਕੇ ਬੂਏਂਦੇ ਥੇ, ਬੈਲਾਂ ਗੈਲ। ਹੱਲਿਆਂ ਤੋਂ ਪਹਿਲਾਂ ਮੇਰਾ ਨਾਂ ਨੂਰਦੀਨ ਥਾ। ਛੋਕਾ ਹਮਾਰਾ ਧਨੌਲਾ ਤਾ ਜੀ। ਦਿੱਲੇ ਤੇ ਪਰੇ। ਚਾਰ ਭਰਾ ਆਏ ਥੇ। ਫਿਰ ਚਾਰ ਗਾਓਂ ਵਸੇ। ਕੁੰਭੜਾ, ਸੁਹਾਣਾ, ਮੌਲੀ ਤੇ ਹਮਾਰਾ ਗਾਓਂ ਮਟੌਰ। ਫਿਰ ਇਸੇ ਵਿੱਚ ਮਾ ਸੇ ਥੋੜ੍ਹੇ-ਥੋੜ੍ਹੇ ਬਾਹਰ ਵੀ ਨਿਕਲ ਗਏ। ਸੀਹੋਂ ਮਾਜਰਾ ਹਮਾਰੇ ਗਾਓਂ ਮੇਂ ਨਿਕਲਾ ਥਾ। ਸਭੇ ਬੈਦਵਾਣਾਂ ਕੇ ਪਿੰਡ ਐਂ। ਅਸੀਂ ਵੀ ਬੈਦਵਾਣ ਆਂ ਜੀ।
ਇਸ ਗਾਓਂ ਮੇਂ ਹਮਾਰੇ ਦਸ ਘਰ ਥੇ ਜੀ, ਮੁਸਲਮਾਨ ਬੈਦਵਾਣਾਂ ਕੇ। ਪਹਿਲਾਂ ਬੁੱਢਿਆਂ ਕੇ ਨਾਂ ਦੱਸਾਂ? ਨੂਰੂ ਲੰਬੜਦਾਰ ਥਾ। ਉਹ ਮੇਰਾ ਤਾਇਆ ਥਾ। ਦੋ ਤਾਏ ਹੋਰ ਥੇ; ਰੇਲੂ ਔਰ ਵਧਾਵਾ। ਚੌਥਾ ਘਰ ਆ ਗਿਆ, ਇਬਰਾਹੀਮ ਕਾ। ਪੰਜਵਾਂ ਆ ਗਿਆ, ਖੈਰੂ ਬਲੀਏ ਕਾ। ਉਹ ਭੀ ਦੋ ਭਰਾ ਥੇ। ਫਿਰ ਆ ਗਿਆ ਛੋਟਾ ਲੰਬੜਦਾਰ ਕਾਦਰ। ਉਹ ਨੂਰੂ ਲੰਬੜਦਾਰ ਕਾ ਭਰਾ ਥਾ ਜੀ। ਚੰਨਣ, ਮੌਲਾ, ਮੁਨਸ਼ੀ ਤਿੰਨ ਭਰਾ ਥੇ ਜੀ। ਤੇਲੀ, ਫੱਤੂ, ਨੂਰਦੀਨ; ਇਹ ਭੀ ਤਿੰਨ ਭਰਾ ਥੇ ਜੀ। ਹਮਾਰੇ ਜੱਟਾਂ ਕੇ ਇਹੀ ਘਰ ਥੇ ਜੀ।
ਹਮਾਰਾ ਸਾਰੇ ਪਿੰਡ ਮਾ ਬ੍ਹੌਤ ਲੈਣ-ਦੇਣ ਥਾ। ਵਿਆਹਾਂ ਮਾ, ਆਣਾ ਜਾਣਾ ਥਾ। ਹਮਾਰਾ ਕੋਈ ਫ਼ਰਕ ਨਹੀਂ ਥਾ। ਜੋ ਕੁਝ ਜ਼ਿਮੀਂਦਾਰ ਕਰੇ, ਸੋਈ ਹਮੇ ਕਰੇ ਥੇ। ਸੱਤ ਪੱਤੀਆਂ ਬਣੀਆਂ ਥੀਆਂ ਹਮਾਰੇ ਪਿੰਡ ਮਾ। ਇੱਕ ਪੱਤੀ ਰੋੜਿਆਂ ਕੀ, ਇੱਕ ਮਰਹਾਣਿਆਂ ਕੀ, ਇੱਕ ਬੋੜਿਆਂ ਕੀ, ਇੱਕ ਸੁਭੂਆੜਿਆਂ ਕੀ, ਇੱਕ ਲੰਬੂਆੜਿਆਂ ਕੀ ਤੇ ਇੱਕ ਚਧਰਾਣਿਆਂ ਕੀ। ਹਮਾਰੀ ਪੱਤੀ ਮੁਸਲਮਾਨਿਆਂ ਕੀ ਬੱਜੇ ਥੀ। ਘਰ ਹਮਾਰੇ ਵੱਖਰੇ ਥੇ, ਪਰਲੇ ਪਾਸੇ।
ਸੰਤਾਲੀ ਮਾ ਸਾਨੂੰ ਮੁਸਲਮਾਨ ਬਣਿਆ, ਅੱਠ-ਦਸ ਪੁਸ਼ਤਾਂ ਹੋਗੀਆਂ ਥੀ। ਹਮ ਮੁਸਲਮਾਨ ਦਿੱਲੀਉਂ ਔਣ ਤੋਂ ਬਾਅਦ ਹੋਏ ਥੇ। ਹਮਾਰੇ ਵਡਾਰੂ ਦੋ ਭਰਾ ਥੇ। ਹਮਾਰੇ ਵਡਾਰੂ ਕਾ ਨਾਉਂ ਮਾਹੀ ਥਾ। ਉਸਕਾ ਭਾਈ ਸਿਆਹੀ ਥਾ। ਸਿਆਹੀ ਵਿਆਹਿਆ ਹੋਇਆ ਥਾ। ਜਿਹੜਾ ਹਮਾਰਾ ਵਡਾਰੂ ਥਾ, ਉਹ ਛੜਾ ਥਾ। ਜਦ ਜੱਟ ਥੇ ਹਮੇ। ਹਿੰਦੂ ਜੱਟ। ਜਿਹੜਾ ਹਮਾਰਾ ਵਡਾਰੂ ਥਾ, ਉਸਨੇ ਮੁਸਲਮਾਨਣੀ ਲਿਆ ਕੇ ਵਸਾ ਲੀ ਥੀ। ਉਸ ਤੇ ਮੁਸਲਮਾਨ ਬਣ ਗਏ। ਗੋਤ ਤਾਂ ਇੱਕੋ ਥਾ, ਬੈਦਵਾਣ।
ਹਮਾਰੀ ਪੱਤੀ ਮੇਂ ਸਿਰਫ਼ ਮੁਸਲਮਾਨ ਥੇ। ਮੇਰੇ ਭਤੀਜੇ ਥੇ ਸਲਾਮ ਦੀਨ, ਨਜ਼ਾਮ ਦੀਨ। ਜੈਮੇ ਕੇ ਛੋਕਰੇ ਥੇ; ਮੁਸ਼ਤਾਕ ਔਰ ਵਲੀ। ਫਿਰ ਫਿਰੋਜ਼ਾ ਔਰ ਸਵਾਲਾ। ਚਾਰ ਉਨ ਕੇ ਥੇ। ਖੈਰੂ ਵਲੀਏ ਕਾ ਰਮਜ਼ਾਨ ਥਾ। ਨੂਰ ਮੁਹੰਮਦ ਕੇ ਲੜਕੇ ਥੇ ਚਾਰ। ਮੀਰ ਦੀਨ, ਸਮੈਲ, ਹਲੀਮਾ ਔਰ ਸ਼ਮਸ਼ੂ। ਕਾਦਿਰ ਕੇ ਲੜਕੇ ਦੋ ਥੇ; ਛੱਜੂ ਔਰ ਸ਼ੇਰ ਖਾਂ। ਰੌਣਕੀ ਔਰ ਮੁਣਸ਼ੀ ਕੇ ਛੋਕਰੇ ਥੇ; ਕਰੀਮਦੀਨ ਔਰ ਭੂਰਾ। ਹਮਾਰੇ ਗਾਓਂ ਮੇਂ ਪੇਂਜੇ-ਤੇਲੀ ਵੀ ਖਾਸੇ ਥੇ।
ਦੋ ਸੌ ਵਿੱਘੇ ਮੇਂ ਹਮਾਰੇ ਤਿੰਨ-ਚਾਰ ਘਰ ਹੋਏ ਵਏ ਥੇ। ਸਾਡੇ ਸਾਰਿਆਂ ਮੁਸਲਮਾਨਾਂ ਪਾਸ ਹਜ਼ਾਰ ਵਿੱਘੇ ਭੂੰ ਥੀ। ਕੁਝ ਜ਼ਮੀਨਾਂ ਸੱਤ ਫੇਜ਼ ਮੇਂ ਥੀਆਂ। ਕੁਝ ਚਾਰ ਫੇਜ਼ ਮੇਂ ਥੀਆਂ। ਹੁਣ ਤਾਂ ਕੋਠੀਆਂ ਪੈਗੀਆਂ। ਉਹ ਪਹਿਲਾਂ ਲਾਟ ਹੋ ਗਿਆ ਥਾ। ਜਬ ਚੰਡੀਗੜ੍ਹ ਬਣਿਆ, ਦਦਹੇੜੀ ਤੋਂ ਇੱਕ ਘਰ ਉੱਜੜ ਕੇ ਆਇਆ ਥਾ। ਉਨ੍ਹਾਂ ਕੋ ਅਲਾਟ ਹੋ ਗਈਆਂ ਥੀ, ਹਮਾਰੇ ਮੁਸਲਮਾਨਾਂ ਕੀਆਂ ਜ਼ਮੀਨਾਂ। ਫਿਰ ਗੌਰਮੈਂਟ ਨੇ ਅਕਵਾਰ ਕਰ ਲੀਆਂ।
ਹਮਾਰੇ ਨਾਨਕੇ ਮੀਰਪੁਰ ਥੇ। ਉਹ ਜੱਟ ਨਹੀਂ ਥੇ। ਊਂ ਜ਼ਮੀਨਾਂ ਵਾਲੇ ਥੇ। ਬੱਲੋਪੁਰ, ਸੋਲਰ ਬਰਨਾਲਾ ਔਰ ਜੱਟਵੈਹੜ; ਪਹਿਲਾਂ ਹਮਾਰੀਆਂ ਰਿਸ਼ਤੇਦਾਰੀਆਂ ਇਨ੍ਹਾਂ ਗਾਉਂ ਮੇਂ ਥੀਆਂ। ਉਹ ਹਮਾਰੇ ਤੇ ਭੀ ਬਹੁਤੇ ਅਲਾਟੀ ਥੇ। ਪੁਰਾਣੇ ਰਿਸ਼ਤੇਦਾਰ ਸਭ ਪਾਕਿਸਤਾਨ ਕੋ ਚਲੇ ਗਏ।
ਸੰਤਾਲੀ ਮਾ ਕੁੰਭੜੇ ਕੇ ਔਰ ਮਟੌਰ ਕੇ, ਹਮਾਰੇ ਵੈਦਵਾਣ ਹਮਾਨੂੰ ਮਾਰਨੇ ਨੂੰ ਤਿਆਰ ਹੋ ਗਏ ਥੇ। ਫਿਰ ਹਮਾਰੇ ਟਿੱਕੇ ਸਰਦਾਰ ਕੀ ਚੱਲੇਦੀ ਥੀ। ਟਿੱਕਾ ਜੀ, ਲਾਲ ਜੀ ਦੋ ਭਾਈ ਥੇ। ਇਹ ਸੁਹਾਣੇ ਕੇ ਥੇ। ਫਿਰ ਟਿੱਕਾ ਜੀ ਨੇ ਕਿਹਾ-ਖ਼ਬਰਦਾਰ ! ਜੇ ਮੇਰੇ ਚਾਰੇ ਗਾਓਂ ਮੇਂ ਕਿਸੇ ਮੁਸਲਮਾਨ ਕਾ ਹੱਥ ਲਾਇਆ ਤਾਂ ਮੈਂ ਉਨਕਾ ਬੱਚਾ ਕੋਹਲੂ ਮੇਂ ਪਿੜਾ ਦੂੰਗਾ। ਉਹਨੇ ਹਮਾਰੇ ਚਾਰੇ ਗਾਓਂ ਮੇਂ ਕਬੀਲ-ਕੰਤੂ ਨਹੀਂ ਮਰਨ ਦਿਆ। ਨਾ ਕੋਈ ਲੁੱਟ ਮਾਰ ਹੋਣ ਦੀ। ਫਿਰ ਟਿੱਕਾ ਜੀ ਨੇ ਕਿਹਾ-ਅੰਮ੍ਰਿਤ ਛਕਾ ਕੇ ਨਾ, ਗੈਲ ਰਲਾ ਲਓ। ਫਿਰ ਅੰਮ੍ਰਿਤ ਛਕਾ ਲਿਆ ਹਮਾਨੂੰ। ਫਿਰ ਅੰਮ੍ਰਿਤ ਛਕ ਕੇ ਅਸੀਂ ਬਾਕੀ ਬੈਦਵਾਣਾ ਕੇ ਗੈਲ ਰਲ਼ ਗਏ। ਤਬ ਤੋ ਪੇਂਜੇ-ਤੇਲੀਆਂ ਨੇ ਭੀ ਛਕ ਲਿਆ ਥਾ। ਬਾਕੀ ਫਿਰ ਅੰਮ੍ਰਿਤ ਛਕਨੇ ਕੇ ਬਾਅਦੇ ਮੇਂ ਪਾਕਿਸਤਾਨ ਚਲੇ ਗਏ। ਸਾਲ ਬਾਅਦ ਆਪਣੀ ਖ਼ੁਸ਼ੀ ਤੇ ਗਏ ਥੇ, ਸੰਦੇ-ਬੰਦੇ ਵੇਚ ਕੇ। ਟਰੱਕ ਆਏ ਥੇ ਲੈਣ। ਮਿਲਟਰੀ ਬ੍ਹੌਤ ਥੀ। ਮੇਰਾ ਬਾਪ ਕਹੇ- ਮੈਂ ਨਹੀਂ ਜਾਣਾ। ਇੱਕ ਹਮਾਰਾ ਘਰ ਅਟਕਾ, ਜੱਟਾਂ ਕਾ ਉਰੇ। ਜ਼ਮੀਨ ਵਾਲਿਆਂ ਕਾ।
ਤਿੰਨ ਤਾਏ ਥੇ ਮੇਰੇ। ਬੜੇ ਕਾ ਨਾਮ ਨੂਰੂ ਲੰਬੜਦਾਰ ਥਾ। ਇੱਕ ਕਾ ਵਧਾਵਾ ਔਰ ਇੱਕ ਕਾ ਰੇਲੂ। ਚਾਰ ਮੇਰੇ ਭਾਈ ਥੇ; ਮੁਣਸ਼ੀ, ਸ਼ੇਰ, ਜੂਸਾ, ਸਿਲੇਮਾਨ। ਉਹ ਤਬ ਨਿਕ-ਨਿਕੇ ਥੇ; ਦੋ-ਦੋ, ਚਾਰ-ਚਾਰ ਸਾਲ ਕੇ। ਮੇਰੇ ਬਾਪ ਕੇ ਚਾਚੇ-ਤਾਏ ਕੇ ਸਭ ਛੋਕਰੇ ਪਾਕਿਸਤਾਨ ਚਲੇ ਗਏ। ਉਹ ਵੀ ਅਮਨ ਮੇਂ ਗਏ ਥੇ; ਡੰਗਰ-ਵੱਛਾ ਔਰ ਖੰਦਾ-ਬੰਦਾ ਵੇਚ ਕੇ। ਬੜੇ ਰੋ-ਰੋ ਕੇ ਟਰੱਕਾਂ ਮਾ ਚੜੇ ਆਂ। ਮੇਰੇ ਬਾਪ ਨੇ ਬ੍ਹੌਤ ਹਦਾਇਤ ਕੀ ਥੀ ਕਿ ਨਾ ਜਾਓ। ਉਹ ਵਹਿਮਾਂ ਮੇਂ ਪੈ ਗਏ ਥੇ।
ਸ਼ੇਰੇ ਕੀ ਘਰਵਾਲੀ ਪਾਕਿਸਤਾਨ ਚਲੀ ਗਈ ਤੀ, ਉਹ ਕੱਲਾ ਈ ਰਹਿ ਗਿਆ ਤਾ। ਉਹ ਗੌਣ-ਗੂਣ ਗਾਇਆ ਕਰਦਾ ਥਾ। ਉਹਨੇ ਬੜੇ ਚਿੱਠੇ ਬਣਾਏ ਹੋਏ ਥੇ। ਉਹ ਬ੍ਹੌਤ ਦੂਰ-ਦੂਰ ਥੀ ਗੌਣ ਜਾਂਦਾ ਤੀ। ਅੰਬਾਲੇ ਥੀ, ਪਹੋਏ ਥੀ, ਘੱਗਰ ਪਾਰ ਮਾ ਬ੍ਹੌਤ ਗੌਣ ਗਾਵੇ ਤਾ ਉਹ ਤਾਂ। ਹਮਾਰੇ ਚਾਰੇ ਗਾਓਂ ਮੇਂ ਨਹੀਂ ਲੱਗਦੀ ਥੀ, ਸਿਰਫ਼ ਸੁਹਾਣੇ ਮਾ ਰਾਮ ਲੀਲਾ ਲੱਗਦੀ ਥੀ। ਚਾਲੀ ਸਾਲ ਗੌਣ ਗਾ ਗਿਆ। ਬ੍ਹੌਤ ਧਰਮਾਤਮਾ ਬੰਦਾ ਥਾ, ਪੈਸਾ ਨਹੀਂ ਲਏ ਤਾ ਗੌਣ ਕਾ। ਬ੍ਹੌਤ ਕੰਮ ਕੇ ਗੌਣ ਗਾਉਂਦਾ ਰਿਹਾ। ਧਰਮ ਹੇਤੁ ਰਾਜਿਆਂ ਕੇ। ਉਹਦੇ ਸਾਜ਼ੀ ਸੀਹੋ ਮਾਜਰੇ ਔਰ ਸੁਹਾਣੇ ਕੇ ਥੇ। ਇਬ ਤੋ ਮਰ ਗਏ ਸਭ, ਉਹਦੀ ਗੈਲ ਕੇ। ਮੇਰਾ ਬਾਪ ਭੀ ਸਾਜ਼ੀ ਥਾ। ਉਹ ਵੀ ਚਾਲੀ ਸਾਲ ਰਿਹਾ, ਸ਼ੇਰ ਕੇ ਗੈਲ।
ਸ਼ੇਰੇ ਰਾਗੀ ਕਾ ਭਾਈ ਸਰਾਜੋ ਦੋ ਵਾਰੀ ਮਿਲਣ ਆਯਾ ਥਾ, ਪਰਮਿਟ ਪਰ।
ਅਬ ਤਾਂ ਵੈਦਵਾਨ ਸਭ ਬਾਹਰ ਜ਼ਮੀਨਾਂ ਮਾ ਚਲੇ ਗਏ। ਕਿਰਾਏਦਾਰ ਰਹਿ ਗਏ। ਇਬ ਮੈਂ ਖੇਤਾਂ ਔਰ ਬਾਗ਼ਾਂ ਕਾ ਰੋਜ਼ ਯਾਦ ਕਰਾਂ।
ਐਂ ਪਤਾ ਬਈ ਹਮਾਰੇ ਗਾਓਂ ਕੇ ਸਿਰਗੋਧੇ ਜ਼ਿਲ੍ਹੇ ਮੇਂ ਗਏਂ ਐਂ। ਸਾਹੀਵਾਲ ਤਹਿਸੀਲ ਐਂ। ਗਾਓਂ ਵਿੰਝ ਸੁਣਿਆਂ ਵਾ। ਪਹਿਲਾਂ ਚਿੱਠੀਆਂ ਆਉਂਦੀਆਂ ਤੀ। ਜਦ ਤੇ ਪੈਂਹਠ ਸੰਨ ਮਾ ਜਸੂਸਾਂ ਕਾ ਰੌਲ਼ਾ ਪਿਆ, ਫਿਰ ਮੇਰੇ ਬਾਪ ਨੇ ਕਹਾ- ਚਿੱਠੀਆਂ ਨਾ ਹੁਣ ਹਮਾਂ ਕੋ ਪਾਇਓ। ਫਿਰ ਹਮੇ ਡਰਦਿਆਂ ਨੇ ਚਿੱਠੀਆਂ ਬਾਹਰ ਗੇਰਤੀਆਂ ਥੀ।
ਹਮ ਸੰਤਾਲੀ ਕੇ ਬਾਅਦ ਭੀ ਖੇਤੀ ਕਰਤੇ ਰਹੇ। ਹਮਾਰੀ ਜ਼ਮੀਨ ਪਝੱਤਰ ਮਾ ਐਕਵਾਰ ਹੋਈ ਆ। ਇਬ ਫੈਕਟਰੀਆਂ ਬਣ ਗਈਆਂ। ਤਿੰਨ-ਚਾਰ ਫੇਜ਼ ਮੇਂ ਆ ਗਈਆਂ ਜ਼ਮੀਨਾਂ। ਇਹ ਅੱਠ ਹਜ਼ਾਰ ਮਾ ਏਕੜ ਅਕਵੈਰ ਹੋਈਆਂ ਤੀ। ਪੈਂਹਠ-ਸੱਤਰ ਮਾ। ਫਿਰ ਹਮਾਰੀ ਜ਼ਮੀਨ ਆਈ ਪਝੱਤਰ ਮਾ। ਫੈਕਟਰੀਆਂ ਮਾ। ਅਫ਼ਸਰ ਕਹਾ ਕਿ ਮੈਨੂੰ ਵੱਢੀ ਦਿਓ, ਕੀਮਤ ਵਧਾਵਾਂ। ਉਹਨੇ ਦੋ ਹਜ਼ਾਰ ਏਕੜ ਕਾ ਲਿਆ, ਮੈਨੂੰ ਪੱਚੀ ਦੇਆ। ਹਮੇ ਜ਼ਮੀਨ ਬਾਹਰ ਲਈ ਥੀ। ਸਭੀ ਭਰਾਵਾਂ ਕੋ ਤਿੰਨ-ਤਿੰਨ ਏਕੜ ਆਵੇ ਥੇ। ਓਥੋਂ ਵੇਚ ਕੇ ਮੇਰੇ ਦੋ ਭਰਾ ਯੂ.ਪੀ. ਮਾ ਚਲੇ ਗਏ। ਮੇਰੀ ਕਬੀਲਦਾਰੀ ਜ਼ਿਆਦਾ ਥੀ। ਮੈਂ ਫਿਰ ਵੇਚ ਆਇਆ ਥਾ। ਹਮਾਰੇ ਪਾਸ ਇਬ ਕੋਈ ਜ਼ਮੀਨ ਨਹੀਂ ਹੈ।
ਸੰਤਾਲੀ ’ਚ ਵਿਆਹ ਹੋਇਆ ਬਿਆ ਤਾ ਮੇਰਾ। ਭਾਦਲਾ ਪਿੰਡ ਆ, ਗੋਬਿੰਦਗੜ੍ਹ ਕੇ ਲਾਗ। ਮੇਰੇ ਨਾਨਕੇ ਕੁਝ ਮਾਰਦੇ ਥੇ, ਕੁਝ ਚਲੇ ਗਏ ਥੇ। ਮੇਰੀਆਂ ਭੈਣਾਂ ਬੱਲੋਪੁਰ ਮੰਗੀਆਂ ਵਿਆਂ ਤੀਆਂ। ਏਧਰ ਲਾਲੜੂ ਕੇ ਲਾਗ। ਉਹ ਮਾਰਦੇ ਤੀ, ਉਰੇ ਈ।
ਅੰਬਾਲੇ ਤੇ ਪਰੇ ਚੌੜ ਮਸਤਪੁਰ ਕੇ ਗੈਲ ਬਿੰਡਗਾਂ ਗਾਓਂ ਆਂ। ਓਥੇ ਮੇਰੀਆਂ ਭੈਣਾਂ ਵਿਆਹੀਆਂ ਬਿਆਂ। ਦੋ ਘਰ ਜਟਵੈਹੜਾ ਮਾ ਆ ਹਮਾਰੇ।
ਜਬ ਹੱਲੇ ਪਏ ਆ ਸੰਤਾਲੀ ਮਾ, ਮਾਰੀ ਸੱਸ ਸਾਡੇ ਗੈਲ ਆ ਗਈ ਤੀ। ਦੋ ਧੀਆਂ ਤੀਆਂ ਉਹਦੀਆਂ। ਮੇਰੀ ਘਰਵਾਲੀ ਕਾ ਬਾਪ ਪਾਕਿਸਤਾਨ ਚਲਾ ਗਿਆ ਤਾ। ਉਹਦੇ ਪਾਸ ਜ਼ਮੀਨ ਬ੍ਹੌਤ ਥੀ। ਉਹਨੇ ਓਧਰ ਵਿਆਹ ਕਰਵਾ ਲਿਆ ਤੀ। ਗੱਭਰੂ ਪਿਆ ਤਾ ਉਹੋ। ਫਿਰ ਉਹ ਇਨ੍ਹਾਂ ਨੂੰ ਲੈਣ ਵੀ ਆਇਆ ਥਾ। ਮੇਰੀ ਸੱਸ ਕਹੇ-ਮੈਂ ਤਾਂ ਆਪਣੀਆਂ ਕੁੜੀਆਂ ਵਿਆਹਤੀਆਂ, ਹਮਮੇ ਨਹੀਂ ਹੁਣ ਜਾਣਾ। ਉਹ ਤਾਂ ਵਿਚਾਰੀ ਬ੍ਹੌਤ ਰੋਏ ਕਰੇ ਤੀ। ਬਸ ਰੋ-ਰੋ ਕੇ ਮਰ ਗਈ। ਮੁਟਿਆਰ ਪਈ ਤੀ। ਮੁਟਿਆਰ ਈ ਮਰ ਗੀ। ਹਉਕਾ ਤਾਂ ਜੀ ਬੁਰੀ ਚੀਜ਼ ਹੋਆਂ।
ਇਬ ਮੇਰੀ ਘਰਵਾਲੀ ਵੀ ਮਰਲੀ ਜੀ। ਦੈਲੋ ਨਾਂ ਤੀ ਉਹਦਾ।
ਪਹਿਲਾਂ ਭੀ ਭਾਈਆਂ ਕੇ ਭਾਈ ਥੇ, ਭਾਈਆਂ ਮੇਂ ਭਾਈ ਫਿਰ ਰਲ਼ਗੇ। ਹਮਾਰੇ ਮਸੀਤ ਬਣੀ ਬੀ ਆ। ਇਹ ਪੇਂਜੇ-ਤੇਲੀ ਨਮਾਜ਼ਾਂ ਪੜ੍ਹੇ ਹੈ, ਹਮੇ ਤੇ ਨਹੀਂ ਪੜ੍ਹਦੇ। ਮੈਂ ਸਾਰੇ ਧਰਮ ਸਥਾਨਾਂ ਪਰ ਮੱਥਾ ਟੇਕਾਂ। ਢਾਲ ਸਭ ਨੂੰ ਦਹਾਂ। ਮਸੀਤ ਨੂੰ ਵੀ ਦੇ ਦਹਾਂ। ਲੋਕ ਹਮਾਰੇ ਮਸੀਤ ਨਹੀਂ ਬਣਨ ਦੇਹੇ ਥੇ। ਜਬ ਹਮੇਂ ਅੰਮ੍ਰਿਤ ਛਕਾਇਆ, ਮਸੀਤ ਢਾਹ ਦੀ ਥੀ। ਫਿਰ ਉਹ ਸੱਠ ਸਾਲ ਏਹੀ ਪਈ ਰਹੀ। ਫਿਰ ਲੋਕ ਮੱਲਣ ਲੱਗ ਪੇ। ਮੇਰਾ ਬਾਪ ਬ੍ਹੌਤ ਕਰੜਾ ਥਾ। ਕੱਲਾ ਘਰ ਥਾ ਫਿਰ ਵੀ ਹਮੇ ਕੋਈ ਦੱਬਣ ਵਾਲੀ ਬਾਤ ਨਹੀਂ ਕਰੀ। ਦੋਹਬ-ਦਾਬ ਗੈਲ ਰਹੇ ਐਂ। ਮੇਰਾ ਬਾਪ ਕਹੇ-ਹਮ ਕੈਸੇ ਮੱਲਣ ਦੇ ਦੇਗੇ ਕਿਸੀ ਨੂੰ। ਧਰਮ ਸਥਾਨ ਹੈ, ਪਿਆ ਰਹੋ। ਫਿਰ ਉਰੇ ਪੇਂਜੇ-ਤੇਲੀ ਕਹੇ ਮਸੀਤ ਬਣੌਣੀ ਆਂ। ਮੈਂ ਕਿਹਾ ਬਣੌਣੀ ਆ ਤਾਂ ਬਣਾ ਲੋ ਭਾਈ। ਪਹਿਲਾਂ ਚੰਡੀਗੜ੍ਹੋਂ ਉੱਜੜ ਕੇ ਆਏ ਮੱਲਣ ਨੂੰ ਫਿਰਦੇ ਥੇ।
ਸਵੇਰੇ ਮੇਰਾ ਭਾਈ ਭੀ ਆਇਆ ਬਿਆ ਥਾ, ਜ਼ਮੀਨ ਮੇਂ ਥੇ। ਹਮੇਂ ਦੋਈ ਭਾਈ ਨਾਲ ਹੋ ਗਏ। ਜਬ ਹਮ ਲਗੇ ਪੱਧਰੀ ਕਰਨ ਤਾਂ ਸਰਪੰਚ ਚਲਿਆ ਗਿਆ। ਕਹਾ- ਮੈਂ ਨਹੀਂ ਤੁਹਾਨੂੰ ਕਰਨ ਦਿੰਦਾ। ਹਮੇ ਕਿਹਾ- ਤੂੰ ਸਰਪੰਚ ਸਾਹਿਬ ਆਦਮੀ ਹੈਂ। ਮਾਹਰਾਜ, ਹਮੇ ਤੇਰੀ ਇੱਜ਼ਤ ਕਰਾਂ। ਤੈਨੂੰ ਕੈਹੇ ਕਾ ਬੋਝ ਆ ਇਸਕਾ।
ਫਿਰ ਉਨ੍ਹਾਂ ਨੇ ਪੈਸੇ ਕੱਠੇ ਕਰੇ ਗਿਆਰਾਂ ਹਜ਼ਾਰ। ਮੈਂ ਕਿਹਾ ਪੰਜ ਸੌ ਮੈਂ ਵੀ ਦੇਹਾਂ ਭਾਈ। ਫਿਰ ਮਸੀਤ ਸਵਾਰ ਲਈ, ਨਮਾਜ਼ ਪੜ੍ਹਨ ਲੱਗ ਗਏ। ਫਿਰ ਪਾਣੀ ਕੋ ਜਾਏ ਲੋਕਾਂ ਕੇ ਨਲਕੇ ਪਰ। ਮੈਂ ਕਿਹਾ-ਲੈ ਤਿੰਨ ਸੌਂ ਮੈਂ ਦੇਹਾਂ, ਯਹਾਂ ਨਲਕਾ ਵੀ ਲਵਾ ਲਓ।
ਇਬ ਮੈਂ ਪੁਰਾਣੇ ਵਕਤਾਂ ਕਾ ਬ੍ਹੌਤ ਯਾਦ ਕਰਾਂ। ਪਾਕਿਸਤਾਨ ਗਏ ਸਾਰੇ ਮਰ ਗੇ। ਇੱਕ ਸਲਾਮ ਦੀਨ ਰਹਾ ਵਾ। ਉਹਦੀ ਉਮਰ ਉਸ ਵਕਤ ਪੱਚੀ ਸਾਲ ਕੀ ਥੀ। ਇੱਕ ਵਾਰ ਉਸਕਾ ਫੋਨ ਆਇਆ ਥਾ। ਉਹ ਕਹੇ ਕੇ ਮੇਰੀ ਬਾਤ ਕਰਾਓ ਨੂਰਦੀਨ ਕੇ ਗੈਲ। ਮੈਂ ਕਹਾ- ਮੈਂ ਨੂਰਦੀਨ ਨਹੀਂ, ਗੋਰਖ ਨਾਥ ਆਂ।
ਇਬ ਮਟੌਰ ਕੇ ਪੰਜ-ਸੱਤ ਬਜ਼ੁਰਗ ਸ਼ਾਮ ਕਾ ਮਿਲਦੇ ਰਹਾਂ। ਪਾਰਕਾਂ ਮੇਂ ਬੈਠੇ ਰਹਾਂ। ਪੁਰਾਣੇ ਪਿੰਡ ਕੀਆਂ ਗੱਲਾਂ ਕਰਦੇ ਰਹਾ। ਸਭ ਕਹਾਂ ਕਿ ਬ੍ਹੌਤ ਮਾੜੇ ਕੰਮ ਹੋਏ ਆ ਇਬ ਤਾਂ। ਕੋਈ ਦੀਨ ਧਰਮ ਹੀ ਨਹੀਂ ਰਿਹਾ। ਕੋਈ ਸ਼ਰਮ ਲਿਹਾਜ ਨਹੀਂ। ਅੱਗੇ ਤਾਂ ਜੀ ਪਰਦੇ ਕੀਆਂ ਬਾਤਾਂ ਥੀਆਂ ਬ੍ਹੌਤ। ਹਮਾਰੇ ਧੀਆਂ ਬਹੂਆਂ ਘੱਗਰੇ ਪਾਵੇ ਤੀਆਂ। ਇਬ ਕੋਈ ਜਾਤ ਨਹੀਂ ਰਹੀ, ਬਾਤ ਨਹੀਂ ਰਹੀ। ਨਾ ਕੋਈ ਮਾਂ ਕੀ ਮੰਨੇ, ਨਾ ਬਾਪ ਕੀ ਮੰਨੇ।” ਗੱਲਬਾਤ ਦੇ ਅਖ਼ੀਰ ’ਚ ਬਾਬਾ ਨੂਰਦੀਨ ਉਰਫ਼ ਗੋਰਖ ਨਾਥ ਨਵੇਂ ਜ਼ਮਾਨੇ ਨੂੰ ਕੋਸਣ ਲੱਗ ਪਿਆ ਸੀ।
ਉਸ ਕੋਲੋਂ ਮੁੜਦਿਆਂ ਮੈਂ ਸੋਚ ਰਿਹਾ ਸਾਂ ਕਿ ਸ਼ਹਿਰ ਪਿੰਡਾਂ ਨੂੰ ਉਹ ਕਰਦਾ ਹੈ ਜੋ ਸੰਤਾਲੀ ਨੇ ਲੱਖਾਂ ਪੰਜਾਬੀਆਂ ਨਾਲ ਕੀਤੀ ਸੀ।
ਸੰਪਰਕ: 97818-43444