ਪਰਮਜੀਤ ਕੌਰ ਸਰਹਿੰਦ
‘ਛੜਾ’ ਸ਼ਬਦ ਦਾ ਜ਼ਿਕਰ ਸੁਣਦਿਆਂ ਹੀ ਛੜੇ ਨਾਲ ਸਬੰਧਤ ਪੰਜਾਬੀ ਗੀਤ, ਲੋਕਗੀਤ ਜਾਂ ਲੋਕ-ਕਾਵਿ ਦੀ ਕੋਈ ਬੋਲੀ ਜ਼ਿਹਨ ਵਿਚ ਗੂੰਜਣ ਲੱਗਦੀ ਹੈ ਜਿਨ੍ਹਾਂ ਵਿਚ ਇਸ ਬੇਦੋਸ਼ੇ ਨੂੰ ਰੱਜ ਕੇ ਨਿੰਦਿਆ-ਭੰਡਿਆ ਜਾਂਦਾ ਹੈ। ਸ਼ਹਿਰਾਂ ਨਾਲੋਂ ਪਿੰਡਾਂ ਵਿਚ ਇਹ ‘ਭਾਈਚਾਰਾ’ ਜ਼ਿਆਦਾ ਹੁੰਦਾ ਸੀ, ਪਰ ਵਰਤਮਾਨ ਸਮੇਂ ਕੋਈ ਛੜਾ ਘੱਟ ਹੀ ਦਿਖਦਾ-ਸੁਣਦਾ ਹੈ। ਹੁਣ ਇਹ ਕਿਸੇ ਪੰਜਾਬੀ ਫ਼ਿਲਮ ਵਿਚ ਹੀ ਦਿਸਦਾ ਹੈ। ਇਸ ਦਾ ਵੱਡਾ ਕਾਰਨ ਪਰਿਵਾਰਾਂ ਦਾ ਛੋਟੇ ਹੋ ਜਾਣਾ ਤੇ ਲੋਕਾਂ ਦਾ ਜਾਗਰੂਕ ਹੋ ਜਾਣਾ ਵੀ ਹੈ। ਨਵੀਂ ਪੀੜ੍ਹੀ ਨੂੰ ਤਾਂ ਛੜਾ ਸ਼ਬਦ ਦੇ ਅਰਥ ਵੀ ਪਤਾ ਨਹੀਂ ਹੋਣਗੇ ਕਿਉਂਕਿ ਵਿਰਲੇ-ਟਾਵੇਂ ਰਹਿ ਗਏ ਛੜੇ ਨੂੰ ‘ਅਨਮੈਰਿਡ’ ਹੀ ਕਿਹਾ ਜਾਂਦਾ ਹੈ।
ਛੜਿਆਂ ਅਰਥਾਤ ਸਾਰੀ ਉਮਰ ਬਿਨਾਂ ਵਿਆਹੇ ਰਹਿਣ ਵਾਲੇ ਮਰਦਾਂ ਦੀ ਗਿਣਤੀ ਪੇਂਡੂ ਸਮਾਜ ਵਿਚ ਜ਼ਿਆਦਾ ਰਹੀ ਹੈ। ਇਸ ਦਾ ਮੁੱਖ ਕਾਰਨ ਕਿਸਾਨੀ ਕਿੱਤਾ ਰਿਹਾ ਕਿਉਂਕਿ ਮੁੱਢੋਂ ਹੀ ਜ਼ਿਮੀਂਦਾਰ ਦੀ ਆਰਥਿਕਤਾ ਕਿਸਾਨੀ ਨਾਲ ਜੁੜੀ ਰਹੀ ਹੈ। ਜ਼ਮੀਨ ਦੀ ਮਾਲਕੀ ਦੇ ਹੱਕ ਅਣਵਿਆਹੇ ਜਾਂ ਵਿਆਹੇ ਮਰਦ ਨੂੰ ਬਰਾਬਰ ਹਨ। ਪੁਰਾਣੇ ਸਮੇਂ ਇਕ ਪਰਿਵਾਰ ਵਿਚ ਸੱਤ-ਅੱਠ ਭੈਣ-ਭਰਾ ਹੋਣੇ ਆਮ ਗੱਲ ਸੀ। ਜਦੋਂ ਤਕ ਪਰਿਵਾਰ ਇਕੱਠਾ ਰਹਿੰਦਾ ਤਾਂ ਆਮਦਨ ਸਾਂਝੀ ਹੁੰਦੀ। ਜਦੋਂ ਜ਼ਮੀਨ ਦੀ ਵੰਡ ਦੀ ਨੌਬਤ ਆਉਂਦੀ ਤਾਂ ਵੱਡੇ ਬਜ਼ੁਰਗਾਂ ਦੀ ਮਾਨਸਿਕਤਾ ਅਜਿਹੀ ਹੁੰਦੀ ਕਿ ਜ਼ਮੀਨ ਨੂੰ ਕਿਵੇਂ ਬਚਾਈਏ ਅਤੇ ਉਹ ਇਕ ਦੋ ਪੁੱਤਰਾਂ ਨੂੰ ਕੁਆਰੇ ਜਾਂ ਛੜੇ ਰੱਖਣ ਵਿਚ ਪਰਿਵਾਰ ਦੀ ਭਲਾਈ ਸਮਝਦੇ। ਅਨਪੜ੍ਹਤਾ ਕਾਰਨ ਰੁਜ਼ਗਾਰ ਦਾ ਹੋਰ ਵੀ ਕੋਈ ਜ਼ਰੀਆ ਨਹੀਂ ਸੀ ਹੁੰਦਾ, ਕੋਈ ਇਕਾ-ਦੁੱਕਾ ਫ਼ੌਜ ਵਿਚ ਭਰਤੀ ਹੋ ਜਾਂਦਾ। ਉਸ ਸਮੇਂ ਅਜੇ ਸ਼ਹਿਰਾਂ ਵਿਚ ਜਾ ਕੇ ਕੰਮ ਕਰਨ ਦਾ ਰੁਝਾਨ ਵੀ ਨਹੀਂ ਸੀ। ਕੁੱਲ ਮਿਲਾ ਕੇ ਥੋੜ੍ਹੀ ਜਾਂ ਬਹੁਤੀ ਜ਼ਮੀਨ ’ਤੇ ਹੀ ਸਾਰਾ ਦਾਰਮਦਾਰ ਹੁੰਦਾ ਸੀ।
ਆਰਥਿਕ ਮੰਦਹਾਲੀ ਕਾਰਨ ਜਦੋਂ ਪੁੱਤਰ ਵਿਆਹ ਦੀ ਉਮਰੋਂ ਟੱਪ ਜਾਂਦੇ ਤਾਂ ਮਾਪੇ ਕਿਸੇ ਆਪਣੇ ਵਰਗੇ ਲੋੜਵੰਦ ਘਰ, ਛੋਟਿਆਂ ਇਕ-ਦੋ ਪੁੱਤਰਾਂ ਨੂੰ ਵਿਆਹ ਲੈਂਦੇ। ਸੂਝਵਾਨ ਬਜ਼ੁਰਗ ਨੂੰਹ ਨੂੰ ਜ਼ਿੰਮੇਵਾਰੀ ਦਿੰਦੇ ਆਖਦੇ ਕਿ ਬਾਕੀ ਵੀ ਤੂੰ ਵਿਆਹੁਣੇ ਨੇ। ਵੱਡੇ ਪਰਿਵਾਰਾਂ ਵਿਚ ਛੜੇ ਰਹਿ ਜਾਂਦੇ ਮਰਦ ਦੂਜੇ ਭਰਾਵਾਂ ਤੇ ਪਿਓ ਨਾਲ ਰਲ ਕੇ ਸਖ਼ਤ ਮਿਹਨਤ ਕਰਦੇ ਹੋਏ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਗਿਲਾ ਵੀ ਕਰਦੇ ਕਿ ਅਸੀਂ ਤਾਂ ਤੁਹਾਡੇ ਟੱਬਰਾਂ ਲਈ ਕਮਾਈਆਂ ਕਰਦੇ ਹਾਂ, ਸਾਡੇ ਕਿਹੜਾ ਜੁਆਕ ਭੁੱਖੇ ਰੋਂਦੇ ਨੇ। ਇਹ ਲੋਕ ਪੂਰੇ ਪਰਿਵਾਰ ’ਤੇ ਰੋਹਬ ਰੱਖਦੇ ਤੇ ਅੱਡ ਹੋ ਕੇ ਜ਼ਮੀਨ ਸ਼ਰੀਕਾਂ ਨੂੰ ਦੇ ਦੇਣ ਦਾ ਦਬਕਾ ਵੀ ਮਾਰਦੇ। ਇਹ ਮਸਲਾ ਛੜੇ ਜੇਠ ਨਾਲ ਜ਼ਿਆਦਾ ਜੁੜਿਆ ਹੁੰਦਾ।
ਲੋਕ-ਕਾਵਿ ਇਸ ਦੀ ਗਵਾਹੀ ਦਿੰਦਾ ਹੈ ਤੇ ਇਸ ਬੋਲੀ ਵਿਚੋਂ ਬੇਵਸੀ ਝਲਕਦੀ ਹੈ:
ਮੇਰੀ ਵੰਗ ਵੀ ਟੁੱਟੀ ਮੇਰੀ ਕੈਂਠੀ ਵੀ ਟੁੱਟੀ
ਤੂੰ ਕੋਲ ਵੇ ਖੜ੍ਹਾ ਤੇ ਮੈਂ ਜੇਠ ਨੇ ਕੁੱਟੀ।
ਕਿਧਰੇ ਛੜੇ ਜੇਠ ਨੂੰ ਦਬੰਗ ਭਰਜਾਈ ਵੱਲੋਂ ਕੁੱਟ ਵੀ ਦਿੱਤਾ ਜਾਂਦਾ ਤੇ ਉਹ ਮਚਲੀ ਬਣ ਕੇ ਕਹਿੰਦੀ:
ਨੀਂ ਮੈਂ ਕੱਟੇ ਦੇ ਭੁਲੇਖੇ ਛੜਾ ਜੇਠ ਕੁੱਟ ’ਤਾ।
ਛੜੇ ਜੇਠ ਨੂੰ ਨਾਂਹ ਪੱਖੀ ਕਿਰਦਾਰ ਵਜੋਂ ਹੀ ਦੇਖਿਆ ਜਾਂਦਾ ਹੈ ਜਦੋਂਕਿ ਕਿਸੇ ਛੜੇ ਦਿਓਰ ਨਾਲ ਐਨੀ ਕੁਪੱਤ ਨਹੀਂ ਹੁੰਦੀ। ਦੁਖੀ ਹੋਇਆ ਛੜਾ ਕਹਿੰਦਾ ਹੈ:
ਛੜਾ-ਛੜਾ ਨਾ ਕਰਿਆ ਕਰ ਨੀਂ ਛੜੇ ਤਾਂ ਰੱਬ ਦੇ ਮਾਰੇ,
ਇਨ੍ਹਾਂ ਛੜਿਆਂ ਨੂੰ ਨਾ ਝਿੜਕੀਂ ਮੁਟਿਆਰੇ।
ਕਦੇ ਛੜਾ ਕੁਰਲਾ ਉੱਠਦਾ:
ਛੜਿਆਂ ਦੀ ਜੂਨ ਬੁਰੀ ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ।
ਛੜੇ ਦਿਓਰ ਨਾਲ ਭਰਜਾਈ ਦਾ ਐਨਾ ਇੱਟ ਖੜੱਕਾ ਨਹੀਂ ਹੁੰਦਾ ਜਿੰਨਾ ਛੜੇ ਜੇਠ ਨਾਲ ਹੁੰਦਾ ਹੈ। ਇਸ ਦਾ ਕਾਰਨ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਪਤੀ ਦੀ ਵਡੇਰੀ ਉਮਰ ਕਾਰਨ ਅੱਲ੍ਹੜ ਮੁਟਿਆਰ ਭਰਜਾਈ ਦਾ ਝੁਕਾਅ ਦਿਓਰ ਵੱਲ ਹੋ ਜਾਂਦਾ ਸੀ ਤੇ ਇਸ ਸੁਖਾਂਤਕ ਦਿਸਦੇ ਰਿਸ਼ਤੇ ਕਾਰਨ ਕਈ ਮਾੜੇ ਸਿੱਟੇ ਵੀ ਸਾਹਮਣੇ ਆਉਂਦੇ ਸਨ। ਕੋਈ ਸੂਝਵਾਨ ਮੁਟਿਆਰ ਦਿਓਰ ਨੂੰ ਛੋਟੇ ਭਰਾਵਾਂ ਜਾਂ ਪੁੱਤਾਂ ਵਾਂਗ ਵੀ ਪਿਆਰਦੀ। ਦਿਓਰ ਨੂੰ ਭਾਬੀ ਦੇ ਪੇਕਿਆਂ ਵੱਲੋਂ ਰਿਸ਼ਤੇ ਦੀ ਆਸ ਵੀ ਰਹਿੰਦੀ ਜਦ ਕਿ ਜੇਠ ਨੂੰ ਨਹੀਂ।
ਛੜੇ ਕੇਵਲ ਆਰਥਿਕ ਮੰਦਹਾਲੀ ਕਾਰਨ ਹੀ ਛੜੇ ਨਹੀਂ ਸਨ ਰਹਿੰਦੇ ਬਲਕਿ ਮੂਲ ਰੂਪ ਵਿਚ ਇਸ ਦੇ ਤਿੰਨ-ਚਾਰ ਕਾਰਨ ਲੱਭਦੇ ਹਨ। ਕਿਸੇ ਮਰਦ-ਮੁੰਡੇ ਦਾ ਅਪਾਹਜ ਜਾਂ ਬਦਸੂਰਤ ਹੋਣਾ ਵੀ ਉਸ ਦਾ ਵਿਆਹ ਨਹੀਂ ਹੋਣ ਦਿੰੰਦਾ। ਤੀਜਾ ਕਾਰਨ ਕਿਸੇ ਦਾ ਵੈਲੀ ਹੋਣਾ ਅਰਥਾਤ ਲੜਾਈ-ਝਗੜੇ, ਗੁੰਡਾਗਰਦੀ ਜਾਂ ਮਾੜੇ ਅਨਸਰਾਂ ਨਾਲ ਮੇਲ ਜੋਲ ਤੇ ਸ਼ਰਾਬੀ-ਅਫੀਮਚੀ ਹੋਣ ਕਾਰਨ ਕੋਈ ਆਪਣੀ ਧੀ-ਭੈਣ ਦਾ ਰਿਸ਼ਤਾ ਨਹੀਂ ਸੀ ਕਰਦਾ। ਚੌਥਾ ਕਾਰਨ ਉਸਦਾ ਚਰਿੱਤਰਹੀਣ ਹੋਣਾ ਵੀ ਬਣਦਾ। ਕਿਸੇ ਵੀ ਔਰਤ ’ਤੇ ਮਾੜੀ ਨਜ਼ਰ ਰੱਖਣੀ ਜਾਂ ਗ਼ਲਤ ਔਰਤਾਂ ਨਾਲ ਸਬੰਧ ਰੱਖਣ ਕਾਰਨ ਇਹ ਲੋਕ ਸਮਾਜ ਵਿਚੋਂ ਛੇਕਿਆਂ ਵਰਗੇ ਹੁੰਦੇ ਤੇ ਇਹ ਵੀ ‘ਛੜਾ ਮੰਡਲੀ’ ਦੇ ਮੈਂਬਰ ਬਣ ਜਾਂਦੇ। ਭਾਵੇਂ ਮਾਇਕ ਪੱਖੋਂ ਤੰਗ ਲੋਕਾਂ ਦਾ ਜੋੜ ਆਪਣੇ ਵਰਗਿਆਂ ਨਾਲ ਬਣ ਜਾਂਦਾ ਸੀ, ਪਰ ਕਈ ਸਿਆਣੇ ਮਾਪੇ ਲੰਮੀ ਸੋਚਦਿਆਂ ਇਹ ਵੀ ਕਹਿੰਦੇ ਕਿ ਸਾਡੇ ਘਰ ਤਾਂ ਧੀ ਨੇ ਤੰਗੀਆਂ-ਤੁਰਸ਼ੀਆਂ ਕੱਟੀਆਂ ਨੇ, ਪਰ ਅੱਗੋਂ ਸਾਰੀ ਉਮਰ ਭੁੱਖੀ ਮਾਰਨ ਲਈ ਗ਼ਰੀਬ ਦੇ ਨਹੀਂ ਵਿਆਹੁਣੀ। ਇਸ ਦੇ ਉਲਟ ਕੁਝ ਲੋਕਾਂ ਦੀ ਸੋਚ ਹੁੰਦੀ ਕਿ ਬਾਕੀ ਭਰਾਂ ਤਾਂ ਛੜੇ ਹੀ ਰਹਿਣਗੇ ਸਭ ਕਾਸੇ ਦੀ ਮਾਲਕ ਸਾਡੀ ਧੀ ਨੇ ਹੀ ਬਣਨਾ ਹੈ।
ਇਕ ਪੱਖ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਸਾਂਝੇ ਪਰਿਵਾਰ ਦੀ ਸਾਂਝੀ ਕਮਾਈ ਨਾਲ ਜਦੋਂ ਘਰ ਵਿਚ ਬਰਕਤ ਹੋਣ ਲੱਗਦੀ ਤਾਂ ਕਦੇ-ਕਦਾਈਂ ਕੋਈ ਛੜਾ ਜੇਠ ਵੀ ਵਿਆਹਿਆ ਜਾਂਦਾ। ਕਿਸੇ ਗ਼ਰੀਬ ਦੀ ਉਮਰੋਂ ਨਿਆਣੀ ਜਿਹੀ ਧੀ ਵੀ ਉਸਦੇ ਲੜ ਲੱਗ ਜਾਂਦੀ ਅਤੇ ਤਾ-ਉਮਰ ਅਣਜੋੜ ਵਰ ਦਾ ਦਰਦ ਹੰਢਾਉਂਦੀ। ਕਿਸੇ ਵਿਧਵਾ ਜਾਂ ਤਲਾਕਸ਼ੁਦਾ ਨਾਲ ਵੀ ਅਜਿਹੇ ਮਰਦ ਦਾ ਜੋੜ ਬਣ ਜਾਂਦਾ। ਕੋਈ ਛੜਾ ਪਹਾੜੀ ਖੇਤਰ ਵਿਚੋਂ ਵੀ ਕਿਸੇ ਗੁਰਬਤ ਮਾਰੇ ਦੀ ਧੀ-ਭੈਣ ਨੂੰ ਕਿਸੇ ਵਸਤੂ ਵਾਂਗ ਮੁੱਲ ਲੈ ਆਉਂਦਾ। ਕੁਝ ਲੋਕ ਯੂ.ਪੀ. ਤੋਂ ਵੀ ਮੁੱਲ ਦੀ ਤੀਵੀਂ ਲੈ ਆਉਂਦੇ ਜਿਸ ਨੂੰ ‘ਪੂਰਬਣੀ’ ਕਿਹਾ ਜਾਂਦਾ। ਛੜੇ ਦਾ ਘਰ ਤਾਂ ਵਸ ਜਾਂਦਾ, ਪਰ ਇਹ ਦੂਜੀ ਜਾਤੀ ਜਾਂ ਸੂਬੇ ਦੀਆਂ ਔਰਤਾਂ ਸ਼ਰੀਕੇ-ਭਾਈਚਾਰੇ ਵਿਚ ਛੇਤੀ ਸਵੀਕਾਰ ਨਾ ਕੀਤੀਆਂ ਜਾਂਦੀਆਂ। ਛੜਿਆਂ ਦੇ ਪਰਿਵਾਰ ਦਾ ਇਕ ਨਕਾਰਾਤਮਕ ਪੱਖ ਵੀ ਮਿਲਦਾ ਹੈ, ਪਰਿਵਾਰ ਵਿਚ ਵਿਆਹੁਤਾ ਪਤਨੀ ਇਕ ਦੀ ਹੁੰਦੀ, ਪਰ ਉਸ ’ਤੇ ਪਤੀ ਦੇ ਦੂਜੇ ਛੜੇ ਭਰਾਵਾਂ ਦਾ ਉਨ੍ਹਾਂ ਹੀ ਹੱਕ ਹੁੰਦਾ। ਉਨ੍ਹਾਂ ਦੇ ਬੱਚੇ ਵੀ ਹੁੰਦੇ ਜੋ ਕਾਨੂੰਨੀ ਜਾਂ ਸਮਾਜਿਕ ਤੌਰ ’ਤੇ ਵਿਆਹੇ ਮਰਦ ਦੀ ਔਲਾਦ ਵਜੋਂ ਜਾਣੇ ਜਾਂਦੇ। ਇਹ ਇਸ ਰਿਸ਼ਤੇ ਦਾ ਘਿਨਾਉਣਾ ਪੱਖ ਹੈ। ਅੱਜ ਔਰਤ ਆਪਣੇ ਹੱਕ ਤੇ ਆਬਰੂ ਪ੍ਰਤੀ ਚੇਤੰਨ ਹੈ ਤੇ ਪਤੀ ਵੀ ਪਤਨੀ ਦੇ ਕਿਸੇ ਹੋਰ ਨਾਲ ਸਬੰਧ ਨੂੰ ਲੈ ਕੇ ਮਰਨ-ਮਾਰਨ ’ਤੇ ਉਤਾਰੂ ਹੈ। ਉਹ ਪਿਛਲਾ ਸਮਾਂ ਔਰਤ ਦੀ ਗ਼ੁਲਾਮ ਦਸ਼ਾ ਦਾ ਜ਼ਮਾਨਾ ਸੀ। ਉਸ ਨੂੰ ਬੌਧਿਕ ਸੌਝੀ ਵੀ ਨਹੀਂ ਸੀ ਹੁੰਦੀ, ਪਰ ਫਿਰ ਵੀ ਉਹ ਬਾਗੀ ਹੋ ਕੇ ਆਪਣਾ ਰੋਹ ਲੋਕ-ਕਾਵਿ ਵਿਚ ਪ੍ਰਗਟਾਉਂਦੀ ਸੀ।
ਛੜਿਆਂ ਦੀ ਜੀਵਨੀ ’ਤੇ ਝਾਤ ਮਾਰਦਿਆਂ ਪਤਾ ਲੱਗਦਾ ਹੈ ਕਿ ਇਨ੍ਹਾਂ ਨੂੰ ਮੋਹ-ਮਮਤਾ ਕੇਵਲ ਮਾਵਾਂ-ਭੈਣਾਂ ਤੋਂ ਹੀ ਨਸੀਬ ਹੁੰਦੀ, ਹੋਰਾਂ ਵੱਲੋਂ ਇਨ੍ਹਾਂ ਨੂੰ ਸਦਾ ਤਿਰਛੀ ਤੇ ਸ਼ੱਕੀ ਨਜ਼ਰ ਨਾਲ ਹੀ ਵੇਖਿਆ ਜਾਂਦਾ ਹੈ। ਔਰਤਾਂ ਤਾਂ ਛੇਤੀ ਕੀਤਿਆਂ ਉਨ੍ਹਾਂ ਦੀ ਮਾਂ ਮਰੀ ਤੋਂ ਅਫ਼ਸੋਸ ਕਰਨ ਵੀ ਨਹੀਂ ਜਾਂਦੀਆਂ ਤਾਂ ਹੀ ਇਹ ਇਕ ਤੁਕੀ ਬੋਲੀ ਹੋਂਦ ਵਿਚ ਆਈ ਹੋਵੇਗੀ:
ਛੜਿਆਂ ਦੀ ਮਾਂ ਮਰ ਗਈ, ਕੋਈ ਡਰਦੀ ਪਿੱਟਣ ਨਾ ਜਾਵੇ।
ਇਸ ਗੱਲੋਂ ਵੀ ਮੁਨਕਰ ਨਹੀਂ ਹੋਇਆ ਜਾਂ ਸਕਦਾ ਕਿ ਸਾਰੇ ਛੜੇ ਮਾੜੇ ਨਹੀਂ ਹੁੰਦੇ, ਉਹ ਉੱਚੇ ਸੁੱਚੇ ਕਿਰਦਾਰ ਵਾਲੇ ਵੀ ਹੁੰਦੇ ਹਨ। ਉਨ੍ਹਾਂ ਨੂੰ ਪਰਿਵਾਰ ਵੱਲੋਂ ਮਾਣ ਆਦਰ ਵੀ ਮਿਲਦਾ ਤੇ ਉਹ ਭਰਾਵਾਂ ਦੇ ਬੱਚਿਆਂ ਲਈ ਸਾਰਾ ਜੀਵਨ ਲੇਖੇ ਲਾ ਦਿੰਦੇ। ਕਈ ਛੜੇ ਗ਼ੈਰਤਮੰਦ ਵੀ ਹੁੰਦੇ ਤੇ ਘਰ ਪਰਿਵਾਰ ਵਿਚ ਹੁੰਦੀ ਨਿਰਾਦਰੀ
ਕਾਰਨ ਆਪਣਾ ਹੱਕ-ਹਿੱਸਾ ਕਿਸੇ ਸ਼ਰੀਕ ਜਾਂ ਦੂਜੇ ਨੂੰ ਦੇ ਦਿੰਦੇ। ਉਸ ਨਾਲ ਪਰਿਵਾਰਾਂ ਵਿਚ ਉਮਰਾਂ ਦੀਆਂ ਦੁਸ਼ਮਣੀਆਂ ਵੀ ਪੈ ਜਾਂਦੀਆਂ। ਕੁਝ ਛੜੇ ਬਹੁਤ ਹੀ ਦਰਵੇਸ਼ ਜਿਹੇ ਹੁੰਦੇ, ਉਹ ਧਾਰਮਿਕ ਬਿਰਤੀ ਕਾਰਨ ਆਪਣਾ ਸਮਾਂ ਭਜਨ-ਬੰਦਗੀ ਜਾਂ ਸਮਾਜ ਸੇਵੀ ਕੰਮਾਂ ਵਿਚ ਬਿਤਾ ਦਿੰਦੇ।
ਛੜਿਆਂ ਦੀਆਂ ਸਾਰੀਆਂ ਕਿਸਮਾਂ ਤੋਂ ਇਲਾਵਾ ਅੱਜ ਦੇ ਸਮੇਂ ਇਕ ਨਵੀਂ ਕਿਸਮ ਹੋਂਦ ਵਿਚ ਆਈ ਹੈ ਉਹ ਹੈ ‘ਚਿੱਟੇ ਦੇ ਚੱਟੇ ਹੋਏ’ ਜਾਂ ਹੋਰ ਨਸ਼ਾ ਖਾਣ ਵਾਲੇ। ਜਿੱਥੇ ਬੀਤੇ ਸਮੇਂ ਲੜਕੀ ਦਾ ਰਿਸ਼ਤਾ ਕਰਨ ਸਮੇਂ ਜ਼ਮੀਨ-ਜਾਇਦਾਦ ਦੇ ਨਾਲ ਖਾਨਦਾਨੀ ਦੇਖੀ-ਪੁੱਛੀ ਜਾਂਦੀ ਸੀ, ਉੱਥੇ ਅੱਜ ਸਭ ਤੋਂ ਪਹਿਲਾਂ ਲੜਕੇ ਬਾਰੇ ਨਸ਼ੇ ਸਬੰਧੀ ਪੜਤਾਲ ਕੀਤੀ ਜਾਂਦੀ ਹੈ। ਕੁਝ ਸਮਾਂ ਪਹਿਲਾਂ ਲੜਕੇ ਵਾਲੇ ਦੂਜੇ ਨੂੰ ਮੂਰਖ ਬਣਾ ਕੇ ਪੁੱਤ ਵਿਆਹ ਲੈਂਦੇ ਸਨ, ਪਰ ਜਦੋਂ ਨਤੀਜੇ ਮਾਪਿਆਂ ਨੂੰ ਭੁਗਤਣੇ ਪਏ ਤਾਂ ਉਹ ਅਜਿਹੇ ਪੁੱਤਾਂ ਨੂੰ ਵਿਆਹੁਣੋ ਗੁਰੇਜ਼ ਕਰਨ ਲੱਗੇ। ਅੱਜ ਦੇ ਛੜਿਆਂ ਦੀ ਇਹ ਨਵੀਂ ਕਿਸਮ ਅਤੀਤ ਦੇ ਛੜਿਆਂ ਨਾਲੋਂ ਵੱਧ ਖ਼ਤਰਨਾਕ ਹੈ। ਜੇ ਅਜੇ ਵੀ ਇਸ ਵਿਗੜੀ ਕਿਸਮ ਨੂੰ ਸੁਧਾਰਨ ਦੇ ਪੁਖ਼ਤਾ ਪ੍ਰਬੰਧ ਨਾ ਕੀਤੇ ਗਏ ਤਾਂ ਸਮਾਜਿਕ ਕਦਰਾਂ-ਕੀਮਤਾਂ ਨੂੰ ਪਹਿਲਾਂ ਹੀ ਲੱਗਿਆ ਖੋਰਾ ਸਾਡੇ ਸਮਾਜ ਦੀਆਂ ਜੜਾਂ ਨੂੰ ਖੋਖਲਾ ਕਰ ਦੇਵੇਗਾ।
ਸੰਪਰਕ: 98728-98599