ਸਾਂਵਲ ਧਾਮੀ
ਸਾਲ 1883 ’ਚ ਡੋਗਰ ਮੁਸਲਮਾਨਾਂ ਦੀ ਆਬਾਦੀ 63000 ਸੀ। ਜ਼ਿਲ੍ਹਾ ਫ਼ਿਰੋਜ਼ਪੁਰ ਦੇ ਗਜ਼ਟੀਅਰ ’ਚ ਲਿਖਿਆ ਹੈ ਕਿ ਡੋਗਰ ਰਾਜਪੂਤਾਂ ’ਚੋਂ ਨਿਕਲੇ ਹਨ। ਇਹ ਜਾਂਗਲੀ ਲੋਕ ਸਨ ਜੋ ਕਾਇਦੇ-ਕਾਨੂੰਨ ਤੋਂ ਨਾਬਰ ਰਹੇ ਅਤੇ ਘੁੰਮ-ਫਿਰ ਕੇ ਜ਼ਿੰਦਗੀ ਬਸਰ ਕਰਦੇ ਰਹੇ। ਇਹ ਪਸ਼ੂ ਪਾਲਕ ਵੀ ਸਨ ਅਤੇ ਪਸ਼ੂ ਚੋਰ ਵੀ। ਇਨ੍ਹਾਂ ਦੇ ਨੱਕ ਉਕਾਬ ਦੀ ਚੁੰਝ ਵਰਗੇ ਹੁੰਦੇ ਨੇ। ਲੰਮੇ ਅਤੇ ਪਤਲੇ।
ਡੋਗਰਾਂ ਦਾ ਇਤਿਹਾਸ ਲਿਖਣ ਵਾਲੇ ਗ਼ੁਲਾਮ ਮੁਸਤਫ਼ਾ ਡੋਗਰ ਅਨੁਸਾਰ ਇਨ੍ਹਾਂ ਦੇ ਵਸੇਬ ਦੇ ਪਹਿਲੇ ਹਵਾਲੇ ਮੁਲਤਾਨ ’ਚ ਮਿਲਦੇ ਹਨ। ਇਸ ਇਲਾਕੇ ’ਚ ਲੰਗਾਹ ਅਤੇ ਡੋਗਰ ਕਬੀਲਿਆਂ ’ਚ ਹੋਈ ਲੜਾਈ ਦਾ ਜ਼ਿਕਰ ਮਿਲਦਾ ਹੈ। ਮੁਲਤਾਨ ਤੋਂ ਇਹ ਦੁਪਾਲਪੁਰ ਵੱਲ ਆ ਗਏ। ਇੱਥੋਂ ਇਹ ਕਸੂਰ, ਫ਼ਿਰੋਜ਼ਪੁਰ, ਪਟਿਆਲਾ, ਜੀਂਦ, ਨਾਭਾ, ਹਿਸਾਰ ਤੇ ਰੋਹਤਕ ਤਕ ਪਹੁੰਚ ਗਏ। ਹੁਸ਼ਿਆਰਪੁਰ ਦੀ ਦਸੂਹਾ ਤਹਿਸੀਲ ’ਚ ਡੋਗਰਾਂ ਦੇ ਚੁਤਾਲੀ ਪਿੰਡ ਸਨ। ਇਸ ਇਲਾਕੇ ’ਚ ਇਨ੍ਹਾਂ ਨੂੰ ਪਹਾੜੀ ਹਿੰਦੂਆਂ ਨੂੰ ਡੱਕਣ ਲਈ ਮੁਗਲਾਂ ਨੇ ਵਸਾਇਆ ਸੀ।
ਸੰਤਾਲੀ ਤੋਂ ਪਹਿਲਾਂ ਫਿਰੋਜ਼ਪੁਰ, ਸੰਗਰੂਰ ਤੇ ਹਿਸਾਰ ਜ਼ਿਲ੍ਹਿਆਂ ’ਚ ਡੋਗਰਾਂ ਦੇ ਸੌ ਦੇ ਕਰੀਬ ਪਿੰਡ ਸਨ। ਇਨ੍ਹਾਂ ’ਚੋਂ ਕੁਝ ਪਿੰਡਾਂ ਦੇ ਨਾਂ ਹਨ; ਫਰੀਦਕੇ, ਸੰਦਲੀ, ਜੋਧਪੁਰ, ਸੰਘੇ, ਬਘਿਆਣਾ, ਭੰਡਿਆਲੀ, ਅਲੀਕੇ, ਭੰਬਲਪੁਰ, ਮਹਿਮਦਕੇ, ਕੁਲਾਣਾ, ਨੰਗਲ, ਖਾਈ, ਲੱਖੀਵਾਲ, ਸਸਵਾਲੀ, ਸੈਦੇਵਾਲਾ, ਬੇਰੇਵਾਲਾ, ਬੋਹਾ, ਦਲੇਰਵਾਲਾ, ਜੋਹੀਆਂ, ਅਚਾਣਕ, ਉੱਡਤ ਸੋਢਾ ਲਾਲ, ਰਿਉਂਦ ਖੁਰਦ, ਰਿਉਂਦ ਕਲਾਂ, ਬੰਨਾਂਵਾਲੀ, ਜੋਈਆਂਵਾਲੀ, ਹਰਿਆਉ, ਗੈਬੀਪੁਰ, ਗੈਪਾ, ਬਰਵਾਲਾ, ਚੰਦੜ, ਕਲੋਠਾ, ਬਾਂਦਰੀ, ਸਰਦਾਰੇਵਾਲਾ, ਬਹਾਦਰਗੜ੍ਹ, ਲੱਧੂਵਾਸ, ਬੂੜਾ, ਮਾਹੋਰਾਣਾ, ਪੁਆਰਾ, ਛੀਟਾਂਵਾਲਾ, ਸ਼ੇਰਗੜ੍ਹ, ਤਪਾ ਮੰਡੀ, ਡਸਕਾ, ਜਗਾਰਾਮ ਤੀਰਥ, ਸੁਨਾਮ, ਸੈਦਾ ਤੇ ਸ਼ੇਰ ਖਾਂ ਵਾਲਾ। ਆਖਰੀ ਦੋਵੇਂ ਪਿੰਡ ਪਟਿਆਲਾ ਫ਼ੌਜ ’ਚ ਸ਼ਾਮਲ ਦੋ ਅਫ਼ਸਰਾਂ ਸੈਦੇ ਖਾਂ ਅਤੇ ਸ਼ੇਰ ਖਾਂ ਨੂੰ ਇਨਾਮ ’ਚ ਮਿਲੇ ਸਨ। ਭੀਮੜਾ ਵੀ ਡੋਗਰਾਂ ਦਾ ਪਿੰਡ ਸੀ ਤੇ ਇਸ ਪਿੰਡ ਦਾ ਹਨੀਫ਼ ਡੋਗਰ ਆਪਣੇ ਵੇਲੇ ਦਾ ਮਸ਼ਹੂਰ ਪਹਿਲਵਾਨ ਸੀ।
ਧਿੰਗੜ ਮੁੱਖ ਰੂਪ ’ਚ ਸਿੱਧੂਆਂ ਦਾ ਪਿੰਡ ਏ। ਟਿਵਾਣਿਆਂ, ਭੁੱਲਰਾਂ, ਧਾਲੀਵਾਲਾਂ, ਝੋਰੜਾਂ ਤੇ ਗਿੱਲਾਂ ਦੇ ਵੀ ਘਰ ਨੇ। ਸੰਤਾਲੀ ਤੋਂ ਪਹਿਲਾਂ ਇੱਥੇ ਪੰਜ-ਸੱਤ ਘਰ ਡੋਗਰਾਂ ਦੇ ਵੀ ਸਨ। ਉਦੋਂ ਇਹ ਪਿੰਡ ਪਟਿਆਲਾ ਰਿਆਸਤ ਦਾ ਹਿੱਸਾ ਸੀ। ਇਹਦੇ ਨਾਲ ਬੇਣੀਵਾਲ, ਚਹਿਲਾਂਵਾਲ, ਕਮਾਲੂ, ਸੰਦੋਹਾ, ਸ਼ੇਖ਼ਪੁਰਾ, ਭਗਵਾਨਪੁਰਾ ਤੇ ਜਗਾਰਾਮ ਤੀਰਥ ਪਿੰਡ ਲੱਗਦੇ ਨੇ।
ਧਿੰਗੜ ਪਿੰਡ ਪਹਿਲਾਂ ਫ਼ਿਰੋਜ਼ਪੁਰ ਜ਼ਿਲ੍ਹੇ ਅਤੇ ਹੁਣ ਮਾਨਸਾ ਜ਼ਿਲ੍ਹੇ ’ਚ ਪੈਂਦਾ ਹੈ। ਇਸ ਨੂੰ ਰੇਲਵੇ ਸਟੇਸ਼ਨ ਰਾਮਾ ਮੰਡੀ ਲੱਗਦਾ ਏ। ਇਸ ਪਿੰਡ ’ਚ ਡੋਗਰਾਂ ’ਚੋਂ ਇਸਮਾਇਲ ਖਾਂ, ਦੁੱਲਾ, ਬੱਲੀ ਤੇ ਰਹਿਮਤ ਮੁਹਤਬਰ ਬੰਦੇ ਸਨ। ਇਸ ਪਿੰਡ ਦਾ ਜਿਉਣਾ ਮਹਿਰਾ ਘਰਾਂ ’ਚ ਪਾਣੀ ਪਹੁੰਚਾਉਂਦਾ ਹੁੰਦਾ ਸੀ। ਅਲੀ ਮੁਹੰਮਦ ਅਤੇ ਰਮਜ਼ਾਨ ਸਕੇ ਭਰਾ ਮਿੱਟੀ ਦੇ ਭਾਂਡੇ ਬਣਾਉਂਦੇ ਸਨ। ਜਾਨੀ ਅਤੇ ਚੰਨਣ ਦੇ ਅੱਬਾ ਦਾ ਕੋਹਲੂ ਹੁੰਦਾ ਸੀ। ਜੱਦੀ-ਪੁਸ਼ਤੀ ਕੰਮ ਛੱਡ ਕੇ ਜਾਨੀ ਪਹਿਲਵਾਨੀ ਅਤੇ ਚੰਨਣ ਕਵੀਸ਼ਰੀ ਕਰਨ ਲੱਗ ਪਿਆ ਸੀ। ਆਤਮਾ ਸਿੰਘ ਵੀ ਕੱਪੜਾ ਬੁਣਨ ਦਾ ਪੁਸ਼ਤੈਨੀ ਕੰਮ ਤਿਆਗ ਕੇ ਉਸ ਨਾਲ ਰਲ ਗਿਆ ਸੀ। ਇਨ੍ਹਾਂ ਦੇ ਜੁੱਟ ’ਚ ਤੀਜਾ ਬੰਦਾ ਬਚਨ ਸਿੰਘ ਹੁੰਦਾ ਸੀ। ਇਹ ਤਿੰਨੋਂ ਛਿੰਜਾਂ, ਮੇਲਿਆਂ ਤੇ ਵਿਆਹਾਂ ’ਚ ਗਾਉਣ ਜਾਂਦੇ ਹੁੰਦੇ ਸਨ।
ਇਸ ਪਿੰਡ ’ਚ ਮਾਤਾ ਦੁਰਗਾ ਦਾ ਬਹੁਤ ਪੁਰਾਣਾ ਮੰਦਰ ਹੈ। ਮਸੀਤ ਪਹਿਲਾਂ ਤੋਂ ਸੀ, ਪਰ ਗੁਰਦੁਆਰਾ ਸੰਤਾਲੀ ਤੋਂ ਬਾਅਦ ਬਣਿਆ। ਗੁਰਦੁਆਰੇ ਵਾਲੀ ਥਾਂ ਪਹਿਲਾਂ ਮਲੰਗ ਰਹਿੰਦੇ ਸਨ। ਓਸ ਜਗ੍ਹਾ ’ਤੇ ਪਿੰਡ ਦੇ ਬੰਦਿਆਂ ਨੇ ਗੁਰਦੁਆਰਾ ਬਣਾਉਣ ਦਾ ਫ਼ੈਸਲਾ ਲਿਆ ਤਾਂ ਮਲੰਗ ਉੱਥੋਂ ਚਲੇ ਗਏ। ਪਿੰਡ ਵਾਲੇ ਕਿਸੇ ਪਿੰਡੋਂ ਖਿਉਣਾ ਸਿੰਘ ਭਾਈ ਨੂੰ ਲੈ ਆਏ। ਉਹਨੇ ਬੜੇ ਵਰ੍ਹੇ ਗੁਰੂ-ਘਰ ਦੀ ਸੇਵਾ ਕੀਤੀ। ਜਦੋਂ ਉਹ ਪੂਰਾ ਹੋਇਆ ਤਾਂ ਤਾਂ ਉਹਦੇ ਕਮਰੇ ’ਚੋਂ ਚਾਰ ਟੋਕਰੇ ਭਾਨ ਦੇ ਨਿਕਲੇ ਸਨ।
ਇਸ ਪਿੰਡ ਨੂੰ ਮਿੱਤੂ ਟਿਵਾਣੇ ਵਾਲੇ ਧਿੰਗੜ ਵੀ ਕਿਹਾ ਜਾਂਦਾ ਹੈ। ਮਿੱਤੂ ਆਪਣੇ ਵੇਲੇ ਦਾ ਮਸ਼ਹੂਰ ਰੱਸਾਗੀਰ ਸੀ। ਉਹ ਡੰਗਰ ਚੋਰੀ ਕਰਦਾ ਤੇ ਕਰਵਾਉਂਦਾ ਤੇ ਰੁਪਏ ਲੈ ਕੇ ਮੋੜ ਦਿੰਦਾ ਸੀ। ਇਕ ਵਾਰ ਉਹਦੀ ਟੋਲੀ ਬਲ਼ਦ ਅਤੇ ਊਠ ਚੋਰੀ ਕਰਨ ਗਈ। ਉਨ੍ਹਾਂ ਓਸ ਘਰ ਦੀਆਂ ਬੁੜੀਆਂ ਸਬਾਤ ਅੰਦਰ ਡੱਕ ਦਿੱਤੀਆਂ। ਉਨ੍ਹਾਂ ਨੇ ਵੇਖਿਆ ਕਿ ਹਾਰੇ ਵਿਚ ਦੋ ਤੌੜੀਆਂ ਖੀਰ ਰਿੱਝੀ ਜਾਂਦੀ ਸੀ। ਖੀਰ ਵੇਖਦਿਆਂ ਉਨ੍ਹਾਂ ਨੂੰ ਭੁੱਖ ਲੱਗ ਗਈ। ਖੀਰ ਨੂੰ ਠੰਢਾ ਕਰਨ ਲਈ ਉਨ੍ਹਾਂ ਨੇ ਪਰਾਤਾਂ ’ਚ ਪਾ ਲਿਆ।
ਸ਼ੱਕਰ ਲਿਆਉਣ ਲਈ ਮਿੱਤੂ ਚੌਕੇ ’ਚ ਗਿਆ। ਰਾਤ ਦਾ ਵਕਤ ਸੀ। ਡੱਬੇ ’ਚੋਂ ਚੁਟਕੀ ਭਰ ਕੇ ਜਦੋਂ ਉਹਨੇ ਮੂੰਹ ਨੂੰ ਲਾਇਆ ਤਾਂ ਪਤਾ ਲੱਗਿਆ ਕਿ ਉਹ ਤਾਂ ਲੂਣ ਏ। ਉਹ ਆਪਣੇ ਸਾਥੀਆਂ ਨੂੰ ਕਹਿਣ ਲੱਗਾ- ਖੋਲ੍ਹ ਦਿਓ ਸਬਾਤ ਦਾ ਬੂਹਾ। ਕੱਢ ਦਿਓ ਜਨਾਨੀਆਂ ਨੂੰ ਬਾਹਰ। ਉੱਠੋ, ਤੁਰੀਏ ਇੱਥੋਂ। ਹੁਣ ਅਸੀਂ ਇਸ ਘਰ ’ਚ ਚੋਰੀ ਨਹੀਂ ਕਰਨੀ।
ਉਹਦੇ ਸਾਥੀ ਹੈਰਾਨ ਹੁੰਦਿਆਂ ਪੁੱਛਣ ਲੱਗੇ- ਕਿਉਂ? ਕੀ ਹੋ ਗਿਆ?
ਉਹ ਕਹਿੰਦਾ-ਹੁਣ ਮੈਂ ਇਸ ਘਰ ਦਾ ਲੂਣ ਖਾ ਲਿਆ ਏ। ਮਿੱਤੂ ਟਿਵਾਣੇ ਹੋਰੀਂ ਉਸ ਘਰੋਂ ਖਾਲੀ ਹੱਥ ਵਾਪਸ ਮੁੜ ਆਏ ਸਨ।
ਮਿੱਤੂ ਟਿਵਾਣੇ ਤੋਂ ਬਾਅਦ ਟਿਵਾਣਿਆਂ ਦੀ ਲਾਣੇ ’ਚ ਗਨੀ ਸਿੰਘ ਦਾ ਜਨਮ ਹੋਇਆ। ਗਨੀ ਸਿੰਘ ਦਾ ਕੱਦ ਕੋਈ ਸਾਢੇ ਛੇ ਫੁੱਟ ਸੀ। ਉਹ ਕਈ ਵਾਰ ਹੱਸਦਿਆਂ ਆਖਦਾ-ਇਸ ਨਗਰ ਦੇ ਮੋੜੀ-ਗੱਡ ਤਾਂ ਸਿੱਧੂ ਨੇ! ਅਸੀਂ ਟਿਵਾਣੇ ਤਾਂ ਪਤਾ ਨਹੀਂ ਕਿੱਥੋਂ ਰੁਲਦੇ-ਖੁਲਦੇ ਇੱਥੇ ਆ ਗਏ। ਉਹ ਬੜਾ ਨਿਧੜਕ ਬੰਦਾ ਸੀ। ਉਹ ਕਈ ਵਰ੍ਹੇ ਪੰਚਾਇਤ ਮੈਂਬਰ ਰਿਹਾ। ਉਹ ਪੰਜਾਹ ਬੰਦਿਆਂ ਦੇ ਮੂੰਹ ’ਤੇ ਸੱਚੀ ਗੱਲ ਆਖ ਦਿੰਦਾ ਸੀ।
ਸੰਤਾਲੀ ਤੋਂ ਪਹਿਲਾਂ ਉਹ ਕੁਆਰਾ ਹੀ ਆਪਣੇ ਭਰਾਵਾਂ ਨਾਲੋਂ ਅੱਡ ਹੋ ਗਿਆ ਸੀ। ਉਹਦੇ ਹਿੱਸੇ ਪੰਜ-ਛੇ ਏਕੜ ਜ਼ਮੀਨ ਆਉਂਦੀ ਸੀ। ਅੱਡ ਹੋ ਕੇ ਉਹਨੇ ਵਾਹੀ ਕੀਤੀ। ਕੰਮ ਜ਼ਿਆਦਾ ਹੁੰਦਾ ਤਾਂ ਉਹ ਆਪਣੇ ਯਾਰ ਨਿਆਜ਼ੂ ਡੋਗਰ ਨੂੰ ਆਵਾਜ਼ ਮਾਰ ਲੈਂਦਾ। ਮੁੜ ਕੇ ਸੀਰੀ ਰੱਖ ਲਿਆ। ਉਹਨੂੰ ਖੇਤਾਂ ’ਚੋ ਆ ਕੇ ਰੋਟੀਆਂ ਵੀ ਆਪ ਪਕਾਉਣੀਆਂ ਪੈਂਦੀਆਂ ਸਨ।
ਗਨੀ ਸਿੰਘ ਅਤੇ ਨਿਆਜ਼ੂ ਦੂਰ-ਦੂਰ ਤਕ ਮੇਲੇ ਦੇਖਣ ਜਾਂਦੇ। ਉਨ੍ਹਾਂ ਦੀ ਸਾਂਝ ਮਿਸਾਲੀ ਸੀ। ਨੇੜਲੇ ਪਿੰਡਾਂ ਵਾਲੇ ਵੀ ਉਨ੍ਹਾਂ ਦੀ ਯਾਰੀ ਦੀਆਂ ਮਿਸਾਲਾਂ ਦਿੰਦੇ। ਦੋਵੇਂ ਦੋਸਤਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਉਨ੍ਹਾਂ ’ਚ ਵਿਛੋੜਾ ਪੈ ਜਾਵੇਗਾ। ਸੰਤਾਲੀ ਦੇ ਅਗਸਤ ਮਹੀਨੇ ਜਦੋਂ ਹਾਲਾਤ ਬਹੁਤ ਵਿਗੜ ਗਏ ਤਾਂ ਧਿੰਗੜ ਦੇ ਡੋਗਰ ਅਤੇ ਹੋਰ ਮੁਸਲਮਾਨਾਂ ਨੇ ਜਗਾ ਰਾਮ ਤੀਰਥ ਜਾਣ ਦੀ ਤਿਆਰੀ ਕਰ ਲਈ। ਗਨੀ ਸਿੰਘ ਤੇ ਹੋਰ ਮੁਹਤਬਰਾਂ ਨੇ ਉਨ੍ਹਾਂ ਨੂੰ ਬਹੁਤ ਰੋਕਿਆ। ਮੁਸਲਮਾਨਾਂ ਨੂੰ ਲੱਗਦਾ ਸੀ ਕਿ ਜਗਾਰਾਮ ਮੁਸਲਮਾਨਾਂ ਦਾ ਵੱਡਾ ਪਿੰਡ ਏ। ਉੱਥੇ ਉਹ ਮਹਿਫ਼ੂਜ਼ ਰਹਿਣਗੇ।
ਗਨੀ ਸਿੰਘ ਜਗੇ ਦੀ ਜੂਹ ਤਕ ਨਿਆਜ਼ੂ ਨੂੰ ਆਪ ਛੱਡ ਕੇ ਆਇਆ ਸੀ। ਦੋਵੇਂ ਰੋਂਦੇ ਹੋਏ ਵਿਛੜੇ ਸਨ।
ਜਗਾਰਾਮ ਤੀਰਥ ਧਿੰਗੜ ਪਿੰਡ ਦੇ ਛਿਪਦੇ ਪਾਸੇ ਹੈ। ਇਸ ਪਿੰਡ ਦੀਆਂ ਦੋ ਪੱਤੀਆਂ ’ਚ ਡੋਗਰ ਤੇ ਤੀਜੀ ’ਚ ਜੱਟ ਵੱਸਦੇ ਸਨ। ਇਸ ਪਿੰਡ ਦਾ ਮੁਖਤਿਆਰ ਸਿੰਘ ਜ਼ੈਲਦਾਰ ਬੜਾ ਧੜੱਲੇਦਾਰ ਬੰਦਾ ਸੀ। ਸੰਤਾਲੀ ਤੋਂ ਪਹਿਲਾਂ ਇਹ ਟਿੱਬਿਆਂ ’ਚ ਘਿਰਿਆ ਹੋਇਆ ਪਿੰਡ ਸੀ। ਬਹੁਤ ਥੋੜ੍ਹੇ ਰਕਬੇ ਨੂੰ ਪਾਣੀ ਲੱਗਦਾ ਸੀ।
ਇੱਥੋ ਦੇ ਇਕ ਮੁਸਲਮਾਨ ਦਾ ਨਾਂ ਅਤੀਆ ਸੀ। ਜਦੋਂ ਪਹਿਲਾ ਹਮਲਾ ਹੋਇਆ ਤਾਂ ਉਹਨੇ ਗੋਲੀ ਚਲਾ ਦਿੱਤੀ। ਇਕ ਵਾਰ ਤਾਂ ਧਾੜਵੀ ਮੁੜ ਗਏ। ਅਗਲੇ ਦਿਨ ਜਗਾਰਾਮ ਤੀਰਥ ’ਤੇ ਫਿਰ ਹਮਲਾ ਹੋਇਆ। ਇਸ ਹਮਲੇ ’ਚ ਬਹੁਤ ਪਿੰਡਾਂ ਦੇ ਧਾੜਵੀ ਇਕੱਠੇ ਹੋਏ ਸਨ। ਗਨੀ ਸਿੰਘ ਦਾ ਖ਼ਾਸ ਦੋਸਤ ਨਿਆਜ਼ੂ, ਇਸਮਾਇਲ ਤੇ ਚੰਨਣ ਕਵੀਸ਼ਰ ਉੱਥੇ ਮਾਰੇ ਗਏ। ਇਸਮਾਇਲ ਦੀਆਂ ਦੋਵੇਂ ਕੁੜੀਆਂ ਅਤੇ ਮੁੰਡਾ ਮੁਸ਼ਤਾਕ ਬਚ ਕੇ ਧਿੰਗੜ ਆ ਗਏ। ਜਾਨੀ ਮੱਲ ਵੀ ਪਿੰਡ ਨੂੰ ਮੁੜ ਆਇਆ। ਉਹਦੇ ਨਾਲ ਉਹਦੀ ਘਰਵਾਲੀ ਕਾਕੋ ਤੇ ਮੁੰਡਾ ਨੂਰਾ ਵੀ ਸੀ। ਨੂਰਾ ਉਦੋਂ ਅਠਾਰਾਂ ਵਰ੍ਹਿਆਂ ਦਾ ਸੀ ਤੇ ਉਹ ਜਮਾਂਦਰੂ ਅੰਨ੍ਹਾ ਸੀ।
ਜਾਨੀ ਨੇ ਧਿੰਗੜ ਦੇ ਮੁਹਤਬਰ ਬੰਦਿਆਂ ਨੂੰ ਸਾਫ਼ ਆਖ ਦਿੱਤਾ ਸੀ ਕਿ ਮਾਰ ਸੁੱਟੋ ਜਾਂ ਰੱਖ ਲਓ, ਉਹਨੇ ਜੰਮਣ-ਭੋਂਅ ਨੂੰ ਛੱਡ ਕੇ ਕਿਤੇ ਨਹੀਂ ਜਾਣਾ। ਉਹ ਸਾਰੀ ਉਮਰ ਧਿੰਗੜ ’ਚ ਹੀ ਰਿਹਾ। ਜਾਨੀ ਮੱਲ ਕੋਲੋਂ ਗਨੀ ਸਿੰਘ ਨੂੰ ਨਿਆਜ਼ੂ ਦੇ ਕਤਲ ਹੋਣ ਬਾਰੇ ਪਤਾ ਲੱਗਿਆ। ਉਹ ਧਾਹਾਂ ਮਾਰ ਕੇ ਰੋਇਆ। ਜਗੇ ਤੋਂ ਬਚ ਕੇ ਮੁੜਨ ਵਾਲਿਆਂ ’ਚ ਪੰਜ-ਸੱਤ ਜਨਾਨੀਆਂ ਅਤੇ ਜਵਾਨ ਕੁੜੀਆਂ ਵੀ ਸਨ।
ਧਿੰਗੜ ਵਾਸੀਆਂ ਨੇ ਸਾਰੇ ਮੁਸਲਮਾਨਾਂ ਨੂੰ ਪੰਦਰਾਂ-ਵੀਹ ਦਿਨ ਪੂਰੀ ਹਿਫ਼ਾਜ਼ਤ ਨਾਲ ਰੱਖਿਆ। ਜਦੋਂ ਹਾਲਾਤ ਕੁਝ ਸਾਜ਼ਗਾਰ ਹੋਏ ਤਾਂ ਉਨ੍ਹਾਂ ਨੂੰ ਨਾਲ ਲੈ ਕੇ ਰਾਮਾ ਮੰਡੀ ਸਟੇਸ਼ਨ ’ਤੇ ਗਏ। ਉੱਥੇ ਪਤਾ ਲੱਗਿਆ ਕਿ ਰੇਲਾਂ ਬੰਦ ਨੇ। ਉੱਥੋਂ ਉਨ੍ਹਾਂ ਨੂੰ ਪਿੰਡ ਮੋੜ ਕੇ ਲੈ ਆਏ। ਫਿਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਬਚਿੱਤਰ ਸਿੰਘ, ਗੁਰਦਿਆਲ ਸਿੰਘ, ਮਿੱਤ ਸਿੰਘ ਤੇ ਗਨੀ ਸਿੰਘ ਉਨ੍ਹਾਂ ਨੂੰ ਊਠਾਂ-ਘੋੜੀਆਂ ਉੱਤੇ ਬਠਿੰਡੇ ਵਾਲੇ ਰੇਲਵੇ ਸਟੇਸ਼ਨ ਤੋਂ ਗੱਡੀ ਚੜ੍ਹਾ ਕੇ ਆਏ। ਧਿੰਗੜ ਤੋਂ ਤਲਵੰਡੀ ਸਾਬੋ ਅਠਾਰਾਂ ਕਿਲੋਮੀਟਰ ਦੂਰ ਹੈ। ਕਿਸੇ ਵੀ ਧਿੰਗੜ ਵਾਸੀ ਨੇ ਜੇ ਤਲਵੰਡੀ ਸਾਬੋ ਜਾਣਾ ਹੋਵੇ ਤਾਂ ਉਹਨੂੰ ਜਗਾਰਾਮ ਤੀਰਥ ਵਿਚ ਦੀ ਹੋ ਕੇ ਲੰਘਣਾ ਪੈਂਦਾ। ਅਗਾਂਹ ਉਹ ਨਵਾਂ ਪਿੰਡ ਲੰਘ ਕੇ ਤਲਵੰਡੀ ਸਾਬੋ ਪਹੁੰਚ ਜਾਂਦਾ ਹੈ।
ਗਨੀ ਸਿੰਘ ਟਿਵਾਣਾ ਬਾਉਮਰ ਜਗਾਰਾਮ ਤੀਰਥ ਵਿਚ ਦੀ ਕਦੇ ਨਾ ਲੰਘਿਆ। ਘੋੜੀ ’ਤੇ ਜਾਣਾ ਹੁੰਦਾ ਜਾਂ ਪੈਦਲ; ਉਹ ਸੇਖ਼ਪੁਰਾ ਵਿਚੋਂ ਦੀ ਹੋ ਕੇ ਤਲਵੰਡੀ ਸਾਬੋ ਜਾਂਦਾ। ਇਸ ਪਾਸਿਓਂ ਰਾਹ ਵੀ ਮਾੜੇ ਸਨ ਅਤੇ ਵਾਟ ਵੀ ਕੁਝ ਜ਼ਿਆਦਾ ਸੀ। ਗਨੀ ਸਿੰਘ ਨੂੰ ਲੰਮੀ ਵਾਟ ਅਤੇ ਓਝੜ ਰਾਹ ਕਬੂਲ ਸਨ, ਪਰ ਓਸ ਪਿੰਡ ’ਚੋਂ ਲੰਘਣਾ ਨਾਮਨਜ਼ੂਰ ਸੀ, ਜਿੱਥੇ ਉਹਦਾ ਰੱਬ ਵਰਗਾ ਯਾਰ ਨਿਆਜ਼ੂ ਡੋਗਰ ਕਤਲ ਹੋ ਗਿਆ ਸੀ। ਸੱਚ-ਮੁੱਚ ਮੁਹੱਬਤ ਦਾ ਪਾਂਧੀ ਸੀ ਕਾਮਰੇਡ ਗਨੀ ਸਿੰਘ ਟਿਵਾਣਾ।
ਸੰਪਰਕ: 97818-43444