ਸਰੂਪ ਚੰਦ ਹਰੀਗੜ੍ਹ
ਬੋਲਦਾ ਹਾਂ ਮੈਂ ਬੁੱਢਾ ਪਿੱਪਲ, ਖੜ੍ਹਾ ਕਿਨਾਰੇ ਖੂਹ ਦੇ
ਕਰਦੇ ਮੈਨੂੰ ਪਿਆਰ ਬੜਾ ਸੀ, ਲੋਕੀ ਮੇਰੀ ਜੂਹ ਦੇ।
ਰਾਹੀ ਪਾਂਧੀ ਆਰਾਮ ਕਰਨ ਲਈ ਛਾਂ ਨੂੰ ਤੱਕਦੇ ਰਹਿੰਦੇ
ਖੂਹ ਦਾ ਠੰਢਾ ਪਾਣੀ ਪੀ ਕੇ ਦੋ ਘੜੀਆਂ ਦਮ ਲੈਂਦੇ।
ਘੜੇ ਸਿਰਾਂ ’ਤੇ ਰੱਖ ਆਉਂਦੀਆਂ ਖੂਹ ਵੱਲ ਜਦ ਮੁਟਿਆਰਾਂ
ਚੱਤੋ ਪਹਿਰ ਦੇਖ ਰੌਣਕਾਂ ਰੱਬ ਦਾ ਸ਼ੁਕਰ ਗੁਜ਼ਾਰਾਂ।
ਸਾਉਣ ਮਹੀਨਾ ਦਿਨ ਤੀਆਂ ਦੇ ਪਾਉਂਦੀਆਂ ਸੀ ਜਦ ਪੀਂਘਾਂ
ਟਾਹਣੇ ਮੇਰੇ ਜਰਕਣ ਲੱਗਦੇ ਉੱਚੀ ਚੜ੍ਹਦੀਆਂ ਹੀਘਾਂ।
ਦੁਪਹਿਰ ਹੋਈ ਤੋਂ ਹਾਲ਼ੀ ਖੇਤੋਂ ਹਲ਼ ਛੱਡ ਕੇ ਆਉਂਦੇ
ਬਲਦਾਂ ਨੂੰ ਪਾ ਨੀਰਾ ਚਾਰਾ, ਖੂਹ ਦੇ ਉੱਤੇ ਨਹਾਉਂਦੇ।
ਚਲਦੀ ਜਦ ਘੁਲਾੜੀ ਆਉਂਦੀਆਂ ਗੁੜ ਦੀਆਂ ਸੀ ਖੁਸ਼ਬੂਆਂ
ਕਾਇਨਾਤ ਸਾਰੀ ਵਿੱਚ ਰਸ ਘੁਲ ਜਾਂਦਾ ਖੁਸ਼ ਹੋ ਜਾਂਦੀਆਂ ਰੂਹਾਂ।
ਰੰਗ ਬਿਰੰਗੇ ਪੰਛੀ ਆ ਕੇ ਉੱਤੇ ਆਲ੍ਹਣੇ ਪਾਉਂਦੇ
ਸਰਘੀ ਵੇਲੇ ਸੋਹਣੇ ਲੱਗਦੇ ਮਿੱਠੇ ਗੀਤ ਸੁਣਾਉਂਦੇ।
ਚੌਂਤਰੇ ਉੱਤੇ ਤਾਸ਼ ਖੇਡਦੇ ਪੱਕੇ ਮਿੱਤਰ ਮੇਰੇ
ਕਦੇ ਲੰਮੀਆਂ ਬਾਤਾਂ ਪਾਉਂਦੇ ਘਰ ਜਾਂਦੇ ਮੂੰਹ ਨ੍ਹੇਰੇ।
ਖੂਹ ਦੇ ਨਾਲ ਹੈ ਮੁੱਢੋਂ ਮੇਰੀ ਸੱਚੀ ਸਾਂਝ ਪੁਰਾਣੀ
ਬਚਪਨ, ਜਵਾਨੀ ਬੁੱਢੇ ਹੋ ਗਏ ਇੱਕ ਉਮਰ ਦੇ ਹਾਣੀ।
ਬਦਲੇ ਵਕਤ ਦਾ ਪਿਆ ਪਰਛਾਵਾਂ ਯੁੱਗ ਮਸ਼ੀਨੀ ਆਇਆ
ਅੱਜਕੱਲ੍ਹ ਦੀ ਪੀੜ੍ਹੀ ਨੇ ਹੁਣ ਸਾਰਾ ਕੁਝ ਭੁਲਾਇਆ।
ਚਾਈਂ ਚਾਈਂ ਬਣਾਇਆ ਸੀ ਜੋ ਚੌਂਤਰਾ ਢਹਿੰਦਾ ਜਾਂਦਾ
ਕੌਣ ਕਿਸੇ ਦਾ ਦਰਦੀ ਹਰ ਕੋਈ ਮਤਲਬ ਗਲੇ ਲਗਾਂਦਾ।
ਖੂਹ ’ਤੇ ਨਾ ਹੁਣ ਡੋਲ ਖੜਕਦਾ ਨਾ ਕੋਈ ਛਾਵੇਂ ਬਹਿੰਦਾ
ਕਿੱਧਰ ਗਏ ਓਹ ਹਾਲ਼ੀ ਪਾਂਧੀ ਮੈਂ ਹਾਂ ਤੱਕਦਾ ਰਹਿੰਦਾ।
ਪਾਣੀ ਭਰਨ ਨਾ ਆਉਂਦੀਆਂ ਕੁੜੀਆਂ ਸਿਰ ’ਤੇ ਘੜੇ ਟਿਕਾ ਕੇ
ਮੋਹ ਪਿਆਰ ਹੈ ਉੱਡ ਗਿਆ ਜਾਪੇ ਇੱਥੋਂ ਹੁਣ ਖੰਭ ਲਾ ਕੇ।
ਚਿੜੀ ਕਬੂਤਰ ਘੁੱਗੀਆਂ ਤੋਤੇ ਬਹਿ ਨਾ ਰੌਲਾ ਪਾਉਂਦੇ
ਕਈ ਪ੍ਰਜਾਤੀਆਂ ਖ਼ਤਮ ਹੋ ਗਈਆਂ ਆਲ੍ਹਣੇ ਪਏ ਡਰਾਉਂਦੇ।
ਚੌਂਤਰਾ ਜਿਨ੍ਹਾਂ ਬਣਾਇਆ ਤੁਰ ਗਏ ਮਲੀ ਘੁੱਦੂ ਸ਼ੇਰਾ
’ਕੱਲੇ ਦੀ ਕਿ ਜ਼ਿੰਦਗੀ ਏਥੇ ਦਿਲ ਡੋਲਦਾ ਮੇਰਾ।
ਬੁੱਢੇ ਵਾਰੇ ਮੇਰੇ ਉੱਤੇ ਕਹਿਰ ਹੈ ਐਸਾ ਢਹਿ ਗਿਆ
ਹੁਣ ਤਾਂ ਥੋੜ੍ਹੇ ਬੰਦਿਆਂ ਨੂੰ ਹੈ ਕੰਮ ਮੇਰੇ ਤਾਈਂ ਰਹਿ ਗਿਆ।
ਏਥੇ ਬੈਠ ਨਸ਼ੇੜੀ ਇੱਕ ਤਾਂ ਸੁਲਫੇ ਸੂਟੇ ਲਾਉਂਦੇ
ਖਾਲੀ ਸ਼ੀਸ਼ੀਆਂ ਟੀਕੇ ਪੱਤੇ ਖੂਹ ਦੇ ਵਿੱਚ ਵਗਾਉਂਦੇ।
ਦੀਵਾ ਨਾ ਕੋਈ ਲਾਵੇ ਮਣ ’ਤੇ ਜਿਸ ਨੂੰ ਕਹਿਣ ਖਵਾਜਾ
ਗੰਦ ਮੰਦ ਨਾਲ ਭਰਤਾ ਲੋਕਾਂ ਏਹ ਦੁਨੀਆ ਦਾ ਰਾਜਾ।
ਜ਼ਿਮੀਂਦਾਰ ਕੋਈ ਕਰਜ਼ ਮਾਰਿਆ ਜਾਂ ਕੋਈ ਏਥੇ ਆਵੇ
ਟਾਹਣੇ ਮੇਰੇ ਵਿੱਚ ਰੱਸਾ ਪਾ ਕੇ ਮੌਤ ਗਲੇ ਨਾਲ ਲਾਵੇ।
ਸੁੰਨ ਸਾਨ ਹੈ ਜਗ੍ਹਾ ਦੇਖ ਕੇ ਬਗਲਿਆਂ ਨੇ ਗੰਦ ਪਾਇਆ
ਵਿੱਠਾਂ ਮਾਰ ਮੈਨੂੰ ਚਿੱਟਾਂ ਕਰਤਾ ਮੈਂ ਬੜਾ ਘਬਰਾਇਆ।
ਰੱਬਾ ਮੈਨੂੰ ਮੌਤ ਤੂੰ ਦੇ ਦੇ, ਹੋਰ ਨਾ ਜੀਣਾ ਚਾਹਵਾਂ
ਨਾਲ ਹੱਡਾਂ ਜੋ ਬੀਤੀ ਮੇਰੇ, ਸੱਚੀ ਆਖ ਸੁਣਾਵਾਂ।
ਸਰੂਪ ਚੰਦ ਦਾ ਮਨ ਭਰ ਆਇਆ ਚੱਕ ਲਈ ਕਲਮ ਨਿਮਾਣੀ
ਪਿੰਡ ਹਰੀਗੜ੍ਹ ਨਹਿਰ ਕਿਨਾਰੇ ਲੱਗਿਆ ਲਿਖਣ ਕਹਾਣੀ।
ਸੰਪਰਕ: 99143-85202