ਮੁੰਬਈ, 31 ਜਨਵਰੀ
ਅਦਾਕਾਰ ਨਵਾਜ਼ੂਦੀਨ ਸਿੱਦੀਕੀ ਕਿਸੇ ਇੱਕ ਕਿਰਦਾਰ ਵਿੱਚ ਬੱਝਵੇਂ ਕਿਰਦਾਰ (ਟਾਈਪਕਾਸਟ) ਨਿਭਾਉਣ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਬੌਲੀਵੁੱਡ ਦੀਆਂ ਮੁੱਖ ਧਾਰਾ ਵਾਲੀਆਂ ਫ਼ਿਲਮਾਂ ’ਚ ਕੰਮ ਕਰਨ ਵਾਲੇ ਹੀਰੋ ਇੱਕੋ ਜਿਹਾ ਕਿਰਦਾਰ ਨਿਭਾਉਂਦੇ-ਨਿਭਾਉਂਦੇ ਆਪਣੇ-ਆਪ ਨੂੰ ਸੀਮਤ ਕਰ ਲੈਂਦੇ ਹਨ। ਉਨ੍ਹਾਂ ਦੱਸਿਆ, ‘‘ਮੈਨੂੰ ਲੱਗਦਾ ਕਿ ਮੈਂ ਇੱਕ ਅਜਿਹਾ ਅਦਾਕਾਰ ਹਾਂ, ਜੋ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਂਦਾ ਰਹਿੰਦਾ ਹਾਂ ਪਰ ਬੌਲੀਵੁੱਡ ਵਿੱਚ ਉਹੀ ਹੀਰੋ ਹਨ, ਜੋ ਬੱਝਵਾਂ ਕਿਰਦਾਰ ਨਿਭਾਉਂਦਾ ਹੈ, ਜਿਹੜੇ ਆਪਣੇ 30-36 ਸਾਲ ਦੇ ਕਰੀਅਰ ਵਿੱਚ ਇੱਕੋ ਜਿਹੇ ਕਿਰਦਾਰ ਨਿਭਾਉਂਦੇ ਆਏ ਹਨ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮੈਨੂੰ ਵੱਖੋ-ਵੱਖਰੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਜੇਕਰ ਮੈਂ ‘ਮੰਟੋ’ ਕਰ ਰਿਹਾ ਹਾਂ ਤਾਂ ਨਾਲ ਹੀ ‘ਠਾਕਰੇ’ ਵਿੱਚ ਵੀ ਕੰਮ ਕੀਤਾ ਹੈ। ਇਸੇ ਤਰ੍ਹਾਂ ਜੇਕਰ ਮੈਂ ‘ਰਾਤ ਅਕੇਲੀ ਹੈ’ ਵਿੱਚ ਪੁਲੀਸ ਅਧਿਕਾਰੀ ਦੀ ਭੂਮਿਕਾ ਨਿਭਾ ਰਿਹਾ ਤਾਂ ਉੱਥੇ ਹੀ ਮੈੈਂ ‘ਸੀਰੀਅਸ ਮੈਨ’ ਵਰਗੀ ਫ਼ਿਲਮ ਵਿੱਚ ਵੀ ਕੰਮ ਕੀਤਾ ਹੈ।’’ ਅਦਾਕਾਰ ਦੀ ਗੱਲ ਕਰੀਏ ਤਾਂ ਨਵਾਜ਼ੂਦੀਨ ਆਉਣ ਵਾਲੇ ਸਮੇਂ ਵਿੱਚ ਤਿੰਨ ਫ਼ਿਲਮਾਂ ‘ਨੋ ਲੈਡਜ਼ ਮੈਨ’, ਰੁਮਾਂਟਿਕ ਕਾਮੇਡੀ ‘ਜੋਗੀਰਾ ਸਾਰਾ ਰਾ ਰਾ’ ਅਤੇ ‘ਬੋਲੇ ਚੂੜੀਆਂ’ ਵਿੱਚ ਨਜ਼ਰ ਆਉਣਗੇ, ਜਿਨ੍ਹਾਂ ਵਿੱਚ ਉਹ ਆਪਣਾ ਵੱਖ ਵੱਖ ਕਿਰਦਾਰ ਨਿਭਾਉਣ ਦਾ ਸਿਲਸਿਲਾ ਜਾਰੀ ਰੱਖਣਗੇ। ਅਦਾਕਾਰ ਨੇ ਕਿਹਾ, ‘‘ਮੈਂ ‘ਫੋਟੋਗ੍ਰਾਫ’ ਕੀਤੀ ਤੇ ਮੈਂ ‘ਕਿੱਕ’ ਵੀ ਕੀਤੀ। ਇਸ ਲਈ ਮੈਂ ਅਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾਂ ਹਾਂ ਕਿ ਇੰਡਸਟਰੀ ਨੇ ਮੈਨੂੰ ਵੱਖੋ-ਵੱਖਰੇ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ।’’ ਨਵਾਜ਼ੂਦੀਨ ਬਹੁਤ ਹੀ ਮਾਣ ਮਹਿਸੂਸ ਕਰਦੇ ਹਨ ਕਿ ਉਸ ਨੇ ਹੀਰੋ ਵਜੋਂ ‘ਫਾਰਮੂਲਾ ਫ਼ਿਲਮ’ ਦਾ ਖ਼ਿਤਾਬ ਨਹੀਂ ਕਮਾਇਆ। -ਆਈਏਐੱਨਐੱਸ