ਮੁੰਬਈ: ਅਦਾਕਾਰ ਵਿੱਦਿਆ ਬਾਲਨ ਦੀ ਫਿਲਮ ‘ਸ਼ੇਰਨੀ’ ਅਗਲੇ ਮਹੀਨੇ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਣ ਜਾ ਰਹੀ ਹੈ। ‘ਨਿਊਟਨ’ ਫਿਲਮ ਲਈ ਪ੍ਰਸਿੱਧ ਅਮਿਤ ਮਸੂਰਕਰ ਵੱਲੋਂ ਨਿਰਦੇਸ਼ਤ ਇਸ ਫਿਲਮ ’ਚ ਵਿੱਦਿਆ ਬਾਲਨ ਨੂੰ ਇੱਕ ਜੰਗਲਾਤ ਅਧਿਕਾਰੀ ਵਜੋਂ ਪੇਸ਼ ਕੀਤਾ ਗਿਆ ਹੈ, ਜੋ ਮਨੁੱਖਾਂ ਤੇ ਜਾਨਵਰਾਂ ਦੇ ਟਕਰਾਅ ਦੀ ਦੁਨੀਆ ਵਿੱਚ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਐਮਾਜ਼ੋਨ ਦੀ ਇਹ ਫਿਲਮ ਟੀ-ਸੀਰੀਜ਼ ਅਤੇ ਅਬੁੰਦਾਂਤੀਆ ਐਂਟਰਟੇਨਮੈਂਟ ਵੱਲੋਂ ਬਣਾਈ ਗਈ ਹੈ। 2020 ਦੀ ਆਲੋਚਨਾਤਮਕ ਪ੍ਰਸ਼ੰਸਾ ਵਾਲੀ ਫਿਲਮ ‘ਸ਼ਕੁੰਤਲਾ ਦੇਵੀ’ ਤੋਂ ਬਾਅਦ ਇਹ ਤਿੱਕੜੀ ਦੂਜੀ ਵਾਰ ਇਕੱਠਿਆਂ ਕੰਮ ਕਰ ਰਹੀ ਹੈ। ਐਮਾਜ਼ੋਨ ਪ੍ਰਾਈਮ ਵੀਡੀਓ ਇੰਡੀਆ ਦੇ ਵਿਸ਼ਾ ਵਸਤੂ ਦੇ ਡਾਇਰੈਕਟਰ ਅਤੇ ਮੁਖੀ ਵਿਜੈ ਸੁਬਰਾਮਨੀਅਮ ਨੇ ਕਿਹਾ ਕਿ ਉਹ ਅਬੁੰਦਾਂਤੀਆ ਐਂਟਰਟੇਨਮੈਂਟ ਅਤੇ ਟੀ-ਸੀਰੀਜ਼ ਨਾਲ ਸਹਿਯੋਗ ਕਰ ਕੇ ਬਹੁਤ ਖ਼ੁਸ਼ ਹਨ, ਜੋ ਤਾਜ਼ੀ ਅਤੇ ਦਿਲਚਸਪ ਸਮੱਗਰੀ ਦਰਸ਼ਕਾਂ ਲਈ ਲਿਆਉਂਦੇ ਹਨ। ਉਸ ਨੇ ਕਿਹਾ ,‘ਸ਼ਕੁੰਤਲਾ ਦੇਵੀ ਦੀ ਸਫ਼ਲਤਾ ਤੋਂ ਬਾਅਦ, ਅਸੀਂ ਭਾਰਤ ਅਤੇ ਦੁਨੀਆ ਭਰ ਦੇ ਆਪਣੇ ਦਰਸ਼ਕਾਂ ਲਈ ਵਿੱਦਿਆ ਬਾਲਨ ਦੀ ਇੱਕ ਹੋਰ ਫਿਲਮ ‘ਸ਼ੇਰਨੀ’ ਨੂੰ ਪੇਸ਼ ਕਰਨ ਲਈ ਉਤਸੁਕ ਹਾਂ। ਇਹ ਫਿਲਮ ਜਿੱਤ ਦੀ ਇੱਕ ਦਿਲਚਸਪ ਕਹਾਣੀ ਹੈ, ਜੋ ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕਰੇਗੀ, ਸਗੋਂ ਉਨ੍ਹਾਂ ਨੂੰ ਘਰਾਂ ਦੇ ਆਰਾਮਦਾਇਕ ਮਾਹੌਲ ਵਿੱਚ ਹੀ ਰੁਮਾਂਚਕ ਤਜਰਬਾ ਵੀ ਕਰਾਏਗੀ।’ ਫਿਲਮ ਵਿੱਚ ਸ਼ਰਦ ਸਕਸੈਨਾ, ਮੁਕੁਲ ਚੱਢਾ, ਵਿਜੇ ਰਾਜ, ਇਲਾ ਅਰੁਣ ਆਦਿ ਕਲਾਕਾਰ ਨਜ਼ਰ ਆਉਣਗੇ। -ਪੀਟੀਆਈ