ਮੁੰਬਈ: ਨਿਰਦੇਸ਼ਕ-ਕੋਰੀਓਗ੍ਰਾਫਰ ਵਜੋਂ ਸਿਨੇ ਜਗਤ ਵਿੱਚ ਆਪਣੇ 11 ਸਾਲ ਮੁਕੰਮਲ ਕਰਨ ਵਾਲੇ ਰੈਮੋ ਡਿਸੂਜ਼ਾ ਨੇ ਦੱਸਿਆ ਕਿ ਉਸ ਦੀ ਪਹਿਲੀ ਫ਼ਿਲਮ ‘ਫਾਲਤੂ’ ਉਸ ਲਈ ਮਹੱਤਵਪੂਰਨ ਕਿਉਂ ਸੀ। ਫ਼ਿਲਮ ਦੇ 11 ਸਾਲ ਪੂਰੇ ਹੋਣ ’ਤੇ ਰੈਮੋ ਅਤੇ ਅਦਾਕਾਰ-ਨਿਰਮਾਤਾ ਜੈਕੀ ਭਗਨਾਨੀ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ। ਰੈਮੋ ਨੇ ਕਿਹਾ, ‘‘ਫ਼ਿਲਮ ‘ਫਾਲਤੂ’ ਮੈਨੂੰ ਮੇਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਉਂਦੀ ਹੈ। ਇਹ ਸ਼ਬਦ ਜਵਾਨੀ ਸਮੇਂ ਤੋਂ ਹੀ ਮੇਰੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਲੋਕ ਸੋਚਦੇ ਸਨ ਕਿ ਮੈਂ ਜ਼ਿੰਦਗੀ ਵਿੱਚ ਜਿਹੜਾ ਰਸਤਾ ਚੁਣਿਆ ਹੈ, ਉਹ ‘ਫਾਲਤੂ’ ਹੈ। ਇਹ ਸ਼ਬਦ ਸਾਡੀ ਕਹਾਣੀ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਸੀ। ਮੈਂ ਫਿਲਮ ਦਾ ਨਾਂ ‘ਫਾਲਤੂ’ ਰੱਖਣ ਲਈ ਬਹੁਤ ਉਤਸੁਕ ਸੀ। ਕਈ ਹੋਰ ਵੱਡੇ ਨਿਰਦੇਸ਼ਕਾਂ ਨੇ ਵੀ ਮੈਨੂੰ ਇਹ ਸ਼ਬਦ ਨਾ ਵਰਤਣ ਦੀ ਸਲਾਹ ਦਿੱਤੀ ਪਰ ਮੈਨੂੰ ਇਸ ਖਾਤਰ ਕਾਫੀ ਸੰਘਰਸ਼ ਕਰਨਾ ਪਿਆ।’’ -ਆਈਏਐੱਨਐੱਸ