ਕਰਨੈਲ ਸਿੰਘ ਸੋਮਲ
ਪੰਜਾਬੀ ਬੋਲੀ ਦੀਆਂ ਗੁਦਗੁਦੀ ਪੈਦਾ ਕਰਨ ਵਾਲੀਆਂ ਅਨੇਕਾਂ ਖ਼ੂਬੀਆਂ ਵਿਚੋਂ ਇਕ ਹੈ ਕਿਸੇ ਵੱਡੀ ਤੇ ਰਮਜ਼ ਭਰੀ ਗੱਲ ਨੂੰ ਬਹੁਤ ਥੋੜ੍ਹੇ ਸ਼ਬਦਾਂ ਵਿਚ ਕਹਿ ਦੇਣਾ। ਬਾਬਾ ਫ਼ਰੀਦ ਜੀ ਨੇ ਚਾਰ ਸ਼ਬਦਾਂ ‘ਰੁਤਿ ਫਿਰੀ ਵਣੁ ਕੰਬਿਆ’ ਵਿਚ ਪਤਝੜ ਦਾ ਸਮੁੱਚਾ ਚਿੱਤਰ ਪੇਸ਼ ਕਰ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦੇ ਸ਼ਬਦ ਜਿਵੇਂ ‘ਮਨਿ ਜੀਤੈ ਜਗੁ ਜੀਤੁ’ ਤੇ ‘ਗੰਢੁ ਪਰੀਤੀ ਮਿਠੇ ਬੋਲ’ ਜੀਵਨ-ਜਾਚ ਦਾ ਨਿਚੋੜ ਦੱਸਣ ਦੇ ਨਾਲ ਨਾਲ ਗਾਗਰ ਵਿਚ ਸਾਗਰ ਭਰਨ ਦੀ ਮਿਸਾਲ ਵੀ ਹਨ।
ਹਥਲੇ ਮਜ਼ਮੂਨ ਦੇ ਚਾਰ-ਸ਼ਬਦੀ ਸਿਰਲੇਖ ‘ਹਸ ਦੰਦਾਂ ਦੀ ਪ੍ਰੀਤ’ ਵਿਚ ਵੇਖੋ ਕਿੰਨਾ ਲੋਹੜੇ ਦਾ ਗੁਹਜ ਤੇ ਸੁਹਜ ਹੈ। ਭਾਵ ਤੇ ਪ੍ਰਗਟਾਅ ਇੱਕ-ਮਿੱਕ ਹੋਏ ਹਨ। ਰਿਸ਼ਤਿਆਂ ਵਿਚ ਮਿੱਠੀ ਬੋਲ-ਬਾਣੀ ਤੇ ਚੰਗੇ ਵਿਹਾਰ ਦੀ ਮਹਿਮਾ ਖ਼ੁਦਬਖ਼ੁਦ ਉਜਾਗਰ ਹੋ ਗਈ ਹੈ। ਸਵੇਰੇ ਘਰੋਂ ਬਾਹਰ ਨਿਕਲਦਿਆਂ ਨੂੰ ਸਾਨੂੰ ਕੋਈ ਖ਼ੁਸ਼ਮਿਜ਼ਾਜ ਇਨਸਾਨ ਮਿਲ ਜਾਵੇ, ਸਾਰਾ ਦਿਨ ਖ਼ੁਸ਼ਗਵਾਰ ਬਣ ਜਾਂਦਾ ਹੈ। ਇਸ ਤੋਂ ਉਲਟ ਕੋਈ ਖਿਝੂ, ਜਲਿਆ-ਬੁਝਿਆ ਤੇ ਬਦਮਿਜ਼ਾਜ ਬੰਦਾ ਟੱਕਰ ਜਾਵੇ ਤਾਂ ਚੰਗੀ ਭਲੀ ਰੌਂ ਖ਼ਰਾਬ ਹੋ ਜਾਂਦੀ ਹੈ। ਸਾਧਾਰਨ ਬੋਲ-ਬਾਣੀ ਵਿਚ ਵੀ ਸ਼ਬਦ-ਚੋਣ ਵੱਡੇ ਅਰਥ ਰੱਖਦੀ ਹੈ। ਇਕ ਬੰਦਾ ਕੋਈ ਕੰਮ ਵਿਗੜਨ ਤੇ ‘ਓਹ! ਤੇਰਾ ਭਲਾ ਹੋ ਜੇ’ ਕਹਿੰਦਾ ਹੈ। ਉਸੇ ਸਥਿਤੀ ਵਿਚ ਦੂਜਾ ਆਦਮੀ ‘ਤੇਰਾ ਭੱਠਾ ਬਹਿ ਜਾਏ’ ਕਹਿੰਦਾ ਹੈ। ਸੋਚ-ਸਮਝ ਕੇ ਬੋਲੇ ਬੋਲ ਹਾਲਤ ਨੂੰ ਵਿਗੜਨ ਤੋਂ ਬਚਾਉਂਦੇ ਹਨ। ਨਿੱਕੀ ਨਿੱਕੀ ਗੱਲ ’ਤੇ ਅਬਾ-ਤਬਾ ਬੋਲਿਆ ਜਾਵੇ ਤਾਂ ਆਪਸੀ-ਸਬੰਧਾਂ ਵਿਚ ਕੁੜੱਤਣ ਪੈਦਾ ਹੋ ਜਾਂਦੀ ਹੈ। ਸਿਆਣੇ ਤਾਂ ਇਹ ਵੀ ਕਹਿੰਦੇ ਹਨ ‘ਹਸ ਕੇ ਸਾਜਣ ਛੋਡੀਏ ਫਿਰ ਮਿਲਣ ਦੀ ਆਸ’। ਮਤਲਬ ਇਹ ਕਿ ਤੋੜ-ਤੜੱਕੀ ਵੇਲੇ ਵੀ ਕਦੇ ਫਿਰ ਮਿਲ ਸਕਣ ਦੀ ਗੁੰਜਾਇਸ਼ ਰੱਖਣੀ ਚਾਹੀਦੀ ਹੈ। ਇਸ ਪਿੱਛੇ ਗੁੱਝੀ ਗੱਲ ਇਹ ਹੈ ਕਿ ਜ਼ਿੰਦਗੀ ਦੇ ਰਹੱਸ ਬੜੇ ਅਜੀਬ ਹਨ। ਪਤਾ ਨਹੀਂ ਕਦੋਂ ਕਿਹੜਾ ਮੋੜ ਕੱਟਣਾ ਪੈ ਜਾਵੇ। ਨਾਲੇ, ਨਾ ਜਾਣੇ ਕਦੋਂ, ‘ਜੀਹਦੇ ਮੱਥੇ ਲੱਗਣ ਨੂੰ ਜੀਅ ਨਹੀਂ ਕਰਦਾ ਉਸ ਦੇ ਤਲਵੇ ਚੱਟਣੇ ਪੈ ਜਾਣ’।
ਕਿਸੇ ਨੂੰ ਭੇਟ ਕਰਨ ਲਈ ਵਾੜੀ ਵਿਚੋਂ ਫੁੱਲ ਚੁਣਨਾ ਹੋਵੇ ਤਾਂ ਨਿਗ੍ਹਾ ਭਰਪੂਰ ਖਿੜੇ ਫੁੱਲ ਵੱਲ ਜਾਂਦੀ ਹੈ। ਸਾਡੇ ਮੂੰਹੋਂ ਦੂਜਿਆਂ ਲਈ ਨਿਕਲਣ ਵਾਲੇ ਸ਼ਬਦ ਇਵੇਂ ਹੀ ਚੁਣਵੇਂ ਹੋਣ ਤੇ ਭਾਵਨਾ ਵੀ ਫੁੱਲ ਭੇਟ ਕਰਨ ਵਾਲੀ ਹੋਵੇ ਤਾਂ ਸਮਝੋ ਮਸਲੇ ਰਾਸ ਆਉਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਬੋਲਣਾ ਹੋਵੇ ਜਾਂ ਕੁਝ ਲਿਖਣਾ ਹੋਵੇ, ਢੁਕਵਾਂ ਸ਼ਬਦ ਢੂੰਡਣ ਦੀ ਜ਼ਰਾ ਕੋਸ਼ਿਸ਼ ਕੀਤੀ ਜਾਵੇ ਤਾਂ ਨੇੜੇ-ਨੇੜੇ ਦੇ ਅਰਥਾਂ ਵਾਲੇ ਸੋਹਣੇ ਸ਼ਬਦ ਸਾਨੂੰ ਸੁੱਝੀ ਜਾਂਦੇ ਹਨ। ਸ਼ਬਦਾਵਲੀ ਪੱਖੋਂ ਪੰਜਾਬੀ ਬਹੁਤ ਅਮੀਰ ਹੈ। ਇਸ ਵਿਚ ਸੋਹਣੇ ਪ੍ਰਗਟਾਵੇ ਲਈ ਸ਼ਬਦਾਂ, ਮੁਹਾਵਰੇਦਾਰ ਵਾਕਾਂਸ਼ਾਂ, ਮੁਹਾਵਰਿਆਂ ਤੇ ਅਖਾਉਤਾਂ ਦੀ ਕਮੀ ਨਹੀਂ ਹੈ। ਇਕ ਪੇਂਡੂ ਸੁਆਣੀ ਨੇ ਕਿਸੇ ਦੇ ਤਲਖ਼ ਬੋਲਾਂ ਬਾਰੇ ਦੱਸਣਾ ਸੀ। ਉਸ ਨੇ ਸਿਰਫ਼ ਇੰਨਾ ਕਿਹਾ ਕਿ ਫਲਾਣਾ ‘ਉੱਚਾ-ਨੀਵਾਂ’ ਬੋਲਿਆ ਸੀ। ਕੋਈ ਹੋਰ ਹੁੰਦਾ ਤਾਂ ਭਾਵੇਂ ਅਗਲੇ ਦੀਆਂ ਕੱਢੀਆਂ ਗਾਲ਼ਾਂ ਨੂੰ ਦੁਹਰਾਉਣ ਲੱਗ ਪੈਂਦਾ। ‘ਫਲਾਣੇ ਨੂੰ ਬੋਲਣ ਦਾ ਪਤਾ ਨਹੀਂ’ ਦੀ ਟਿੱਪਣੀ ਬੜੀ ਸੁਝਾਊ ਹੈ। ਯਾਨੀ ਇਹ ਸ਼ਊਰ ਨਾਲ ਜੁੜੀ ਗੱਲ ਹੈ। ਬੋਲ-ਬਾਣੀ ਦਾ ਚੱਜ ਸਿੱਖਿਆ ਜਾਂਦਾ ਹੈ ਤੇ ਸਮਾਜ ਵਿਚ ਰਹਿੰਦਿਆਂ ਇਸ ਦੀ ਸਦਾ ਜ਼ਰੂਰਤ ਬਣੀ ਰਹਿੰਦੀ ਹੈ। ਕਈ ਵਾਰੀ, ਇਕ ਧਿਰ ਗੁੱਸੇ ਵਿਚ ਜੋ ਮੂੰਹ ਆਇਆ ਬੋਲੀ ਜਾਵੇ, ਪਰ ਦੂਜੀ ਠਰੰਮ੍ਹੇ ਤੋਂ ਕੰਮ ਲਵੇ ਤਾਂ ਗੱਲ ਅੱਗੇ ਨਹੀਂ ਵਧਦੀ। ‘ਸ਼ਾਬਾਸ਼’ ਧੀਰਜ ਰੱਖਣ ਵਾਲੇ ਨੂੰ ਮਿਲਦੀ ਹੈ। ਇਹ ਵਿਸ਼ਾ, ਉਂਜ ਸਿੱਧਾ ਭਾਈਚਾਰਕ ਮੇਲ-ਜੋਲ ਉੱਤੇ ਬਲ ਦਿੰਦਾ ਹੈ। ਆਪਸੀ ਮੇਲ-ਮਿਲਾਪ ਦੀ ਮਹੱਤਤਾ ਦਾ ਪਤਾ ਔਖੇ ਵੇਲਿਆਂ ਵਿਚ ਲੱਗਦਾ ਹੈ। ਬੰਦਾ ਬੰਦੇ ਦਾ ਮੂੰਹ ਵੇਖਣ ਲਈ ਤਰਸ ਜਾਂਦਾ ਹੈ। ਆਮ ਹਾਲਤਾਂ ਵਿਚ ਵੀ ਖ਼ੁਸ਼ੀ-ਗ਼ਮੀ ਦੇ ਮੌਕਿਆਂ ’ਤੇ ਨਜ਼ਦੀਕੀ ਅਗਲੇ ਦੇ ਨੇੜੇ ਢੁਕਦੇ ਹਨ। ਦੁੱਖ ਦੇ ਮੌਕੇ ਦਿਲਾਸਾ ਦੇਣ ਵੇਲੇ ਅਗਲੇ ਦੇ ਨੇੜੇ ਬੈਠਿਆ ਜਾਂਦਾ ਹੈ। ਵਧਾਈਆਂ ਦੂਰੋਂ ਖੜ੍ਹ ਕੇ ਨਹੀਂ ਦਿੱਤੀਆਂ ਜਾਂਦੀਆਂ। ਅਸੀਸਾਂ ਦੇਣ ਲਈ ਬਜ਼ੁਰਗ ਅਗਲੇ ਨੂੰ ‘ਜ਼ਰਾ ਨੇੜੇ ਨੂੰ ਹੋ’ ਆਖਦੇ ਅਗਲੇ ਦੇ ਮੋਢੇ ਜਾਂ ਸਿਰ ਉੱਤੇ ਹੱਥ ਰੱਖਦੇ ਹਨ। ਮਾਨਵੀ ਛੋਹ ਜੀਵਨ-ਬਖ਼ਸ਼ ਸਾਬਤ ਹੁੰਦੀ ਹੈ।
ਕਾਰੋਬਾਰੀ-ਜਗਤ ਵਿਚ ‘ਸਰਵਿਸ ਵਿਦ ਏ ਸਮਾਈਲ’ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਪੰਜਾਬੀ ਵਿਚ ‘ਖਿੜੇ ਮੱਥੇ ਮਿਲਣਾ’ ਜੀਵਨ-ਜਾਚ ਦਾ ਇਕ ਅੰਗ ਹੈ। ਨਾਲੇ ਇਹ ਕੁਝ, ਤੰਦਰੁਸਤ ਮਾਨਸਿਕਤਾ ਨੂੰ ਦਰਸਾਉਣ ਦੇ ਨਾਲ-ਨਾਲ, ਮੋੜਵੇਂ ਰੂਪ ਵਿਚ ਸਾਨੂੰ ਵਧੇਰੇ ਸਿਹਤਯਾਬ ਕਰਦਾ ਹੈ। ਪੰਜਾਬੀ ਸੱਭਿਆਚਾਰ ਵਿਚ ਸੋਹਣੇ ਦੰਦਾਂ ਦੀ ਅਨੇਕਾਂ ਤਰ੍ਹਾਂ ਸਿਫ਼ਤ ਕੀਤੀ ਗਈ ਹੈ। ਸ਼ਾਬਦਿਕ ਪੱਧਰ ਦੀ ਹੀ ਗੱਲ ਕਰੀਏ, ਜਿਹੜਾ ‘ਹਸ ਦੰਦਾਂ ਦੀ ਪ੍ਰੀਤ’ ਵਿਚ ਵਿਸ਼ਵਾਸ ਕਰਦਾ ਹੋਵੇਗਾ, ਉਹ ਆਪਣੇ ਦੰਦਾਂ ਦੀ ਸਿਹਤ ਬਾਰੇ ਵੀ ਸੁਚੇਤ ਹੋਵੇਗਾ।
ਮੁੱਢੋਂ-ਸੁੱਢੋਂ ਆਮ ਆਦਮੀ ਨੂੰ ਦੁੱਖ, ਤਕਲੀਫ਼ਾਂ ਵਧੇਰੇ ਮਿਲਦੇ ਰਹੇ ਹਨ। ਫਿਰ ਤਾਂ ਇਹ ਉਸ ਦੇ ਚਿਹਰੇ-ਮੁਹਰੇ ਉੱਤੇ ਜਾਣੋ ਖੁਣੇ ਜਾਂਦੇ ਹਨ। ਇਸੇ ਲਈ, ਸਾਡੀ ਸਾਧਾਰਨ ਬੋਲ-ਚਾਲ ਵਿਚ ਦੁੱਖ ਪ੍ਰਗਟਾਉਂਦੇ ਸ਼ਬਦ ਜ਼ਿਆਦਾ ਮਿਲਦੇ ਹਨ। ‘ਧੂਣੀ ਵਾਂਗ ਧੁਖਣਾ’, ‘ਅੰਦਰੇ ਅੱਗ ਅੰਦਰੇ ਧੂੰਆਂ’, ‘ਸੁੱਕ ਕੇ ਤੀਲਾ ਹੋਣਾ’ ਆਦਿ ਉਦਾਹਰਨਾਂ ਹਨ। ਆਮ ਜੀਵਨ ਵਿਚ ਸੁੱਖਾਂ ਦੀਆਂ ਘੜੀਆਂ ਥੋੜ੍ਹੀਆਂ ਹੁੰਦੀਆਂ ਹਨ। ਥੁੜ੍ਹਾਂ, ਤਰ੍ਹਾਂ ਤਰ੍ਹਾਂ ਦੇ ਰੋਗ, ਅਨੇਕ ਤਰ੍ਹਾਂ ਦੀਆਂ ਮਜਬੂਰੀਆਂ। ਹਾਲਾਤ ਦੁਖਾਵੇਂ ਰਹਿਣ ਤਾਂ ਜ਼ਿੰਦਗੀ ਬੋਝ ਬਣ ਜਾਂਦੀ ਹੈ। ਇਸ ਲੇਖੇ ‘ਹਸ ਦੰਦਾਂ ਦੀ ਪ੍ਰੀਤ’ ਦਾ ਬਹੁਤਾ ਈ ਮੁੱਲ ਹੈ। ਤਪਸ਼ ਵਿਚ ਠੰਢੇ ਫੇਹੇ ਰੱਖਣ ਜਿਹਾ। ਬੱਚੇ ਹੱਸਦੇ ਹੋਣ ਤੇ ਹੱਸੀ ਹੀ ਜਾਣ ਤਾਂ ਕੋਲ ਬੈਠੀ ਕੋਈ ਸਿਆਣੀ ਆਖਦੀ ਹੈ, ‘ਬਹੁਤੇ ਨਾ ਹੱਸੋ, ਫਿਰ ਇੰਨਾ ਹੀ ਰੋਣਾ ਪੈ ਜਾਵੇਗਾ।’ ਜੇ ਸਾਡੀਆਂ ਸਮਾਜਿਕ, ਆਰਥਿਕ ਹਾਲਤਾਂ ਬਿਹਤਰ ਹੋਣ, ਜੀਵਨ ਵਿਚ ਖ਼ੁਸ਼ੀਆਂ ਦਾ ਤਰਸੇਵਾਂ ਇੰਨਾ ਨਾ ਹੋਵੇ, ਤਾਂ ਕੋਈ ਅਜਿਹੀ ਗੱਲ ਕਿਉਂ ਕਹੇ।
ਸੰਪਰਕ: 88476-47101