ਛੁੱਟਕੰਨਾ ਉੱਲੂ ਭਾਰਤ ਦੇ ਕਈ ਹਿੱਸਿਆਂ ਵਿੱਚ ਵੇਖਿਆ ਜਾਂਦਾ ਹੈ। ਇਸ ਨੂੰ ਅੰਗ੍ਰੇਜ਼ੀ ਵਿਚ “ਸ਼ੌਰਟ ਈਅਰਡ ਔਉਲ” (Short eared owl) ਅਤੇ ਹਿੰਦੀ ਵਿਚ ਬਸਾ ਜਾਂ ਛੁੱਟਕੰਨਾ ਉੱਲੂ ਕਹਿੰਦੇ ਹਨ। ਇਸ ਨੂੰ ਪੰਜਾਬ ਵਿਚ ਸਤੰਬਰ ਤੋਂ ਅਪਰੈਲ ਤੱਕ ਸਰਦੀਆਂ ਦੌਰਾਨ ਖੁੱਲ੍ਹੇ ਘਾਹ ਦੇ ਮੈਦਾਨਾਂ ਵਿੱਚ ਦੇਖਿਆ ਜਾ ਸਕਦਾ ਹੈ। ਇਸ ਦੀ ਲੰਬਾਈ 38 ਸੈਂਟੀਮੀਟਰ ਹੁੰਦੀ ਹੈ। ਇਹ ਇੱਕ ਮਧਿਅਮ ਆਕਾਰ ਦਾ ਉੱਲੂ ਹੈ ਜਿਸ ਦੇ ਸਿਰ ’ਤੇ ਖੰਭਾਂ ਦੇ ਟੁਕੜੇ ਹੁੰਦੇ ਹਨ। ਜਦੋਂ ਇਹ ਪੰਛੀ ਡਰਦਾ ਹੈ ਤਾਂ ਬਚਾਅ ਲਈ ਆਪਣੇ ਕੰਨ ਚੁੱਕ ਲੈਂਦਾ ਹੈ, ਇਨ੍ਹਾਂ ਦੇ ਕੰਨ ਕਈ ਵਾਰ ਛੋਟੇ ਦਿਖਾਈ ਦਿੰਦੇ ਹਨ ਅਤੇ ਕਦੀ ਕਦੀ ਇਹ ਦਿਖਦੇ ਹੀ ਨਹੀਂ। ਇਸ ਲਈ ਇਸਨੂੰ ਛੁੱਟਕੰਨਾ ਉੱਲੂ ਕਿਹਾ ਜਾਂਦਾ ਹੈ। ਇਸ ਦਾ ਸਿਰ ਵੱਡਾ, ਗਰਦਨ ਛੋਟੀ, ਅੱਖਾਂ ਵੱਡੀਆਂ ਅਤੇ ਪੀਲੀਆਂ, ਚੁੰਝ ਛੋਟੀ, ਮਜ਼ਬੂਤ ਅਤੇ ਕਾਲੇ ਰੰਗ ਦੀ ਅਤੇ ਬਾਕੀ ਹਿੱਸਾ ਪੀਲਾ ਭੂਰਾ ਰੰਗਾ ਹੁੰਦਾ ਹੈ। ਇਸ ਦਾ ਰੰਗ ਜ਼ਮੀਨ, ਘਾਹ ਅਤੇ ਹੋਰ ਬਨਸਪਤੀ ਨਾਲ ਮੇਲ ਖਾਂਦਾ ਹੈ। ਇਸ ਨੂੰ ਜ਼ਮੀਨ ’ਤੇ ਆਸਾਨੀ ਨਾਲ ਦੇਖਣਾ ਮੁਸ਼ਕਿਲ ਹੁੰਦਾ ਹੈ। ਉਹ ਜ਼ਮੀਨ ’ਤੇ ਘਾਹ ਅਤੇ ਹੋਰ ਬਨਸਪਤੀ ਵਿਚ ਲੁਕ ਕੇ ਬੈਠ ਜਾਂਦੇ ਹਨ। ਮਾਦਾ ਪੰਛੀ ਨਰ ਨਾਲੋਂ ਆਕਾਰ ਵਿਚ ਵੱਡੀ ਹੁੰਦੀ ਹੈ।
ਛੁੱਟਕੰਨੇ ਉੱਲੂ ਦੀ ਮੁੱਖ ਖੁਰਾਕ ਛੋਟੇ ਥਣਧਾਰੀ ਜੀਵ ਜਿਵੇਂ ਕਿ ਚੂਹੇ, ਕਾਟੋ, ਚਮਗਾਦੜ, ਛੋਟੇ ਸੱਪ ਅਤੇ ਚਕੂੰਦਰ ਹਨ। ਘਾਹ ਦੇ ਮੈਦਾਨਾਂ ਵਿੱਚ ਉਹ ਫਲਾਈਕੈਚਰ, ਤਿਲੀਅਰ, ਪਿਪਿਟਸ ਅਤੇ ਲਾਰਕ ਵਰਗੇ ਪੰਛੀ ਵੀ ਖਾਂਦੇ ਹਨ। ਇਹ ਪੰਛੀ ਜ਼ਿਆਦਾਤਰ ਰਾਤ ਨੂੰ ਸ਼ਿਕਾਰ ਕਰਦੇ ਹਨ। ਇਨ੍ਹਾਂ ਉੱਲੂ ਪ੍ਰਜਾਤੀਆਂ ਦੀ ਪੁਕਾਰ ਉੱਚੀ, ਵਾਰ-ਵਾਰ ਅਤੇ “ਹੂ..ਹੂ..ਹੂ” ਕਰਕੇ ਹੁੰਦੀ ਹੈ।
ਪ੍ਰਜਣਨ ਦਾ ਸਮਾਂ ਮਾਰਚ ਤੋਂ ਜੂਨ ਤੱਕ ਹੁੰਦਾ ਹੈ। ਪ੍ਰਜਣਨ ਦੇ ਦੌਰਾਨ, ਇਹ ਇੱਕ ਸਮੂਹ ਵਿੱਚ ਇਕੱਠੇ ਹੁੰਦੇ ਹਨ। ਮਾਦਾ ਨੂੰ ਆਕਰਸ਼ਿਤ ਕਰਨ ਲਈ, ਨਰ ਪੰਛੀ ਆਲ੍ਹਣੇ ਦੇ ਨੇੜੇ ਆਉਂਦਾ ਹੈ ਅਤੇ ਆਪਣੇ ਖੰਭ ਫੜ ਲੈਂਦਾ ਹੈ। ਮਾਦਾ ਪੰਛੀ ਪਹਿਲਾਂ ਹੀ ਆਲ੍ਹਣਾ ਬਣਾ
ਲੈਂਦੀ ਹੈ। ਇਹ ਪੰਛੀ ਜ਼ਮੀਨ ’ਤੇ ਆਪਣੇ ਆਲ੍ਹਣੇ ਬਣਾਉਂਦੇ ਹਨ। ਆਲ੍ਹਣੇ ਆਮ ਤੌਰ ’ਤੇ ਝਾੜੀਆਂ ਅਤੇ ਉੱਚੇ ਘਾਹ ਵਿੱਚ ਛੁਪ ਕੇ ਬਣਾਏ ਜਾਂਦੇ ਹਨ। ਆਲ੍ਹਣਾ ਘਾਹ, ਜੰਗਲੀ ਬੂਟੀ ਅਤੇ ਖੰਭਾਂ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ। ਮਾਦਾ 4 ਤੋਂ 8 ਚਿੱਟੇ ਆਂਡੇ ਦਿੰਦੀ ਹੈ। ਆਂਡੇ ਜ਼ਿਆਦਾਤਰ ਮਾਦਾ ਵਲੋਂ ਪ੍ਰਫੁੱਲਤ ਕੀਤੇ ਜਾਂਦੇ ਹਨ। ਚੂਚੇ 20-30 ਦਿਨਾਂ ਤੱਕ ਪ੍ਰਫੁੱਲਤ ਹੋਣ ਤੋਂ ਬਾਅਦ ਬਾਹਰ ਨਿਕਲਦੇ ਹਨ ਅਤੇ ਚਾਰ ਹਫ਼ਤਿਆਂ ਬਾਅਦ ਉੱਡ ਜਾਂਦੇ ਹਨ। ਕਦੇ-ਕਦਾਈਂ ਇਹ ਉੱਲੂ ਛੋਟੇ ਪੰਛੀਆਂ, ਰੀਂਙਣ ਵਾਲੇ ਜਾਨਵਰਾਂ ਅਤੇ ਕੀੜੇ-ਮਕੌੜਿਆਂ ’ਤੇ ਵੀ ਸ਼ਿਕਾਰ ਕਰਦੇ ਹਨ।
ਇਸ ਪੰਛੀ ਦੀ ਗਿਣਤੀ ਹੌਲੀ-ਹੌਲੀ ਘਟਦੀ ਜਾ ਰਹੀ ਹੈ। ਇਸ ਦੇ ਘਟਣ ਦਾ ਮੁੱਖ ਕਾਰਨ ਫ਼ਸਲਾਂ ਤੇ ਵਰਤੇ ਜਾਂਦੇ ਕੀਟਨਾਸ਼ਕ ਹਨ। ਇਹ ਪ੍ਰਜਾਤੀ ਹੌਲੀ-ਹੌਲੀ ਖ਼ਤਰੇ ਵਾਲੀ ਸ਼੍ਰੇਣੀ ਵੱਲ ਵਧ ਰਹੀ ਹੈ। ਖੇਤਾਂ ਦੇ ਨੇੜੇ ਰਹਿੰਦੇ ਚੂਹਿਆਂ ਰਾਹੀਂ ਕੀਟਨਾਸ਼ਕ ਇਸ ਪੰਛੀ ਦੇ ਸਰੀਰ ਵਿੱਚ ਚਲੇ ਜਾਂਦੇ ਹਨ, ਜਿਸ ਕਾਰਨ ਇਹ ਮਰ ਜਾਂਦੇ ਹਨ। ਉਹ ਸੁਰੱਖਿਅਤ ਵਾਤਾਵਰਣ ਵਿੱਚ ਉਹ 10 ਤੋਂ 12 ਸਾਲ ਤੱਕ ਜੀਉਂਦੇ ਹਨ। ਛੁੱਟਕੰਨੇ ਉੱਲੂ ਦੀ ਸਮੁੱਚੀ ਆਬਾਦੀ ਦੇ ਰੁਝਾਨ ਨੂੰ ਘਟਦੀ ਹੋਏ ਮੰਨਿਆ ਜਾਂਦਾ ਹੈ। ਇਨ੍ਹਾਂ ਦਾ ਭਵਿੱਖ ਅੱਜ ਮਨੁੱਖ ਦੇ ਹਥ ਵਿਚ ਹੈ ਕਿ ਉਹ ਕਿਸਾਨਾਂ ਦੇ ਮਿਤਰ ਪੰਛੀਆਂ ਨੂੰ ਸੁਰੱਖਿਆ ਦੇਵੇ।
*ਪ੍ਰਧਾਨ, ਨੇਚਰ ਕੰਜਰਵੇਸ਼ਨ ਸੋਸਾਇਟੀ,ਪੰਜਾਬ
ਸੰਪਰਕ: 98884-56910