ਮੁੰਬਈ, 1 ਨਵੰਬਰ
ਅਦਾਕਾਰ ਇਰਫ਼ਾਨ ਖਾਨ ਦੇ ਵੱਡੇ ਪੁੱਤਰ ਬਾਬਿਲ ਖਾਨ ਨੇ ਮਰਹੂਮ ਅਭਿਨੇਤਾ ਨਾਲ ਇਕ ਪੁਰਾਣੀ ਫੋਟੋ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਹ ਉਸ ਵੇਲੇ ਦੀ ਹੈ ਜਦ ਇਰਫ਼ਾਨ ਨੇ ਪਹਿਲੀ ਵਾਰ ਬਾਬਿਲ ਨੂੰ ਮੰਚ ’ਤੇ ਪੇਸ਼ਕਾਰੀ ਦਿੰਦਿਆਂ ਦੇਖਿਆ ਸੀ। ਫੋਟੋ ਵਿਚ ਇਰਫ਼ਾਨ ਬਾਬਿਲ ਦੇ ਸਾਹਮਣੇ ਖੜ੍ਹੇ ਹਨ ਤੇ ਦੋਵੇਂ ਕਿਸੇ ਨੁਕਤੇ ’ਤੇ ਵਿਚਾਰ ਕਰਦੇ ਨਜ਼ਰ ਆ ਰਹੇ ਹਨ। ਫੋਟੋ ਉਤੇ ਪ੍ਰਸ਼ੰਸਕਾਂ ਨੇ ਟਿੱਪਣੀਆਂ ਕੀਤੀਆਂ ਕਿ ਉਹ ਇਰਫ਼ਾਨ ਨੂੰ ਬਹੁਤ ਯਾਦ ਕਰਦੇ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਜਿਊਂਦਾ ਰੱਖਣ ਲਈ ਸ਼ੁਕਰੀਆ। ਕੁਝ ਦਿਨ ਪਹਿਲਾਂ ਅਦਾਕਾਰ ਦੇ ਦੇਹਾਂਤ ਨੂੰ ਛੇ ਮਹੀਨੇ ਹੋਏ ਹਨ ਤੇ ਬਾਬਿਲ ਨੇ ਉਦੋਂ ਵੀ ਇਕ ਫੋਟੋ ਪੋਸਟ ਕੀਤੀ ਸੀ ਤੇ ਕੈਪਸ਼ਨ ਦਿੱਤੀ ਸੀ ‘2 ਮੈਨ ਸਕੁਐਡ।’ ਇਕ ਹੋਰ ਪੋਸਟ ਵਿਚ ਬਾਬਿਲ ਨੇ ਇਰਫ਼ਾਨ ਦੀ ਕਬਰ ਦੀ ਫੋਟੋ ਸਾਂਝੀ ਕੀਤੀ ਸੀ ਜਿਸ ਨੂੰ ਹਾਲ ਹੀ ਵਿਚ ਸਫ਼ੈਦ ਰੰਗ ਕੀਤਾ ਗਿਆ ਸੀ। -ਆਈਏਐਨਐੱਸ