ਮੁੰਬਈ: ਬੌਲੀਵੁੱਡ ਦੇ ਵੱਡੇ ਕੱਦ ਵਾਲੇ ਅਦਾਕਾਰ ਮਰਹੂਮ ਰਾਜ ਕਪੂਰ ਦੇ ਜਨਮ ਦਿਨ ਮੌਕੇ ਪੂਰਾ ਕਪੂਰ ਪਰਿਵਾਰ ਭਾਵੁਕ ਨਜ਼ਰ ਆਇਆ। ਪਰਿਵਾਰ ਵੱਲੋਂ ਸੋਸ਼ਲ ਮੀਡੀਆ ਦੇ ਖਾਤੇ ’ਤੇ ਪੁਰਾਣੀ ਤਸਵੀਰ ਅਤੇ ਬੌਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰ ਤੇ ਫਿਲਮਕਾਰ ਦੀ ਸ਼ਲਾਘਾ ਤੇ ਯਾਦ ਵਿਚ ਪੋਸਟਾਂ ਵੀ ਪਾਈਆਂ ਗਈਆਂ। ਸ੍ਰੀ ਕਪੂਰ ਦੀ ਨੂੰਹ ਨੀਤੂ ਕਪੂਰ ਨੇ ਇੰਸਟਾਗ੍ਰਾਮ ’ਤੇ ਆਪਣੇ ਵਿਆਹ ਵੇਲੇ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਫੋਟੋ ਵਿਚ ਨੀਤੂ ਆਪਣੇ ਪਤੀ ਮਰਹੂਮ ਰਿਸ਼ੀ ਕਪੂਰ ਅਤੇ ਸਹੁਰੇ ਮਰਹੂਮ ਰਾਜ ਕਪੂਰ ਨਾਲ ਨਜ਼ਰ ਆ ਰਹੇ ਹਨ। ਕ੍ਰਿਸ਼ਮਾ ਕਪੂਰ ਨੇ ਆਪਣੇ ਬਚਪਨ ਦੀ ਫੋਟੋ ਸਾਂਝੀ ਕੀਤੀ ਹੈ ਜਿਸ ਵਿਚ ਉਹ ਆਪਣੇ ਦਾਦੇ ਦੀ ਗੋਦ ਵਿਚ ਬੈਠੀ ਹੋਈ ਹੈ। ਕਰੀਨਾ ਕਪੂਰ ਖਾਨ ਨੇ ਵੀ ਸ੍ਰੀ ਕਪੂਰ ਨਾਲ ਪੁਰਾਣੀ ਫੋਟੋ ਪਾ ਕੇ ਉਨ੍ਹਾਂ ਨੂੰ ਯਾਦ ਕਰਦਿਆਂ ਜਨਮ ਦਿਨ ਦੀ ਵਧਾਈ ਦਿੱਤੀ। ਇਸ ਦੌਰਾਨ ਅਦਾਕਾਰ ਧਰਮਿੰਦਰ ਨੇ ਵੀ ਰਾਜ ਕਪੂਰ ਨਾਲ ਇੱਕ ਜਨਮ ਦਿਨ ਦੀ ਪਾਰਟੀ ਦਾ ਆਨੰਦ ਮਾਣਦਿਆਂ ਵੇਲੇ ਦੀ ਫੋਟੋ ਸਾਂਝੀ ਕਰ ਕੇ ਉਨ੍ਹਾਂ ਨੂੰ ਯਾਦ ਕੀਤਾ। -ਆਈਏਐੱਨਐੱਸ