ਪ੍ਰਭਜੋਤ ਕੌਰ ਢਿੱਲੋਂ
ਇਸ ਵੇਲੇ ਆਪਣੇ ਆਪ ਨੂੰ ਖ਼ੂਬਸੂਰਤ ਬਣਾਉਣ ਅਤੇ ਵਿਖਾਉਣ ’ਤੇ ਲੋਕਾਂ ਦਾ ਬਹੁਤ ਜ਼ੋਰ ਲੱਗਾ ਹੋਇਆ ਹੈ। ਲੋਕਾਂ ਦੀ ਇਸ ਸੋਚ ਨੂੰ ਸਮਝਣ ਵਾਲਿਆਂ ਨੇ ਬਹੁਤ ਕੁਝ ਬਾਜ਼ਾਰ ਵਿਚ ਲੈ ਆਂਦਾ। ਇਸ ਸਾਮਾਨ ਵਿਚ ਵੰਨ ਸੁਵੰਨੇ ਸਾਬਣ, ਕਰੀਮਾਂ, ਲੋਸ਼ਨ ਆਦਿ ਧੜਾ ਧੜ ਬਾਜ਼ਾਰ ਵਿਚ ਆ ਰਹੇ ਹਨ। ਮਹਿੰਗੇ ਤੋਂ ਮਹਿੰਗਾ ਸਾਮਾਨ ਲੋਕ ਖ਼ਰੀਦ ਰਹੇ ਹਨ। ਮੇਕਅਪ ਕਰਨ ਲਈ ਵੱਖਰੇ ਬਿਊਟੀਸ਼ੀਅਨ ਹਨ। ਨਹੁੰਆਂ ਨੂੰ ਸਜਾਉਣ ਲਈ ਅਲੱਗ ਹਨ। ਮੇਕਅਪ ’ਤੇ ਹੀ ਹਜ਼ਾਰਾਂ ਰੁਪਏ ਖ਼ਰਚ ਹੋ ਜਾਂਦੇ ਹਨ। ਸੋਚਣ ਅਤੇ ਸਮਝਣ ਵਾਲੀ ਗੱਲ ਹੈ ਕਿ ਇਸ ਨਕਲੀ ਖ਼ੂਬਸੂਰਤੀ ਦਾ ਫਾਇਦਾ ਕੋਈ ਹੁੰਦਾ ਹੈ ਜਾਂ ਨਹੀਂ? ਜੇਕਰ ਹੁੰਦਾ ਹੈ ਤਾਂ ਕਿੰਨੇ ਸਮੇਂ ਲਈ ਅਤੇ ਕਿਵੇਂ ਦਾ ਹੁੰਦਾ ਹੈ?
ਕੋਈ ਵੀ ਬਣਾਉਟੀ ਅਤੇ ਨਕਲੀ ਚੀਜ਼ ਵਧੇਰੇ ਸਮੇਂ ਤਕ ਟਿਕ ਨਹੀਂ ਸਕਦੀ। ਉਸ ਦੇ ਨੁਕਸਾਨ ਹੀ ਅਖੀਰ ਵਿਚ ਸਾਹਮਣੇ ਆਉਂਦੇ ਹਨ। ਮੇਕਅਪ ਕਰਕੇ ਚਿਹਰੇ ’ਤੇ ਮਖੌਟਾ ਪਾ ਲਿਆ, ਪਰ ਤੁਹਾਡੇ ਹਾਵ ਭਾਵ, ਬੋਲ ਚਾਲ ਅਤੇ ਦੂਸਰਿਆਂ ਨਾਲ ਕੀਤਾ ਗਿਆ ਵਿਵਹਾਰ ਬਹੁਤ ਕੁਝ ਤੁਹਾਡੇ ਬਾਰੇ ਦੱਸ ਦਿੰਦਾ ਹੈ। ਕਈ ਵਾਰ ਅਜਿਹਾ ਵੇਖਣ ਨੂੰ ਵੀ ਮਿਲਿਆ ਹੋਏਗਾ ਕਿ ਕਿਸੇ ਨੇ ਬਹੁਤ ਫੈਸ਼ਨ ਕੀਤਾ ਹੁੰਦਾ ਹੈ, ਆਪਣੇ ਆਪ ਨੂੰ ਬਹੁਤ ਆਧੁਨਿਕ ਅਤੇ ਉੱਚੀ ਸੁਸਾਇਟੀ ਦਾ ਵਿਖਾਵਾ ਕਰਨ ਵਾਲੇ ਜਦੋਂ ਬੋਲਦੇ ਹਨ ਤਾਂ ਸਾਹਮਣੇ ਵਾਲਾ ਹੈਰਾਨ ਹੋ ਜਾਂਦਾ ਹੈ। ਕਾਂ ਨੂੰ ਜਿੰਨਾ ਮਰਜ਼ੀ ਚਿੱਟਾ ਰੰਗ ਲਵੋ, ਉਹ ਕਦੇ ਹੰਸ ਨਹੀਂ ਬਣ ਸਕਦਾ। ਇਵੇਂ ਹੀ ਜਿੰਨਾ ਮਰਜ਼ੀ ਮੇਕਅਪ ਕਰ ਲਿਆ ਜਾਵੇ, ਜਿਹੜੀ ਖ਼ੂਬਸੂਰਤੀ ਕੁਦਰਤੀ ਹੁੰਦੀ ਹੈ, ਉਹ ਨਹੀਂ ਆ ਸਕਦੀ। ਕੱਪੜੇ ਸਲੀਕੇ ਨਾਲ ਪਾਏ ਹੋਏ ਹੋਣ ਤਾਂ ਸਸਤਾ ਜਿਹਾ ਕੱਪੜਾ ਵੀ ਪਾਇਆ ਫਬ ਜਾਂਦਾ ਹੈ। ਬਾਹਰੀ ਖ਼ੂਬਸੂਰਤੀ ਦਾ ਕੋਈ ਫਾਇਦਾ ਨਹੀਂ। ਕੌੜੇ ਬੋਲ ਬੋਲਣ ਵਾਲੇ ਦਾ ਬਾਹਰੀ ਚਿਹਰਾ ਜਿੰਨਾ ਮਰਜ਼ੀ ਸਜਾਇਆ ਹੋਵੇ ਉਸ ਨੂੰ ਕੋਈ ਪਸੰਦ ਨਹੀਂ ਕਰੇਗਾ। ਉਸ ਦੇ ਕੋਲ ਕੋਈ ਖੜ੍ਹਾ ਹੋਣਾ ਪਸੰਦ ਨਹੀਂ ਕਰੇਗਾ। ਹਰ ਵੇਲੇ ਮੂੰਹ ਬਣਾ ਕੇ ਰੱਖਣਾ, ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵਧੇਰੇ ਸਜਾ ਕੇ ਰੱਖਣਾ, ਕੋਈ ਖ਼ੂਬਸੂਰਤੀ ਨਹੀਂ ਹੈ। ਇਹ ਬਣਾਉਟੀ ਖ਼ੂਬਸੂਰਤੀ ਪੈਸੇ ਅਤੇ ਸਮੇਂ ਦੀ ਬਰਬਾਦੀ ਹੈ। ਹਾਂ, ਆਪਣੀ ਚਮੜੀ ਦਾ ਖਿਆਲ ਰੱਖਣ ਵਾਸਤੇ ਸਮੇਂ ਸਮੇਂ ’ਤੇ ਘਰੇਲੂ ਨੁਸਖੇ ਜ਼ਰੂਰ ਵਰਤਣੇ ਚਾਹੀਦੇ ਹਨ, ਜਿਸ ਨਾਲ ਧੂੜ ਮਿੱਟੀ ਸਾਫ਼ ਹੋ ਜਾਏ।
ਹੁਣ ਗੱਲ ਕਰਦੇ ਹਾਂ ਅੰਦਰ ਦੀ ਖ਼ੂਬਸੂਰਤੀ ਦੀ। ਚਿਹਰਾ ਸਾਡੇ ਸਰੀਰ ਦਾ ਆਈਨਾ ਹੈ। ਚਿਹਰਾ ਬਹੁਤ ਕੁਝ ਦੱਸ ਦਿੰਦਾ ਹੈ। ਅੱਖਾਂ ਬਹੁਤ ਕੁਝ ਕਹਿ ਦਿੰਦੀਆਂ ਹਨ। ਜੇਕਰ ਦਿਲ ਵਿਚ ਪਿਆਰ ਦੀਆਂ ਭਾਵਨਾਵਾਂ, ਦੂਸਰਿਆਂ ਲਈ ਹਮਦਰਦੀ ਅਤੇ ਘਟੀਆ ਸੋਚ ਨਹੀਂ ਹੈ ਤਾਂ ਚਿਹਰੇ ਦੇ ਹਾਵ ਭਾਵ ਬਹੁਤ ਸਹਿਜ ਹੋਣਗੇ। ਰੂਹ ਨਾਲ ਸਮਾਜ ਲਈ ਕੁਝ ਕਰਨ ਵਾਲਿਆਂ ਦੇ ਚਿਹਰੇ ਵਧੇਰੇ ਕਰਕੇ ਸ਼ਾਂਤ ਹੋਣਗੇ। ਹੱਸਦੇ ਚਿਹਰੇ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੇ ਹਨ। ਹੱਸਣ ਅਤੇ ਮੁਸਕਰਾਉਣ ’ਤੇ ਕੋਈ ਪੈਸਾ ਖ਼ਰਚ ਨਹੀਂ ਹੁੰਦਾ। ਜੇਕਰ ਸੋਚ ਸਹੀ ਹੈ, ਵਿਚਾਰਾਂ ਵਿਚ ਗੰਦਗੀ ਨਹੀਂ ਹੈ ਤਾਂ ਚਿਹਰੇ ’ਤੇ ਇਕ ਵੱਖਰਾ ਹੀ ਰੂਪ ਹੁੰਦਾ ਹੈ। ਅਜਿਹੇ ਲੋਕ ਸਾਦਾ ਹੋਣਗੇ, ਬੜੇ ਆਰਾਮ ਨਾਲ ਹਰ ਵਰਗ ਦੇ ਲੋਕਾਂ ਵਿਚ ਵਿਚਰਨਾ ਅਤੇ ਲੋਕਾਂ ਨੂੰ ਵੀ ਉਨ੍ਹਾਂ ਦਾ ਸਾਥ ਚੰਗਾ ਲੱਗਦਾ ਹੈ। ਇਹ ਵੱਖਰੀਆਂ ਰੂਹਾਂ ਵਾਲੇ ਲੋਕ ਹੁੰਦੇ ਹਨ। ਇੰਨਾ ਦਾ ਕਿਸੇ ਵੀ ਜਗ੍ਹਾ ’ਤੇ ਹੋਣਾ ਲੋਕਾਂ ਨੂੰ ਸਕੂਨ ਦਿੰਦਾ ਹੈ। ਇਹ ਜਿਸ ਨੂੰ ਵੀ ਮਿਲਦੇ ਹਨ, ਆਪਣਾ ਬਣਾ ਲੈਂਦੇ ਹਨ।
ਇਨ੍ਹਾਂ ਲੋਕਾਂ ਦਾ ਵਿਅਕਤੀਤਵ ਪ੍ਰਭਾਵਿਤ ਕਰਦਾ ਹੈ। ਇਨ੍ਹਾਂ ਨੂੰ ਮਹਿੰਗੇ ਕੱਪੜੇ, ਕਰੀਮਾਂ ਅਤੇ ਬਿਊਟੀਸ਼ੀਅਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਇਹ ਸਾਧਾਰਨ ਕੱਪੜਿਆਂ ਵਿਚ ਵੀ ਪ੍ਰਭਾਵਸ਼ਾਲੀ ਲੱਗਦੇ ਹਨ। ਕੁਦਰਤ ਨੇ ਇਨ੍ਹਾਂ ਨੂੰ ਅੰਦਰੂਨੀ ਖ਼ੂਬਸੂਰਤੀ ਦਿੱਤੀ ਹੋਈ ਹੈ। ਇਹ ਖ਼ੂਬਸੂਰਤੀ ਬਹੁਤ ਦੇਰ ਤਕ ਟਿਕਣ ਵਾਲੀ ਹੁੰਦੀ ਹੈ। ਬਹੁਤ ਵਾਰ ਸਾਡੀ ਜ਼ਿੰਦਗੀ ਵਿਚ ਕੁਝ ਅਜਿਹੇ ਲੋਕ ਆਉਂਦੇ ਹਨ ਜੋ ਕੁਝ ਮਿੰਟਾਂ ਵਿਚ ਹੀ ਆਪਣੇ ਜਿਹੇ ਲੱਗਣ ਲੱਗ ਜਾਂਦੇ ਹਨ। ਉਨ੍ਹਾਂ ਦੀ ਮੁਸਕਰਾਹਟ ਆਪਣਾ ਬਣਾ ਲੈਂਦੀ ਹੈ। ਜਦੋਂ ਅਸੀਂ ਦੂਸਰੇ ਨੂੰ ਦਰਦ ਦਿੰਦੇ ਹਾਂ, ਦੂਸਰਿਆਂ ਲਈ ਬੁਰਾ ਸੋਚਦੇ ਹਾਂ ਤਾਂ ਉਸ ਦਾ ਅਸਰ ਸਭ ਤੋਂ ਪਹਿਲਾਂ ਸਾਡੇ ਦਿਮਾਗ਼ ’ਤੇ ਪੈਂਦਾ ਹੈ। ਤੀਲ੍ਹੀ ਪਹਿਲਾਂ ਆਪ ਸੜਦੀ ਹੈ, ਫੇਰ ਅੱਗ ਲਗਾਉਂਦੀ ਹੈ। ਗੁਲਾਬ ਦੇ ਫੁੱਲ ਵੇਚਣ ਵਾਲੇ ਦੇ ਹੱਥਾਂ ਵਿਚੋਂ ਗੁਲਾਬ ਦੀ ਮਹਿਕ ਆਉਣ ਲੱਗ ਜਾਂਦੀ ਹੈ। ਜਿਵੇਂ ਦਾ ਅਸੀਂ ਦੂਸਰਿਆਂ ਲਈ ਸੋਚਦੇ ਹਾਂ, ਉਸ ਦਾ ਅਸਰ ਸਾਡੇ ਵਿਅਕਤੀਤਵ ’ਤੇ ਪੈਣਾ ਸੁਭਾਵਿਕ ਹੈ।
ਜੇਕਰ ਸਾਡੀ ਸੋਚ ਖ਼ੂਬਸੂਰਤ ਹੈ ਤਾਂ ਸਾਡਾ ਚਿਹਰਾ ਖ਼ੂਬਸੂਰਤ ਹੋਏਗਾ। ਜੇਕਰ ਅਸੀਂ ਅੰਦਰੋਂ ਸ਼ਾਂਤ ਹੋਵਾਂਗੇ ਤਾਂ ਸਾਡੀਆਂ ਅੱਖਾਂ ਅਤੇ ਚਿਹਰਾ ਸ਼ਾਂਤ ਹੋਏਗਾ। ਸ਼ੈਤਾਨ ਲੋਕਾਂ ਦੀਆਂ ਅੱਖਾਂ ਵਿਚ ਸ਼ੈਤਾਨੀ ਸਾਫ਼ ਝਲਕਦੀ ਹੁੰਦੀ ਹੈ। ਜਿਹੜੇ ਮੇਕਅਪ ਕਰਕੇ ਖ਼ੂਬਸੂਰਤ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਗ਼ਲਤ ਫਹਿਮੀ ਹੁੰਦੀ ਹੈ। ਕਦੇ ਆਪਣੇ ਆਸਪਾਸ ਦੇ ਬਹੁਤ ਮੇਕਅਪ ਅਤੇ ਵਿਖਾਵਾ ਕਰਨ ਵਾਲੇ ਲੋਕਾਂ ਦੀ ਚਾਲ ਢਾਲ ਜਾਂ ਚਿਹਰਾ ਵੇਖਣਾ, ਉਹ ਮੇਕਅਪ ਕਰਨ ਦੇ ਬਾਵਜੂਦ ਉਵੇਂ ਦੀ ਖਿੱਚ ਨਹੀਂ ਰੱਖਦੇ ਜਿਵੇਂ ਦੀ ਬਹੁਤ ਸਾਦੇ ਲੋਕ ਰੱਖਦੇ ਹਨ। ਸੋਹਣਾ ਅਤੇ ਚੰਗਾ ਸੋਚੋ, ਮੇਕਅਪ ਦੀ ਜ਼ਰੂਰਤ ਘੱਟ ਮਹਿਸੂਸ ਹੋਵੇਗੀ। ਕੁਦਰਤੀ ਖ਼ੂਬਸੂਰਤੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਚੰਗੀ ਸੋਚ ਨਾਲ ਪੈਸੇ ਅਤੇ ਸਮੇਂ ਦੀ ਬੱਚਤ ਵੀ ਹੁੰਦੀ ਹੈ ਕਿਉਂਕਿ ਹੱਸਣ ਅਤੇ ਮੁਸਕਰਾਉਣ ਲਈ ਕੁਝ ਵੀ ਅਦਾ ਨਹੀਂ ਕਰਨਾ ਪੈਂਦਾ।
ਸੰਪਰਕ: 98150-30221