ਸਤਨਾਮ ਸਿੰਘ ਮੱਟੂ
ਪੰਜਾਬੀ ਲੋਕ ਗਾਇਕ ਬਖਤੜੀਵਾਲਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਗਾਇਕੀ ਅਤੇ ਗੀਤਕਾਰੀ ਦਾ ਸਤਿਕਾਰਤ ਨਾਮ ਹੈ।
ਜਿੰਨੀ ਸ਼ੋਹਰਤ ਅਤੇ ਸੱਭਿਆਚਾਰਕ ਪਿਆਰ ਉਸਤਾਦ ਹਾਕਮ ਬਖਤੜੀ ਦੇ ਹਿੱਸੇ ਆਇਆ ਹੈ, ਓਨਾ ਬਹੁਤ ਵਿਰਲੇ ਵਿਅਕਤੀਆਂ ਦੇ ਹਿੱਸੇ ਆਉਂਦਾ ਹੈ। ਜੇਕਰ ਉਸ ਨੂੰ ਸਾਹਿਤਕ ਅਤੇ ਸੱਭਿਆਚਾਰਕ ਕਲਾਵਾਂ ਦਾ ਗੁਲਦਸਤਾ ਕਹਿ ਲਈਏ ਤਾਂ ਅਤਿਕਥਨੀ ਨਹੀਂ ਹੋਵੇਗੀ।
ਮਾਲਵੇ ਦੇ ਜ਼ਿਲ੍ਹਾ ਸੰਗਰੂਰ ਦੇ ਕਕਰੀਲੇ ਟਿੱਬਿਆਂ ਵਿੱਚ ਵਸੇ ਪਿੰਡ ਬਖਤੜੀ ਵਿੱਚ ਹਾਕਮ ਸਿੰਘ ਨੇ ਮਾਤਾ ਲੀਲਾਵਤੀ ਤੇ ਪਿਤਾ ਟਿੱਕਾ ਸਿੰਘ ਦੇ ਘਰ 5 ਜਨਵਰੀ 1961 ਨੂੰ ਜਨਮ ਲਿਆ। ਰੇਤਲੇ ਟਿੱਬਿਆਂ ਤੋਂ ਮਲ੍ਹਿਆਂ ਦੇ ਬੇਰ ਖਾਂਦਿਆਂ ਅਤੇ ਪੜ੍ਹਾਈ ਕਰਦਿਆਂ ਉਸ ਨੂੰ ਕਿਧਰੋਂ ਗੀਤਕਾਰੀ ਦੀ ਚੇਟਕ ਲੱਗ ਗਈ। ਆਪਣੀ ਜ਼ਿੰਦਗੀ ਦੀਆਂ 60 ਕੁ ਪਤਝੜਾਂ ਅਤੇ ਹੁਸੀਨ ਬਹਾਰਾਂ ਦਾ ਆਨੰਦ ਮਾਣ ਚੁੱਕੇ ਉਸਤਾਦ ਹਾਕਮ ਬਖਤੜੀ ਦ੍ਰਿੜ ਇਰਾਦੇ, ਬੁਲੰਦ ਹੌਸਲੇ ਅਤੇ ਮਿਹਨਤ ਦੀ ਸਖ਼ਤ ਘਾਲਣਾ ਨਾਲ ਗੀਤਕਾਰੀ ਅਤੇ ਗਾਇਕੀ ਦੇ ਪਿੜ ਵਿੱਚ ਸਾਬਤ ਕਦਮੀਂ ਖਲੋਣ ਅਤੇ ਸ਼ੋਹਰਤ ਇਕੱਠੀ ਕਰ ਸਕਣ ਦੇ ਯੋਗ ਹੋ ਗਿਆ।
ਸਕੂਲ ਪੜ੍ਹਦਿਆਂ 13 ਸਾਲ ਦੀ ਉਮਰ ਵਿੱਚ ਉਸ ਦਾ ਲਿਖਿਆ ਪਹਿਲਾ ਗੀਤ ‘ਰੰਗਪੁਰ ਰੰਗ ਲਾਉਣ ਵਾਲੀਏ’ ਗਾਇਕਾ ਪਰਮਿੰਦਰ ਸੰਧੂ ਦੀ ਆਵਾਜ਼ ਵਿੱਚ ਰਿਕਾਰਡ ਹੋਇਆ, ਜਿਸ ਦੀ ਪ੍ਰਸਿੱਧੀ ਨੇ ਉਸ ਨੂੰ ਗੀਤਕਾਰੀ ਦੇ ਖੇਤਰ ਵਿੱਚ ਮਜ਼ਬੂਤ ਗੀਤਕਾਰ ਵਜੋਂ ਖੜ੍ਹਾ ਕਰ ਦਿੱਤਾ। ਗੀਤਕਾਰੀ ਦੀਆਂ ਬਾਰੀਕੀਆਂ ਨੂੰ ਜਾਣਨ ਲਈ ਉਸ ਨੇ ਗੀਤਕਾਰ ਸਾਜਨ ਰਾਏਕੋਟੀ ਨੂੰ ਆਪਣਾ ਗੁਰੂ ਧਾਰਨ ਕੀਤਾ। ਬਸ! ਫਿਰ ਕੀ ਸੀ ਕਿਸਮਤ ਦੇ ਪਰਾਂ ’ਤੇ ਐਸੀ ਭਰਵੀਂ ਉਡਾਰੀ ਭਰੀ ਕਿ ਮੁੜ ਪਿੱਛੇ ਨਹੀਂ ਦੇਖਿਆ। ਗਾਇਕ ਸੁਰਿੰਦਰ ਛਿੰਦਾ ਦੇ ਲੋਕ ਤੱਥ ‘ਨਮਕ ਹਰਾਮੀ ਬੰਦਾ ਮਾੜਾ’ ਅਤੇ ਕੁਲਦੀਪ ਕੌਰ ਨਾਲ ਦੋਗਾਣਾ ‘ਘੁੰਡ ਚੱਕ ਮਾਰਦੇ ਸਲੂਟ ਗੋਰੀਏ, ਚੱਲੇ ਭੌਰ ਪ੍ਰਦੇਸੀ’ ਨਾਲ ਉਸ ਦੀ ਚੁਫੇਰੇ ਤੂਤੀ ਬੋਲਣ ਲੱਗ ਪਈ। ਗਾਇਕ ਉਸ ਦੇ ਲਿਖੇ ਗੀਤਾਂ ਨੂੰ ਗਾ ਕੇ ਮਾਣ ਮਹਿਸੂਸ ਕਰਨ ਲੱਗੇ। ਦੇਸ਼ ਵਿਦੇਸ਼ ਦੇ ਪੰਜਾਬੀ ਗਾਇਕਾਂ ਤੋਂ ਇਲਾਵਾ ਉਸ ਦੇ ਗੀਤਾਂ ਨੂੰ ਬੌਲੀਵੁੱਡ ਦੇ ਗਾਇਕਾਂ ਨੇ ਵੀ ਆਪਣੀ ਆਵਾਜ਼ ਵਿੱਚ ਗਾਇਆ ਹੈ। ਉਸ ਦੇ ਲਿਖੇ ਕੁਝ ਗੀਤ ਜੋ ਬਹੁਤ ਮਕਬੂਲ ਹੋਏ ਹਨ:
* ਫੁਲਕਾਰੀ- ਸੁੱਖੀ ਬਰਾੜ
* ਤੇਰੀ ਰਹਿ ਜੇ ਸੇਜ ਸ਼ਿੰਗਾਰੀ-ਕੁਲਦੀਪ ਮਾਣਕ
* ਜੱਟ ਦਾ ਜ਼ਮੀਨ ਬਿਨਾਂ ਅਮਲੀ ਦਾ ਫੀਮ ਬਿਨਾਂ
-ਕੁਲਦੀਪ ਪਾਰਸ
* ਬੜੇ ਘਰ ਪੱਟੇ ਜੀਭ ਦੇ ਸੁਆਦ ਨੇ- ਮੇਜਰ ਰਾਜਸਥਾਨੀ
* ਸਿੱਧੇ ਰਸਤੇ ਜਾਈਏ ਭਾਵੇਂ ਦੂਰ ਹੀ ਹੋਵੇ
ਕੰਜਰੀ ਨੂੰ ਨਾ ਵਿਆਹੀਏ ਭਾਵੇਂ ਹੂਰ ਹੀ ਹੋਵੇ
– ਦਿਲਸ਼ਾਦ ਅਖਤਰ
* ਸੱਜਣ ਬਣ ਕੇ ਦਗਾ ਕਮਾਉਣਾ
ਸੋਂਹਦਾ ਨਹੀਂ ਦਿਲਦਾਰਾਂ ਨੂੰ-ਸੁਖਵਿੰਦਰ ਪੰਛੀ
* ਛੱਡਦੇ ਨਾ ਅੜੀ ਪੁੱਤ ਜੱਟਾਂ ਦੇ ਦਲੇਰ
ਬਾਣੀਏ ਨਾ ਕਦੇ ਵੀ ਵਿਆਜ ਛੱਡਦੇ
-ਜਗਮੋਹਨ ਕੌਰ
* ਰੱਬ ਦੀ ਸਹੁੰ ਰਹਿੰਦਾ ਆਦਮੀ ’ਚ ਕੱਖ ਨਾ
-ਜਸਵਿੰਦਰ ਬਰਾੜ
* ਆਦਮੀ ਨੂੰ ਆਉਂਦੀ ਆਉਂਦੀ ਠੰਢ ਮਾਰਦੀ
-ਸੁਚੇਤ ਬਾਲਾ
* ਤੇਰੇ ਰੂਪ ਦਾ ਕਸੂਰ ਕੋਈ ਕੱਢਦਾ ਈ ਨਹੀਂ
-ਸਰਦੂਲ ਸਿਕੰਦਰ, ਅਮਰ ਨੂਰੀ
* ਮੇਰੇ ਕਾਕੇ ਦੀਏ ਮਾਸੀਏ-ਰੰਗੀਲਾ ਜੱਟ
* ਵੇਖੀਂ ਬੁੜੇ ਦੇ ਗੁਣ ਨੀਂ-ਕਰਤਾਰ ਰਮਲਾ
* ਤੇਰੀ ਝਾਂਜਰ ਦਾ ਛਣਕਾਰਾ ਨੀਂ-ਬਲਕਾਰ ਸਿੱਧੂ
* ਜਿੰਨੇ ਸੀ ਮਾਸੂਮ ਓਨੀ ਡੂੰਘੀ ਸੱਟ ਮਾਰਗੀ
-ਧਰਮਪ੍ਰੀਤ
ਇਨ੍ਹਾਂ ਤੋਂ ਇਲਾਵਾ ਹੋਰ ਵੀ ਗਾਇਕਾਂ ਨੇ ਉਸ ਦੇ ਗੀਤ ਗਾਏ ਹਨ। ਉਸ ਦੇ ਗੀਤਾਂ ਵਿੱਚੋਂ ਪੰਜਾਬੀਅਤ, ਸੱਭਿਆਚਾਰ, ਸਮਾਜਿਕ ਕਦਰਾਂ ਕੀਮਤਾਂ, ਪਰਿਵਾਰਕ ਰਿਸ਼ਤਿਆਂ ਦਾ ਮੋਹ, ਸਿਆਣਿਆਂ ਦਾ ਕਿਹਾ ਕੌੜਾ ਸੱਚ, ਪਿਆਰ, ਵਿਛੋੜਾ ਆਦਿ ਦੀ ਝਲਕ ਪੈਂਦੀ ਹੈ। ਉਸਤਾਦ ਹਾਕਮ ਬਖਤੜੀ ਤੂੰਬੀ ਦੇ ਮਾਹਿਰ ਹਨ। ਉਸ ਨੇ ਪੁਰਾਣੇ ਕਾਫ਼ੀ ਐੱਲ ਪੀ ਰਿਕਾਰਡ ਗੀਤਾਂ ਵਿੱਚ ਤੂੰਬੀ ਵਜਾਈ ਹੈ। ਉਸ ਨੇ ਦਲਜੀਤ ਕੌਰ ਨਾਲ ਜੀਵਨ ਸਾਥ ਦੀਆਂ ਚਾਰ ਲਾਵਾਂ ਲੈ ਕੇ ਅਤੇ ਜਸਵੰਤ ਭੰਵਰਾ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕਰਕੇ ਗਾਇਕੀ ਦੇ ਖੇਤਰ ਵਿੱਚ ਕਦਮ ਰੱਖਿਆ ਤਾਂ ਪਹਿਲੇ ਹੀ ਐੱਲ ਪੀ ਰਿਕਾਰਡ ‘ਗੱਡੀ ਓਪਰੀ ਚਲਾਉਣੀ ਛੱਡਤੀ ਨੀਂ ਜਦੋਂ ਦਾ ਟਰੱਕ ਲੈ ਲਿਆ’ ਨੇ ਉਸ ਨੂੰ ਗਾਇਕੀ ਦੇ ਖੇਤਰ ਦੀਆਂ ਮੂਹਰਲੀਆਂ ਸਫਾਂ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ। ਬਸ! ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਦੋ ਬੇਟੀਆਂ ਅਤੇ ਇੱਕ ਬੇਟੇ ਦੇ ਮਾਪੇ ਇਸ ਦੋਗਾਣਾ ਗਾਇਕ ਜੋੜੀ ਹਾਕਮ ਬਖਤੜੀ ਅਤੇ ਦਲਜੀਤ ਕੌਰ ਨੇ ਸੈਂਕੜੇ ਗੀਤ ਰਿਕਾਰਡ ਕਰਕੇ ਅਮੀਰ ਪੰਜਾਬੀ ਵਿਰਾਸਤ ਦਾ ਹਿੱਸਾ ਬਣਾਏ ਹਨ।
ਪੰਜਾਬੀ ਰਵਾਇਤੀ ਪਹਿਰਾਵੇ ਤੁਰਲੇ ਵਾਲੀ ਪੱਗ ਅਤੇ ਕੁੜਤਾ ਚਾਦਰਾ ਨਾਲ ਇਹ ਗਾਇਕ ਜੋੜੀ ਜਦੋਂ ਅਖਾੜੇ ਦੀ ਸਟੇਜ ’ਤੇ ਆਉਂਦੀ ਹੈ ਤਾਂ ਪੰਜਾਬ ਦੇ ਪੁਰਾਣੇ ਦਿਨ ਯਾਦ ਕਰਾ ਦਿੰਦੀ ਹੈ। ਇਸ ਜੋੜੀ ਦੀਆਂ ਬੇਟੀਆਂ ਬੌਲੀਵੁੱਡ ਵਿੱਚ ਅਦਾਕਾਰ ਹਨ। ਇਸ ਜੋੜੀ ਦੀ ਖਾਸੀਅਤ ਇਹ ਹੈ ਕਿ ਉਨ੍ਹਾਂ ਕਦੇ ਆਪਣੇ ਗੀਤ ਦੇ ਪੈਸੇ ਨਹੀਂ ਲਏ ਅਤੇ ਨਾ ਹੀ ਕਿਸੇ ਗੀਤਕਾਰ ਤੋਂ ਗੀਤ ਗਾਉਣ ਦੇ ਪੈਸੇ ਲਏ ਹਨ।
ਇਸ ਜੋੜੀ ਨੇ ਪੰਜਾਬ ਤੋਂ ਬਾਹਰ ਪੂਰੇ ਭਾਰਤ ਅਤੇ ਕੈਨੇਡਾ ਵਿੱਚ ਕਈ ਫੇਰੀਆਂ ਦੌਰਾਨ ਆਪਣੀ ਗਾਇਕੀ ਦੀ ਕਲਾ ਦੇ ਜੌਹਰ ਦਿਖਾਏ ਹਨ। ਉਸਤਾਦ ਹਾਕਮ ਬਖਤੜੀ ਵਾਲਾ ਦੇ ਗੀਤਕਾਰ ਅਤੇ ਗਾਇਕ ਸ਼ਾਗਿਰਦਾਂ ਦੀ ਲਾਈਨ ਲੰਮੀ ਹੈ। ਉਸ ਦਾ ਕਹਿਣਾ ਹੈ ਕਿ ਗਾਇਕ ਦੌਲਤ ਸ਼ੋਹਰਤ ਦੇ ਲਾਲਚ ਵਿੱਚ ਪੰਜਾਬੀ ਮਾਂ ਬੋਲੀ ਦੇ ਮਾਣ ਨੂੰ ਤਾਰ ਤਾਰ ਨਾ ਕਰਨ।
ਸੰਪਰਕ: 97797-08257