ਚੇਨੱਈ: ਫਿਲਮ ‘ਜੈ ਭੀਮ’ ਦੇ ਨਿਰਦੇਸ਼ਕ ਥਾ ਸੇ ਗਨਾਨਾਵੇਲ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਦਾਕਾਰ ਸੂਰਿਆ ਨੂੰ ਅਜਿਹੀ ਚੀਜ਼ ਦੀ ਜ਼ਿੰਮੇਵਾਰੀ ਲੈਣ ਲਈ ਕਿਹਾ ਜਾ ਰਿਹਾ ਹੈ, ਜਿਸ ਲਈ ਨਿਰਦੇਸ਼ਕ ਵਜੋਂ ਉਹ ਖੁਦ ਜ਼ਿੰਮੇਵਾਰ ਹੈ। ਉਸ ਨੇ ਕਿਹਾ ਕਿ ਉਸ ਨੂੰ ਅਫਸੋਸ ਹੈ ਕਿ ਸੂਰਿਆ ਨੂੰ ਸੋਸ਼ਲ ਮੀਡੀਆ ’ਤੇ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਟਵਿੱਟਰ ’ਤੇ ਉਸ ਨੇ ਤਾਮਿਲ ਵਿੱਚ ਲਿਖਿਆ, ‘‘ਫਿਲਮ ‘ਜੈ ਭੀਮ’ ਨੂੰ ਸਾਰੇ ਵਰਗਾਂ ਤੋਂ ਮਿਲਿਆ ਪਿਆਰ ਉਨ੍ਹਾਂ ਲਈ ਖੁਸ਼ੀ ਦੇ ਪਲ ਲਿਆਇਆ ਪਰ ਮੈਨੂੰ ਉਮੀਦ ਨਹੀਂ ਸੀ ਕਿ ਕੁਝ ਲੋਕ ਫਿਲਮ ਦੇ ਖ਼ਿਲਾਫ਼ ਵੀ ਬੋਲਣਗੇ।’’ ਉਸ ਨੇ ਕਿਹਾ ਕਿ ਉਹ ਨਹੀਂ ਜਾਣਦਾ ਸੀ ਕਿ ਬੈਕਗਰਾਊਂਡ ਵਿੱਚ ਮੌਜੂਦ ਇੱਕ ਕੈਲੰਡਰ ਨੂੰ ਇੱਕ ਭਾਈਚਾਰੇ ਨਾਲ ਜੋੜ ਕੇ ਦੇਖਿਆ ਜਾਵੇਗਾ। ਉਸ ਨੇ ਸਪੱਸ਼ਟ ਕੀਤਾ ਕਿ ਪਿੱਛੇ ਕੈਲੰਡਰ ਸਿਰਫ ਇਹ ਦੱਸਣ ਲਈ ਲਾਇਆ ਗਿਆ ਸੀ ਕਿ ਸਾਲ 1995 ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਇਸ ਫਿਲਮ ਰਾਹੀਂ ਕਿਸੇ ਵਿਅਕਤੀ ਵਿਸ਼ੇਸ਼ ਜਾਂ ਭਾਈਚਾਰੇ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ। ਜੇ ਕਿਸੇ ਵਿਅਕਤੀ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਤਾਂ ਉਨ੍ਹਾਂ ਨੂੰ ਅਫਸੋਸ ਹੈ। -ਆਈਏਐੱਨਐੱਸ