ਡਾ. ਨਰੇਸ਼
ਅਖਾਣਾਂ ਆਮ ਲੋਕਾਂ ਦੇ ਅਨੁਭਵਪੂਰਨ ਗਿਆਨ ਵਿੱਚੋਂ ਜਨਮ ਲੈਂਦੀਆਂ ਹਨ। ਇਨ੍ਹਾਂ ਬਾਰੇ ਆਖਿਆ ਜਾਂਦਾ ਹੈ ਕਿ ਇਹ ਵੱਡੇ-ਵਡੇਰਿਆਂ ਵੱਲੋਂ ਕੱਢੇ ਗਏ ਤੱਤ ਹਨ, ਜਿਹੜੇ ਬਿਨਾਂ ਕਿਸੇ ਉਚੇਚ ਜਾਂ ਲਾਗ-ਲਪੇਟ ਤੋਂ ਪੇਸ਼ ਕੀਤੇ ਗਏ ਹਨ। ਅਖਾਣ ਨੂੰ ਕਹਾਵਤ, ਲੋਕਤੰਤਰ, ਜਨ-ਉਕਤੀ, ਨੀਤੀ ਬਚਨ ਅਤੇ ਸੂਤਰਵਾਕ ਵੀ ਆਖਿਆ ਜਾਂਦਾ ਹੈ। ਅਖਾਣ ਅਸਲ ਵਿੱਚ ਸੰਖੇਪ ਅਰਥਪੂਰਨ ਕਥਨ ਹੁੰਦੀ ਹੈ, ਜਿਸ ਵਿੱਚ ਵਿਭਿੰਨ ਪ੍ਰਕਾਰ ਦੇ ਵਿਅਕਤੀਆਂ ਦੇ ਲੱਛਣ ਜਾਂ ਉਨ੍ਹਾਂ ਦਾ ਸੁਭਾਅ ਬਿਆਨ ਕੀਤਾ ਗਿਆ ਹੁੰਦਾ ਹੈ। ਥੋੜ੍ਹੇ ਸ਼ਬਦਾਂ ਵਿੱਚ ਆਖੀ ਅਰਥਪੂਰਨ ਗੱਲ ਹੀ ਅਖਾਣ ਬਣਦੀ ਹੈ।
ਮਨੁੱਖੀ ਜੀਵਨ ਸੁਖਾਲਾ ਬਣਾਉਣ ਲਈ ਜਿਹੜੀਆਂ ਨਸੀਹਤਾਂ ਸਾਧਾਰਨ ਲੋਕਾਂ ਨੇ ਆਲੇ-ਦੁਆਲੇ ਦੇ ਲੋਕਾਂ ਜਾਂ ਆਪਣੇ ਪੁੱਤਰਾਂ-ਪੋਤਰਿਆਂ ਨੂੰ ਦਿੱਤੀਆਂ ਹਨ, ਉਹ ਅਖਾਣਾਂ ਬਣ ਗਈਆਂ ਹਨ। ਅਖਾਣਾਂ ਦੇ ਨਿਰਮਾਣ ਵਿੱਚ ਪਸ਼ੂ-ਪੰਛੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੀ ਸਰੀਰਕ ਬਣਤਰ, ਸੁਭਾਅ ਅਤੇ ਕਾਰ-ਵਿਹਾਰ ਨਾਲ ਸਮਰੂਪਤਾ ਤਲਾਸ਼ ਕਰਕੇ ਇਨ੍ਹਾਂ ਅਖਾਣਾਂ ਰਾਹੀਂ ਡੂੰਘੀਆਂ ਰਮਜ਼ਾਂ ਅਤਿਅੰਤ ਸਹਿਜਤਾ ਨਾਲ ਬਿਆਨ ਕੀਤੀਆਂ ਗਈਆਂ ਹਨ। ਆਓ ਕੁਝ ਅਜਿਹੀਆਂ ਅਖਾਣਾਂ ’ਤੇ ਝਾਤ ਪਾਈਏ, ਜਿਹੜੀਆਂ ਪਸ਼ੂ-ਪੰਛੀਆਂ ਦੇ ਹਵਾਲੇ ਨਾਲ ਹੋਂਦ ਵਿੱਚ ਆਈਆਂ ਹਨ।
ਊਠ ਭਾਰਤ ਵਿੱਚ ਮਹੱਤਵਪੂਰਨ ਪਸ਼ੂ ਹੈ। ਇਸ ਤੋਂ ਸਵਾਰੀ ਦਾ ਕੰਮ ਵੀ ਲਿਆ ਜਾਂਦਾ ਹੈ ਅਤੇ ਢੋਆ-ਢੁਆਈ ਦਾ ਵੀ। ਕਿਸੇ ਨੂੰ ਉਸ ਦੀ ਨਿਤਾਣਤਾ ਤੋਂ ਮੁਕਤੀ ਦਿਵਾਉਣ ਲਈ ਸਮਝਾਇਆ ਜਾਂਦਾ ਹੈ ਕਿ ‘ਉੱਠੇ ਤਾਂ ਉੱਠ ਨਹੀਂ ਤਾਂ ਰੇਤੇ ਦੀ ਮੁੱਠ।’ ਨਾਂਹ-ਨੁੱਕਰ ਕਰ ਰਹੇ ਆਦਮੀ ਤੋਂ ਕੰਮ ਲੈਣ ਲਈ ‘ਊਠ ਅੜਾਉਂਦੇ ਹੀ ਲੱਦੇ ਜਾਂਦੇ ਹਨ’ ਆਖਿਆ ਜਾਂਦਾ ਹੈ। ਕਿਸੇ ਦਾ ਹੰਕਾਰ ਦਰਸਾਉਣ ਲਈ ‘ਊਠ ’ਤੇ ਚੜ੍ਹੀ ਨੂੰ ਦੋ-ਦੋ ਦਿਸਦੇ’ ਅਖਾਣ ਵਰਤੀ ਜਾਂਦੀ ਹੈ। ਮੁਸ਼ਕਿਲ ਪੈਣ ’ਤੇ ਨਿੱਕਾ-ਮੋਟਾ ਆਹਰ ਵਿਅਰਥ ਹੁੰਦਾ ਹੈ, ਇਸ ਲਈ ਆਖਦੇ ਹਨ ਕਿ ‘ਊਠ ਤੋਂ ਛਾਲਣੀ ਲਾਹੁਣ ਨਾਲ ਬੋਝ ਹਲਕਾ ਨਹੀਂ ਹੁੰਦਾ।’ ਅਣਮੇਲ ਵਿਆਹ ਨੂੰ ‘ਊਠ ਦੇ ਗਲ ਟੱਲੀ’ ਆਖਿਆ ਜਾਂਦਾ ਹੈ। ਬੁਰਾ ਸਮਾਂ ਆਉਣ ’ਤੇ ਕਿਸੇ ਬਾਰੇ ਕਿਹਾ ਜਾਂਦਾ ਹੈ ਕਿ ‘ਮਾੜੇ ਦਿਨ ਹੁੰਦੇ ਤਾਂ ਊਠ ਚੜ੍ਹੇ ਨੂੰ ਵੀ ਕੁੱਤਾ ਵੱਢ ਲੈਂਦੈ।’ ਅਸਮਾਨੀਂ ਉੱਡਦੀ ਇੱਲ੍ਹ ਛਪਾਕ ਹੇਠਾਂ ਉਤਰਦੀ ਹੈ ਅਤੇ ਝਪੱਟਾ ਮਾਰ ਕੇ ਕੁਝ ਨਾ ਕੁਝ ਚੁੱਕ ਕੇ ਲੈ ਜਾਂਦੀ ਹੈ। ਬੇਧਿਆਨੇ ਹੋਏ ਨੁਕਸਾਨ ਦਾ ਬਿਆਨ ਇਹ ਆਖ ਕੇ ਕੀਤਾ ਜਾਂਦਾ ਹੈ ‘ਅੱਖ ਅੱਡੀ ਰਹਿ ਗਈ ਕੱਜਲ ਇੱਲ੍ਹ ਲੈ ਗਈ।’ ਦੋ ਮਾੜੇ ਬੰਦਿਆਂ ਦੀ ਸਮਰੂਪਤਾ ਵਿਖਾਉਣ ਲਈ ‘ਇੱਲ੍ਹ ਦਾ ਨਣਦੋਈਆ ਕਾਂ’ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸੇ ਨੂੰ ਅਕਾਰਨ ਦੋਸ਼ ਦੇਣ ’ਤੇ ਆਖਦੇ ਹਨ ‘ਇੱਲ੍ਹ ਮੰਡਾ ਲੈ ਗਈ ਜਠੇਰਿਆਂ ਦਾ ਨਾਂ।’
ਖੇਤੀ ਕਰਦੇ ਕਿਸਾਨ ਦਾ ਸੱਪਾਂ ਦੀਆਂ ਸਿਰੀਆਂ ਮਿੱਧਣਾ ਪੇਂਡੂ ਜੀਵਨ ਵਿੱਚ ਸਾਧਾਰਨ ਜਿਹੀ ਗੱਲ ਹੈ ਕਿਉਂਕਿ ਸੱਪ ਡੰਗ ਸਕਦਾ ਹੈ। ਕਿਸੇ ਵਿਅਕਤੀ ਵਿੱਚ ਇੱਕ ਤੋਂ ਵੱਧ ਐਬ ਹੋਣ ਤਾਂ ਉਸ ਬਾਰੇ ਆਖਦੇ ਹਨ ‘ਇੱਕ ਸੱਪ ਦੂਜਾ ਉੱਡਣਾ।’ ਨੁਕਸਾਨ ਉਠਾਉਣ ਮਗਰੋਂ ਸੁਚੇਤ ਹੋਏ ਬੰਦੇ ਬਾਰੇ ਆਖਿਆ ਜਾਂਦਾ ਹੈ ‘ਸੱਪ ਦਾ ਡੰਗਿਆ ਰੱਸੀ ਤੋਂ ਵੀ ਡਰਦੈ।’ ਦੋ ਮਾੜੇ ਸੁਭਾਅ ਦੇ ਬੰਦਿਆਂ ਦੀ ਲੜਾਈ ‘ਸੱਪ ਨਾਲ ਸੱਪ ਲੜੇ ਵਿਹੁ ਕੀਹਨੂੰ ਚੜ੍ਹੇ’ ਅਖਾਣ ਰਾਹੀਂ ਪ੍ਰਗਟਾਈ ਜਾਂਦੀ ਹੈ।
ਸ਼ੇਰ ਦੀ ਭਿਆਨਕਤਾ ਅਤੇ ਉਸ ਦੇ ਸੁਭਾਅ ਤੋਂ ਵੀ ਅਖਾਣਾਂ ਬਣਾਈਆਂ ਗਈਆਂ ਹਨ। ਕਿਸੇ ਜ਼ੋਰਾਵਰ ਦਾ ਗੁੱਸਾ ਠੰਢਾ ਕਰਨ ਲਈ ਮਾੜੇ-ਬੀੜੇ ਨੂੰ ਉਸ ਤੋਂ ਮੁਆਫ਼ੀ ਮੰਗਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਨਾ ਡਰਨ ਲਈ ਸਮਝਾਇਆ ਜਾਂਦਾ ਹੈ ਕਿ ‘ਮੋਹਰੇ ਪਏ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ।’ ਦੋ ਧੜੱਲੇਦਾਰ ਵਿਅਕਤੀ ਇੱਕ ਥਾਂ ’ਤੇ ਇਕੱਠੇ ਰਹਿੰਦੇ ਹਨ ਤਾਂ ਨਿੱਤ ਦਾ ਕਲੇਸ਼ ਪਿਆ ਰਹਿੰਦਾ ਹੈ, ਇਸ ਲਈ ਆਖਦੇ ਹਨ ‘ਇੱਕ ਬੇਲੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ।’ ਹਾਥੀ ਦੇ ਹਵਾਲੇ ਨਾਲ ਵੀ ਸਾਡੀ ਭਾਸ਼ਾ ਵਿੱਚ ਕਈ ਅਖਾਣਾਂ ਪ੍ਰਚੱਲਿਤ ਹਨ ਜਿਵੇਂ ‘ਹਾਥੀ ਦੇ ਦੰਦ ਖਾਣ ਦੇ ਹੋਰ ਵਿਖਾਣ ਦੇ ਹੋਰ’, ‘ਹਾਥੀ ਲੰਘ ਗਿਆ ਪੂਛ ਰਹਿ ਗਈ’ ਆਦਿ। ਹਾਥੀ ਦੇ ਵਿਖਾਉਣ ਵਾਲੇ ਦੰਦ ਬੜੇ ਕੀਮਤੀ ਹੁੰਦੇ ਹਨ, ਜਿਨ੍ਹਾਂ ਤੋਂ ਅਨੇਕ ਅਲੰਕ੍ਰਿਤ ਵਸਤੂਆਂ ਬਣਾਈਆਂ ਜਾਂਦੀਆਂ ਹਨ, ਇਸ ਲਈ ਹਾਥੀ ਬਾਰੇ ਆਖਦੇ ਹਨ ‘ਜਿਊਂਦਾ ਹਾਥੀ ਲੱਖ ਦਾ ਮੋਇਆ ਸਵਾ ਲੱਖ ਦਾ।’ ਘਟੀਆ ਚੀਜ਼ ’ਤੇ ਵਧੀਆ ਚੀਜ਼ ਚਾੜ੍ਹੀ ਜਾਂਦੀ ਹੈ ਤਾਂ ਆਖਿਆ ਜਾਂਦਾ ਹੈ ‘ਕੱਖਾਂ ਦੀ ਕੁੱਲੀ ਹਾਥੀ ਦੰਦ ਦਾ ਪਰਨਾਲਾ।’
ਸ਼ਰਾਧਾਂ ਵਿੱਚ ਕਾਂ ਨੂੰ ਯਮਰਾਜ ਦਾ ਦੂਤ ਸਮਝ ਕੇ ਇਸ ਦਾ ਮਾਣ ਸਤਿਕਾਰ ਕੀਤਾ ਜਾਂਦਾ ਹੈ। ਘਰ ਦੇ ਬਨੇਰੇ ’ਤੇ ਕਾਂ ਬੋਲੇ ਤਾਂ ਕਿਸੇ ਮਹਿਮਾਨ ਦੇ ਆਉਣ ਦੀ ਅਗਾਊਂ ਸੂਚਨਾ ਸਮਝੀ ਜਾਂਦੀ ਹੈ, ਪਰ ਉਸ ਦੀਆਂ ਹਰਕਤਾਂ ਤੋਂ ਅਸੀਂ ਕਈ ਅਖਾਣਾਂ ਦੀ ਸਿਰਜਣਾ ਕੀਤੀ ਹੋਈ ਹੈ ਜਿਵੇਂ ‘ਸਿਆਣਾ ਕਾਂ ਰੂੜੀ ’ਤੇ ਬੈਠਦੈ’, ‘ਭਰਾ ਭਰਾਵਾਂ ਦੇ ਚਿੱਚੜ ਕਾਵਾਂ ਦੇ’, ‘ਕਾਵਾਂ ਦੇ ਆਖੇ ਢੱਗੇ ਨ੍ਹੀਂ ਮਰਦੈ’ ਆਦਿ। ਕਿਰਲੀ ਜਿਹਾ ਨਿਮਾਣਾ ਜੀਵ ਵੀ ਅਸੀਂ ਅਖਾਣ ਬਣਾਉਣ ਵਿੱਚ ਵਰਤ ਲਿਆ ਹੈ ਜਿਵੇਂ ‘ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫੇ।’ ਤੁੱਛ ਜਿਹੇ ਜੀਵ ਕੀੜੀ ’ਤੇ ਵੀ ਅਸੀਂ ਅਖਾਣਾਂ ਬਣਾਈਆਂ ਹੋਈਆਂ ਹਨ ਜਿਵੇਂ ‘ਕੀੜੀ ਦੇ ਘਰ ਭਗਵਾਨ’, ‘ਕੀੜੀ ਦੀ ਮੌਤ ਆਉਂਦੀ ਹੈ ਤਾਂ ਉਸ ਨੂੰ ਖੰਭ ਲੱਗ ਜਾਂਦੇ ਹਨ’ ਆਦਿ। ਕੁੱਕੜ-ਕੁੱਕੜੀ ਪਾਲਣਾ ਵੀ ਪੇਂਡੂ ਜੀਵਨ ਦਾ ਮਹੱਤਵਪੂਰਨ ਅੰਗ ਹੈ। ਕੋਈ ਸਾਡੀ ਆਸ ਤੋਂ ਉਲਟ ਨਿਕਲਦਾ ਹੈ ਤਾਂ ਅਸੀਂ ਆਖਦੇ ਹਾਂ ‘ਇੱਕੋ ਅੰਡਾ ਉਹ ਵੀ ਗੰਦਾ।’ ਨਿਮਨ ਪੱਧਰ ਦੀ ਵਸਤੂ ਨੂੰ ਮਹਿੰਗੀ ਵਸਤੂ ਨਾਲ ਕੱਜਿਆ ਜਾਵੇ ਤਾਂ ਆਖਦੇ ਹਨ ‘ਅੰਨ੍ਹੀ ਕੁੱਕੜੀ ਖਸਖਸ ਦਾ ਚੋਗਾ।’ ਆਪ ਤੰਗੀ ਕੱਟ ਕੇ ਕਿਸੇ ਦਾ ਭਲਾ ਕਰਨ ਨੂੰ ‘ਆਂਡੇ ਹੋਰ ਘਰ, ਕੁੜਕੁੜ ਸਾਡੇ ਘਰ’ ਆਖਿਆ ਜਾਂਦਾ ਹੈ। ‘ਘਰ ਦੀ ਮੁਰਗੀ ਦਾਲ ਬਰਾਬਰ’, ‘ਕੁੱਕੜ ਖੇਹ ਉਡਾਈ ਆਪਣੇ ਸਿਰ ਪਾਈ’ ਜਿਹੀਆਂ ਅਖਾਣਾਂ ਵੀ ਇਸੇ ਜੀਵ ਦੇ ਸੰਦਰਭ ਵਿੱਚ ਬਣੀਆਂ ਹੋਈਆਂ ਹਨ।
ਵਫ਼ਾਦਾਰ ਜਾਨਵਰ ਸਮਝਕੇ ਖਾਂਦੇ-ਪੀਂਦੇ ਲੋਕ ਕੁੱਤਿਆਂ ਨੂੰ ਸਿਖਲਾਈ ਦੇ ਕੇ ਪਰਿਵਾਰਕ ਮੈਂਬਰਾਂ ਵਾਂਗ ਵੀ ਪਾਲਦੇ ਹਨ। ਇਨ੍ਹਾਂ ਜਾਨਵਰਾਂ ਤੋਂ ਅਸੀਂ ਕਈ ਅਖਾਣਾਂ ਬਣਾ ਛੱਡੀਆਂ ਹਨ ਜਿਵੇਂ ‘ਇੱਕ ਬੋਟੀ ਸੌ ਕੁੱਤਾ’, ‘ਕੁੱਤੇ ਦਾ ਕੁੱਤਾ ਵੈਰੀ’, ‘ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ’, ‘ਸਾਂਝੀ ਦੇਗ ਕੁੱਤਿਆਂ ਖਾਧੀ’, ‘ਭਰੇ ਘਰਾਂ ਦਾ ਕੁੱਤਾ ਭੁੱਖਾ’, ‘ਪਿੰਡ ਨੂੰ ਅੱਗ ਲੱਗੀ ਕੁੱਤਾ ਰੂੜੀ ’ਤੇ’, ‘ਜਿਹੜੇ ਭੌਂਕਦੇ ਹਨ ਉਹ ਵੱਢਦੇ ਨਹੀਂ’, ‘ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ’, ‘ਕੁੱਤੇ ਨੂੰ ਹੱਡੀ ਦਾ ਸਵਾਦ’, ‘ਕੁੱਤੇ ਨੂੰ ਘਿਉ ਨਹੀਂ ਪਚਦਾ’, ‘ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ’, ‘ਅੰਨ੍ਹਾ ਕੁੱਤਾ ’ਵਾ ਨੂੰ ਭੌਂਕੇ’, ‘ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ’ ਆਦਿ। ਸਿਆਣੇ ਅਤੇ ਮੂਰਖ ਵਿਅਕਤੀ ਦਾ ਫਰਕ ਸਪੱਸ਼ਟ ਕਰਨ ਲਈ ਆਖਿਆ ਜਾਂਦਾ ਹੈ ‘ਸਿਆਣੇ ਨੂੰ ਸੈਨਤ ਗਧੇ ਨੂੰ ਸੋਟਾ।’ ਗਧੇ ਦੇ ਹਵਾਲੇ ਨਾਲ ਇਹ ਅਖਾਣਾਂ ਵੀ ਪ੍ਰਚੱਲਿਤ ਹਨ-‘ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ’ਤੇ’, ‘ਕੰਮ ਕੱਢਣ ਲਈ ਗਧੇ ਨੂੰ ਵੀ ਬਾਪ ਬਣਾਉਣਾ ਪੈਂਦੈ’ ਅਤੇ ‘ਗਧੇ ਨੂੰ ਦਿੱਤਾ ਲੂਣ ਅਖੇ ਮੇਰੀਆਂ ਅੱਖਾਂ ਭੰਨਦੈ।’
ਭਾਰਤੀ ਪਸ਼ੂਆਂ ਵਿੱਚ ਗਾਂ ਨੂੰ ਸਭ ਤੋਂ ਵੱਧ ਮਹੱਤਵ ਪ੍ਰਾਪਤ ਹੈ। ਹਿੰਦੂ ਇਸ ਨੂੰ ‘ਗਊ ਮਾਤਾ’ ਆਖਦੇ ਹਨ। ਇਹ ਦੁਧਾਰੂ ਪਸ਼ੂ ਵਧੇਰੇ ਕਰਕੇ ਅਸੀਲ ਹੁੰਦਾ ਹੈ, ਪਰ ਕਈ ਗਊਆਂ ਮਾਰਖੰਡ ਵੀ ਹੁੰਦੀਆਂ ਹਨ, ਇਸ ਲਈ ਜੇਕਰ ਪਿਓ-ਪੁੱਤਰ ਦੋਵਾਂ ਦਾ ਵਿਵਹਾਰ ਮਾੜਾ ਹੋਵੇ ਤਾਂ ਆਖਿਆ ਜਾਂਦਾ ਹੈ ‘ਭੈੜੀ ਗਾਂ ਦਾ ਭੈੜਾ ਵੱਛਾ।’ ਪੁੱਤਰ ਪਿਓ ਦੀ ਉਂਗਲੀ ਫੜੀ ਫਿਰਦਾ ਰਹੇ ਤਾਂ ਆਖਦੇ ਹਨ ‘ਜਿੱਥੇ ਗਾਂ ਉੱਥੇ ਵੱਛਾ।’ ਗਿੱਦੜ ਨੂੰ ਕਮਜ਼ੋਰ, ਪਰ ਚਲਾਕ ਜਾਨਵਰ ਸਮਝਿਆ ਜਾਂਦਾ ਹੈ। ਅੰਦਰੋਂ ਡਰਿਆ ਵਿਅਕਤੀ ਜਦੋਂ ਬੜ੍ਹਕ ਮਾਰਦਾ ਹੈ ਤਾਂ ਉਸ ਨੂੰ ‘ਗਿੱਦੜ ਭਬਕੀ’ ਆਖਿਆ ਜਾਂਦਾ ਹੈ। ਬਹੁਤੀ ਮਾਰਕੁੱਟ ਨੂੰ ‘ਗਿੱਦੜ ਕੁੱਟ’ ਆਖਦੇ ਹਨ। ‘ਆਪਣੇ ਘਰ ਗਿੱਦੜ ਵੀ ਸ਼ੇਰ’, ‘ਗਿੱਦੜ ਦਾਖ ਨਾ ਅੱਪੜੀ ਆਖੇ ਥੂਹ ਕੌੜੀ’, ‘ਕੱਲ੍ਹ ਜੰਮੀ ਗਿੱਦੜੀ ਤੇ ਅੱਜ ਵਿਆਹ’ ਜਿਹੀਆਂ ਅਖਾਣਾਂ ਵੀ ਇਸੇ ਜਾਨਵਰ ਨਾਲ ਸਬੰਧਤ ਹਨ।
ਘੋੜਾ ਆਪਣੇ ਮਾਲਕ ਪ੍ਰਤੀ ਅਤਿਅੰਤ ਵਫ਼ਾਦਾਰ ਹੁੰਦਾ ਹੈ। ਘੋੜੇ ਨਾਲ ਸਬੰਧਤ ਕਈ ਅਖਾਣਾਂ ਵੀ ਪੰਜਾਬੀ ਵਿੱਚ ਮੌਜੂਦ ਹਨ। ਬਿਮਾਰ ਵਿਅਕਤੀ ਤੰਦਰੁਸਤ ਹੋ ਜਾਵੇ ਤਾਂ ਉਸ ਨੂੰ ‘ਘੋੜੇ ਵਰਗਾ’ ਆਖਿਆ ਜਾਂਦਾ ਹੈ। ਵਿਆਹ ਸਮੇਂ ਲਾੜੇ ਦਾ ‘ਘੋੜੀ ਚੜ੍ਹਨਾ’ ਅਤੇ ਸੁਆਣੀਆਂ ਦੁਆਰਾ ‘ਘੋੜੀਆਂ ਗਾਉਣਾ’ ਪੰਜਾਬ ਦੀ ਲੋਕਪ੍ਰਿਯ ਪਰੰਪਰਾ ਹੈ।
ਚਿੜੀ ਬਹੁਤ ਨਿਮਾਣਾ ਜਿਹਾ ਜੀਵ ਹੈ। ਪੰਜਾਬ ਦੀਆਂ ਕੁਆਰੀਆਂ ਕੁੜੀਆਂ ਆਪਣੇ ਆਪ ਨੂੰ ‘ਚਿੜੀਆਂ’ ਆਖਦੀਆਂ ਹਨ, ‘ਸਾਡਾ ਚਿੜੀਆਂ ਦੇ ਚੰਬਾ ਵੇ ਬਾਬਲ ਅਸੀਂ ਉੱਡ ਜਾਣਾ।’ ਚਿੜੀ ਦੇ ਭੋਲੇਪਣ ਤੋਂ ਉਪਜੀ ਅਖਾਣ ਹੈ ‘ਚਿੜੀ ਵਿਚਾਰੀ ਕੀ ਕਰੇ, ਠੰਢਾ ਪਾਣੀ ਪੀ ਮਰੇ।’ ਆਪਣੇ ਬੋਲ ਪੁਗਾਉਣ ਤੋਂ ਆਰੀ ਵਿਅਕਤੀ ਸੱਜੇ-ਖੱਬੇ ਦੀ ਗੱਲ ਕਰਦਾ ਹੈ ਤਾਂ ਉਹ ‘ਮਰ ਜਾ ਚਿੜੀਏ ਜਿਉਂ ਜਾ ਚਿੜੀਏ’ ਕਰ ਰਿਹਾ ਹੁੰਦਾ ਹੈ। ਢੱਗਾ ਜਾਂ ਬਲਦ ਕਿਸਾਨ ਦੀ ਜਿੰਦ-ਜਾਨ ਹੁੰਦਾ ਹੈ। ਪੰਜਾਬ ਵਿੱਚ ਕਿਸੇ ਦਾ ਹਾਲਚਾਲ ਜਾਣਨ ਲਈ ਪੁੱਛਦੇ ਹਨ ‘ਹੋਰ ਸੁਣਾ ਢੱਗਾ ਵੱਛਾ ਰਾਜ਼ੀ?’ ਮਾੜੇ-ਧੀੜੇ ਨਕਾਰੇ ਬੰਦੇ ਨੂੰ ‘ਖੱਸੀ ਢੱਗਾ’ ਆਖਦੇ ਹਨ। ਬੱਕਰੀ ਵੀ ਦੁਧਾਰੂ ਪਾਲਤੂ ਪਸ਼ੂ ਹੈ। ਸਾਡੀਆਂ ਕੁਝ ਅਖਾਣਾਂ ਬੱਕਰੀ ਨਾਲ ਵੀ ਸੰਬਧਿਤ ਹਨ ਜਿਵੇਂ ‘ਬੱਕਰੀ ਜਾਨੋਂ ਗਈ ਖਾਣ ਵਾਲੇ ਨੂੰ ਸਵਾਦ ਨਾ ਆਇਆ’ ਅਤੇ ‘ਬੱਕਰੀ ਨੇ ਦੁੱਧ ਦਿੱਤਾ ਉਹ ਵੀ ਮੀਂਗਣਾਂ ਪਾ ਕੇ।’ ਬਾਂਦਰ ਬਾਰੇ ਪ੍ਰਸਿੱਧ ਹੈ ‘ਬਾਂਦਰ ਕੀ ਜਾਣੇ ਅਦਰਕ ਦਾ ਸੁਆਦ।’ ‘ ਅਸੀਂ ਬਿੱਲੀ ਦੇ ਹਵਾਲੇ ਨਾਲ ਕਈ ਅਖਾਣਾਂ ਬਣਾਈਆਂ ਹੋਈਆਂ ਹਨ ਜਿਵੇਂ ‘ਛਿੱਕਾ ਟੁੱਟਾ ਬਿੱਲੀ ਦੇ ਭਾਗੀ’, ‘ਨੌਂ ਸੌ ਚੂਹੇ ਖਾ ਕੇ ਬਿੱਲੀ ਚੱਲੀ ਹੱਜ ਨੂੰ’, ‘ਬਿੱਲੀ ਨੂੰ ਚੂਹੇ ਦੇ ਸੁਪਨੇ’, ‘ਬਿੱਲੀ ਦੇ ਸਰ੍ਹਾਣੇ ਦੁੱਧ ਨਹੀਂ ਜੰਮਦਾ’, ‘ਬਿੱਲੀ ਨੇ ਸ਼ੀਂਹ ਪੜ੍ਹਾਇਆ ਸ਼ੀਂਹ ਖਾਣ ਨੂੰ ਆਇਆ’, ‘ਕਾਠ ਦੀ ਬਿੱਲੀ ਮਿਆਉਂ ਕੌਣ ਕਰੇ’ ਆਦਿ। ਭੇਡ ਦੁੱਧ ਵੀ ਦਿੰਦੀ ਹੈ ਅਤੇ ਉੱਨ ਵੀ, ਪਰ ਸੁਭਾਅ ਵਜੋਂ ਭੇਡਾਂ ਇੱਕ ਦੂਜੀ ਦੇ ਮਗਰ ਤੁਰਦੀਆਂ ਹਨ, ਇਸ ਲਈ ਬਿਨਾਂ ਸੋਚੇ ਸਮਝੇ ਲੋਕ ਕਿਸੇ ਦੇ ਮਗਰ ਲੱਗਦੇ ਹਨ ਤਾਂ ਉਸ ਨੂੰ ‘ਭੇੜ ਚਾਲ’ ਆਖਿਆ ਜਾਂਦਾ ਹੈ।
ਮੱਖੀ ਤੁੱਛ ਜਿਹਾ ਜੀਵ ਹੈ, ਪਰ ਉਸ ਦੀ ਭੀਂ-ਭੀਂ ਕਿਸੇ ਕੰਨ ਨੂੰ ਸੁਖਾਵੀਂ ਨਹੀਂ ਜਾਪਦੀ। ਵਿਹਲੇ ਬੰਦੇ ਬਾਰੇ ‘ਬੈਠਾ ਮੱਖੀਆਂ ਮਾਰਦੈ’ ਕਿਹਾ ਜਾਂਦਾ ਹੈ। ‘ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ’, ‘ਨ੍ਹਾਤੀ-ਧੋਤੀ ਰਹਿ ਗਈ ਉਤੇ ਮੱਖੀ ਬਹਿ ਗਈ’, ‘ਉਹ ਤਾਂ ਨੱਕ ’ਤੇ ਮੱਖੀ ਨਹੀਂ ਬੈਠਣ ਦਿੰਦਾ’ ਆਦਿ ਅਖਾਣਾਂ ਦਾ ਸਬੰਧ ਵੀ ਮੱਖੀ ਨਾਲ ਹੈ। ਮੱਛੀ ਪਾਣੀ ਦਾ ਜੀਵ ਹੈ। ਪਾਣੀ ਤੋਂ ਬਾਹਰ ਕੱਢੀ ਜਾਂਦੀ ਹੈ ਤਾਂ ਉਹ ਤੜਫ਼-ਤੜਫ਼ ਕੇ ਜਾਨ ਦੇ ਦਿੰਦੀ ਹੈ। ਇਸੇ ਤੋਂ ਅਸੀਂ ‘ਤਰਲੋ ਮੱਛੀ ਹੋਣਾ’ ਮੁਹਾਵਰਾ ਬਣਾਇਆ ਹੈ। ਸਮਾਜ ਵਿੱਚ ਹੁੰਦੇ ਆਰਥਿਕ ਸ਼ੋਸ਼ਣ ਬਾਰੇ ਗੱਲ ਕਰਨ ਲਈ ਵੀ ਮੱਛੀ ਸਬੰਧੀ ਅਖਾਣ ਤੋਂ ਕੰਮ ਲਿਆ ਜਾਂਦਾ ਹੈ ਕਿ ‘ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ।’ ਮੱਝ ਤੋਂ ਵੀ ਅਸੀਂ ਕੁਝ ਅਖਾਣਾਂ ਘੜ ਰੱਖੀਆਂ ਹਨ ਜਿਵੇਂ ‘ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਚੁੱਕਣੀ ਪਈ।’