ਅਜੀਤ ਸਿੰਘ ਚੰਦਨ
ਨਿੱਕੇ ਨਿੱਕੇ ਕਦਮਾਂ ਨਾਲ ਵੀ ਮੰਜ਼ਿਲ ਤੈਅ ਕੀਤੀ ਜਾ ਸਕਦੀ ਹੈ। ਬਸ਼ਰਤੇ ਕਿ ਤੁਹਾਡੇ ਮਨ ’ਚ ਮੰਜ਼ਿਲ ’ਤੇ ਪਹੁੰਚਣ ਦੀ ਖਿੱਚ ਹੋਵੇ ਤੇ ਤੁਹਾਡਾ ਫੈਸਲਾ ਅਡਿੱਗ ਹੋਵੇ। ਅਡਿੱਗ ਫੈਸਲੇ ਨਾਲ ਹੀ ਕੌਮਾਂ ਅੱਗੇ ਵਧਦੀਆਂ ਹਨ। ਕੋਈ ਵੀ ਕੰਮ ਜਦੋਂ ਕੋਈ ਇਨਸਾਨ ਸੱਚੇ ਮਨ ਤੇ ਚੰਗੀ ਭਾਵਨਾ ਨਾਲ ਕਰਦਾ ਹੈ ਤਾਂ ਉਸ ਕੰਮ ਦੇ ਨਤੀਜੇ ਚੰਗੇ ਨਿਕਲਦੇ ਹਨ। ਮਹਾਤਮਾ ਬੁੱਧ ਨੇ ਕਿਹਾ ਹੈ ਕਿ ਪਹਿਲਾਂ ਆਪਣੇ ਮਨ ਦੇ ਅੰਦਰਲੇ ਘਾਹ-ਫੂਸ ਨੂੰ ਸਾਫ਼ ਕਰਕੇ ਪੱਧਰਾ ਕਰ ਲਓ ਤੇ ਫਿਰ ਭਾਵੇਂ ਇਸ ਮਨ ’ਚ ਕੋਈ ਵੀ ਨਿਰਣਾ ਜਾਂ ਕੰਮ ਨਿਸ਼ਚਿਤ ਕਰੋ, ਸਫਲਤਾ ਤੁਹਾਡੇ ਕਦਮ ਚੁੰਮ ਲਵੇਗੀ। ਮਨ ਇਕ ਵੱਡੀ ਸ਼ਕਤੀ ਹੈ। ਇਸ ਮਨ ਦੀ ਦਿ੍ਰੜ੍ਹਤਾ ਨਾਲ ਭਾਵੇਂ ਕੋਈ ਔਖਾ ਕੰਮ ਵੀ ਹੋਵੇ, ਇਨਸਾਨ ਉਸ ਨੂੰ ਆਸਾਨੀ ਨਾਲ ਕਰ ਸਕਦਾ ਹੈ। ਸਾਫ਼-ਸੁਥਰੀ ਤੇ ਸੋਹਣੀ ਜ਼ਿੰਦਗੀ ਗੁਜ਼ਾਰਨ ਲਈ ਆਪਣਾ ਮਨ ਸਾਫ਼ ਤੇ ਸਪਸ਼ਟ ਰੱਖੋ। ਜ਼ਿੰਦਗੀ ਦੀਆਂ ਸਭ ਉਲਝਣਾਂ ਆਪਣੇ ਆਪ ਹੀ ਨਿਕਲ ਜਾਣਗੀਆਂ।
ਕਦੇ ਹੌਸਲਾ ਨਾ ਹਾਰੋ। ਸਗੋਂ ਸਿੱਧੀ ਨੀਅਤ ਨਾਲ ਅੱਗੇ ਵਧਦੇ ਜਾਓ! ਫਰਹਾਦ ਨੇ ਸ਼ੀਰੀ ਦੇ ਦਰਸ਼ਨਾਂ ਲਈ ਨਹਿਰ ਪੁੱਟ ਦਿੱਤੀ ਸੀ ਤੇ ਆਪਣੀ ਮੰਜ਼ਿਲ ਪ੍ਰਾਪਤ ਕੀਤੀ। ਇਸ ਦੇ ਉਲਟ ਫੜਾਂ ਮਾਰਨ ਵਾਲੇ ਕਿਤੇ ਨਹੀਂ ਪਹੁੰਚਦੇ ਤੇ ਨਾ ਹੀ ਉਹ ਕੋਈ ਕੋਸ਼ਿਸ਼ ਕਰਦੇ ਹਨ ਕਿ ਮੰਜ਼ਿਲਾਂ ਨੂੰ ਸਰ ਕਰ ਲੈਣ। ਅਜਿਹੇ ਵਿਅਕਤੀ ਇਸ ਧਰਤੀ ’ਤੇ ਭਾਰ ਹਨ ਤੇ ਉਹ ਗੱਪਾਂ ਮਾਰ ਕੇ ਦਿਨ ਕੱਟਦੇ ਹਨ ਤੇ ਕਈ ਵਾਰ ਅਜਿਹੇ ਵਿਹਲੜ ਹੋਰਨਾਂ ਨੂੰ ਵੀ ਆਪਣੀਆਂ ਗੱਲਾਂ ’ਚ ਉਲਝਾਅ ਕੇ ਵਕਤ ਜ਼ਾਇਆ ਕਰਦੇ ਹਨ।
ਲਗਨ ਤੇ ਸੱਚੇ ਮਨ ਦੀ ਚੰਗਿਆਈ ਨਾਲ ਇਨਸਾਨ ਕਿਸੇ ਵੀ ਔਖੇ ਕੰਮ ਨੂੰ ਸਹਿਜੇ ਹੀ ਕਰ ਸਕਦਾ ਹੈ। ਤਾਨਸੈਨ ਬਣਨ ਲਈ ਲਗਾਤਾਰ ਰਿਆਜ਼ ਕਰਨ ਦੀ ਲੋੜ ਹੈ। ਇੰਜ ਹੀ ਕਲਾ ਦੇ ਕਿਸੇ ਖੇਤਰ ’ਚ ਤੁਸੀਂ ਸਫਲਤਾ ਹਾਸਲ ਕਰ ਸਕਦੇ ਹੋ, ਬਸ਼ਰਤੇ ਕਿ ਤੁਸੀਂ ਲਗਾਤਾਰ ਅਭਿਆਸ ਕਰਕੇ ਆਪਣੇ ਕਮਾਲ ਤਕ ਪਹੁੰਚ ਸਕੋ। ਲਿਖਾਰੀ ਬਣਨ ਲਈ ਹੋਰ ਵੀ ਮਿਹਨਤ ਕਰਨ ਦੀ ਲੋੜ ਹੈ। ਲਿਖਾਰੀ ਓਹੀ ਬਣਦਾ ਹੈ, ਜਿਸ ਇਨਸਾਨ ਨੇ ਬਚਪਨ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੋਵੇ। ਜ਼ਿੰਦਗੀ ਦੇ ਦੁੱਖਾਂ-ਸੁਖਾਂ ਨੂੰ ਸਹਿ ਕੇ ਉਹ ਆਪਣੀ ਕਲਾ ਦਾ ਪੱਲਾ ਫੜੀ ਰੱਖੇ ਤੇ ਸ਼ਬਦ-ਸ਼ਿਲਪੀ ਬਣ ਕੇ ਕੰਮ ਕਰੇ। ਕਿਤਾਬਾਂ ਨਾਲ ਦੋਸਤੀ ਪਾ ਕੇ ਆਪਣੇ ਗਿਆਨ ਨੂੰ ਹੋਰ ਵਿਸ਼ਾਲ ਤੇ ਡੂੰਘਾ ਕਰਦਾ ਜਾਵੇ।
ਆਪਣੇ ਮਨ ਦੇ ਸ਼ੀਸ਼ੇ ’ਚ ਅੱਖ਼ਰਾਂ ਦੀ ਲਿਖਤ ਨਾਲ ਕੋਈ ਸ਼ਾਹਕਾਰ ਰਚਨਾ ਰਚ ਦਿਓ ਤੇ ਆਪਣੇ ਕਮਾਲ ਨੂੰ ਛੂਹ ਸਕੋ। ਮੈਕਸਿਮ ਗੋਰਕੀ ਨੇ ਬਚਪਨ ’ਚ ਦੁੱਖ ਕੱਟੇ, ਉਹ ਆਪਣੀ ਰੋਜ਼ੀ ਕਮਾਉਣ ਲਈ ਕੋਲੇ ਦੀ ਖਾਨ ਵਿਚ ਕੰਮ ਕਰਦਾ, ਪਰ ਉਸ ਦੇ ਮਨ ’ਚ ਇਕ ਅਜਿਹੀ ਚੰਗਿਆੜੀ ਮੱਚਦੀ ਸੀ, ਜਿਸ ਨੂੰ ਉਸ ਨੇ ਬੁਝਣ ਨਹੀਂ ਦਿੱਤਾ। ਮਿਹਨਤ ਕਰਦਾ ਗਿਆ ਤੇ ਕਿਤਾਬਾਂ ਨਾਲ ਦੋਸਤੀ ਪਾ ਕੇ ਅਖ਼ੀਰ ਰੂਸ ਦਾ ਇਕ ਮਹਾਨ ਲੇਖਕ ਬਣਿਆ। ਉਸ ਦੇ ਨਾਂ ’ਤੇ ਯੂਨੀਵਰਸਿਟੀ ਦਾ ਨਾਂ ਰੱਖਿਆ ਗਿਆ। ਅਜਿਹੇ ਇਨਸਾਨਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।
ਨਿਰਾਸ਼ ਤੇ ਉਦਾਸ ਹੋ ਕੇ ਕਦੇ ਨਾ ਬੈਠੋ। ਸਗੋਂ ਕਿਸੇ ਕੰਮ ਦੇ ਲੜ ਲੱਗ ਕੇ ਆਪਣੇ ਦਸਾਂ ਨਹੁੰਆਂ ਦੀ ਕਮਾਈ ਕਰੋ ਤੇ ਮਿਹਨਤ ਕਰਦੇ ਜਾਵੋ। ਇਕ ਵਾਰ ਮਿਹਨਤ ਕਰਨ ਦੀ ਆਦਤ ਪੈ ਗਈ ਤਾਂ ਫਿਰ ਸਾਰੀ ਉਮਰ ਇਹ ਆਦਤ ਬਣੀ ਰਹੇਗੀ। ਅਸੀਂ ਵੇਖਦੇ ਹਾਂ ਕਿ ਇਕ ਮਿਸਤਰੀ, ਜੋ ਲੱਕੜੀ ਦਾ ਕੰਮ ਕਰਦਾ ਹੈ, ਆਰੀ ਨਾਲ ਲੱਕੜੀ ਨੂੰ ਚੀਰ ਕੇ ਮਨ ਤੇ ਲਗਨ ਨਾਲ ਕਿਹੋ ਜਿਹੇ ਸੁੰਦਰ ਮੇਜ਼, ਕੁਰਸੀ ਤੇ ਹੋਰ ਫਰਨੀਚਰ ਨੂੰ ਤਿਆਰ ਕਰਦਾ ਹੈ। ਆਪਣੇ ਪਸੀਨੇ ਦੀ ਕਮਾਈ ਨਾਲ ਕੰਮ ਕਰਦਾ ਜਾਂਦਾ ਹੈ ਤੇ ਹੋਰ ਕਮਾਲ ਕਰਦਾ ਹੈ, ਜਦੋਂ ਉਹ ਸ਼ਿੰਗਾਰ-ਮੇਜ਼ ਤੇ ਪਤਾ ਨਹੀਂ ਹੋਰ ਕੀ-ਕੀ ਸੁੰਦਰ ਵਸਤਾਂ ਲੱਕੜੀ ’ਚੋਂ ਤਰਾਸ਼ਦਾ ਹੈ। ਇੰਜ ਹੀ ਚੰਗੇ ਵਿਦਿਆਰਥੀ ਬਚਪਨ ’ਚ ਸ਼ੌਕ ਨਾਲ ਪੜ੍ਹਾਈ ਕਰਕੇ ਕਿਤਾਬਾਂ ਨੂੰ ਪਿਆਰ ਕਰਨ ਲੱਗਦੇ ਹਨ ਤੇ ਅਜਿਹੀ ਲਗਨ ਲੱਗਦੀ ਹੈ ਕਿ ਉਹ ਇੰਜੀਨੀਅਰ ਜਾਂ ਡਾਕਟਰ ਬਣ ਕੇ ਨਾਮਣਾ ਖੱਟਦੇ ਹਨ। ਹਰ ਇਨਸਾਨ ਨੇ ਬਚਪਨ ਤੋਂ ਹੀ ਆਪਣੇ ਆਪ ਨੂੰ ਤਰਾਸ਼ਣਾ ਤੇ ਸੰਵਾਰਨਾ ਹੁੰਦਾ ਹੈ। ਚੰਗੇ ਖਿਆਲ ਗ੍ਰਹਿਣ ਕਰਕੇ ਚੰਗੇ ਇਨਸਾਨ ਬਣਨਾ ਹੁੰਦਾ ਹੈ। ਉਹ ਕਦੇ ਅਜਿਹੇ ਗਲਤ ਕੰਮ ਨਹੀਂ ਕਰਦੇ, ਜਿਸ ਨਾਲ ਉਨ੍ਹਾਂ ਦੇ ਨਾਂ ਨੂੰ ‘ਕਲੰਕ’ ਲੱਗੇ, ਸਗੋਂ ਜ਼ਿੰਦਗੀ ਨੂੰ ਸੰਵਾਰਨ ਤੇ ਉਸਾਰਨ ਵਿਚ ਪੂਰੀ ਜ਼ਿੰਦਗੀ ਲਗਾ ਦਿੰਦੇ ਹਨ। ਉਨ੍ਹਾਂ ਨੂੰ ਆਪਣੀ ਚੰਗਿਆਈ ਤੇ ਸੱਚੀ ਲਗਨ ’ਤੇ ਮਾਣ ਵੀ ਹੁੰਦਾ ਹੈ, ਜਿਸ ਨਾਲ ਉਹ ਹੋਰ ਅੱਗੇ ਵਧਦੇ ਹਨ।
ਸੋਹਣੀ, ਸੁਥਰੀ ਤੇ ਇਮਾਨਦਾਰ ਜ਼ਿੰਦਗੀ ਦੇ ਲੜ ਲੱਗ ਕੇ ਤੁਸੀਂ ਵੀ ਕੁਝ ਕਰ ਵਿਖਾਓ। ਚੰਗੇ ਬਣੇ ਰਹੋ ਤੇ ਚੰਗੇ ਬਣ ਕੇ ਚੰਗੇ ਕੰਮ ਕਰੋ। ਤੁਹਾਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।
ਪਰ ਇਹ ਕੰਮ ਤਾਂ ਹੀ ਹੋ ਸਕੇਗਾ, ਜੇ ਤੁਸੀਂ ਆਪਣੇ ਖਿਆਲਾਂ ਨੂੰ ਸਿੱਧੇ ਪਾਸੇ ਲਗਾ ਕੇ ਕੋਈ ਚੰਗਾ ਕੰਮ ਕਰੋਗੇ। ਲਗਨ ਤੇ ਮਿਹਨਤ ਨਾਲ ਕੋਈ ਮਾਅਰਕਾ ਮਾਰ ਲਓ। ਤੁਹਾਨੂੰ ਆਪਣੇ ਕੀਤੇ ਕੰਮਾਂ ’ਤੇ ਮਾਣ ਮਹਿਸੂਸ ਹੋਵੇ। ਤੁਸੀਂ ਸਾਰੀ ਜ਼ਿੰਦਗੀ ਚੰਗੇ ਇਨਸਾਨ ਬਣੇ ਰਹੋ।
ਸੰਪਰਕ: 97818-05861