ਮੁੰਬਈ, 11 ਮਈ
ਮੌਜੂਦਾ ਸਮੇਂ ਜਦੋਂ ਮੁਲਕ ਕਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਨਾਲ ਜੂਝ ਰਿਹਾ ਹੈ ਤਾਂ ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ਰਾਹੀਂ ਕਰੋਨਾ ਯੋਧਿਆਂ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੇ ਪਿਤਾ ਮਰਹੂਮ ਕਵੀ ਹਰਿਵੰਸ਼ ਰਾਏ ਬੱਚਨ ਦੀ ਲਿਖੀ ਕਵਿਤਾ ਸੁਣਾ ਰਹੇ ਹਨ।
ਇਹ ਕਵਿਤਾ, ਇਨਸਾਨ ਨੂੰ ਲੜਾਈ ਦੌਰਾਨ ਕਦੇ ਹਾਰ ਨਾ ਮੰਨਣ, ਆਪਣੀ ਸਾਰੀ ਤਾਕਤ ਨਾਲ ਲੜਨ, ਕਦੇ ਵੀ ਨਾ ਝੁਕਣ ਜਾਂ ਅੱਧ ਵਿਚਕਾਰ ਨਾ ਰੁਕਣ ਲਈ ਪ੍ਰੇਰਦੀ ਹੈ। ਕਵਿਤਾ ਸੁਣਾਉਣ ਤੋਂ ਬਾਅਦ ਬਿੱਗ ਬੀ ਵੀਡੀਓ ਵਿੱਚ ਕਹਿੰਦੇ ਹਨ, ‘ਮੇਰੇ ਪਿਤਾ ਡਾ. ਹਰਿਵੰਸ਼ ਰਾਏ ਬੱਚਨ ਦੁਆਰਾ ਲਿਖੇ ਇਹ ਸ਼ਬਦ ਸਾਨੂੰ ਇਹ ਯਾਦ ਦਿਵਾਉਂਦੇ ਹਨ ਕਿ ਸਾਨੂੰ ਕਦੇ ਹਾਰ ਨਹੀਂ ਮੰਨਣੀ ਚਾਹੀਦੀ। ਇਹ ਉਸ ਸਮੇਂ ਲਿਖੇ ਗਏ ਸਨ, ਜਦੋਂ ਦੇਸ਼ ਇੱਕ ਵੱਖਰੇ ਸੰਕਟ ਅਤੇ ਚੁਣੌਤੀ ਦਾ ਸਾਹਮਣਾ ਕਰ ਰਿਹਾ ਸੀ, ਪਰ ਅੱਜ ਵੀ ਇਹ ਸ਼ਬਦ ਗੂੰਜਦੇ ਹਨ। ਮੇਰਾ ਮੰਨਣਾ ਹੈ ਕਿ ਇਹ ਸ਼ਬਦ ਕੋਵਿਡ ਯੋਧਿਆਂ, ਤੇ ਸਾਡੇ ਫਰੰਟਲਾਈਨ ਵਰਕਰਾਂ, ਜੋ ਸਾਡੇ ਸਾਰਿਆਂ ਲਈ ਬਹੁਤ ਕੁਰਬਾਨੀਆਂ ਦੇ ਰਹੇ ਹਨ, ਦੇ ਹੌਸਲੇ ਨੂੰ ਹੋਰ ਵਧਾਉਂਦੇ ਹਨ। ਇਹ ਉਹ ਸਮਾਂ ਹੈ, ਜਦੋਂ ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ ਅਤੇ ਕੋਵਿਡ-19 ਖ਼ਿਲਾਫ਼ ਲੜਾਈ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਇਹ ਸਾਡੀ ਲੜਾਈ ਹੈ। ਅਸੀਂ ਸਾਰੇ ਕਿਸੇ ਵੀ ਢੰਗ ਨਾਲ ਇਸ ਵਿੱਚ ਯੋਗਦਾਨ ਪਾ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਭਾਰਤ ਲਈ ਅੱਗੇ ਆਉਣਾ ਚਾਹੀਦਾ ਹੈ।’ -ਆਈਏਐੱਨਐੱਸ